CBSEEducationNCERT class 10thPunjab School Education Board(PSEB)

ਇਕ ਹੋਰ ਨਵਾਂ ਸਾਲ : ਪ੍ਰਸੰਗ ਸਹਿਤ ਵਿਆਖਿਆ


ਪ੍ਰਸੰਗ ਦੱਸ ਕੇ ਵਿਆਖਿਆ


21. ”ਲੋਕ ਰਾਜ ਦਾ ਮਤਲਬ, ਲੋਕਾਂ ਦਾ ਰਾਜ-ਜਿਸ ਤਰ੍ਹਾਂ ਕਿ ਸਾਡੇ ਮੁਲਕ ਵਿਚ ਐ। ਲੋਕ ਈ ਰਾਜ ਕਰਦੇ ਐ, ਰਾਜੇ ਮਹਾਰਾਜੇ ਨਹੀਂ ਕਰਦੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਆਪਣੇ ਪੁੱਤਰ ਫੁੰਮਣ ਨੂੰ ਉਦੋਂ ਕਹੇ, ਜਦੋਂ ਉਹ ਉਸ ਨੂੰ ਪੜ੍ਹਾਉਂਦਾ ਹੈ ਤੇ ਉਹ (ਫੁੰਮਣ) ਕਵਿਤਾ ਵਿਚ ਆਏ ਹੋਰ ਸ਼ਬਦਾਂ ਦੇ ਨਾਲ ‘ਲੋਕ-ਰਾਜ’ ਸ਼ਬਦ ਦਾ ਮਤਲਬ ਪੁੱਛਦਾ ਹੈ।

ਵਿਆਖਿਆ : ਬੰਤਾ ਦੱਸਦਾ ਹੈ ਕਿ ਲੋਕ-ਰਾਜ ਦਾ ਮਤਲਬ ਹੈ, ਉਹ ਰਾਜ ਜੋ ਲੋਕਾਂ ਦੇ ਹੱਥ ਵਿਚ ਹੋਵੇ, ਜਿੱਥੋਂ ਦੀ ਸਰਕਾਰ ਲੋਕ ਵੋਟਾਂ ਪਾ ਕੇ ਚੁਣਨ। ਅਜਿਹਾ ਲੋਕ-ਰਾਜ ਸਾਡੇ ਦੇਸ਼ ਵਿਚ ਵੀ ਹੈ। ਇੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਹੈ, ਨਾ ਕਿ ਰਾਜਿਆਂ ਦੀ।

22. ”ਸਾਰੀ ਪੈਂਤੀ ਲਿਖ ਲੈਂਦੀ ਏ ਤੇ ਨਾਲੇ ਦੁਣੀ-ਤੀਣੀ ਦਾ ਪਹਾੜਾ ਵੀ ਯਾਦ ਕਰ ਲਿਆ ਸੁ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੀ ਮਾਮੀ ਨੇ ਉਦੋਂ ਕਹੇ, ਜਦੋਂ ਉਹ ਚੌਥੀ ਵਿਚ ਪੜ੍ਹਦਾ ਨਾਨਕਿਆਂ ਦੇ ਘਰ ਗਿਆ ਹੋਇਆ ਸੀ। ਉਸ ਨੂੰ ਪੜ੍ਹਦਾ ਦੇਖ ਕੇ ਉਹ ਆਪਣੀ ਭਤੀਜੀ ਤਾਰੀ ਬਾਰੇ, ਜੋ ਮਗਰੋਂ ਬੰਤੇ ਦੀ ਪਤਨੀ ਦੀ ਪੜ੍ਹਾਈ ਬਾਰੇ ਦੱਸਦੀ ਹੈ।

ਵਿਆਖਿਆ : ਬੰਤੇ ਦੀ ਮਾਮੀ ਉਸ ਨੂੰ ਦੱਸਦੀ ਹੈ ਕਿ ਉਸ ਦੀ ਭਤੀਜੀ ਤਾਰੀ ਵੀ ਪੜ੍ਹਦੀ ਹੈ ਤੇ ਉਸ ਨੇ ਹੁਣ ਤਕ ਗੁਰਮੁਖੀ ਦੀ ਸਾਰੀ ਪੈਂਤੀ ਲਿਖਣੀ ਸਿੱਖ ਲਈ ਹੈ ਤੇ ਨਾਲ ਹੀ ਦੂਣੀ-ਤੀਣੀ ਦਾ ਪਹਾੜਾ ਵੀ ਯਾਦ ਕਰ ਲਿਆ ਹੈ।

23. “ਹੌਲੀ ਚਲਾ ਰਿਕਸ਼ਾ, ਬੰਤਿਆ. … ਤੈਨੂੰ ਦੀਹਦਾ ਨਹੀਂ, ਕੁੜੀ ਦੀ ਹਾਲਤ ਤਾਂ ਵੇਖ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੀ ਮਾਂ ਨੇ ਉਸ ਨੂੰ ਉਦੋਂ ਕਹੇ, ਜਦੋਂ ਉਹ ਉਸ ਸਮੇਤ ਆਪਣੀ ਪਤਨੀ ਤਾਰੋ ਨੂੰ ਆਪਣੇ ਰਿਕਸ਼ੇ ਉੱਤੇ ਬਿਠਾ ਕੇ ਬਸੰਤ ਪੰਚਮੀ ਦੇ ਮੌਕੇ ਉੱਤੇ ਛੇਹਰਟਾ ਸਾਹਿਬ ਗੁਰਦੁਆਰੇ ਵਲ ਜਾ ਰਿਹਾ ਸੀ।

ਵਿਆਖਿਆ : ਬੰਤੇ ਦੀ ਮਾਂ ਨੇ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਹ ਰਿਕਸ਼ਾ ਹੌਲੀ ਚਲਾਵੇ, ਕਿਉਂਕਿ ਉਸ ਦੇ ਤੇਜ਼ ਚਲਾਉਣ ਕਰ ਕੇ ਵਿਚ ਬੈਠੀ ਤਾਰੋ ਬੁਰੀ ਤਰ੍ਹਾਂ ਘਬਰਾ ਰਹੀ ਸੀ।

24. ”ਦੋ ਕੁੜੀਆਂ ਤਾਂ ਚੰਗੀਆਂ ਲਗਦੀਆਂ, ਖੇਡਦੀਆਂ ਮਲਦੀਆਂ ਵੇਖ ਕਿਵੇਂ ਘਰ ਬਣਾਨ ਡਹੀਆਂ ਹੋਈਆਂ ਮਿੱਟੀ ਦਾ। ਪਰ ਆਪਣਾ ਫੁੰਮਣ ਕੱਲਾ ਐ……..।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਆਪਣੀ ਪਤਨੀ ਤਾਰੋ ਨੂੰ ਉਦੋਂ ਕਹੇ, ਜਦੋਂ ਉਹ ਦੁਪਹਿਰੇ ਘਰ ਅਰਾਮ ਕਰਨ ਆਇਆ ਹੋਇਆ ਸੀ ਤੇ ਤਿੰਨ ਕੁ ਵਜੇ ਜਦੋਂ ਉਹ (ਤਾਰੋ) ਉਸ ਨੂੰ ਉਠਾਉਣ ਲਈ ਆਈ ਤੇ ਉਹ ਉਸ ਨੂੰ ਕੋਲ ਬਿਠਾਉਣਾ ਚਾਹੁੰਦਾ ਹੈ, ਪਰ ਉਹ ਚਾਹ ਧਰਨ ਲਈ ਚਲੀ ਜਾਂਦੀ ਹੈ। ਬੰਤੇ ਨੇ ਉਸ ਨੂੰ ਚਾਹ ਛੱਡ ਕੇ ਆਪਣੀ ਗੱਲ ਸੁਣਨ ਲਈ ਕਿਹਾ।

ਵਿਆਖਿਆ : ਬੰਤੇ ਨੇ ਤਾਰੋ ਨੂੰ ਕਿਹਾ ਕਿ ਉਸ ਨੂੰ ਆਪਣੀਆਂ ਦੋਵੇਂ ਕੁੜੀਆਂ ਖੇਡਦੀਆਂ ਵੇਖ ਕੇ ਬਹੁਤ ਚੰਗਾ ਲਗਦਾ ਹੈ। ਉਹ ਵੇਖੇ ਕਿ ਉਹ ਕਿਸ ਤਰ੍ਹਾਂ ਮਿੱਟੀ ਦਾ ਘਰ ਬਣਾਉਣ ਵਿਚ ਮਸਤ ਹੋਈਆਂ ਪਈਆਂ ਹਨ। ਉਹ ਚਾਹੁੰਦਾ ਹੈ ਕਿ ਉਨ੍ਹਾਂ ਦਾ ਫੁੰਮਣ ਇਕੱਲਾ ਹੈ, ਉਸ ਦਾ ਇਕ ਹੋਰ ਭਰਾ ਵੀ ਉਨ੍ਹਾਂ ਦੇ ਘਰ ਆ ਜਾਵੇ।

25. ”ਐਸੇ ਪਿੱਛੇ ਮੈਂ ਛੋਟੀਆਂ ਭੈਣਾਂ ਦਾ ਵਿਆਹ ਪਹਿਲਾਂ ਕੀਤਾ ਤੇ ਫੇਰ ਆਪਣਾ। ਮੈਂ ਤਾਂ ਹਾਲੀਂ ਨਹੀਂ ਚਾਹੁੰਦਾ ਬਲਾ ਸਹੇੜਨੀ, ਪਰ ਬੇਬੇ ਈ ਖਹਿੜੇ ਪੈ ਗਈ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚੋਂ ਲਏ ਗਏ ਹਨ। ਇਸ ਵਿਚ ਬੰਤੇ ਨੂੰ ਦੁਪਹਿਰੇ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਇਕ ਵਾਰੀ ਜਦੋਂ ਉਸ ਦੇ ਸਹੁਰਿਆਂ ਦੇ ਘਰੋਂ ਜੱਸੀ ਦੇ ਵਿਆਹ ਦੀ ਚਿੱਠੀ ਆਉਣ ‘ਤੇ ਘਰ ਦੀ ਤੰਗੀ ਕਾਰਨ ਤਾਰੋ ਨੇ ਉਸ ਦੁਆਰਾ ਆਪਣੀਆਂ ਭੈਣਾਂ ਦੇ ਵਿਆਹਾਂ ਉੱਤੇ ਚੁੱਕੇ ਕਰਜ਼ੇ ਦੀ ਗੱਲ ਕਰਨ ਕਰ ਕੇ ਉਸ ਦੀ ਉਸ ਨਾਲ ਖਹਿਬੜ ਹੋਈ ਸੀ। ਇਨ੍ਹਾਂ ਸ਼ਬਦਾਂ ਦਾ ਸੰਬੰਧ ਉਸੇ ਖਹਿਬੜ ਨਾਲ ਹੀ ਹੈ।

ਵਿਆਖਿਆ : ਇਸ ਸਮੇਂ ਬੰਤੇ ਨੇ ਤਾਰੋ ਨੂੰ ਕਿਹਾ ਕਿ ਉਸ ਨੇ ਆਪਣੀਆਂ ਛੋਟੀਆਂ ਭੈਣਾਂ ਦੇ ਵਿਆਹ ਇਸੇ ਕਰਕੇ ਪਹਿਲਾਂ ਕੀਤੇ ਸਨ, ਤਾਂ ਜੋ ਆਪਣਾ ਵਿਆਹ ਪਹਿਲਾਂ ਕਰਨ ਨਾਲ ਹੋਏ ਖ਼ਰਚੇ ਕਾਰਨ ਉਨ੍ਹਾਂ ਦੇ ਵਿਆਹ ਲੇਟ ਨਾ ਹੋ ਜਾਣ। ਉਹ ਆਪ ਤਾਂ ਅਜੇ ਆਪਣੇ ਵਿਆਹ ਦੀ ਬਲਾ ਨਹੀਂ ਸੀ ਸਹੇੜਨੀ ਚਾਹੁੰਦਾ, ਪਰ ਉਸ ਦੀ ਮਾਂ ਹੀ ਉਸ ਦਾ ਵਿਆਹ ਕਰਨ ਲਈ ਉਸ ਦੇ ਪਿੱਛੇ ਪੈ ਗਈ।

26. ”ਕਦੋਂ ਲਿਆਏਂਗਾ ਭਰਜਾਈ ਨੂੰ? ਖਾਸਾ ਚਿਰ ਹੋ ਗਿਆ ਹੁਣ ਤਾਂ।” ਉਹ ਤਾਰੋ ਨਾਲ ਝਗੜੇ ਮਗਰੋਂ ਆਪਣੇ ਘਰੋਂ ਨਿਕਲ ਕੇ ਉਸ ਦੇ ਘਰ ਜਾਂਦਾ ਹੈ।

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਦਿਆਲੇ ਨੂੰ ਉਦੋਂ ਕਹੇ, ਜਦੋਂ ਉਹ ਤਾਰੋ ਨਾਲ਼ ਝਗੜੇ ਮਗਰੋਂ ਆਪਣੇ ਘਰੋਂ ਨਿਕਲ ਕੇ ਉਸ ਦੇ ਘਰ ਜਾਂਦਾ ਹੈ।

ਵਿਆਖਿਆ : ਬੰਤੇ ਨੂੰ ਪਤਾ ਸੀ ਕਿ ਘਰ ਦੀ ਤੰਗੀ ਤੇ ਦਿਆਲੇ ਦੀ ਮਾਰ-ਕੁੱਟ ਕਰਕੇ ਉਸ ਦੀ ਪਤਨੀ ਪੇਕੇ ਗਈ ਹੋਈ ਹੈ। ਉਹ ਉਸ ਨੂੰ ਪੁੱਛਦਾ ਹੈ ਕਿ ਹੁਣ ਤਾਂ ਉਸ ਦੀ ਪਤਨੀ ਨੂੰ ਪੇਕੇ ਗਿਆ ਬਹੁਤ ਚਿਰ ਹੋ ਗਿਆ ਹੈ, ਉਹ ਉਸ ਨੂੰ ਕਦੋਂ ਘਰ ਲੈ ਕੇ ਆਵੇਗਾ।

27. ‘‘ਛੱਡ ਪਰ੍ਹਾਂ ਇਹ ਗੱਲਾਂ। ਆਪਾਂ ਨਹੀਂ ਕਦੀ ਐਨਾ ਸੋਚਿਆ ਇਹਨਾਂ ਗੱਲਾਂ ਬਾਰੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਦਿਆਲੇ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਤਾਰੋ ਨਾਲ ਖਹਿਬੜ ਪਿੱਛੋਂ ਉਸ ਦੇ ਤਿੰਨ ਧੱਫੇ ਮਾਰਨ ਮਗਰੋਂ ਬੇਚੈਨ ਹੋਇਆ ਉਸ (ਦਿਆਲੇ) ਦੇ ਘਰ ਪਹੁੰਚਦਾ ਹੈ ਤੇ ਉਦੋਂ ਉਸ ਨੂੰ ਦੱਸਦਾ ਹੈ ਕਿ ਉਸ ਦੀ ਤਾਰੋ ਨਾਲ ਖਹਿਬੜ ਹੋਈ ਹੈ ਤੇ ਉਸ ਦਾ ਮਨ ਉਦਾਸ ਹੈ।

ਵਿਆਖਿਆ : ਦਿਆਲਾ ਉਸ ਨੂੰ ਕਹਿੰਦਾ ਹੈ, ਉਹ ਇਸ ਗੱਲ ਦੀ ਪਰਵਾਹ ਨਾ ਕਰੇ। ਉਹ ਆਪ ਇਨ੍ਹਾਂ ਗੱਲਾਂ ਬਾਰੇ ਸੋਚ ਕੇ ਕਦੀ ਦੁਖੀ ਨਹੀਂ ਹੁੰਦਾ, ਸਗੋਂ ਬੇਪਰਵਾਹ ਰਹਿੰਦਾ ਹੈ।

28. ”ਉਹ ਦਿਆਲਿਆ, ਜੇ ਸਾਡੀਆਂ ਯੂਨੀਅਨਾਂ ਇਕ ਹੋ ਜਾਣ, ਤਾਂ ਰੋਗ ਨਾ ਲੱਥ ਜਾਏ ਗਲੋਂ?”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਦਿਆਲੇ ਨੂੰ ਉਦੋਂ ਕਹੇ ਜਦੋਂ ਉਹ ਆਪਣੇ ਘਰ ਦੀ ਤੰਗੀ ਦੂਰ ਕਰਨ ਲਈ ਆਪਣੇ ਰਿਕਸ਼ਿਆਂ ਦੇ ਕਿਰਾਏ ਵਧਾਉਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਯੂਨੀਅਨ ਇਕ ਨਾ ਹੋਣ ਕਰਕੇ ਅਜਿਹਾ ਨਹੀਂ ਹੁੰਦਾ।

ਵਿਆਖਿਆ : ਬੰਤਾ ਦਿਆਲੇ ਨੂੰ ਕਹਿੰਦਾ ਹੈ ਕਿ ਜੇਕਰ ਉਨ੍ਹਾਂ ਦੀਆ ਯੂਨੀਅਨਾਂ ਇਕ ਹੋ ਜਾਣ, ਤਾਂ ਸਭ ਰਿਕਸ਼ਿਆ ਦੇ ਕਿਰਾਏ ਇਕ ਹੋ ਜਾਣਗੇ ਤੇ ਸਭ ਵਲੋਂ ਆਪ ਆਪਣੇ ਕਿਰਾਏ ਲੈਣ ਦੀ ਬਿਮਾਰੀ ਖਤਮ ਹੋ ਜਾਵੇਗੀ।

29. “ਹੋਣਾ ਪਊ ਇੱਕ ਦਿਨ। ਆਪਾਂ ਕਿਸੇ ਦੇ ਖਿਲਾਫ ਨਹੀਂ। ਕੋਈ ਦੰਗਾ-ਫਸਾਦ ਨਹੀਂ ਕਰਦੇ। ਸਰਬੱਤ ਦਾ ਭਲਾ ਮੰਗਦੇ ਆ, ਪਰ ਰੋਟੀ ਮਿਲਣੀ ਚਾਹੀਦੀ ਹੈ ਸਾਨੂੰ। ਕੱਪੜਾ ਮਿਲ ਜਾਏ ਮਾੜਾ ਮੋਟਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਦਿਆਲਾ ਬੰਤੇ ਨੂੰ ਉਦੋਂ ਕਹਿੰਦਾ ਹੈ ਜਦੋਂ ਉਹ ਆਪਣੀ ਪਤਨੀ ਤਾਰੋ ਨਾਲ ਝਗੜਾ ਕਰਨ ਮਗਰੋਂ ਉਸ ਦੇ ਘਰ ਜਾਂਦਾ ਹੈ ਤੇ ਦੋਵੇਂ ਜਣੇ ਆਪਣੀਆ ਤੀਵੀਆਂ ਨਾਲ ਆਪਣੇ ਝਗੜੇ ਦਾ ਕਾਰਨ ਘਰ ਦੀ ਤੰਗੀ ਨੂੰ ਸਮਝਦੇ ਹੋਏ ਆਪਣੇ ਰਿਕਸ਼ਿਆਂ ਦੇ ਕਿਰਾਏ ਵਧਾਉਣ ਲਈ ਆਪਣੀਆਂ ਯੂਨੀਅਨਾਂ ਨੂੰ ਇਕ ਕਰਨ ਦੀ ਗੱਲ ਕਰਦੇ ਹਨ।

ਵਿਆਖਿਆ : ਬੰਤਾ ਕਹਿੰਦਾ ਹੈ ਕਿ ਇਕ ਦਿਨ ਉਨ੍ਹਾਂ ਦੀਆਂ ਵੱਖ-ਵੱਖ ਯੂਨੀਅਨਾਂ ਨੂੰ ਇਕੱਠੀਆਂ ਹੋ ਕੇ ਕਿਰਾਏ ਵਧਾਉਣ ਦਾ ਫ਼ੈਸਲਾ ਕਰਨਾ ਹੀ ਪੈਣਾ ਹੈ। ਉਹ ਕਿਸੇ ਦੇ ਖ਼ਿਲਾਫ਼ ਨਹੀਂ ਹਨ ਤੇ ਨਾ ਕੋਈ ਦੰਗਾ ਫਸਾਦ ਕਰ ਕੇ ਲੋਕਾਂ ਲਈ ਮੁਸੀਬਤਾਂ ਖੜੀਆਂ ਕਰਦੇ ਹਨ। ਉਹ ਤਾਂ ਸਭ ਦਾ ਭਲਾ ਮੰਗਦੇ ਹਨ। ਉਹ ਕਿਸੇ ਦੇ ਖਿਲਾਫ ਕੁੱਝ ਨਹੀਂ ਕਰਨਾ ਚਾਹੁੰਦੇ ਪਰੰਤੂ ਉਨ੍ਹਾਂ ਦੀਆਂ ਰੋਟੀ-ਕੱਪੜੇ ਸੰਬੰਧੀ ਮੁੱਢਲੀਆਂ ਲੋੜਾਂ ਤਾਂ ਪੂਰੀਆ ਹੋਣੀਆ ਹੀ ਚਾਹੀਦੀਆਂ ਹਨ।

30. “ਅੱਗੇ ਵੀ ਕੁੱਝ ਸੁਣਾਏਗਾ ਕਿ ਘਸੇ ਹੋਏ ਤਵੇ ਵਾਂਗ ਇੱਕੋ ਥਾਂ ‘ਤੇ ਅੜਿਆ ਰਹੇਂਗਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਦਿਆਲੇ ਨੂੰ ਉਦੋਂ ਕਹੇ ਜਦੋਂ ਉਹ ਆਪਣੀ ਪਤਨੀ ਤਾਰੋ ਨਾਲ ਲੜ ਕੇ ਆਏ ਬੰਤੇ ਨੂੰ ਰਿਕਸ਼ੇ ਉੱਤੇ ਬਿਠਾ ਕੇ ਘਰ ਛੱਡਣ ਲਈ ਜਾਂਦਾ ਹੈ ਤੇ ਦਿਆਲਾ ਨਾਲ-ਨਾਲ ਇੱਕ ਤੁਕ ਵਾਰ-ਵਾਰ ਗਾਈ ਜਾ ਰਿਹਾ ਸੀ, “ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜੇ ਆਇਆ……..।”

ਵਿਆਖਿਆ : ਦਿਆਲੇ ਨੂੰ ਵਾਰ-ਵਾਰ ਇੱਕੋ ਤੁਕ ਗਾਉਂਦਿਆ ਸੁਣ ਕੇ ਬੰਤਾ ਹਾਸੇ ਨਾਲ ਕਹਿੰਦਾ ਹੈ ਕਿ ਅੱਗੇ ਵੀ ਕੁੱਝ ਸੁਣਾਵੇਗਾ ਕਿ ਘਸੇ ਹੋਏ ਰਿਕਾਰਡ ਵਾਂਗ ਮੁੜ-ਮੁੜ ਇੱਕੋ ਤੁਕ ਹੀ ਗਾਈ ਜਾਵੇਗਾ।

31. “ਕਿਸੇ ਚੱਜ ਦੇ ਥਾਂ ਬੈਠ ਕੇ ਸੁਣਾਏ ਬੰਦਾ ਹੀਰ, ਤੁਰੇ-ਤੁਰੇ ਜਾਂਦਿਆਂ ਤਾਂ ਹੇਕ ਨਹੀਂ ਨਿਕਲਦੀ ਚੰਗੀ ਤਰ੍ਹਾਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ਇਕ ਹੋਰ ਨਵਾਂ ਸਾਲ ਵਿਚ ਬੰਤੇ ਨੇ ਦਿਆਲੇ ਨੂੰ ਉਦੋਂ ਕਹੇ, ਜਦੋਂ ਉਹ ਆਪਣੀ ਪਤਨੀ ਤਾਰੋ ਨਾਲ ਲੜ ਕੇ ਆਏ ਬੰਤੇ ਨੂੰ ਰਿਕਸ਼ੇ ਉੱਤੇ ਬਿਠਾ ਕੇ ਘਰ ਛੱਡਣ ਲਈ ਜਾਦਾ ਹੋਇਆ ਗਾਉਂਦਾ ਹੈ। ਇਸ ਸਮੇਂ ਬੰਤਾ ਉਸਨੂੰ ਇੱਕੋ ਤੁਕ ਵਾਰ-ਵਾਰ ਗਾਉਂਦਿਆਂ ਦੇਖ ਕੇ ਕੁੱਝ ਅੱਗੇ ਸੁਣਾਉਣ ਲਈ ਕਹਿੰਦਾ ਹੈ। ਇਹ ਸੁਣ ਕੇ ਦਿਆਲਾ ਉਸ ਨੂੰ ਕਹਿੰਦਾ ਹੈ ਕਿ ਉਹੋ ਹੀ ਕੁੱਝ ਸੁਣਾ ਦੇਵੇ, ਪਰ ਬੰਤਾ ਕਹਿੰਦਾ ਹੈ ਕਿ ਉਹ ਉਸਨੂੰ ਹੀਰ ਸੁਣਾ ਸਕਦਾ ਹੈ, ਪਰ ਰਿਕਸ਼ੇ ਵਿਚ ਬੈਠਿਆਂ ਰਸਤੇ ਵਿਚ ਨਹੀਂ। ਇਹ ਸੁਣ ਕੇ ਜਦੋਂ ਦਿਆਲਾ ਪੁੱਛਦਾ ਹੈ ਕਿ ਕੀ ਉਹ ਮਜ੍ਹਮਾ ਲਾ ਕੇ ਗਾਵੇਗਾ? ਤਾ ਬੰਤਾ ਉਪਰੋਕਤ ਸ਼ਬਦਾਂ ਵਿਚ ਉਸਨੂੰ ਉੱਤਰ ਦਿੰਦਾ ਹੈ।

ਵਿਆਖਿਆ : ਬੰਤਾ ਕਹਿੰਦਾ ਹੈ ਕਿ ਹੀਰ ਕਿਸੇ ਟਿਕਾਉ ਵਾਲੀ ਥਾਂ ਉੱਤੇ ਬੈਠ ਕੇ ਸੁਣਾਈ ਜਾਂਦੀ ਹੈ। ਤੁਰੇ-ਤੁਰੇ ਜਾਂਦੇ ਬੰਦੇ ਦੇ ਗਲੇ ਵਿਚੋਂ ਤਾਂ ਠੀਕ ਤਰ੍ਹਾਂ ਹੇਕ ਵੀ ਨਹੀਂ ਨਿਕਲਦੀ। ਇਸ ਕਰਕੇ ਇਸ ਸਥਿਤੀ ਵਿਚ ਉਹ ਨਹੀਂ ਗਾ ਸਕਦਾ।

32. ”ਇਹਨਾਂ ਨੂੰ ਵੀ ਸੈਲ ਕਰਾ ਦੇ, ਇਹ ਕੋਈ ਮਤਰੇਈਆਂ ਤਾਂ ਨਹੀਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਤਾਰੇ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਦੁਪਹਿਰ ਪਿੱਛੋਂ ਘਰੋਂ ਰਿਕਸ਼ਾ ਲੈ ਕੇ ਜਾਣ ਸਮੇਂ ਫੁੰਮਣ ਨੂੰ ਵਿਚ ਬਿਠਾ ਕੇ ਉਸ ਨੂੰ ਸੈਰ ਕਰਾਉਣ ਦੀ ਗੱਲ ਕਹਿੰਦਾ ਹੈ।

ਵਿਆਖਿਆ : ਇਸ ਸਮੇਂ ਤਾਰੋ ਨੇ ਬੰਤੇ ਨੂੰ ਕਿਹਾ ਕਿ ਉਹ ਇਕੱਲੇ ਫੁੰਮਣ ਨੂੰ ਕਿਉਂ ਸੈਰ ਕਰਾਉਣ ਲਈ ਲਿਜਾਂਦਾ ਹੈ, ਉਹ ਕੁੜੀਆਂ ਨੂੰ ਵੀ ਨਾਲ ਬਿਠਾਏ, ਕਿਉਂਕਿ ਉਹ ਵੀ ਫੁੰਮਣ ਵਾਂਗ ਉਸਦੀਆਂ ਆਪਣੀਆਂ ਹੀ ਹਨ।

33. ”ਆਪਾ ਤਾਂ ਬੰਤਿਆ, ਐਵੇਂ ਜੂਨ ਈ ਭੋਗਣ ਆਏ ਹੋਏ ਹਾਂ, ਜਹਾਨ ਉੱਤੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਦਿਆਲੇ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਪ੍ਰੋਫੈਸਰਨੀ ਨੂੰ ਖਾਲਸਾ ਕਾਲਜ ਤੋਂ ਘਰ ਛੱਡ ਕੇ ਆਇਆ ਸੀ ਤੇ ਉਹ ਉਸ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਕਾਰਨ ਉਸ ਦੀ ਅਮੀਰੀ ਤੇ ਆਪਣੀ ਗ਼ਰੀਬੀ ਨੂੰ ਦੱਸਦਾ ਹੈ।

ਵਿਆਖਿਆ : ਦਿਆਲਾ ਬੰਤੇ ਨੂੰ ਕਹਿੰਦਾ ਹੈ ਕਿ ਗ਼ਰੀਬੀ ਕਾਰਨ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਸੁਆਦ ਨਹੀਂ। ਉਹ ਤਾਂ ਕੇਵਲ ਬੰਦੇ ਦੀ ਜੂਨ ਭੋਗ ਰਹੇ ਹਨ, ਕੋਈ ਸੁਖ-ਸੁਆਦ ਨਹੀਂ ਮਾਣ ਰਹੇ।

34. ‘‘ਰੋਣਾ ਤਾਂ ਇਹ ਹੈ ਕਿ ਫੇਰ ਵੀ ਪੂਰੀ ਨਹੀਂ ਪੈਂਦੀ। ਹੱਡ ਟੁੱਟ ਜਾਂਦੇ ਐ ਰਾਤ ਤੀਕ, ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਦਿਆਲੇ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਾਲੀ ਪ੍ਰੋਫ਼ੈਸਰਨੀ ਨੂੰ ਖ਼ਾਲਸਾ ਕਾਲਜ ਤੋਂ ਘਰ ਛੱਡ ਕੇ ਆਉਂਦਾ ਬਹੁਤ ਖ਼ੁਸ਼ ਹੁੰਦਾ ਹੈ ਤੇ ਨਾਲ ਹੀ ਬੰਤੇ ਨਾਲ ਆਪਣੇ ਤੰਗੀਆਂ ਤੁਰਸ਼ੀਆਂ ਤੇ ਗ਼ਰੀਬੀ ਨਾਲ ਭਰੇ ਜੀਵਨ ਦੀ ਗੱਲ ਕਰਦਾ ਹੈ ਤੇ ਬੰਤਾ ਕਹਿੰਦਾ ਹੈ ਕਿ ਮਿਹਨਤ ਕਰ ਕੇ ਹੀ ਉਨ੍ਹਾਂ ਨੂੰ ਖਾਣ ਨੂੰ ਮਿਲੇਗਾ।

ਵਿਆਖਿਆ : ਬੰਤੇ ਦੀ ਗੱਲ ਸੁਣ ਕੇ ਦਿਆਲਾ ਕਹਿੰਦਾ ਹੈ ਕਿ ਦੁਖ ਤਾਂ ਇਸੇ ਗੱਲ ਦਾ ਹੈ ਕਿ ਉਹ ਮਿਹਨਤ-ਮੁਸ਼ੱਕਤ ਵੀ ਬਥੇਰੀ ਕਰਦੇ ਹਨ। ਰਾਤ ਤਕ ਰਿਕਸ਼ਾ ਚਲਾਉਂਦਿਆਂ ਉਨ੍ਹਾਂ ਦੇ ਹੱਡ ਟੁੱਟ ਜਾਂਦੇ ਹਨ, ਪਰੰਤੂ ਫਿਰ ਵੀ ਉਨ੍ਹਾਂ ਕੋਲ ਟੱਬਰ ਦਾ ਢਿੱਡ ਭਰਨ ਜੋਗੇ ਪੈਸੇ ਨਹੀਂ ਹੁੰਦੇ। ਉਨ੍ਹਾਂ ਦੇ ਘਰਾਂ ਵਿਚ ਭੁੱਖ-ਨੰਗ ਹੀ ਵਰਤੀ ਰਹਿੰਦੀ ਹੈ।

35. ”ਸਾਨੂੰ ਪਿੰਡਾਂ ਆਲਿਆਂ ਨੂੰ ਤਾਂ ਕੁੱਝ ਸਮਝਦੇ ਈ ਨਹੀਂ। ਇਕ ਤਾਂ ਪੁੱਛਦੇ ਐ ਸਾਡੇ ਅਰਗਿਆਂ ਨੂੰ, ਦੂਜਾ ਟਿੱਚਰਾਂ ਕਰਦੇ ਐ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਅੱਖਾਂ ਦੇ ਹਸਪਤਾਲ ਆਪਣੀ ਪਤਨੀ ਦੀ ਦੇਖ-ਭਾਲ ਲਈ ਜਾਣ ਖ਼ਾਤਰ ਬੰਤੇ ਦੇ ਰਿਕਸ਼ੇ ਵਿਚ ਬੈਠੇ ਇਕ ਬੁੱਢੇ ਨੇ ਕਹੇ। ਉਹ ਦੱਸਦਾ ਹੈ ਕਿ ਹਸਪਤਾਲ ਦਾ ਡਾਕਟਰ ਤਾਂ ਚੰਗਾ ਹੈ, ਪਰ ਉੱਪਰਲੇ ਕੰਮ ਕਰਨ ਵਾਲੇ ਰਿਸ਼ਵਤਖ਼ੋਰ ਹਨ।

ਵਿਆਖਿਆ : ਬੁੱਢੇ ਨੇ ਕਿਹਾ ਕਿ ਹਸਪਤਾਲ ਵਿਚ ਉੱਪਰਲੇ ਕੰਮ ਕਰਨ ਵਾਲੇ ਉਨ੍ਹਾਂ ਨੂੰ ਕੁੱਝ ਸਮਝਦੇ ਹੀ ਨਹੀਂ। ਉਹ ਸਾਥੋਂ ਪੈਸੇ ਵੀ ਲੈਂਦੇ ਹਨ ਤੇ ਨਾਲ ਮਖ਼ੌਲ ਵੀ ਕਰਦੇ ਹਨ। ਉਹ ਤਾਂ ਸਿਰਫ਼ ਅਮੀਰਾਂ ਦੀ ਹੀ ਪਰਵਾਹ ਕਰਦੇ ਹਨ।

36. “ਖੇਡਿਆ-ਮਲ੍ਹਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਉਨ੍ਹਾਂ ਨੂੰ ਬੁਲਾਂਦੀ ਹੀ ਨਹੀਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਕੁਸਮ ਦੇ ਵਡੇਰੀ ਉਮਰ ਦੇ ਬਾਪ ਨੇ ਆਪਣੀ ਜੁਆਨ ਪਤਨੀ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦੀ ਹੈ ਕਿ ਉਸ ਨੂੰ ਚੰਗੇ ਕੱਪੜੇ ਪਾਉਣੇ ਚੰਗੇ ਨਹੀਂ ਲਗਦੇ ਤੇ ਉਸ ਨੂੰ ਭੁੱਖ ਹੀ ਨਹੀਂ ਲਗਦੀ।

ਵਿਆਖਿਆ : ਵਡੇਰੀ ਉਮਰ ਦਾ ਪਤੀ ਆਪਣੀ ਜੁਆਨ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਬੱਚਿਆਂ ਨਾਲ ਖੇਡ-ਮਲ੍ਹ ਕੇ ਖ਼ੁਸ਼ ਰਿਹਾ ਕਰੇ, ਪਰ ਉਹ ਤਾਂ ਉਨ੍ਹਾਂ ਨੂੰ ਬੁਲਾਉਂਦੀ ਵੀ ਨਹੀਂ। ਇਹ ਠੀਕ ਨਹੀਂ।

37. “ਮੇਰੇ ਜਿੱਡੀ ਤਾਂ ਕੁਸਮ ਏ, ਮੈਨੂੰ ਬੜੀ ਸ਼ਰਮ ਆਂਦੀ ਏ, ਜਦੋਂ ਉਹ ਮੈਨੂੰ ਮੰਮੀ ਕਹਿੰਦੀ ਏ। ਕਿੰਨੀ ਵਾਰ ਕਿਆ ਏ ਮੈਂ ਕਿ ਮੇਰਾ ਨਾਂ ਲੈ ਕੇ ਬੁਲਾਇਆ ਕਰ, ਪਰ ਉਹ ਮੰਨਦੀ ਨਹੀਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਲਾਰੰਸ ਰੋਡ ਜਾਣ ਲਈ ਬੈਠੇ ਵਡੇਰੀ ਉਮਰ ਦੇ ਆਦਮੀ ਦੀ ਜਵਾਨ ਪਤਨੀ ਨੇ ਉਸ (ਪਤੀ) ਨੂੰ ਉਦੋਂ ਕਹੇ, ਜਦੋਂ ਉਹ ਉਸ ਨੂੰ ਕਹਿੰਦਾ ਹੈ ਕਿ ਚੰਗਾ ਪਾਇਆ-ਹੰਢਾਇਆ ਕਰੇ ਤੇ ਬੱਚਿਆਂ ਨਾਲ ਖੇਡਿਆ ਕਰੇ।

ਵਿਆਖਿਆ : ਪਤੀ ਦੀ ਗੱਲ ਸੁਣ ਕੇ ਪਤਨੀ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਧੀ ਕੁਸਮ ਤਾਂ ਉਸ ਦੀ ਹੀ ਉਮਰ ਦੀ ਹੈ। ਉਸ ਨੂੰ ਉਦੋਂ ਬੜੀ ਸ਼ਰਮ ਆਉਂਦੀ ਹੈ, ਜਦੋਂ ਉਹ ਉਸ ਨੂੰ ‘ਮੰਮੀ ਜੀ’ ਕਹਿ ਕੇ ਬੁਲਾਉਂਦੀ ਹੈ। ਉਸ ਨੇ ਉਸ ਨੂੰ ਬਹੁਤ ਵਾਰੀ ਕਿਹਾ ਹੈ ਕਿ ਉਹ ਉਸ ਦਾ ਨਾਂ ਲੈ ਕੇ ਬੁਲਾਇਆ ਕਰੇ, ਪਰ ਉਹ ਇਹ ਗੱਲ ਮੰਨਦੀ ਨਹੀਂ।

38. ”ਪਹਿਲੇ ਭੇਜ ਤਾ ਥਾਂ, ਅਬ ਬਰਫ਼ ਪੜ ਗਿਆ ਹੈ। ਸਭ ਰਸਤੇ ਬੰਦ। ਗਰਮੀਓਂ ਮੇਂ ਜਾਏਗਾ ਆਪਣੇ ਘਰ ਪੈਸਾ ਪੈਸਾ ਲੇ ਕਰ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਕਸ਼ਮੀਰੀਏ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਉਸ ਕੋਲ ਬਲਦੇ ਮੁੱਢ ਕੋਲ ਅੱਗ ਸੇਕਣ ਲਈ ਬੈਠਾ ਉਸ ਨਾਲ ਗੱਲਾਂ ਕਰਦਿਆਂ ਪੁੱਛਦਾ ਹੈ ਕਿ ਕੀ ਉਹ ਅੱਜ-ਕਲ੍ਹ ਆਪਣੇ ਘਰ ਪੈਸੇ ਭੇਜਦਾ ਹੈ।

ਵਿਆਖਿਆ : ਖ਼ਾਨ ਬੰਤੇ ਨੂੰ ਦੱਸਦਾ ਹੈ ਕਿ ਉਹ ਅੱਜ-ਕਲ੍ਹ ਘਰ ਪੈਸੇ ਨਹੀਂ ਭੇਜਦਾ, ਕਿਉਂਕਿ ਉਧਰ ਬਰਫ਼ ਪੈ ਗਈ ਹੈ ਤੇ ਰਸਤੇ ਬੰਦ ਹਨ। ਉਹ ਜਦੋਂ ਗਰਮੀਆਂ ਵਿਚ ਘਰ ਜਾਵੇਗਾ, ਉਦੋਂ ਘਰ ਪੈਸੇ ਲੈ ਕੇ ਜਾਵੇਗਾ।

39. ”ਦੇਸ਼ ਦਾ ਤਾਂ ਕੋਈ ਸੋਚਦਾ ਹੀ ਨਹੀਂ, ਹਰ ਕੋਈ ਕਹਿੰਦੇ, ਮੈਂ ਆਪਣਾ ਢਿੱਡ ਭਰ ਲਵਾਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗਰੀਨ ਐਵੇਨਿਊ ਨ ਉਸ ਜਾਣ ਲਈ ਬੈਠੇ ਪਿਓ-ਪੁੱਤਰ ਵਿਚੋਂ ਪਿਓ (ਚਾਚਾ) ਪੁੱਤਰ ਕਾਕੇ ਨੂੰ ਉਦੋਂ ਕਹਿੰਦਾ ਹੈ, ਜਦੋਂ ਉਹ ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ ਦੇ ਲਾਲਚ ਦੇ ਵਧ ਜਾਣ ਦੀ ਗੱਲ ਕਰਦਾ ਹੈ।

ਵਿਆਖਿਆ : ਪਿਓ (ਚਾਚਾ) ਪੁੱਤਰ (ਕਾਕੇ) ਨੂੰ ਕਹਿੰਦਾ ਹੈ, ਅੱਜ-ਕਲ੍ਹ ਦੇਸ਼ ਦਾ ਖ਼ਿਆਲ ਕਿਸੇ ਨੂੰ ਨਹੀਂ, ਸਗੋਂ ਹਰ ਕੋਈ ਵਿੰਗੇ-ਟੇਢੇ ਢੰਗ ਨਾਲ ਨਜਾਇਜ਼ ਪੈਸਾ ਹੜੱਪ ਕਰ ਕੇ ਆਪਣਾ ਢਿੱਡ ਭਰਨਾ ਚਾਹੁੰਦਾ ਹੈ।

40. ”ਮਹਿੰਗੇ ਕਿਉਂ ਨਹੀਂ, ਕਾਕਾ? ਜਿੱਥੇ ਦਸ ਲੱਗਣੇ ਸੀ, ਉੱਥੇ ਹੁਣ ਪੰਦਰਾਂ ਲੱਗਣਗੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗਰੀਨ ਐਵੇਨਿਊ ਜਾਣ ਲਈ ਬੈਠੇ ਪਿਓ-ਪੁੱਤਰ ਵਿਚੋਂ ਪਿਓ (ਚਾਚੇ) ਨੇ ਪੁੱਤਰ (ਕਾਕਾ) ਨੂੰ ਉਦੋਂ ਕਹੇ, ਜਦੋਂ ਉਨ੍ਹਾਂ ਵਿਚਕਾਰ ਆਪਣੀ ਕਾਰ ਮਿਲਣ ਦੀ ਵਾਰੀ ਆਉਣ ਦੀ ਗੱਲ ਚਲਦੀ ਹੈ ਤੇ ਪੁੱਤਰ (ਕਾਕਾ) ਪਿਓ ਦੀ ਪੈਟਰੋਲ ਮਹਿੰਗਾ ਹੋਣ ਦੀ ਗੱਲ ਨੂੰ ਬਹੁਤ ਮਹੱਤਵ ਨਹੀਂ ਦਿੰਦਾ।

ਵਿਆਖਿਆ : ਪਿਓ (ਚਾਚਾ) ਪੁੱਤਰ ਦੀ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਕਿ ਪੈਟਰੋਲ ਮਹਿੰਗਾ ਬੇਸ਼ਕ ਹੋ ਜਾਵੇ, ਪਰ ਮਿਲਦਾ ਰਹੇ। ਉਹ ਕਹਿੰਦਾ ਹੈ ਕਿ ਪੈਟਰੋਲ ਮਹਿੰਗਾ ਹੋਣਾ ਮਾੜੀ ਗੱਲ ਹੈ, ਕਿਉਂਕਿ ਇਸ ਨਾਲ ਜਿੱਥੇ ਪਹਿਲਾਂ ਦਸ ਖ਼ਰਚ ਹੁੰਦੇ ਸਨ, ਹੁਣ ਪੰਦਰਾਂ ਖ਼ਰਚ ਹੋਣਗੇ।

41. ”ਗ਼ਜ਼ਲ ਆਪਣੀ ਜਗ੍ਹਾ ਠੀਕ ਹੈ, ਪਰ ਸਾਨੂੰ ਸ਼ਾਇਰਾਂ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਬਾਰੇ ਵੀ ਲਿਖਣਾ ਚਾਹੀਦਾ ਹੈ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਕੰਪਨੀ ਬਾਗ਼ ਜਾਣ ਲਈ ਬੈਠੇ ਦੋ ਸ਼ਾਇਰਾਂ ਵਿਚੋਂ ਪਰਵੇਜ਼ ਨੇ ਅਸ਼ਕ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦਾ ਹੈ ਕਿ ਉਹ ਮਜ਼ਦੂਰਾਂ ਉੱਤੇ ਕਵਿਤਾ ਨਹੀਂ ਲਿਖਦਾ, ਸਗੋਂ ਗ਼ਜ਼ਲ ਹੀ ਲਿਖਦਾ ਹੈ।

ਵਿਆਖਿਆ : ਪਰਵੇਜ਼ ਨੇ ਅਸ਼ਕ ਨੂੰ ਕਿਹਾ ਕਿ ਗ਼ਜ਼ਲ ਲਿਖਣੀ ਆਪਣੇ ਥਾਂ ਠੀਕ ਹੈ, ਪਰ ਸ਼ਾਇਰਾਂ ਨੂੰ ਮਜ਼ਦੂਰਾਂ-ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਵੀ ਲਿਖਣਾ ਚਾਹੀਦਾ ਹੈ।

42. ”ਸਾਡੇ ਕੋਲ ਵਿਹਲ ਕਿੱਥੇ ਬਾਤਾਂ ਸੁਣਨ ਦੀ, ਛੋਟੇ ਹੁੰਦਿਆਂ ਸੁਣਦੇ ਸੀ, ਬੇਬੇ ਕੋਲੋਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੀ ਇਕ ਪੁਰਾਣੀ ਯਾਦ ਨਾਲ ਸੰਬੰਧਿਤ ਹਨ, ਜਦੋਂ ਇਕ ਬੰਦਾ ਉਸ ਦੇ ਰਿਕਸ਼ੇ ਵਿਚ ਬਹਿ ਕੇ ਉਸ ਨੂੰ ਪੁੱਛਣ ਲੱਗਾ ਸੀ ਕਿ ਉਹ ਕਹਾਣੀ ਸੁਣੇਗਾ, ਤਾਂ ਬੰਤੇ ਨੇ ਉੱਤਰ ਵਿਚ ਇਹ ਸ਼ਬਦ ਕਹੇ ਸਨ।

ਵਿਆਖਿਆ : ਬੰਤੇ ਨੇ ਕਿਹਾ ਸੀ ਕਿ ਉਸ ਕੋਲ ਬਾਤਾਂ ਸੁਣਨ ਦੀ ਵਿਹਲ ਹੀ ਨਹੀਂ। ਉਹ ਕਦੇ ਛੋਟਾ ਹੁੰਦਾ ਬੇਬੇ ਕੋਲੋਂ ਬਾਤਾਂ ਸੁਣਦਾ ਹੁੰਦਾ ਸੀ।

43. ”ਹੋ ਗਏ ਨਰਾਜ਼ ਫ਼ਿਕਰ ਨਾ ਕਰੋ, ਮਹਾਰਾਜ, ਮਿਸਿਜ਼ ਨਾਥ ਨੂੰ ਲਾਗੇ ਨਹੀਂ ਲੱਗਣ ਦਿਆਂਗੀ ਹੋਰ ਦੱਸੋ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਛਾਉਣੀ ਜਾਣ ਲਈ ਬੈਠੇ ਪਤੀ-ਪਤਨੀ ਵਿਚੋਂ ਪਤਨੀ (ਸੁਸ਼ਮਾ) ਨੇ ਆਪਣੇ ਪਤੀ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦਾ ਹੈ ਕਿ ਉਹ ਪਾਰਟੀ ਵਿਚ ਉਸ ਦੇ ਬਾਸ ਨਾਲ ਡਾਂਸ ਕਰੇ ਤੇ ਹੱਸੇ ਨਾ ਤੇ ਨਾ ਹੀ ਮਿਸਿਜ਼ ਨਾਥ ਨੂੰ ਉਸ ਨਾਲ ਡਾਂਸ ਕਰਨ ਦਾ ਮੌਕਾ ਦੇਵੇ, ਨਹੀਂ ਤਾਂ ਜੇਕਰ ਉਹ ਉਸ ਨਾਲ ਖ਼ੁਸ਼ ਹੋ ਗਿਆ, ਤਾਂ ਉਹ ਕਿਸੇ ਪਾਸੇ ਜੋਗਾ ਨਹੀਂ ਰਹੇਗਾ।

ਵਿਆਖਿਆ : ਪਤਨੀ (ਸੁਸ਼ਮਾ) ਪਤੀ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਨਰਾਜ਼ ਨਾ ਹੋਵੇ। ਉਹ ਰਤਾ ਵੀ ਫ਼ਿਕਰ ਨਾ ਕਰੇ। ਉਹ ਮਿਸਿਜ਼ ਨਾਥ ਨੂੰ ਉਸ ਦੇ ਬਾਸ ਦੇ ਨੇੜੇ ਨਹੀਂ ਆਉਣ ਦੇਵੇਗੀ ਤੇ ਆਪ ਹੀ ਉਸ ਨਾਲ ਪੂਰੀ ਦਿਲਚਸਪੀ ਜ਼ਾਹਰ ਕਰਦੀ ਹੋਈ ਡਾਂਸ ਕਰਦੀ ਰਹੇਗੀ।

44. ”ਜਾਏਗੇ ਤੋਂ ਸਹੀ, ਪਰ ਅਭੀ ਨਹੀਂ, ਬਹੁਤ ਦੇਰ ਬਾਅਦ, ਸਾਹਿਬ ਦੀ ਗਾੜੀ, ਛੋੜ ਆਏਗੀ ਉਨੂੰ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਵਰਦੀ ਵਾਲੇ ਆਦਮੀ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਸੁਸ਼ਮਾ ਤੇ ਉਸ ਦੇ ਪਤੀ ਨੂੰ ਛਾਉਣੀ ਵਿਖੇ ਅਫ਼ਸਰ ਦੀ ਕੋਠੀ ਉੱਤੇ ਛੱਡਣ ਮਗਰੋਂ ਬਾਹਰ ਖੜੇ ਉਸ (ਵਰਦੀ ਵਾਲੇ) ਤੋਂ ਪੁੱਛਦਾ ਹੈ ਕਿ ਉਹ ਜਿਨ੍ਹਾਂ ਨੂੰ ਲਿਆਇਆ ਹੈ, ਉਹ ਵਾਪਸ ਕਦੋਂ ਜਾਣਗੇ।

ਵਿਆਖਿਆ : ਵਰਦੀ ਵਾਲਾ ਬੰਤੇ ਨੂੰ ਕਹਿੰਦਾ ਹੈ ਕਿ ਉਹ ਵਾਪਸ ਨਾ ਜਾਣਗੇ, ਪਰੰਤੂ ਅਜੇ ਨਹੀਂ। ਉਨ੍ਹਾਂ ਨੂੰ ਕਾਫ਼ੀ ਦੇਰ ਲੱਗ ਜਾਵੇਗੀ। ਉਹ ਉਨ੍ਹਾਂ ਨੂੰ ਨਾ ਉਡੀਕੇ। ਉਨ੍ਹਾਂ ਨੂੰ ਸਾਹਿਬ ਦੀ ਗੱਡੀ ਘਰ ਛੱਡ ਆਵੇਗੀ।

45. ”ਹੁੰਦੇ ਐ, ਤੂੰ ਝੂਠ ਆਹਨੈ, ਬੀਬੀ ਮੈਨੂੰ ਕਹਿੰਦੀ ਹੁੰਦੀ ਐ ਰਾਜਾ ਬੇਟਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਰਿਕਸ਼ਾ ਵਾਹ ਕੇ ਰਾਤ ਨੂੰ ਘਰ ਪੁੱਜੇ ਬੰਤੇ ਨੂੰ ਉਸ ਦਾ ਪੁੱਤਰ ਫੁੰਮਣ ਉਦੋਂ ਕਹਿੰਦਾ ਹੈ, ਜਦੋਂ ਉਹ ਉਸ (ਬੰਤੇ) ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਰਾਜੇ ਦੇ ਬੇਟੇ ਦੀ ਬਾਤ ਸੁਣਾਵੇ, ਪਰ ਬੰਤਾ ਉਸ ਨੂੰ ਮਗਰੋਂ ਲਾਹੁਣ ਲਈ ਕਹਿੰਦਾ ਹੈ ਕਿ ਅੱਜ-ਕਲ੍ਹ ਰਾਜੇ ਦੇ ਬੇਟੇ ਨਹੀਂ ਹੁੰਦੇ।

ਵਿਆਖਿਆ : ਫੁੰਮਣ ਆਪਣੇ ਬਾਪ ਬੰਤੇ ਦੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਕਿ ਅੱਜ-ਕਲ੍ਹ ਰਾਜੇ ਦੇ ਬੇਟੇ ਨਹੀਂ ਹੁੰਦੇ। ਉਹ ਆਪਣੇ ਬਾਪ ਦੀ ਗੱਲ ਨੂੰ ਇਸ ਕਰਕੇ ਝੂਠ ਮੰਨਦਾ ਹੈ, ਕਿਉਂਕਿ ਉਸ ਦੀ ਮਾਂ ਉਸ ਨੂੰ ਕਦੇ-ਕਦੇ ‘ਰਾਜਾ ਬੇਟਾ’ ਕਹਿੰਦੀ ਹੈ।

46. ”ਬੱਸ ਗੱਲ ਈ ਐਸੀ-ਵੈਸੀ ਹੋ ਗਈ। ਉਂਞ ਉਹਨੇ ਸਾਡਾ ਹੱਕ ਨਹੀਂ ਰੱਖਿਆ। ਖ਼ੁਸ਼ ਕਰ ਦਿੱਤਾ ਇਸ ਵਾਰ ਤਾਂ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਤਾਰੋ ਨੂੰ ਉਦੋਂ ਕਹੇ, ਜਦੋਂ ਉਹ ਸਾਰਾ ਦਿਨ ਰਿਕਸ਼ਾ ਚਲਾਉਣ ਪਿੱਛੋਂ ਰਾਤੀ ਘਰ ਆ ਕੇ ਰੋਟੀ ਖਾਂਦਿਆਂ ਤਾਰੋ ਨੂੰ ਸਾਰੇ ਦਿਨ ਦੀ ਕਮਾਈ ਗਿਣਨ ਲਈ ਦਿੰਦਾ ਹੈ ਤੇ ਉਸ ਦੇ ਇਹ ਕਹਿਣ ਉੱਤੇ ਕਿ ਉਸ ਨੇ ਇਕ ਸਵਾਰੀ ਵਲ ਪੈਸੇ ਛੱਡ ਦਿੱਤੇ।

ਵਿਆਖਿਆ : ਬੰਤੇ ਨੇ ਕਿਹਾ ਕਿ ਉਸ ਸਵਾਰੀ ਨਾਲ ਗੱਲ ਹੀ ਅਜਿਹੀ ਹੋ ਗਈ ਕਿ ਉਹ ਉਸ ਤੋਂ ਪੈਸੇ ਨਾ ਲੈ ਸਕਿਆ। ਉਂਞ ਉਸ ਨੇ ਉਸ ਦਾ ਹੱਕ ਨਹੀਂ ਰੱਖਿਆ। ਉਸ ਨੇ ਉਸ ਨੂੰ ਵਧੀਆ ਸ਼ਰਾਬ ਪਿਲਾ ਕੇ ਖ਼ੁਸ਼ ਕਰ ਦਿੱਤਾ।

47. ”ਨਹੀਂ, ਇਹ ਗੱਲ ਨਹੀਂ—ਅੱਜ ਤੋਂ ਕਈਆਂ ਵਰ੍ਹਿਆਂ ਪਿੱਛੋਂ ਕੀ ਇਹ ਨਹੀਂ ਹੋ ਸਕਦਾ ਕਿ ਸਭ ਲੋਕ ਕਾਰਾਂ ਵਿਚ ਈ ਜਾਇਆ ਕਰਨ, ਰਿਕਸ਼ਾ ਹੋਵੇ ਈ ਨਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਤਾਰੋ ਨੂੰ ਉਦੋਂ ਕਹੇ, ਜਦੋਂ ਤਾਰੋ ਨੇ ਉਸ ਨੂੰ ਪੁੱਛਿਆ ਕਿ ਜੇਕਰ ਅਜਿਹਾ ਹੋ ਜਾਵੇ ਕਿ ਸਭ ਲੋਕਾਂ ਕੋਲ ਕਾਰਾਂ ਹੋਣ, ਤਾਂ ਉਸ ਦੇ ਰਿਕਸ਼ੇ ਵਿਚ ਬੈਠਿਆ ਕੌਣ ਕਰੇਗਾ।

ਵਿਆਖਿਆ : ਬੰਤੇ ਨੇ ਕਿਹਾ ਕਿ ਉਸ ਨੇ ਉਸ ਦੀ ਗੱਲ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ। ਉਹ ਤਾਂ ਇਹ ਸੋਚਦਾ ਹੈ ਕਿ ਅੱਜ ਤੋਂ ਕਈ ਸਾਲ ਮਗਰੋਂ ਕੀ ਇਹ ਹੋ ਸਕਦਾ ਹੈ ਕਿ ਰਿਕਸ਼ਾ ਹੋਵੇ ਹੀ ਨਾ ਤੇ ਸਾਰੇ ਲੋਕ ਕਾਰਾਂ ਵਿਚ ਹੀ ਆਇਆ-ਜਾਇਆ ਕਰਨ।

48. ”ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਐਨੀਆਂ, ਪਰ ਇਹ ਰਿਕਸ਼ਾ ਤਾਂ ਮੁੱਕ ਜਾਏ ਇਕ ਵਾਰੀ। ‘ਕੱਲਾ ਬੰਦਾ ਦੋ ਜਣਿਆਂ ਨੂੰ ਖਿੱਚਦਾ ਹੈ, ਤਾਂ ਜਾਨ ਬਾਹਰ ਆਉਣ ਨੂੰ ਕਰਦੀ ਹੈ?”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਦਿਨ ਭਰ ਰਿਕਸ਼ਾ ਚਲਾਉਣ ਮਗਰੋਂ ਰਾਤੀਂ ਘਰ ਪਰਤੇ ਬੰਤੇ ਨੇ ਤਾਰੋ ਨੂੰ ਆਪਣੇ ਵਿਚਾਰਾਂ ਦਾ ਭਾਵ ਸਮਝਾਉਂਦਿਆਂ ਕਹੇ।

ਵਿਆਖਿਆ : ਬੰਤਾ ਕਹਿੰਦਾ ਹੈ ਕਿ ਉਹ ਇਹ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਕੋਲ ਕਾਰਾਂ ਭਾਵੇਂ ਨਾ ਹੋਣ, ਪਰ ਰਿਕਸ਼ੇ ਦਾ ਕੰਮ ਬੰਦ ਹੋ ਜਾਣਾ ਚਾਹੀਦਾ ਹੈ। ਇਸ ਵਿਚ ਇਕ ਬੰਦਾ ਜਦੋਂ ਦੋ-ਦੋ ਜਣਿਆਂ ਨੂੰ ਖਿੱਚਦਾ ਹੈ, ਤਾਂ ਇੰਨਾ ਜ਼ੋਰ ਲਗਦਾ ਹੈ ਕਿ ਉਸ ਦੀ ਜਾਨ ਬਾਹਰ ਆਉਣ ਨੂੰ ਕਰਦੀ ਹੈ।

49. ‘‘ਮੱਤ ਤਾਂ ਨਹੀਂ ਮਾਰੀ ਗਈ ਤੇਰੀ। ਪਤਾ ਈ ਕੀ ਭਾ ਐ ਦੇਸੀ ਘਿਓ? ਤੂੰ ਲਵਾ ਲੈ ਟੀਕੇ, ਜਿਹੜੇ ਡਾਕਟਰਨੀ ਆਂਹਦੀ ਹੈ। ਵਿਗੜ ਈ ਨਾ ਜਾਏ ਤੇਰੀ ਤਕਲੀਫ਼।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਤਾਰੋ ਨੂੰ ਉਦੋਂ ਕਹੇ, ਜਦੋਂ ਉਹ ਦਿਨ ਭਰ ਰਿਕਸ਼ਾ ਚਲਾ ਕੇ ਰਾਤ ਨੂੰ ਘਰ ਪਹੁੰਚਦਾ ‘ਤੇ ਰੋਟੀ ਆਦਿ ਖਾਣ ਮਗਰੋਂ ਗੱਲਾਂ ਕਰਦਿਆਂ ਤੇ ਉਸ ਦੀਆਂ ਸੁੱਕੀਆਂ ਲੱਤਾਂ ਘੁੱਟਦਿਆਂ ਤਾਰੋ ਉਸ ਨੂੰ ਆਪਣੀ ਅੱਜ ਦੀ ਕਮਾਈ ਵਿਚੋਂ ਪਾ-ਡੇਢ-ਪਾ ਦੇਸੀ ਘਿਓ ਲਿਆ ਕੇ ਖਾਣ ਲਈ ਕਹਿੰਦੀ ਹੈ।

ਵਿਆਖਿਆ : ਬੰਤਾ ਕਹਿੰਦਾ ਹੈ ਕਿ ਕੀ ਉਸ ਦੀ ਅਕਲ ਟਿਕਾਣੇ ਨਹੀਂ, ਜਿਹੜਾ ਦੇਸੀ ਘਿਓ ਲਿਆਉਣ ਦੀ ਗੱਲ ਕਰ ਰਹੀ ਹੈ, ਕੀ ਉਸ ਨੂੰ ਪਤਾ ਨਹੀਂ ਦੇਸੀ ਘਿਓ ਕਿੰਨਾ ਮਹਿੰਗਾ ਹੈ। ਇਸ ਦੀ ਥਾਂ ਉਸ ਨੂੰ ਡਾਕਟਰਨੀ ਦੇ ਦੱਸੇ ਟੀਕੇ ਲੁਆਉਣੇ ਚਾਹੀਦੇ ਹਨ, ਕਿਉਂਕਿ ਉਸ ਨੂੰ ਉਸ ਦੀ ਸਿਹਤ ਦੇ ਵਿਗੜ ਜਾਣ ਦਾ ਫ਼ਿਕਰ ਹੈ।

50. ”ਕੀ ਹੋਇਆ ਫੇਰ, ਮੇਰੇ ਹੱਥ ਤਾਂ ਨਹੀਂ ਘਸ ਚੱਲੇ-ਮਾਸਟਰਨੀ ਵੀ ਪੜ੍ਹਾ ਲੈਂਦੀ ਐ ਟੂਸ਼ਨਾਂ। ਸਭੇ ਕੰਮ ਕਰਦੇ ਐ ਐਸ ਜ਼ਮਾਨੇ ਵਿਚ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਬੰਤਾ ਦਿਨ ਭਰ ਰਿਕਸ਼ਾ ਚਲਾ ਕੇ ਰਾਤ ਨੂੰ ਘਰ ਪਹੁੰਚਦਾ ਹੈ ਤੇ ਰੋਟੀ ਆਦਿ ਖਾਣ ਪਿੱਛੋਂ ਉਸ ਤੋਂ ਲੱਤਾਂ ਘੁਟਾਉਂਦਿਆਂ ਉਸ ਦੀ ਸਿਹਤ ਦਾ ਫ਼ਿਕਰ ਕਰਦਿਆਂ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਉਸ ਦਾ ਮਾਸਟਰ ਦੇ ਘਰ ਜਾ ਕੇ ਭਾਂਡੇ ਮਾਂਜਣ ਦਾ ਕੰਮ ਕਰਨਾ ਚੰਗਾ ਨੀਂ ਲੱਗਾ।

ਵਿਆਖਿਆ : ਤਾਰੋ ਬੰਤੇ ਨੂੰ ਕਹਿੰਦੀ ਹੈ ਕਿ ਉਸ ਦਾ ਮਾਸਟਰ ਦੇ ਘਰ ਜਾ ਕੇ ਭਾਂਡੇ ਮਾਂਜਣ ਦਾ ਕੰਮ ਕਰਨਾ ਕੋਈ ਬੁਰਾ ਨਹੀਂ। ਇਸ ਨਾਲ ਉਸ ਦੇ ਹੱਥ ਨਹੀਂ ਘਸਦੇ। ਮਾਸਟਰਨੀ ਵੀ ਤਾਂ ਟਿਊਸ਼ਨਾਂ ਪੜ੍ਹਾ ਕੇ ਘਰ ਦੀ ਆਮਦਨ ਵਿਚ ਵਾਧਾ ਕਰਦੀ ਹੈ। ਅੱਜ-ਕਲ੍ਹ ਘਰ ਦੇ ਸਾਰੇ ਜੀ ਕੰਮ ਕਰਦੇ ਹੋਣ, ਤਾਂ ਹੀ ਗੁਜ਼ਾਰਾ ਚਲਦਾ ਹੈ।

51. ”ਦੇ ਦਊਂ ਮੈਂ ਪੰਝੀ ਰੁਪਏ, ਲੈਕ ਬਣਾਉਣਾ ਐ ਮੈਂ ਆਪਣੇ ਪੁੱਤਰ ਨੂੰ, ਰੋਜ਼ ਦਾ ਇਕ ਰੁਪਇਆ ਦੇ ਆਇਆ ਕਰੂੰ ਸ਼ਾਮ ਨੂੰ, ਹੋਰ ਦੱਸ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਤਾਰੋ ਨੂੰ ਉਦੋਂ ਕਹੇ, ਜਦੋਂ ਬੰਤਾ ਚਾਹੁੰਦਾ ਹੈ ਕਿ ਮਾਸਟਰਾਣੀ ਫੁੰਮਣ ਨੂੰ ਵੀ ਟਿਊਸ਼ਨ ਪੜ੍ਹਾ ਦਿਆ ਕਰੇ ਤੇ ਤਾਰੋ ਅੱਗੋਂ ਦੱਸਦੀ ਹੈ ਕਿ ਉਹ ਪੰਝੀ ਰੁਪਏ ਲੈ ਲੈਂਦੀ ਹੈ, ਜੋ ਉਨ੍ਹਾਂ ਦੀ ਹਿੰਮਤ ਤੋਂ ਬਾਹਰ ਹਨ।

ਵਿਆਖਿਆ : ਬੰਤਾ ਤਾਰੋ ਨੂੰ ਕਹਿੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ ਪੜ੍ਹਾ-ਲਿਖਾ ਕੇ ਲਾਇਕ ਬਣਾਉਣਾ ਚਾਹੁੰਦਾ ਹੈ। ਇਸ ਲਈ ਉਹ ਟਿਊਸ਼ਨ ਦੇ ਪੰਝੀ ਰੁਪਏ ਮਹੀਨਾ ਵੀ ਦੇ ਦਿਆ ਕਰੇਗਾ। ਇੱਥੋਂ ਤਕ ਕਿ ਉਹ ਹਰ ਰੋਜ਼ ਇਕ ਰੁਪਇਆ ਸ਼ਾਮ ਨੂੰ ਉਸ ਦੇ ਘਰ ਦੇ ਆਇਆ ਕਰੇਗਾ। ਇਸ ਕਰਕੇ ਉਹ ਇਸ ਖ਼ਰਚ ਦਾ ਫਿਕਰ ਨਾ ਕਰੇ।

52. ”ਕਿਉਂ, ਆਪਾਂ ਨਹੀਂ ਕੁੱਝ ਲੈ ਸਕਦੇ? ਆਪਾਂ ਕੀਹਦੇ ਕੋਲੋਂ ਘੱਟ ਆਂ, ਕੀ ਨਹੀਂ ਸਾਡੇ ਕੋਲ, ਹੱਥ ਨਹੀਂ ਕਿ ਪੈਰ ਨਹੀਂ? ਆਪਣਾ ਵੀ ਉੱਨਾ ਈ ਐ ਨਵਾਂ ਸਾਲ, ਜਿੰਨਾ ਕਿਸੇ ਹੋਰ ਦਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਤਾਰੋ ਨੂੰ ਨਾਵਲ ਦੇ ਅੰਤ ਵਿਚ ਉਦੋਂ ਕਹੇ, ਜਦੋਂ ਉਹ ਸੌਣ ਲੱਗਿਆਂ ਤਾਰੋ ਨੂੰ ਕਹਿੰਦਾ ਹੈ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ, ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ, ਉਹ ਉਸ ਨਾਲ ਕੋਈ ਗੱਲ ਕਰੇ, ਪਰ ਤਾਰੋ ਕਹਿੰਦੀ ਹੈ ਕਿ ਉਨ੍ਹਾਂ ਨਵੇਂ ਸਾਲ ਤੋਂ ਕੀ ਲੈਣਾ ਹੈ।

ਵਿਆਖਿਆ : ਬੰਤਾ ਤਾਰੋ ਨੂੰ ਕਹਿੰਦਾ ਹੈ ਕਿ ਉਸ ਦਾ ਇਹ ਕਹਿਣਾ ਠੀਕ ਨਹੀਂ ਕਿ ਉਨ੍ਹਾਂ ਨਵੇਂ ਸਾਲ ਤੋਂ ਕੀ ਲੈਣਾ ਹੈ। ਉਹ ਕਿਸੇ ਨਾਲੋਂ ਘੱਟ ਨਹੀਂ। ਉਨ੍ਹਾਂ ਦੇ ਹੱਥ ਵੀ ਹਨ ਤੇ ਪੈਰ ਵੀ। ਉਨ੍ਹਾਂ ਦਾ ਵੀ ਨਵੇਂ ਸਾਲ ਨਾਲ ਓਨਾ ਹੀ ਸੰਬੰਧ ਹੈ, ਜਿੰਨਾ ਕਿਸੇ ਹੋਰ ਦਾ।


ਪ੍ਰਸੰਗ ਸਹਿਤ ਵਿਆਖਿਆ