ਇਕਾਂਗੀ ਦਾ ਸਾਰ : ਪਰਤ ਆਉਣ ਤਕ
ਪਹਿਲੇ ਦ੍ਰਿਸ਼ ਵਿਚ ਪਿੰਡ ਵਿਚਲੇ ਮੰਚ ਉੱਤੇ ਪਰਦਾ ਹੈ। ਦੋ ਮਰਾਸੀ ਮੰਚ ਉੱਤੇ ਆ ਕੇ ਜਜਮਾਨਾਂ ਨੂੰ ਆਪਣੇ ਅੰਦਾਜ਼ ਵਿਚ ਵਧਾਈਆਂ ਦੇਣ ਲਗਦੇ ਹਨ। ਇੰਨੇ ਨੂੰ ਮੰਚ ਉੱਤੇ ਦੋ ਕਲਾਕਾਰ ਆ ਜਾਂਦੇ ਹਨ, ਜੋ ਮਰਾਸੀਆਂ ਨੂੰ ਪੁੱਛਦੇ ਹਨ ਕਿ ਉਹ ਕੋਣ ਹਨ ਤੇ ਉਹ ਬਿਨਾਂ ਇਜਾਜ਼ਤ ਮੰਚ ਉੱਤੇ ਕਿਉਂ ਚੜ੍ਹ ਆਏ ਹਨ। ਉਹ ਦੱਸਦੇ ਹਨ ਕਿ ਉਹ ਮੰਚ ਨੂੰ ਖ਼ਾਲੀ ਦੇਖ ਕੇ ਤੇ ਜਜਮਾਨਾਂ ਨੂੰ ਬੈਠੇ ਦੇਖ ਕੇ ਉਨ੍ਹਾਂ ਦਾ ਦਿਲ-ਪਰਚਾਵਾ ਕਰਨ ਲਈ ਆਏ ਹਨ। ਇਕ ਕਲਾਕਾਰ ਕਹਿੰਦਾ ਹੈ ਕਿ ਫਿਰ ਤਾਂ ਉਹ ਉਨ੍ਹਾਂ ਦੇ ਕਲਾਕਰ ਭਰਾ ਹਨ। ਮਰਾਸੀ ਇਸ਼ਕ-ਮੁਸ਼ਕ ਵਾਲੇ ਕਲਾਕਾਰਾਂ ਨੂੰ ਆਪਣੇ ਭਰਾ ਤੇ ਖ਼ਾਨਦਾਨੀ ਹੋਣ ਬਾਰੇ ਸੁਣ ਕੇ ਬੜੇ ਖ਼ੁਸ਼ ਹੁੰਦੇ ਹਨ ਤੇ ਸਮਝਦੇ ਹਨ ਕਿ ਉਨ੍ਹਾਂ ਨੇ ਬਹੁਤ ਤਰੱਕੀ ਕਰ ਲਈ ਹੈ।
ਕਲਾਕਾਰ ਦੱਸਦੇ ਹਨ ਕਿ ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਕਲਾਕਾਰ ਹਨ ਅਤੇ ਉਨ੍ਹਾਂ ਦਾ ਕੰਮ ਵੀ ਉਨ੍ਹਾਂ ਵਰਗਾ ਹੀ ਹੈ। ਇਹ ਸੁਣ ਕੇ ਮਰਾਸੀ ਦੁਖੀ ਹੋਏ ਕਹਿੰਦੇ ਹਨ ਕਿ ਸਰਕਾਰ ਨੇ ਉਨ੍ਹਾਂ ਦਾ ਕੰਮ ਅਫ਼ਸਰਾਂ ਨੂੰ ਦੇ ਕੇ ਉਨ੍ਹਾਂ ਦੀ ਰੋਟੀ ਖੋਹ ਲਈ ਹੈ। ਕਲਾਕਾਰਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਰੋਟੀ-ਰੋਜ਼ੀ ਉੱਤੇ ਲੱਤ ਨਹੀਂ ਮਾਰਦੇ, ਪਰ ਹੁਣ ਜ਼ਮਾਨਾ ਬਦਲਣ ਨਾਲ ਕਲਾ ਦੀ ਦੁਨੀਆ ਵਿਚ ਵੀ ਤਬਦੀਲੀ ਆ ਚੁੱਕੀ ਹੈ। ਇਸ ਕਰਕੇ ਉਨ੍ਹਾਂ ਦੇ ਕੰਮ ਦੇ ਰੂਪ ਵੀ ਬਦਲ ਗਏ ਹਨ। ਹੁਣ ਉਨ੍ਹਾਂ ਦਾ ਕੰਮ ਮਾੜਾ ਨਹੀਂ ਗਿਣਿਆ ਜਾਂਦਾ। ਉਹ ਆਪ ਵੀ ਇਹੋ-ਜਿਹੇ ਕਲਾਕਾਰ ਹਨ, ਜਿਨ੍ਹਾ ਨੂੰ ਸਰਕਾਰ ਤਨਖ਼ਾਹਾਂ ਦਿੰਦੀ ਹੈ, ਤਾਂ ਜੋ ਅਸੀਂ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝੀਏ ਤੇ ਉਨ੍ਹਾਂ ਨੂੰ ਕਲਾ ਦੀ ਪੁੱਠ ਦੇ ਕੇ ਉਨ੍ਹਾਂ ਨੂੰ ਸਮਝਾਈਏ। ਇਸ ਕਰਕੇ ਉਹ (ਮਰਾਸੀ) ਵੀ ਉਨ੍ਹਾਂ ਨਾਲ ਰਲ ਕੇ ਡਰਾਮੇ ਵਿਚ ਭਾਗ ਲੈਣ, ਪਰੰਤੂ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਕੋਈ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ, ਸਗੋਂ ਜੋ ਉਨ੍ਹਾਂ ਦੇ ਡਾਇਰੈਕਟਰ ਸਾਹਿਬ ਦੱਸਣ, ਉਹੋ ਹੀ ਬੋਲਣੀ ਹੈ।
ਦੂਜੇ ਦ੍ਰਿਸ਼ ਵਿਚ ਮੰਚ ਉੱਤੇ ਸੱਜੇ-ਖੱਬੇ ਦੋ ਘਰ ਬਣੇ ਹੋਏ ਹਨ। ਮੋਹਰੇ ਖੁੱਲ੍ਹਾ ਵਿਹੜਾ ਹੈ। ਦੋਹਾਂ ਘਰਾਂ ਦੇ ਵਿਚਕਾਰ ਮੰਚ ਦੇ ਪਿੱਛੇ ਜਿਹੇ ਗੱਡੇ ਦਾ ਇਕ ਟੁੱਟਿਆ ਪਹੀਆ ਪਿਆ ਹੈ। ਪਹੀਏ ਦੇ ਪਿੱਛੇ ਇਕ ਢਾਰਾ ਹੈ, ਜਿਸ ਵਿਚ ਇਕ ਬਜ਼ੁਰਗ (ਪੰਜਾਬਾ) ਰਹਿੰਦਾ ਹੈ। ਇੰਞ ਜਾਪਦਾ ਹੈ, ਜਿਵੇਂ ਇਕ ਘਰ ਦੇ ਦੋ ਟੁਕੜੇ ਹੋਏ ਹੋਣ। ਗੱਡੇ ਦਾ ਪਹੀਆ ਤੇ ਢਾਰਾ ਦੋਹਾਂ ਘਰਾਂ ਦੀ ਵੰਡ ਨੂੰ ਦਰਸਾਉਂਦੀ ਸਾਂਝੀ ਨਿਸ਼ਾਨੀ ਹੈ। ਗੱਡੇ ਦੇ ਪਹੀਏ ਉੱਤੇ ਬਜ਼ੁਰਗ ਬੈਠਾ ਸਣ ਕੱਢਦਾ ਹੈ ਤੇ ਪਿਛੋਕੜ ਵਿਚੋਂ ਗੀਤ ਦੀ ਧੁਨੀ ਉੱਠਦੀ ਹੈ :
ਸਾਡਾ ਵਸਦਾ ਰਹੇ ਘਰ ਬਾਰ ।
ਸਾਡਾ ਬਣਿਆ ਰਹੇ ਪਿਆਰ ।
ਸੱਜੇ ਪਾਸਿਓਂ ਕਰਤਾਰੀ ਨਿਕਲਦੀ ਹੈ ਤੇ ਬਜ਼ੁਰਗ ਵਾਲੇ ਪਾਸੇ ਘੁੰਡ ਕੱਢ ਕੇ ਗੁੱਸੇ ਵਿਚ ਉਸ ਕੋਲ ਆਪਣੀ ਦਿਰਾਣੀ ਸੰਤੀ ਵਿਰੁੱਧ ਸ਼ਕਾਇਤ ਕਰਦੀ ਹੈ ਕਿ ਉਸ ਨੇ ਉਸ ਦੀ ਸੁੱਕਣੀ ਪਾਈ ਕਣਕ ਨੂੰ ਨਜ਼ਰ ਲਾ ਦਿੱਤੀ ਹੈ, ਜਿਸ ਕਰਕੇ ਮਣ ਪੱਕੀ ਕਣਕ ਵਿਚੋਂ ਦਸ ਸੇਰ ਆਟਾ ਵੀ ਨਹੀਂ ਨਿਕਲਿਆ। ਦੂਜੇ ਪਾਸਿਓਂ ਸੰਤੀ ਆ ਕੇ ਉਸੇ ਤਰ੍ਹਾਂ ਬਜ਼ੁਰਗ ਵਲ ਘੁੰਡ ਕੱਢ ਕੇ ਉਸ ਕੋਲ ਸ਼ਕਾਇਤ ਕਰਦੀ ਹੈ ਕਿ ਕਰਤਾਰੀ ਦੁਆਰਾ ਨਜ਼ਰ ਲਾਉਣ ਕਰਕੇ ਉਸ ਦੀ ਦੁੱਧ ਦੀ ਭਰੀ ਬਾਲਟੀ ਨੂੰ ਬਿੱਲੀ ਮੂੰਹ ਲਾ ਗਈ ਹੈ। ਇਸ ਪਿੱਛੋਂ ਦੋਵੇਂ ਇਕ-ਦੂਜੀ ਨੂੰ ਬੁਰਾ-ਭਲਾ ਕਹਿੰਦੀਆਂ ਤੇ ਕੌੜੇ ਸ਼ਬਦ ਬੋਲਦੀਆਂ ਹੋਈਆਂ ਮਾਰਨ-ਕੁੱਟਣ ਲਈ ਤਿਆਰ ਹੋ ਜਾਂਦੀਆਂ ਹਨ, ਪਰ ਬਜ਼ੁਰਗ ਦੀ ਝਿੜਕ ਸੁਣ ਕੇ ਉਹ ਇਕ-ਦੂਜੀ ਵਲ ਕੌੜੀਆਂ ਨਜ਼ਰਾਂ ਨਾਲ ਝਾਕਦੀਆਂ ਹੋਈਆਂ ਆਪੋ-ਆਪਣੇ ਅੰਦਰੀਂ ਚਲੀਆਂ ਜਾਂਦੀਆਂ ਹਨ।
ਤੀਜਾ ਦ੍ਰਿਸ਼ ਪ੍ਰਭਾਤ ਵੇਲੇ ਦਾ ਹੈ। ਪਿਛੋਕੜ ਵਿਚੋਂ ਬਜ਼ੁਰਗ ਦੇ ਢਾਰੇ ਵਿਚੋਂ ਪਾਠ ਦੀ ਅਵਾਜ਼ ਸੁਣਾਈ ਦਿੰਦੀ ਹੈ। ਚਿੜੀਆਂ ਦੇ ਚੂਹਕਣ ਤੇ ਬਲਦਾਂ ਦੀਆਂ ਟੱਲੀਆਂ ਆਦਿ ਦੀ ਅਵਾਜ਼ ਆਉਂਦੀ ਹੈ। ਸੱਜਣ ਤੇ ਸੁੰਦਰ ਦੋਵੇਂ ਆਪੋ-ਆਪਣੇ ਘਰ ਦੇ ਚੌਂਕੇ ਵਿਚ ਰੋਟੀ ਖਾ ਰਹੇ ਹਨ। ਦੋਹਾਂ ਘਰਾਂ ਵਿਚ ਇੱਕੋ ਜਿਹਾ ਕਾਰਜ ਚਲ ਰਿਹਾ ਹੈ। ਕਰਤਾਰੀ ਤੇ ਸੰਤੀ ਆਪੋ ਆਪਣੇ ਘਰ ਵਾਲਿਆਂ ਨੂੰ ਰੋਟੀ ਖੁਆ ਰਹੀਆਂ ਹਨ। ਇਕ ਪਾਸੇ ਕਰਤਾਰੀ ਆਪਣੇ ਪਤੀ ਸੱਜਣ ਕੋਲ ਸੰਤੀ ਦੁਆਰਾ ਕੱਲ੍ਹ ਫੇਰ ਆਢਾ ਲਾਉਣ ਦੀ ਸ਼ਿਕਾਇਤ ਕਰਦੀ ਹੋਈ ਉਸ ਵਿਰੁੱਧ ਜ਼ਹਿਰ ਉੱਗਲਦੀ ਹੈ। ਸੱਜਣ ਉਸ ਨੂੰ ਕਹਿੰਦਾ ਹੈ ਕਿ ਉਹ ਵੀ ਕੋਈ ਘੱਟ ਨਹੀਂ। ਉਹ ਦੋਵੇਂ ਸਕੀਆਂ ਭੈਣਾਂ ਹੁੰਦੀਆਂ ਹੋਈਆਂ ਵੀ ਸੌਂਕਣਾਂ ਤੋਂ ਵੱਧ ਹਨ। ਦੂਜੇ ਪਾਸੇ ਸੰਤੀ ਆਪਣੇ ਪਤੀ ਸੁੰਦਰ ਕੋਲ ਕਰਤਾਰੀ ਦੁਆਰਾ ਕੀਤੀ ਲੜਾਈ ਦੀ ਸ਼ਕਾਇਤ ਕਰਦੀ ਹੈ। ਸੁੰਦਰ ਉਨ੍ਹਾਂ ਦੀ ਲੜਾਈ ਨੂੰ ਪਸੰਦ ਨਹੀਂ ਕਰਦਾ ਤੇ ਕਹਿੰਦਾ ਹੈ ਕਿ ਉਹ ਕੋਈ ਅਕਲ ਦੀ ਗੱਲ ਕਰਿਆ ਕਰਨ ਤੇ ਪਿਆਰ ਨਾਲ ਰਿਹਾ ਕਰਨ। ਸੱਜਣ ਤੇ ਸੁੰਦਰ ਦੋਵੇਂ ਆਪੋ ਆਪਣੀਆਂ ਪਤਨੀਆਂ ਨੂੰ ਕਹਿੰਦੇ ਹਨ ਕਿ ਉਹ ਦੁਬਾਰਾ ਝਗੜਾ ਨਾ ਕਰਨ। ਇਸ ਪਿੱਛੋਂ ਸੱਜਣ ਤੇ ਸੁੰਦਰ ਦੋਵੇਂ ਕਹੀਆਂ ਆਦਿ ਚੁੱਕ ਕੇ ਚਲੇ ਜਾਂਦੇ ਹਨ। ਕਰਤਾਰੀ ਤੇ ਸੰਤੀ ਦੋਵੇਂ ਦੱਬੀਆਂ-ਘੁੱਟੀਆਂ ਉਨ੍ਹਾਂ ਨੂੰ ਤੋਰਦੀਆਂ ਹਨ।
ਚੌਥੇ ਦ੍ਰਿਸ਼ ਵਿਚ ਉਸੇ ਦਿਨ ਚੜ੍ਹਦੇ ਸੂਰਜ ਦੀ ਧੁੱਪ ਨਿਕਲ ਆਈ ਹੈ। ਜਿੰਦਾ ਦੀਪੇ ਨੂੰ ਬੜੀ ਅਪਣੱਤ ਨਾਲ ਅਵਾਜ਼ ਦਿੰਦਾ ਹੈ। ਦੋਵੇਂ ਸਾਈਕਲਾਂ ਉੱਤੇ ਕਾਲਜ ਜਾਣ ਲਈ ਤਿਆਰ ਹੋ ਰਹੇ ਹਨ। ਦੋਹਾਂ ਦੀਆਂ ਮਾਂਵਾ ਖੇਤਾਂ ਨੂੰ ਗਈਆਂ ਹਨ। ਦੋਵੇਂ ਇਕ-ਦੂਜੇ ਨੂੰ ਆਪਣੀਆਂ ਮਾਂਵਾਂ ਦੇ ਰਵੱਈਏ ਸੰਬੰਧੀ ਮਖ਼ੌਲ ਕਰਦੇ ਹਨ। ਕਾਲਜ ਜਾਣ ਵਿਚ ਟਾਈਮ ਹੋਣ ਕਰਕੇ ਦੋਵੇਂ ਇਕੱਠੇ ਨੇ ਮੈਨਜ਼ ਲੈਂਡ (‘ਬਾਬੇ ਦਾ ਢਾਰਾ ਤੇ ਗੱਡੇ ਦਾ ਪਹੀਆ’) ਉੱਤੇ ਬਹਿ ਕੇ ਚਾਹ ਪੀਣ ਦਾ ਫ਼ੈਸਲਾ ਕਰਦੇ ਹਨ। ਦੀਪਾ ਚਾਹ ਬਣਾ ਕੇ ਲਿਆਉਂਦਾ ਹੈ ਤੇ ਉਹ ਦੋਵੇਂ ਆਪਣੇ ਬਾਬੇ ਨੂੰ ਮੈਦਾਨੇ-ਜੰਗ ਸ਼ਾਂਤ ਦੱਸ ਕੇ ਇਕੱਠਿਆਂ ਚਾਹ ਪੀਣ ਲਈ ਬੁਲਾਉਂਦੇ ਹਨ। ਉਹ ਉਨ੍ਹਾਂ ਨੂੰ ਕਾਲਜ ਜਾਣ ਵਿਚ ਦੇਰ ਕਰਨ ਕਰਕੇ ਗੁੱਸੇ ਹੁੰਦੀਆਂ ਹਨ। ਇਸ ਪਿੱਛੋਂ ਉਹ ਕਾਲਜ ਵਲ ਚਲ ਪੈਂਦੇ ਹਨ। ਬਜ਼ੁਰਗ ਦੋਹਾਂ ਵਲ ਵੇਖਦਾ ਹੌਲੀ-ਹੌਲੀ ਚਾਹ ਪੀਂਦਾ ਹੈ।
ਪੰਜਵੇਂ ਦ੍ਰਿਸ਼ ਵਿਚ ਦੁਪਹਿਰ ਵੇਲੇ ਕਰਤਾਰੀ ਆਪਣੇ ਘਰ ਭਾਂਡੇ ਮਾਂਜਦੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਹੈ। ਉਹ ਸੰਤੀ ਵਿਰੁੱਧ ਗੁੱਸਾ ਕੱਢਦੀ ਤੇ ਆਪਣੇ ਪਤੀ ਦੇ ਨਰਮ ਰਵੱਈਏ ਨੂੰ ਕੋਸਦੀ ਹੈ। ਸੰਤੀ ਉਸ ਦੀਆਂ ਗੱਲਾਂ ਸੁਣ ਕੇ ਉਸਨੂੰ ਬੁਰਾ-ਭਲਾ ਬੋਲਦੀ ਤੇ ਧਮਕੀਆਂ ਦਿੰਦੀ ਹੈ। ਕਰਤਾਰੀ ਕਹਿੰਦੀ ਹੈ ਕਿ ਉਹ ਆਪਣੇ ਘਰ ਜੋ ਮਰਜ਼ੀ ਕਰੇ ਤੇ ਬੋਲੇ, ਇਸ ਵਿਚ ਉਸ ਦਾ ਦਖ਼ਲ ਵੀ ਦੇਣ ਦਾ ਕੋਈ ਮਤਲਬ ਨਹੀਂ। ਉਸ ਨੂੰ ਸਾਰਾ ਦਿਨ ਗੱਲਾਂ ਦੀ ਸੁੰਘ-ਸੁੰਘਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਉਹ ਉਸ ਦੇ ਪਤੀ ਨੂੰ ਵੀ ਕੋਸਦੀ ਹੈ। ਇਸ ‘ਤੇ ਉਹ ਵੀ ਤੈਸ਼ ਵਿਚ ਆ ਜਾਂਦੀ ਹੈ ਤੇ ਉਨ੍ਹਾਂ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਹੈ। ਸੱਜਣ ਤੇ ਸੁੰਦਰ ਦੋਵੇਂ ਉਨ੍ਹਾਂ ਦੀ ਲੜਾਈ ਤੋਂ ਔਖੇ ਹੁੰਦੇ ਹਨ। ਸੱਜਣ, ਸੰਤੀ, ਸੁੰਦਰ ਅਤੇ ਕਰਤਾਰੀ ਤਿੰਨਾਂ ਨੂੰ ਘਰ ਤੇ ਜ਼ਮੀਨ ਵੰਡਣ ਦੇ ਜ਼ਿੰਮੇਵਾਰ ਸਮਝਦਾ ਹੈ ਤੇ ਕਹਿੰਦਾ ਹੈ ਕਿ ਉਨ੍ਹਾਂ ਨੂੰ ਬਾਪੂ ਦੁਆਰਾ ਕੀਤੇ ਨਬੇੜੇ ਅਨੁਸਾਰ ਆਪੋ ਆਪਣੇ ਘਰਾਂ ਵਿਚ ਬੰਦਿਆਂ ਵਾਂਗੂੰ ਰਹਿਣਾ ਚਾਹੀਦਾ ਹੈ; ਨਹੀਂ ਤਾਂ, ਜੇਕਰ ਉਸਨੂੰ ਗੁੱਸਾ ਆ ਗਿਆ, ਤਾਂ ਉਹ ਸਾਰਿਆਂ ਨਾਲ ਬੁਰੀ ਕਰੇਗਾ।
ਛੇਵੇਂ ਦ੍ਰਿਸ਼ ਵਿਚ ਦੀਪਾ ਤੇ ਜਿੰਦਾ ਗੱਡੇ ਦੇ ਪਹੀਏ ਉੱਤੇ ਬੈਠੇ ਹਨ ਤੇ ਗੰਭੀਰ ਗੱਲਾਂ-ਬਾਤਾਂ ਕਰ ਰਹੇ ਹਨ। ਉਹ ਆਪਣੇ ਘਰ ਵਿਚ ਆਪਣੀਆਂ ਮਾਵਾਂ ਦੇ ਕਲੇਸ਼ ਤੋਂ ਬਹੁਤ ਦੁਖੀ ਹਨ, ਜਿਹੜੀਆਂ ਕਿ ਬਿਨਾਂ ਕਿਸੇ ਗੱਲ ਤੋਂ ਆਪਸ ਵਿਚ ਆਢਾ ਲਾ ਰੱਖਦੀਆਂ ਹਨ। ਉਹ ਸੁੰਦਰ ਦੀ ਨਰਮੀ ਤੇ ਸੱਜਣ ਦੁਆਰਾ ਕੀਤੀ ਜ਼ਰਾ ਸਖ਼ਤੀ ਬਾਰੇ ਵੀ ਗੱਲਾਂ ਕਰਦੇ ਹਨ। ਬਜ਼ੁਰਗ ਕਹਿੰਦਾ ਹੈ ਕਿ ਉਹ ਉਨ੍ਹਾਂ ਦੇ ਸਾਰੇ ਝਗੜੇ ਨੂੰ ਅੰਦਰ ਬੈਠਾ ਸੁਣਦਾ ਰਿਹਾ ਪਰ ਉਸ ਦੀ ਕੋਈ ਸੁਣਦਾ ਹੀ ਨਹੀਂ। ਗੱਲਾਂ ਕਰਦੇ ਬਜ਼ੁਰਗ ਦਾ ਜੀ ਰੋਣ ਵਰਗਾ ਹੋ ਜਾਂਦਾ ਹੈ। ਉਹ ਦੀਪੇ ਤੇ ਜਿੰਦੇ ਨੂੰ ਦੱਸਦਾ ਹੈ ਕਿ ਉਸ ਨੇ ਕਿੱਦਾਂ ਫੂਹੀ-ਫੂਹੀ ਕਰ ਕੇ ਘਰ ਬੰਨ੍ਹਿਆ ਸੀ। ਉਨ੍ਹਾਂ ਦੀ ਦਾਦੀ ਨੇ ਆਪਣੇ ਪੁੱਤਰਾਂ ਦੇ ਸੁਖ ਲਈ ਬਹੁਤ ਕੁਰਬਾਨੀ ਕੀਤੀ। ਚੰਗਾ ਹੋਇਆ ਉਹ ਟਾਈਮ ਸਿਰ ਚਲੀ ਗਈ, ਨਹੀਂ ਤਾਂ ਇਹ ਹਾਲਤ ਦੇਖ ਕੇ ਉਸ ਦਾ ਜਿਊਂਦੀ ਦਾ ਮਰਨ ਹੋ ਜਾਂਦਾ। ਦੀਪਾ ਤੇ ਜਿੰਦਾ ਬਜ਼ੁਰਗ ਨੂੰ ਕਹਿੰਦੇ ਹਨ ਕਿ ਉਹ ਢੇਰੀ ਨਾ ਢਾਹਵੇ, ਸਗੋਂ ਉਨ੍ਹਾਂ ਨੂੰ ਰਲ ਕੇ ਇਸ ਨਿੱਤ ਦੇ ਕਲੇਸ਼ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ।
ਸੱਤਵੇਂ ਦ੍ਰਿਸ਼ ਵਿਚ ਵੇਲਾ ਸ਼ਾਮ ਦਾ ਹੈ। ਸੱਜਣ, ਦੀਪਾ, ਸੁੰਦਰ ਤੇ ਜਿੰਦਾ ਰੋਟੀ ਖਾ ਰਹੇ ਹਨ। ਕਰਤਾਰੀ ਤੇ ਸੰਤੀ ਪਕਾ ਰਹੀਆਂ ਹਨ। ਦੋਹੀਂ ਪਾਸੀਂ ਇੱਕੋ ਜਿਹਾ ਕਾਰਜ ਚਲਦਾ ਹੈ। ਕਰਤਾਰੀ ਸੱਜਣ ਨੂੰ ਕਹਿੰਦੀ ਹੈ ਕਿ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ, ਇਸ ਕਰਕੇ ਉਹ ਖੇਤ ਵਿਚ ਘਰ ਬਣਾ ਲਵੇ, ਪਰ ਸੱਜਣ ਤੇ ਦੀਪਾ ਇਸ ਗੱਲ ਦਾ ਵਿਰੋਧ ਕਰਦੇ ਹਨ। ਉਧਰ ਸੰਤੀ ਸੁੰਦਰ ਨੂੰ ਕਹਿੰਦੀ ਹੈ ਕਿ ਉਹ ਘਰ ਅਤੇ ਜ਼ਮੀਨ ਵੇਚ ਕੇ ਸ਼ਹਿਰ ਨੂੰ ਚਲਾ ਚਲੇ। ਉੱਥੇ ਉਹ ਡੇਅਰੀ ਬਣਾ ਲੈਣਗੇ। ਸੁੰਦਰ ਤੇ ਜਿੰਦਾ ਉਸ ਦਾ ਵਿਰੋਧ ਕਰਦੇ ਹਨ ਪਰ ਸੰਤੀ ਆਪਣੀ ਰਟ ਲਾਈ ਜਾਂਦੀ ਹੈ ਤੇ ਕਹਿੰਦੀ ਹੈ ਕਿ ਉਸ ਨੇ ਇਸ ਕੰਜਰ-ਕਲੇਸ਼ ਵਿਚ ਨਹੀਂ ਰਹਿਣਾ।
ਅੱਠਵੇਂ ਦ੍ਰਿਸ਼ ਵਿਚ ਕਰਤਾਰੀ ਚੌਂਕੇ ਵਿਚ ਬੈਠੀ ਹੈ ਤੇ ਸੱਜਣ ਬਜ਼ੁਰਗ ਦੇ ਢਾਰੇ ਵਿਚੋਂ ਚਿੰਤਾਤੁਰ ਹੋਇਆ ਨਿਕਲਦਾ ਹੈ। ਉਹ ਕਰਤਾਰੀ ਨੂੰ ਦੱਸਦਾ ਹੈ ਕਿ ਬਜ਼ੁਰਗ ਕੁੱਝ ਢਿੱਲਾ ਹੈ, ਇਸ ਕਰਕੇ ਉਹ ਉਸਨੂੰ ਚਾਹ-ਚੂਹ ਕਰ ਕੇ ਦੇਵੇ। ਉਹ ਇਹ ਵੀ ਦੱਸਦਾ ਹੈ ਕਿ ਉਹ ਘਰ ਵਿਚ ਆਉਣ ਲਈ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਉਹ ਉੱਥੇ ਹੀ ਰਹੇਗਾ। ਕਰਤਾਰੀ ਉਸਨੂੰ ਚਾਹ ਬਣਾ ਕੇ ਦਿੰਦੀ ਹੈ। ਉਧਰ ਸੁੰਦਰ ਬਾਹਰੋਂ ਆਉਂਦਾ ਹੈ ਤੇ ਸੰਤੀ ਨੂੰ ਕਹਿੰਦਾ ਹੈ ਕਿ ਉਸਨੂੰ ਭਾਬੀ ਤੋਂ ਪਤਾ ਲੱਗਾ ਹੈ ਕਿ ਬਾਪੂ ਕੁੱਝ ਢਿੱਲਾ ਹੈ। ਉਹ ਨੱਕ-ਬੁੱਲ੍ਹ ਕੱਢਦੀ ਹੋਈ ਕਹਿੰਦੀ ਹੈ ਕਿ ਉਹ ਜਾ ਕੇ ਪਤਾ ਕਰ ਆਵੇ। ਉਹ ਉਸ ਨੂੰ ਚਾਹ ਧਰਨ ਲਈ ਕਹਿ ਕੇ ਆਪ ਬਾਪੂ ਦਾ ਪਤਾ ਕਰਨ ਚਲਾ ਜਾਂਦਾ ਹੈ। ਉਹ ਸੰਤੀ ਨੂੰ ਕਹਿੰਦਾ ਹੈ ਕਿ ਤੁਲਸੀ ਦੇ ਪੱਤੇ ਪਾ ਕੇ ਬਾਪੂ ਨੂੰ ਵੀ ਚਾਹ ਦੇ ਆਵੇ। ਹੋ ਸਕਦਾ ਹੈ ਕਿ ਉਸਨੂੰ ਠੰਢ ਲੱਗ ਗਈ ਹੋਵੇ।
ਨੌਵੇਂ ਦ੍ਰਿਸ਼ ਵਿਚ ਦਿਨ ਦਾ ਸਮਾਂ ਹੈ। ਬਾਪੂ ਦਾ ਮੰਜਾ ਦੋਹਾਂ ਘਰਾਂ ਦੇ ਐਨ ਅੱਧ ਵਿਚਕਾਰ ਡਾਹਿਆ ਹੋਇਆ ਹੈ। ਸਾਰਾ ਪਰਿਵਾਰ ਉਸ ਦੇ ਦੁਆਲੇ ਉਦਾਸ ਬੈਠਾ ਹੈ। ਸੱਜਣ, ਬਾਪੂ ਨੂੰ ਘਰ ਦੇ ਅੰਦਰ ਜਾਣ ਲਈ ਕਹਿੰਦਾ ਹੈ ਤੇ ਨਾਲ ਹੀ ਆਖਦਾ ਹੈ ਕਿ ਉਹ ਬਨਾਰਸੀ ਵੈਦ ਨੂੰ ਬੁਲਾ ਕੇ ਲਿਆਉਂਦਾ ਹੈ। ਸੁੰਦਰ ਉਸਨੂੰ ਆਪਣੇ ਵਲ ਚੱਲਣ ਲਈ ਕਹਿੰਦਾ ਹੈ, ਪਰ ਬਜ਼ੁਰਗ ਉਨ੍ਹਾਂ ਦੀ ਗੱਲ ਨਹੀਂ ਮੰਨਦਾ। ਸੱਜਣ ਤੇ ਸੁੰਦਰ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬਜ਼ੁਰਗ ਬਾਹਰ ਮਰੇ ਤੇ ਉਨ੍ਹਾਂ ਦੀ ਬਦਨਾਮੀ ਹੋਵੇ, ਪਰ ਬਜ਼ੁਰਗ ਉਨ੍ਹਾਂ ਦੀ ਰਤਾ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਹੈ ਕਿ ਜਦੋਂ ਦਾ ਵੰਡ-ਵੰਡਾਰਾ ਹੋਇਆ ਹੈ, ਉਸ ਨੇ ਉਨ੍ਹਾਂ ਦੋਹਾਂ ਦੇ ਘਰਾਂ ਵਿਚ ਕਿਧਰੇ ਪੈਰ ਨਹੀਂ ਪਾਇਆ। ਦੋਵੇਂ ਕਹਿੰਦੇ ਹਨ ਕਿ ਹੁਣ ਉਹ ਬਿਮਾਰ ਹੈ ਤੇ ਉਸ ਦੀ ਦੇਖ-ਭਾਲ ਦੀ ਲੋੜ ਹੈ। ਹੁਣ ਤਾਂ ਇਕ ਥਾਂ ਟਿਕਿਆਂ ਹੀ ਸਰੇਗਾ। ਇੱਥੇ ਪਿਆ ਉਹ ਠੰਢ ਨਾਲ ਆਕੜ ਜਾਵੇਗਾ। ਬਜ਼ੁਰਗ ਕਹਿੰਦਾ ਹੈ ਕਿ ਉਹ ਉਸ ਦਾ ਮੰਜਾ ਅੰਦਰ ਕਰ ਦੇਣ, ਪਰ ਉਹ ਰਹੇਗਾ ਲੀਕ ਦੇ ਉੱਤੇ ਹੀ। ਉਹ ਉਸਨੂੰ ਇਕੱਲੇ ਨੂੰ ਛੱਡਣਾ ਨਹੀਂ ਚਾਹੁੰਦੇ, ਪਰੰਤੂ ਬਜ਼ੁਰਗ ਕਹਿੰਦਾ ਹੈ ਕਿ ਉਹ ਬਹੁਤ ਦੇਰ ਤੋਂ ਇਕੱਲਾ ਰਹਿ ਰਿਹਾ ਹੈ।
ਦੀਪਾ ਕਹਿੰਦਾ ਹੈ ਕਿ ਬਾਪੂ ਜੀ ਨੂੰ ਘਰ ਦਾ ਕਜੀਆ-ਕਲੇਸ਼ ਪਸੰਦ ਨਹੀਂ। ਜਿੰਦਾ ਕਹਿੰਦਾ ਹੈ ਕਿ ਬਾਬਾ ਜੀ ਨੇ ਹਾਲੇ ਤਕ ਇਸ ਘਰ ਦੇ ਟੋਟੇ ਨਹੀਂ ਮੰਨੇ। ਇਸੇ ਕਰਕੇ ਉਹ ਐਨੇ ਸਾਲਾਂ ਤੋਂ ਇਕੱਲੇ ਢਾਰੇ ਵਿਚ ਰਹਿੰਦੇ ਹਨ। ਜੇਕਰ ਉਹ ਭਲੀ ਚਾਹੁੰਦੇ ਹਨ, ਤਾਂ ਉਹ ਕਜੀਏ-ਕਲੇਸ਼ ਬੰਦ ਕਰ ਦੇਣ। ਇਨ੍ਹਾਂ ਨੇ ਕਦੇ ਕਿਸੇ ਦਾ ਕੁੱਝ ਸੁਆਰਿਆ ਨਹੀਂ। ਕਰਤਾਰੀ ਤੇ ਸੰਤੀ ਨਿੰਮੋਝੂਣੀਆਂ ਜਿਹੀਆਂ ਹੋਈਆਂ ਪੈਰਾਂ ਦੇ ਨਹੁੰ ਖ਼ੁਰਚਦੀਆਂ ਹਨ। ਸੱਜਣ ਤੇ ਸੁੰਦਰ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਇਸ ਨਾਲ ਬਜ਼ੁਰਗ ਦੇ ਚਿਹਰੇ ਉੱਤੇ ਰੌਣਕ ਆਉਣ ਲੱਗਦੀ ਹੈ। ਦੀਪਾ ਸਾਰਿਆਂ ਨੂੰ ਕਹਿੰਦਾ ਹੈ ਕਿ ਜੇਕਰ ਉਨ੍ਹਾਂ ਨੂੰ ਬਾਬਾ ਜੀ ਦੀ ਲੋੜ ਹੈ, ਤਾਂ ਘਰ ਵਿਚ ਸ਼ਾਂਤੀ ਰੱਖੋ ਅਤੇ ਘਰ ਦੀਆਂ ਸਾਰੀਆਂ ਕੰਧਾਂ ਤੇ ਓਟੇ ਢਾਹ ਦੇਵੋ। ਸੱਜਣ, ਸੁੰਦਰ, ਕਰਤਾਰੀ ਤੇ ਸੰਤੀ ਦੇ ਚਿਹਰਿਆਂ ਤੇ ‘ਹਾਂ ਦੀ ਝਲਕ ਦਿਖਾਈ ਦਿੰਦੀ ਹੈ। ਬਜ਼ੁਰਗ ਉੱਠ ਕੇ ਬਹਿਣ ਦੀ ਕੋਸ਼ਿਸ਼ ਕਰਦਾ ਹੈ। ਦੀਪਾ ਤੇ ਜਿੰਦਾ ਓਟੇ ਢਾਹੁਣ ਲਗਦੇ ਹਨ। ਭਾਂਡੇ ਸਾਂਝੀ ਥਾਂ ਕਰਦੇ ਹਨ। ਬਾਬਾ ਉੱਠ ਕੇ ਖੜ੍ਹਾ ਹੁੰਦਾ ਹੈ। ਸੱਜਣ ਤੇ ਸੁੰਦਰ ਉਸ ਦੀ ਮੱਦਦ ਕਰਦੇ ਹਨ। ਕਰਤਾਰੀ ਤੇ ਸੰਤੀ ਦੇ ਚਿਹਰਿਆਂ ਤੇ ਮੁਸਕਾਣ ਆਉਂਦੀ ਹੈ। ਪਿਛੋਕੜ ਵਿਚੋਂ ਗੀਤ ਉੱਭਰਦਾ ਹੈ :
ਸਾਡਾ ਵਸਦਾ ਰਹੇ ਘਰ-ਬਾਰ ।
ਸਾਡਾ ਬਣਿਆ ਰਹੇ ਪਿਆਰ ।