CBSEEducationNCERT class 10thPunjab School Education Board(PSEB)

ਇਕ ਹੋਰ ਨਵਾਂ ਸਾਲ : ਪ੍ਰਸੰਗ ਦੱਸ ਕੇ ਵਿਆਖਿਆ


ਇਕ ਹੋਰ ਨਵਾਂ ਸਾਲ : ਪ੍ਰਸੰਗ ਸਹਿਤ ਵਿਆਖਿਆ


1. ”ਭਲੀਏ ਲੋਕੇ, ਜਿਹੜੀ ਚਾਹ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਐ, ਉਹ ਹੁੰਦੀ ਐ ਬੈੱਡ ਟੀ । ਚਲ ਉੱਠ ਪਿਆ ਦੇ ਅੱਜ ਸਾਨੂੰ ਵੀ ਬੈੱਡ ਟੀ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਆਪਣੀ ਪਤਨੀ ਤਾਰੋ ਨੂੰ ਸਵੇਰੇ ਅੱਖਾਂ ਖੁੱਲ੍ਹਣ ਪਿੱਛੋਂ ਮੰਜੇ ਉੱਤੇ ਬੈਠੇ ਨੇ ਉਦੋਂ ਕਹੇ, ਜਦੋਂ ਉਹ ਉਸ ਨੂੰ ਕਹਿੰਦਾ ਹੈ ਕਿ ਉਸ ਨੇ ਬੈੱਡ-ਟੀ ਪੀਣੀ ਹੈ ਤੇ ਉਹ ਉਸ ਨੂੰ ਪੁੱਛਦੀ ਹੈ ਕਿ ਬੈੱਡ-ਟੀ ਕੀ ਹੁੰਦੀ ਹੈ।

ਵਿਆਖਿਆ : ਬੰਤੇ ਨੇ ਤਾਰੋ ਨੂੰ ਦੱਸਿਆ ਕਿ ਬੈੱਡ-ਟੀ ਉਹ ਹੁੰਦੀ ਹੈ, ਜਿਹੜੀ ਵੱਡੇ ਲੋਕ ਸਵੇਰੇ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਹਨ ਤੇ ਅੱਜ ਉਹ ਵੀ ਉਸ ਨੂੰ ਬੈੱਡ ਟੀ ਪਿਲਾਵੇ। ਅਸਲ ਵਿਚ ਬੰਤਾ ਨਵੇਂ ਸਾਲ ਦਾ ਪਹਿਲਾ ਦਿਨ ਚੜ੍ਹਨ ਦੀ ਖ਼ੁਸ਼ੀ ਵਿਚ ਬੈੱਡ-ਟੀ ਪੀਣ ਦੀ ਗੱਲ ਕਰਦਾ ਹੈ।

2. ‘‘ਬੱਸ ਬੰਤਿਆ, ਏਨੀ ਈ? ਇਹ ਤਾਂ ਕੋਈ ਗੱਲ ਨਾ ਹੋਈ । ਬੀ.ਏ. ਪਾਸ ਕਰ ਕੇ ਵੀ ਏਨੀ ਥੋੜ੍ਹੀ ਤਨਖ਼ਾਹ ? ਤਾਂ ਤੇ ਫੇਰ ਤੂੰ ਈ ਚੰਗੈ ਪੰਜਵੀਂ ਫੇਲ੍ਹ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਉਦੋਂ ਆਪਣੇ ਆਪ ਨੂੰ ਕਹੇ, ਜਦੋਂ ਉਸ ਦੇ ਰਿਕਸ਼ੇ ਵਿਚ ਬੈਠਾ ਬੀ.ਏ. ਪਾਸ ਨੌਜਵਾਨ ਉਸ ਨੂੰ ਦੋ ਢਾਈ ਸੌ ਦੀ ਨੌਕਰੀ ਪਿੱਛੇ ਦੋ ਤਿੰਨ ਵਾਰੀ ਚੰਡੀਗੜ੍ਹ ਜਾਣ ਦੀ ਗੱਲ ਦੱਸਦਾ ਹੈ।

ਵਿਆਖਿਆ : ਬੰਤੇ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਬੀ.ਏ. ਪਾਸ ਨੂੰ ਸਿਰਫ਼ ਦੋ ਢਾਈ ਸੌ ਦੀ ਨੌਕਰੀ ਹੀ ਮਿਲਣ ਦੀ ਆਸ ਹੈ। ਉਹ ਸੋਚਦਾ ਹੈ ਕਿ ਫਿਰ ਇਹੋ ਜਿਹੇ ਬੀ.ਏ. ਪਾਸ ਨਾਲੋਂ ਤਾਂ ਉਹ ਪੰਜਵੀਂ ਫੇਲ੍ਹ ਹੀ ਚੰਗਾ ਹੈ, ਜੋ ਰਿਕਸ਼ਾ ਚਲਾ ਕੇ ਗੁਜ਼ਾਰੇ ਜੋਗੇ ਪੈਸੇ ਕਮਾ ਲੈਂਦਾ ਹੈ।

3. ”ਕਿੱਥੇ ਰਾਜਾ ਭੋਜ, ਕਿੱਥੇ ਗੰਗੂ ਤੇਲੀ ……..ਅਸੀਂ ਤਾਂ ਉਨ੍ਹਾਂ ਦੇ ਪਾਸਕੂ ਵੀ ਨਹੀਂ ਮਿੰਦਰ ਦੀ ਝਾਈ…….।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਉੱਤੇ ਸਵਾਰ ਪਤੀ ਆਪਣੀ ਪਤਨੀ ਨੂੰ ਉਦੋਂ ਕਹਿੰਦਾ ਹੈ, ਜਦੋਂ ਉਹ ਕਹਿੰਦੀ ਹੈ ਕਿ ਅਮਰੀਕਾ ਦੇ ਮੁਕਾਬਲੇ ਸਾਡਾ ਦੇਸ਼ ਵੀ ਕੋਈ ਘੱਟ ਅਮੀਰ ਨਹੀਂ।

ਵਿਆਖਿਆ : ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਾਡਾ ਦੇਸ਼ ਅਮਰੀਕਾ ਦੀ ਅਮੀਰੀ ਦੇ ਮੁਕਾਬਲੇ ਬਹੁਤ ਥੱਲੇ ਹੈ। ਅਸੀਂ ਉਨ੍ਹਾਂ ਦੀ ਜ਼ਰਾ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ। ਅਸੀਂ ਤਾਂ ਬਹੁਤ ਹੇਠਲੇ ਦਰਜੇ ਦੇ ਗ਼ਰੀਬ ਹਾਂ।

4. ” “ਫ਼ਿਕਰ ਨਾ ਕਰ ਲਾਲੀ ਸ਼ਾਹ, ਮੈਂ ਮਦਹੋਸ਼ ਜ਼ਰੂਰ ਆਂ, ਪਰ ਬੇਹੋਸ਼ ਨਹੀਂ.. ਅੱਛਾ… ਗੁੱਡ ਨਾਈਟ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਇਕ ਰਾਤ ਪਹਿਲਾਂ ਕਲੱਬ ਵਿਚੋਂ ਸ਼ਰਾਬੀ ਹਾਲਤ ਵਿਚ ਬੈਠੇ ਦੋ ਸਵਾਰਾਂ ਵਿਚੋਂ ਇਕ ਜਣਾ ਆਪਣੇ ਦੂਜੇ ਸਾਥੀ ਲਾਲੀ ਨੂੰ ਉਦੋਂ ਕਹਿੰਦਾ ਹੈ, ਜਦੋਂ ਉਹ (ਲਾਲੀ) ਉਤਰਦੇ ਸਮੇਂ ਬੰਤੇ ਨੂੰ ਸਾਰਾ ਕਿਰਾਇਆ ਦੇਣ ਪਿੱਛੋਂ ਇਹ ਕਹਿੰਦਾ ਹੈ ਕਿ ਉਹ ਅੱਗੇ ਜਦੋਂ ਖੰਬੇ ਸਾਹਮਣੇ ਲਾਲੀ ਨੂੰ ਉਤਾਰੇਗਾ, ਤਾਂ ਉਹ ਉਸ ਤੋਂ ਹੋਰ ਕਿਰਾਇਆ ਨਾ ਮੰਗੇ। ਇਨ੍ਹਾਂ ਸਵਾਰੀਆਂ ਤੋਂ ਹੀ ਬੰਤੇ ਨੂੰ ਪਤਾ ਲੱਗਾ ਸੀ ਕਿ ਅੱਜ ਨਵਾਂ
ਸਾਲ ਚੜ੍ਹਨਾ ਹੈ।

ਵਿਆਖਿਆ : ਲਾਲੀ ਦਾ ਸਾਥੀ ਉਸ (ਲਾਲੀ) ਨੂੰ ਕਹਿੰਦਾ ਹੈ ਕਿ ਬੇਸ਼ਕ ਉਸ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਮਦਹੋਸ਼ ਹੈ, ਪਰ ਉਹ ਬੇਹੋਸ਼ ਨਹੀਂ। ਉਸ ਨੂੰ ਇਹ ਵੀ ਪਤਾ ਹੈ ਕਿ ਉਸ ਨੇ ਕਿੱਥੇ ਉਤਰਨਾ ਹੈ ਤੇ ਇਹ ਵੀ ਪਤਾ ਹੈ ਕਿ ਉਸ ਨੇ ਬੰਤੇ ਨੂੰ ਕਿਰਾਇਆ ਦੇ ਦਿੱਤਾ ਹੈ।

5. ” ਪਰ ਗੱਲ ਸੁਣ ਬੰਤਿਆ, ਦੱਸ ਤਾਂ ਸਈ, ਭਲਾ ਜੇ ਉਹ ਪੁੱਛੇ ਤਾਂ ਤੂੰ ਕਿਹੜੀ ਜੂਨ ਮੰਗੇਂਗਾ। ਮੈਂ ਉਹ ਨੂੰ ਕਵਾਂ, ਕਿਸੇ ਵੀ ਜੂਨ ਵਿਚ ਪਾ ਦੇਹ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ……ਆਪਾਂ ਬੰਦੇ ਦੀ ਜੂਨ ਭੋਗੀ ਹੋਈ ਹੈ…….।

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਆਪਣੇ ਆਪ ਨੂੰ ਉਦੋਂ ਕਹੇ, ਜਦੋਂ ਉਹ ਇਕ ਚਾਹ ਵੇਚਣ ਵਾਲੇ ਤੋਂ ਚਾਹ ਪੀਂਦਾ ਹੋਇਆ ਚੁਰਾਸੀ ਲੱਖ ਜੂਨਾਂ ਪਿੱਛੋਂ ਆਪਣੇ ਬੰਦੇ ਦੀ ਜੂਨ ਵਿਚ ਪੈਣ ਬਾਰੇ ਸੋਚਦਾ ਹੈ।

ਵਿਆਖਿਆ : ਬੰਤਾ ਸੋਚਦਾ ਹੈ ਕਿ ਜੇਕਰ ਰੱਬ ਉਸ ਨੂੰ ਪੁੱਛ ਲਵੇ ਕਿ ਉਸ ਨੇ ਕਿਹੜੀ ਜੂਨ ਵਿਚ ਪੈਣਾ ਹੈ, ਤਾਂ ਉਹ ਉਸ ਨੂੰ ਕਹੇਗਾ ਕਿ ਉਹ ਉਸ ਨੂੰ ਜਿਹੜੀ ਮਰਜੀ ਜੂਨ ਵਿਚ ਪਾ ਦੇਵੇ. ਇਸ ਨਾਲ ਉਸ ਨੂੰ ਫ਼ਰਕ ਨਹੀਂ ਪੈਂਦਾ, ਕਿਉਂਕਿ ਉਸ ਨੇ ਬੰਦੇ ਦੀ ਜੂਨ ਤਾਂ ਭੋਗ ਕੇ ਦੇਖ ਹੀ ਲਈ ਹੈ ਤੇ ਉਸ ਬਾਰੇ ਉਸ ਨੂੰ ਪਤਾ ਹੀ ਹੈ ਕਿ ਉਹ ਕਿੰਨੀ ਕੁ ਸੁਖਦਾਇਕ ਹੈ।

6. ”ਕੀ ਹੋਇਆ ਫੇਰ? ਅਸੀਂ ਕੋਈ ਧਨ-ਦੌਲਤ ਨਾਲ ਤਾਂ ਨਹੀਂ ਲੈ ਜਾਣਾ ਮਰਨ ਲੱਗਿਆ, ਸਭ ਕੁੱਝ ਏਥੇ ਹੀ ਰਹਿ ਜਾਣਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਰਾਮ ਦਾਸ ਸਰਾਂ ਕੋਲੋਂ ਰਾਮਾਨੰਦ ਦੇ ਬਾਗ਼ ਜਾਣ ਲਈ ਇਕ ਬੱਚੇ ਸਮੇਤ ਬੈਠੇ ਪਤੀ-ਪਤਨੀ ਵਿਚੋਂ ਪਤੀ ਨੇ ਉਸ (ਬੰਤੇ) ਨੂੰ ਉਦੋਂ ਕਹੇ, ਜਦੋਂ ਉਸ (ਬੰਤੇ) ਦੁਆਰਾ ਪੰਝੱਤਰ ਪੈਸੇ ਕਿਰਾਇਆ ਮੰਗਣ ‘ਤੇ ਉਹ ਉਸ ਨੂੰ ਇਕ ਰੁਪਇਆ ਦੇਣ ਦੀ ਗੱਲ ਕਰਦੇ ਹਨ, ਪਰੰਤੂ ਉਹ (ਬੰਤਾ) ਕਹਿੰਦਾ ਹੈ ਕਿ ਉਸ ਦਾ ਹੱਕ ਕੇਵਲ ਪੰਝੱਤਰ ਪੈਸੇ ਬਣਦਾ ਹੈ। ਕਹਿੰਦਾ ਹੈ ਕਿ ਉਸ ਦਾ ਹੱਕ ਕੇਵਲ ਪੰਝੱਤਰ ਪੈਸੇ ਬਣਦਾ ਹੈ।

ਵਿਆਖਿਆ : ਬੰਤੇ ਦੀ ਗੱਲ ਸੁਣ ਕੇ ਪਤੀ ਕਹਿੰਦਾ ਹੈ ਜੇਕਰ ਉਹ ਉਸ ਨੂੰ ਪੰਝੱਤਰ ਪੈਸਿਆਂ ਦੀ ਥਾਂ ਇਕ ਰੁਪਇਆ ਦਿੰਦੇ ਹਨ, ਤਾਂ ਕੋਈ ਖ਼ਾਸ ਗੱਲ ਨਹੀਂ। ਉਨ੍ਹਾਂ ਕੋਲ ਜੇਕਰ ਧਨ-ਦੌਲਤ ਬਹੁਤੀ ਹੈ, ਤਾਂ ਉਨ੍ਹਾਂ ਮਰਨ ਲੱਗਿਆਂ ਕੋਈ ਨਾਲ ਨਹੀਂ ਲੈ ਜਾਣੀ। ਉਸ ਸਮੇਂ ਵੀ ਤਾਂ ਸਭ ਕੁੱਝ ਇੱਥੇ ਹੀ ਰਹਿ ਜਾਣਾ ਹੈ।

7. ”ਆਪਾਂ ਵੀ ਆਪਣੀਆਂ ਦੋਹਾਂ ਕਾਕੀਆਂ ਨੂੰ ਓਨਾ ਹੀ ਪੜ੍ਹਾਉਣਾ, ਜਿੰਨਾ ਕਿ ਫੁੰਮਣ ਨੂੰ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਨੇ ਆਪਣੇ ਆਪ ਨੂੰ ਉਦੋਂ ਕਹੇ, ਜਦੋਂ ਉਹ ਉਸ ਪਤੀ-ਪਤਨੀ ਦੀਆਂ ਆਪਣੇ ਬੱਚਿਆਂ ਬਾਰੇ ਗੱਲਾਂ ਸੁਣਦਾ ਹੈ, ਜਿਹੜੇ ਪੰਜਾਂ ਕੁੜੀਆਂ ਪਿੱਛੋਂ ਹੋਏ ਆਪਣੇ ਮੁੰਡੇ ਨੂੰ ਦਰਬਾਰ ਸਾਹਿਬ ਮੱਥਾ ਟਿਕਾ ਕੇ ਆਏ ਸਨ।

ਵਿਆਖਿਆ : ਬੰਤਾ ਕਹਿੰਦਾ ਹੈ ਕਿ ਉਹ ਵੀ ਆਪਣੀਆਂ ਦੋਹਾਂ ਕੁੜੀਆਂ ਨੂੰ ਆਪਣੇ ਪੁੱਤਰ ਜਿੰਨਾ ਹੀ ਪੜ੍ਹਾਏਗਾ ਅਤੇ ਪੁਰਾਣੇ ਲੋਕਾਂ ਵਾਂਗ ਆਪਣੀਆਂ ਕੁੜੀਆਂ ਨਾਲ ਵਿਤਕਰਾ ਨਹੀਂ ਕਰੇਗਾ।

8. ‘‘ਹੁਣ ਕੁੜੀਆਂ ਦਾ ਹੇਜ ਵੀ ਜਾਗ ਪਿਐ, ਨਹੀਂ ਤੇ ਕਹਿੰਦਾ ਹੁੰਦਾ ਸੀ, ਕੀ ਐ ਜ਼ਿੰਦਗੀ ਮੁੰਡੇ ਬਿਨਾ. ਤਾਂ ਨਵਾਂ ਵਿਆਹ ਕਰਵਾ ਲੈਣੇਂ ….।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਰਾਮ ਦਾਸ ਸਰਾਂ ਕੋਲੋਂ ਰਾਮਾਨੰਦ ਦੇ ਬਾਗ਼ ਜਾ ਰਹੇ ਜੋੜੇ ਵਿਚੋਂ ਪਤਨੀ ਨੇ ਪਤੀ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦਾ ਹੈ ਕਿ ਬੇਸ਼ਕ ਉਨ੍ਹਾਂ ਦੀ ਜਾਇਦਾਦ ਦਾ ਹੱਕਦਾਰ ਮੁੰਡਾ ਉਨ੍ਹਾਂ ਦੇ ਘਰ ਜੰਮ ਪਿਆ ਹੈ, ਪਰੰਤੂ ਉਹ ਕੁੜੀਆਂ ਦਾ ਹੱਕ ਵੀ ਨਹੀਂ ਰੱਖਣਗੇ।

ਵਿਆਖਿਆ : ਪਤੀ ਦੀ ਗੱਲ ਸੁਣ ਕੇ ਪਤਨੀ ਕਹਿੰਦੀ ਹੈ ਕਿ ਅੱਜ ਤਾਂ ਉਸ ਦੇ ਮਨ ਵਿਚ ਬੜਾ ਕੁੜੀਆਂ ਦਾ ਬੜਾ ਪਿਆਰ ਪੈਦਾ ਹੋ ਗਿਆ, ਜਦ ਕਿ ਜਦੋਂ ਮੁੰਡਾ ਨਹੀਂ ਸੀ, ਤਾਂ ਉਦੋਂ ਉਹ ਕਹਿੰਦਾ ਹੁੰਦਾ ਸੀ ਕਿ ਮੁੰਡੇ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੈ। ਉਸ ਨੇ ਤਾਂ ਮੁੰਡਾ ਪ੍ਰਾਪਤ ਕਰਨ ਲਈ ਨਵਾਂ ਵਿਆਹ ਕਰਾ ਲੈਣਾ ਹੈ।

9. “ਕਿਵੇਂ ਨਾ ਲੱਭੂ ….ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਰਾਮ ਦਾਸ ਸਰਾ ਦੇ ਕੋਲੋਂ ਰਾਮਾ ਨੰਦ ਦੇ ਬਾਗ਼ ਜਾਣ ਲਈ ਬੈਠੇ ਪਤੀ-ਪਤਨੀ ਵਿਚੋਂ ਪਤੀ ਪਤਨੀ ਨੂੰ ਉਦੋਂ ਕਹਿੰਦਾ ਹੈ, ਜਦੋਂ ਉਹ (ਪਤੀ) ਆਪਣੀ ਧੀ ਸਵਰਨੀ ਦੇ ਰਿਸ਼ਤੇ ਲਈ ਦੱਸੇ ਗਏ ਪਿਪਲੀ ਨਿਵਾਸੀ ਕਾਲਜ ਪੜ੍ਹਦੇ ਮੁੰਡੇ ਨੂੰ ਰੋਕਣ ਦੀ ਉਸ (ਪਤਨੀ) ਦੀ ਤਜਵੀਜ਼ ਨਾਲ ਸਹਿਮਤ ਨਹੀਂ ਹੁੰਦਾ ਤੇ ਕਹਿੰਦਾ ਹੈ ਕਿ ਉਹ ਮੁੰਡੇ ਨੂੰ ਉਦੋਂ ਹੀ ਰੋਕਣਗੇ, ਜਦੋਂ ਵਿਆਹ ਕਰਨਾ ਹੋਵੇਗਾ, ਪਰੰਤੂ ਉਹ ਸਮਝਦੀ ਹੈ ਕਿ ਉਦੋਂ ਤਕ ਰਿਸ਼ਤਾ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗਾ ਤੇ ਫਿਰ ਯੋਗ ਮੁੰਡਾ ਨਹੀਂ ਲੱਭੇਗਾ।

ਵਿਆਖਿਆ : ਪਤੀ ਪਤਨੀ ਦੀ ਗੱਲ ਨੂੰ ਰੱਦ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਨੂੰ ਯੋਗ ਮੁੰਡਾ ਨਾ ਲੱਭੇ। ਉਸ ਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਰਿਸ਼ਤੇ ਵਲ ਧਿਆਨ ਦੇਣ ਦੀ ਥਾਂ ਕੁੜੀ ਨੂੰ ਮਨ ਲਾ ਕੇ ਪੜ੍ਹਨ ਦੇਵੇ।

10. ”ਇਨ੍ਹਾਂ ਛੂਛੜੀਆਂ ਨਾਲ ਸਾਡਾ ਕੀ ਬਣਨਾ ਐ? ਪਿੰਡ ਚਲ ਕੇ ਪੀਆਂਗੇ ਬਾਟੇ ਵਿਚ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਚਾਟੀਵਿੰਡ ਦਰਵਾਜ਼ੇ ਤੀਕ ਜਾਣ ਲਈ ਬੰਤੇ ਦੇ ਰਿਕਸ਼ੇ ਤੇ ਬੈਠੇ ਦੋ ਸਵਾਰਾਂ ਵਿਚੋਂ ਮੱਖਣ ਨੇ ਆਪਣੇ ਸਾਥੀ ਨੂੰ ਉਦੋਂ ਕਹੇ, ਜਦੋਂ ਉਹ ਉਸ ਨੂੰ ਵੇਲਣੇ ਤੋਂ ਰਸ ਪੀਣ ਲਈ ਕਹਿੰਦਾ ਹੈ।

ਵਿਆਖਿਆ : ਮੱਖਣ ਨੇ ਕਿਹਾ ਇਸ ਛੋਟੇ ਜਿਹੇ ਭਾਂਡੇ ਵਿਚ ਰਸ ਪੀ ਕੇ ਉਨ੍ਹਾਂ ਦਾ ਕੁੱਝ ਨਹੀਂ ਬਣਨਾ ਉਹ ਪਿੰਡ ਚਲ ਕੇ ਹੀ ਖੁੱਲ੍ਹੇ ਬਾਟੇ ਵਿਚ ਰਸ ਪੀਣਗੇ।

11. ”ਲੰਘ ਜਾਣ ਦੇ ਸਾਨੂੰ ਕਾਹਦੀ ਕਾਹਲੀ ਹੈ। ਇਕ ਗੱਲ ਯਾਦ ਰੱਖੀਂ ਮੱਖਣਾ, ਜਿਹੜਾ ਸੁਖ ਛੱਜੂ ਦੇ ਚੁਬਾਰੇ ਵਿਚ ਐ, ਉਹ ਨਾ ਬਲਖ਼ ਵਿਚ ਐ ਤੇ ਨਾ ਬੁਖ਼ਾਰੇ ਵਿਚ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇੱਕ ਹੋਰ ਨਵਾਂ ਸਾਲ’ ਵਿਚ ਚਾਟੀਵਿੰਡ ਦਰਵਾਜ਼ੇ ਤੀਕ ਜਾਣ ਲਈ ਬੈਠੇ ਦੇ ਸਵਾਰਾਂ ਵਿਚੋਂ ਇਕ ਨੇ ਆਪਣੇ ਸਾਥੀ ਮੱਖਣ ਨੂੰ ਉਦੋਂ ਕਹੇ, ਜਦੋਂ ਉਹ ਬਜ਼ਾਰ ਵਿਚ ਜਾ ਰਹੀਆਂ ਔਰਤਾਂ ਦੀ ਮੇਕ-ਅੱਪ ਤੇ ਖੁੱਲ੍ਹ-ਡੁੱਲ੍ਹ ਨੂੰ ਦੇਖ ਕੇ ਉਨ੍ਹਾਂ ਬਾਰੇ ਕੁੱਝ ਟੀਕਾ-ਟਿੱਪਣੀ ਕਰਦਾ ਹੈ।

ਵਿਆਖਿਆ : ਮੱਖਣ ਦੇ ਔਰਤਾਂ ਸੰਬੰਧੀ ਸ਼ਬਦਾਂ ਨੂੰ ਸੁਣ ਕੇ ਉਸ ਦਾ ਸਾਥੀ ਕਹਿੰਦਾ ਹੈ ਕਿ ਉਹ ਪਰਾਈਆਂ ਔਰਤਾਂ ਨੂੰ ਵੇਖ ਕੇ ਬਹੁਤਾ ਮਸਤ ਨਾ ਹੋਵੇ ਤੇ ਉਨ੍ਹਾਂ ਦੀ ਪਰਵਾਹ ਨਾ ਕਰੇ। ਉਸ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੇ ਘਰ ਦੀ ਔਰਤ ਨਾਲ ਜੀਵਨ ਗੁਜ਼ਾਰਦਿਆਂ ਜੋ ਸੁਖ ਮਿਲਦਾ ਹੈ, ਉਹ ਹੋਰ ਕਿਤੇ ਵੀ ਨਹੀਂ।

12. ”ਪਰ ਭੈਣ, ਵਿਆਹ ਤਾਂ ਹਾਲੀ ਸਾਲ ਦੇ ਸਾਲ ਠਹਿਰ ਕੇ ਈ ਕਰਨਾ ਏ, ਪੜ੍ਹਦੀ ਰਹਿਣ ਦੇ ਸੂ-ਕਾਲਜੋ ਕਾਹਨੂੰ ਉਠਾਲਣਾ ਹੋਇਆ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸ਼ਤੇ ਦੇ ਸੰਬੰਧ ਵਿਚ ਗੁਰੂ ਬਜ਼ਾਰ ਜਾਣ ਲਈ ਬੈਠੀਆ ਦੋ ਔਰਤਾਂ ਵਿਚੋਂ ਵਿਚੋਲਣ ਲਾਜੋ ਨੇ ਆਪਣੇ ਨਾਲ ਬੈਠੀ ਮੁੰਡੇ ਦੀ ਮਾਂ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦੀ ਹੈ ਕਿ ਉਹ ਕੁੜੀ ਨੂੰ ਹੋਰ ਅੱਗੋਂ ਪੜ੍ਹਾਉਣ ਦੇ ਹੱਕ ਵਿਚ ਨਹੀਂ।

ਵਿਆਖਿਆ : ਵਿਚੋਲਣ ਲਾਜੋ ਨੇ ਮੁੰਡੇ ਦੀ ਮਾਂ ਨੂੰ ਕਿਹਾ ਕਿ ਅਜੇ ਵਿਆਹ ਤਾਂ ਦੋ ਸਾਲ ਠਹਿਰ ਕੇ ਕਰਨਾ ਹੈ. ਇਸ ਕਰਕੇ ਉਹ ਕੁੜੀ ਨੂੰ ਕਾਲਜ ਵਿਚੋਂ ਪੜ੍ਹਨ ਤੋਂ ਹਟਾਉਣ ਲਈ ਕਿਉਂ ਕਹਿੰਦੀ ਹੈ। ਉਹ ਅਜਿਹਾ ਨਾ ਕਰੇ ਤਾਂ ਠੀਕ ਹੈ।

13. ”ਚੱਲ ਫੇਰ ਕੀ ਹੋਇਆ, ਉਹਨੇ ਕਿਹੜੀ ਨੌਕਰੀ ਕਰਨੀ ਸੀ, ਆਪਣੀ ਹੱਟੀ ਉੱਤੇ ਈ ਬਹਿਣਾ ਸੀ ਪੜ੍ਹ ਕੇ, ਅੱਗੋਂ ਕੀ ਪਿੱਛੋਂ ਕੀ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਗੁਰੂ ਬਜ਼ਾਰ ਜਾਣ ਲਈ ਬੈਠੀਆਂ ਦੋ ਔਰਤਾਂ ਵਿਚੋਂ ਵਿਚੋਲਣ ਲਾਜੋ ਨੇ ਆਪਣੀ ਸਾਥਣ ਨੂੰ ਉਦੋਂ ਕਹੇ, ਜਦੋਂ ਉਹ ਦੱਸ ਰਹੀ ਸੀ ਕਿ ਉਹ, ਉਸ ਦੇ ਜਿਸ ਮੁੰਡੇ ਮਹੇਸ਼ੀ ਲਈ ਰਿਸ਼ਤਾ ਕਰਾਉਣ ਜਾ ਰਹੀ ਹੈ, ਉਸ ਨੂੰ ਅਧਿਆਪਕ ਨੇ ਲਾਗਤਬਾਜ਼ੀ ਨਾਲ ਅੱਠਵੀਂ ਵਿਚੋਂ ਫੇਲ੍ਹ ਕਰ ਦਿੱਤਾ ਸੀ।

ਵਿਆਖਿਆ : ਆਪਣੀ ਸਾਥਣ ਦੇ ਮੂੰਹੋਂ ਆਪਣੇ ਪੁੱਤਰ ਮਹੇਸ਼ੀ ਦੀ ਪੜ੍ਹਾਈ ਦੀ ਗੱਲ ਸੁਣ ਕੇ ਵਿਚੋਲਣ ਲਾਜੋ ਕਹਿੰਦੀ ਹੈ ਕਿ ਉਸ ਦਾ ਅੱਠਵੀਂ ਫੇਲ੍ਹ ਹੋਣਾ ਕੋਈ ਵੱਡੀ ਗੱਲ ਨਹੀਂ। ਉਸ ਨੇ ਕਿਹੜਾ ਨੌਕਰੀ ਕਰਨੀ ਸੀ ਕਿ ਉਸ ਨੂੰ ਪੜ੍ਹਾਈ ਦੀ ਲੋੜ ਸੀ। ਉਸ ਨੇ ਆਪਣੀ ਹੱਟੀ ਉੱਤੇ ਹੀ ਬੈਠਣਾ ਸੀ, ਚਾਹੇ ਜਦੋਂ ਮਰਜ਼ੀ ਬਹਿ ਜਾਂਦਾ।

14. ”ਲਾਜੋ ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦਰੀ ਪਾ ਦੇਣੀ ਏਂ, ਉਹਨੂੰ…………।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸ਼ਤੇ ਦੇ ਸੰਬੰਧ ਵਿਚ ਕੁੜੀ ਵੇਖਣ ਲਈ ਗੁਰੂ ਬਜ਼ਾਰ ਜਾ ਰਹੀਆਂ ਦੋ ਔਰਤਾਂ ਵਿਚੋਂ ਮੁੰਡੇ ਦੀ ਮਾਂ ਵਿਚੋਲਣ ਲਾਜੋ ਨੂੰ ਕਹਿੰਦੀ ਹੈ।

ਵਿਆਖਿਆ : ਮੁੰਡੇ ਦੀ ਮਾਂ ਵਿਚੋਲਣ ਨੂੰ ਕਹਿੰਦੀ ਹੈ ਕਿ ਜੇਕਰ ਕੁੜੀ ਉਸ ਨੂੰ ਪਸੰਦ ਆ ਗਈ, ਤਾਂ ਉਹ ਕੁੜੀ ਨੂੰ ਮੁੰਦਰੀ ਪਾ ਕੇ ਉਸ ਨੂੰ ਆਪਣੇ ਮੁੰਡੇ ਲਈ ਰੋਕ ਲਵੇਗੀ।

15. ”ਫੇਰ ਵੀ, ਕੀ ਕੀ ਦੇਣਗੇ ਉਹ। ਦੇਣਾ ਤਾਂ ਜੋ ਵੀ ਏ ਉਨ੍ਹਾਂ ਨੇ ਆਪਣੀ ਧੀ ਨੂੰ ਦੇਣਾ ਏ। ਉਂਜ ਜੇ ਚੰਗਾ ਕਰ ਦਏ ਕੋਈ ਧੀ-ਪੁੱਤ ਦਾ ਕਾਰਜ, ਤਾਂ ਸ਼ੋਭਾ ਹੋ ਜਾਂਦੀ ਏ ਲੋਕਾਂ ਵਿਚ ਹੋਰ ਕੀ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਗੁਰੂ ਬਜ਼ਾਰ ਜਾ ਰਹੀਆਂ ਦੇ ਔਰਤਾਂ ਵਿਚੋਂ ਵਿਚੋਲਣ ਲਾਜੋ ਦੀ ਸਾਥਣ ਨੇ ਉਸ ਨੂੰ ਉਦੋਂ ਕਹੇ, ਜਦੋਂ ਉਹ ਕਹਿੰਦੀ ਹੈ ਕਿ ਕੁੜੀ ਵਾਲੇ ਖਾਂਦੇ-ਪੀਂਦੇ ਹਨ, ਇਸ ਕਰਕੇ ਉਹ ਦਾਜ ਦੇਣ ਲੱਗਿਆਂ ਘੱਟ ਨਹੀਂ ਕਰਨਗੇ।

ਵਿਆਖਿਆ : ਵਿਚੋਲਣ ਲਾਜੋ ਦੀ ਸਾਥਣ ਮੁੰਡੇ ਦੀ ਮਾਂ, ਉਸ ਨੂੰ ਬੜੀ ਮੀਸਣੀ ਬਣ ਕੇ ਪੁੱਛਦੀ ਹੈ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਕੁੜੀ ਵਾਲੇ ਦਾਜ ਵਿਚ ਕੀ ਦੇਣਗੇ। ਵੈਸੇ ਤਾਂ ਉਨ੍ਹਾਂ ਜੋ ਕੁੱਝ ਦੇਣਾ ਹੈ, ਉਨ੍ਹਾਂ ਨੂੰ ਨਹੀਂ, ਸਗੋਂ ਆਪਣੀ ਧੀ ਨੂੰ ਦੇਣਾ ਹੈ। ਜੇਕਰ ਕੋਈ ਆਪਣੇ ਧੀ-ਪੁੱਤ ਦਾ ਵਿਆਹ-ਕਾਰਜ ਚੰਗਾ ਕਰ ਦੇਵੇ, ਤਾਂ ਦੁਨੀਆ ਵਿਚ ਪ੍ਰਸੰਸਾ ਹੁੰਦੀ ਹੈ, ਜਿਸ ਨਾਲ ਮਨ ਖ਼ੁਸ਼ ਹੁੰਦਾ ਹੈ।

16.”ਇਹ ਵੀ ਕੋਈ ਨੁਕਸ ਏ? ਅੱਬਲ ਤਾਂ ਕਿਸੇ ਨੂੰ ਪਤਾ ਈ ਨਹੀਂ ਲਗਣਾ, ਨਹੀਂ ਤੇ ਉਹਨੂੰ ਕਵਾਂਗੇ, ਪਈ ਧੁੱਪ ਵਾਲੀ ਐਨਕ ਲਾ ਕੇ ਜਾਵੇ ……..।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸ਼ਤੇ ਦੇ ਸੰਬੰਧ ਵਿਚ ਗੁਰੂ ਬਜ਼ਾਰ ਜਾਣ ਲਈ ਬੈਠੀਆਂ ਔਰਤਾਂ ਵਿਚੋਂ ਵਿਚੋਲਣ ਲਾਜੋ ਨੇ ਮੁੰਡੇ ਦੀ ਮਾਂ ਨੂੰ ਉਦੋਂ ਕਹੇ ਜਦੋਂ ਉਹ ਦੱਸਦੀ ਹੈ ਕਿ ਉਸ ਦੇ ਪੁੱਤਰ ਦੀ ਅੱਖ ਵਿਚ ਟੀਰ ਹੈ।

ਵਿਆਖਿਆ : ਵਿਚੋਲਣ ਲਾਜੋ ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਅੱਖ ਵਿਚ ਟੀਰ ਹੋਣਾ ਕੋਈ ਵੱਡਾ ਨੁਕਸ ਨਹੀਂ l। ਅੱਬਲ ਤਾਂ ਕੁੜੀ ਵਾਲਿਆਂ ਦੇ ਧਿਆਨ ਵਿਚ ਇਹ ਨੁਕਸ ਆਏਗਾ ਹੀ ਨਹੀਂ। ਅਸੀਂ ਮੁੰਡੇ ਨੂੰ ਕਹਿ ਸਕਦੇ ਹਾਂ ਕਿ ਉਹ ਕੁੜੀ ਤੇ ਉਸ ਦੇ ਘਰਦਿਆਂ ਦੇ ਸਾਹਮਣੇ ਜਾਣ ਸਮੇਂ ਧੁੱਪ ਦੀਆਂ ਐਨਕਾਂ ਲਾ ਲਏ। ਇਸ ਨਾਲ ਸਾਰਾ ਨੁਕਸ ਢੱਕਿਆ ਜਾਵੇਗਾ।

17. ”ਪਰ ਪਤਾ ਨਹੀਂ ਕਈ ਬੰਦੇ ਗ਼ਰੀਬ ਦਾ ਹੱਕ ਕਿਉਂ ਮਾਰਦੇ ਐ? ਬਈ ਹੱਕ ਦੇ ਦਿਓ ਗ਼ਰੀਬ ਨੂੰ ਉਸ ਦਾ, ਫੇਰ ਕਾਹਦਾ ਰੇੜਕਾ?”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚੋਂ ਲਏ ਗਏ ਹਨ । ਇਹ ਸ਼ਬਦ ਬੰਤਾ ਆਪਣੇ ਆਪ ਨੂੰ ਉਦੋਂ ਕਹਿੰਦਾ ਹੈ, ਜਦੋਂ ਉਹ ਆਪਣੇ ਰਿਕਸ਼ੇ ਵਿਚੋਂ ਸੀਤਲਾ ਮੰਦਰ ਉਤਰਨ ਵਾਲੇ ਭਲਵਾਨ ਤੋਂ ਅੱਠ ਆਨੇ ਪ੍ਰਾਪਤ ਕਰਕੇ ਇਹ ਸਮਝਦਾ ਹੈ ਕਿ ਉਸ ਨੇ ਉਸ ਨਾਲ ਪਹਿਲਾਂ ਪੈਸੇ ਮੁਕਾਏ ਨਹੀਂ ਸਨ, ਪਰ ਫਿਰ ਵੀ ਉਸ ਨੇ ਉਸ ਨੂੰ ਵਾਜ਼ਬ ਕਿਰਾਇਆ ਹੀ ਦੇ ਦਿੱਤਾ।

ਵਿਆਖਿਆ : ਬੰਤਾ ਸੋਚਦਾ ਹੈ ਕਿ ਪਤਾ ਨਹੀਂ ਕਿਉਂ ਕਈ ਲੋਕ ਗ਼ਰੀਬ ਦਾ ਹੱਕ ਮਾਰ ਜਾਂਦੇ ਹਨ। ਜੇ ਕਰ ਸਾਰੇ ਗ਼ਰੀਬਾਂ ਨੂੰ ਉਸ ਦਾ ਹੱਕ ਇਸ ਭਲਵਾਨ ਵਾਂਗ ਆਪਣੇ ਆਪ ਦੇ ਦੇਣ ਤਾਂ ਕੋਈ ਝਗੜਾ ਨਹੀਂ ਰਹਿ ਜਾਂਦਾ।

18. ”ਹੁਣ ਜੇ ਕਰ ਕੁੱਝ ਨਾ ਕੁੱਝ ਲਿਆਉਂਦੀ ਆ ਤਾਂ ਵੀ ਤਾਂ ਗੁਜਾਰਾ ਨਹੀਂ ਹੁੰਦਾ, ਜੇ ਬਿਲਕੁਲ ਈ ਕੁੱਝ ਨਾ ਆਇਆ, ਤਾਂ ਝੱਟ ਕਿਵੇਂ ਲੰਘੇਗਾ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤਾ ਆਪਣੇ ਘਰ ਵਲ ਪਰਤਦਿਆਂ ਆਪਣੇ ਮਨ ਵਿਚ ਤਾਰੋ ਦੇ ਉਸ ਜੁਆਬ ਬਾਰੇ ਸੋਚਦਾ ਹੈ, ਜਿਹੜਾ ਉਹ ਉਸ ਨੂੰ ਉਦੋਂ ਦਿੰਦੀ ਹੈ, ਜਦੋਂ ਉਹ ਉਸ ਨੂੰ ਮਾਸਟਰ ਦੇ ਘਰ ਕੰਮ ਕਰਨ ਤੋਂ ਰੋਕਦਾ ਹੈ।

ਵਿਆਖਿਆ : ਤਾਰੋ ਕਹਿੰਦੀ ਹੈ ਕਿ ਉਹ ਮਾਸਟਰ ਦੇ ਘਰ ਕੰਮ ਕਰ ਕੇ ਥੋੜ੍ਹਾ ਬਹੁਤਾ ਕਮਾ ਕੇ ਲਿਆਉਂਦੀ ਹੈ, ਤਾਂ ਵੀ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਜੇ ਕਰ ਉਹ ਬਿਲਕੁਲ ਵੀ ਕੁੱਝ ਨਾ ਲਿਆਈ, ਤਾਂ ਫਿਰ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਕਰਕੇ ਉਹ ਕੰਮ ਨਹੀਂ ਛੱਡ ਸਕਦੀ।

19. “ਲੈ ਲਗ ਕਿਉਂ ਨਹੀਂ ਸਕਦੀ-ਕੁੜੀ ਐਨੇ ਫ਼ੈਸ਼ਨ ਕਰਦੀ ਏ, ਤਾਂ ਮੁੰਡਾ ਨਹੀਂ ਕਰ ਸਕਦਾ। ਫੇਰ ਭੈਣ, ਇਹ ਵੀ ਤਾਂ ਹੀ ਹੋ ਸਕਦਾ ਏ ਕਿ ਅਸੀਂ ਮੁੰਡਾ ਵਿਖਾਈਏ ਈ ਗਰਮੀਆਂ ਵਿਚ………..।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਬੰਤੇ ਦੇ ਰਿਕਸ਼ੇ ਵਿਚ ਰਿਸ਼ਤੇ ਦੇ ਸੰਬੰਧ ਵਿਚ ਗੁਰੂ ਬਜ਼ਾਰ ਜਾਣ ਲਈ ਬੈਠੀਆਂ ਦੋ ਔਰਤਾਂ ਵਿਚੋਂ ਵਿਚੋਲਣ ਲਾਜੋ, ਮੁੰਡੇ ਦੀ ਮਾਂ ਨੂੰ ਉਦੋਂ ਕਹਿੰਦੀ ਹੈ, ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਮੁੰਡਾ ਭੈਂਗਾ ਹੈ ਤੇ ਉਸ ਦਾ ਇਹ ਦੋਸ਼ ਕੁੜੀ ਤੋਂ ਲੁਕਾਉਣ ਲਈ ਸਰਦੀਆਂ ਵਿਚ ਉਸ ਦੇ ਧੁੱਪ ਵਾਲੀ ਐਨਕ ਨਹੀਂ ਲਾਈ ਜਾ ਸਕਦੀ।

ਵਿਆਖਿਆ : ਵਿਚੋਲਣ ਲਾਜੋ, ਮੁੰਡੇ ਦੀ ਮਾਂ ਨੂੰ ਕਹਿੰਦੀ ਹੈ ਕਿ ਜਦੋਂ ਕੁੜੀ ਬਹੁਤ ਸਾਰੇ ਫ਼ੈਸ਼ਨ ਕਰਦੀ ਹੈ, ਤਾਂ ਮੁੰਡਾ ਵੀ ਫ਼ੈਸ਼ਨ ਵਜੋਂ ਸਰਦੀਆਂ ਵਿਚ ਧੁੱਪ ਵਾਲੀ ਐਨਕ ਲਾ ਕੇ ਜਾ ਸਕਦਾ ਹੈ। ਪਰ ਉਹ ਇਸ ਤਰ੍ਹਾਂ ਕਰ ਸਕਦੇ ਹਨ ਕਿ ਕੁੜੀ ਨੂੰ ਮੁੰਡਾ ਦਿਖਾਉਣ ਹੀ ਗਰਮੀਆਂ ਵਿਚ, ਜਦੋਂ ਧੁੱਪ ਵਾਲੀ ਐਨਕ ਕਿਸੇ ਨੂੰ ਓਪਰੀ ਨਹੀਂ ਲੱਗੇਗੀ।

20. ‘ ‘ਲੋੜ ਤੈਨੂੰ ਪਊ ਸ਼ਾਮ ਨੂੰ, ਕਿਸੇ ਵੇਲੇ ਭਾਨ ਥੁੜ੍ਹੋਂ ਸਵਾਰੀ ਨਹੀਂ ਮਿਲਦੀ।”

ਪ੍ਰਸੰਗ : ਇਹ ਸ਼ਬਦ ਨਰਿੰਜਨ ਤਸਨੀਮ ਦੇ ਨਾਵਲ ‘ਇਕ ਹੋਰ ਨਵਾਂ ਸਾਲ’ ਵਿਚ ਤਾਰੋ ਨੇ ਬੰਤੇ ਨੂੰ ਉਦੋਂ ਕਹੇ, ਜਦੋਂ ਉਹ ਦੁਪਹਿਰੇ ਘਰ ਅਰਾਮ ਕਰਨ ਲਈ ਆਉਣ ਸਮੇਂ ਉਸ ਨੂੰ ਬੋਝੇ ਵਿਚੋਂ ਪੈਸੇ ਕੱਢ ਕੇ ਦਿੰਦਾ ਹੈ ਤੇ ਤਾਰੋ ਉਸ ਨੂੰ ਭਾਨ ਵਾਪਸ ਕਰਦੀ ਹੈ, ਪਰ ਉਹ ਉਸ ਨੂੰ ਭਾਨ ਵੀ ਆਪਣੇ ਕੋਲ ਰੱਖਣ ਲਈ ਕਹਿੰਦਾ ਹੈ।

ਵਿਆਖਿਆ : ਇਸ ਸਮੇਂ ਤਾਰੋ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਭਾਨ ਆਪਣੇ ਕੋਲ ਰੱਖਣੀ ਚਾਹੀਦੀ ਹੈ, ਕਿਉਂਕਿ ਸ਼ਾਮ ਨੂੰ ਉਸ ਨੂੰ ਲੋੜ ਪੈ ਸਕਦੀ ਹੈ। ਕਈ ਵਾਰੀ ਭਾਨ ਨਾ ਹੋਣ ਕਰਕੇ ਹੀ ਸਵਾਰੀ ਨਹੀਂ ਮਿਲਦੀ।


ਕਹਾਣੀ ਦਾ ਪਾਤਰ : ਬੰਤਾ