ਇਕ ਹੋਰ ਨਵਾਂ ਸਾਲ : ਪਾਠ ਅਭਿਆਸ ਦੇ ਪ੍ਰਸ਼ਨ-ਉੱਤਰ


ਪ੍ਰਸ਼ਨ 29. ਦੁਪਹਿਰ ਤਕ ਬੰਤਾ ਭਿੰਨ-ਭਿੰਨ ਸਵਾਰੀਆਂ ਨੂੰ ਕਿੱਥੇ ਤਕ ਛੱਡ ਕੇ ਆਇਆ?

ਉੱਤਰ : ਬੰਤਾ ਰਿਕਸ਼ਾ ਲੈ ਕੇ ਸਵੇਰੇ ਛੇ ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਪੁੱਜ ਗਿਆ। ਸਭ ਤੋਂ ਪਹਿਲਾਂ ਉਹ ਇਕ ਸਰਦਾਰ ਨੂੰ ਇਕ ਰੁਪਏ ਵਿਚ ਕੱਟੜਾ ਮੋਤੀ ਰਾਮ ਛੱਡ ਕੇ ਆਇਆ। ਫਿਰ ਉਸ ਨੂੰ ਚਾਹ ਦੇ ਖੋਖੇ ‘ਤੇ ਇਕ ਪਤੀ-ਪਤਨੀ ਨੂੰ ਅੱਠ ਆਨਿਆਂ ਵਿਚ ਦਰਬਾਰ ਸਾਹਿਬ ਵਿਚ ਜਾਣ ਵਾਲੀਆਂ ਸਵਾਰੀਆਂ ਮਿਲ ਗਈਆਂ। ਉੱਥੋਂ ਉਹ ਉਸ ਨੂੰ ਸੱਤਰ ਪੈਸਿਆਂ ਵਿੱਚ ਇੱਕ ਕੁੜੀ ਨੂੰ ਬੱਸ ਅੱਡੇ ਉੱਤੇ ਛੱਡ ਆਇਆ। ਫਿਰ ਉਹ ਚਾਹ ਦੇ ਇਕ ਹੋਟਲ ਤੋਂ ਇਕ ਆਦਮੀ ਨੂੰ ਉਸ ਦੀ ਪਤਨੀ ਤੇ ਤਿੰਨ ਬੱਚਿਆਂ ਸਮੇਤ ਦੋ ਰੁਪਇਆਂ ਵਿਚ ਕੱਟੜਾ ਦੂਲੋ ਵਿਖੇ ਗਲੀ ਮਸਤ ਰਾਮ ਵਿਚ ਛੱਡ ਕੇ ਆਉਂਦਾ ਹੈ। ਇਸ ਤੋਂ ਪਿੱਛੇ ਉਹ ਇਕ ਨਵ-ਵਿਆਹੇ ਜੋੜੇ ਨੂੰ ਇਕ ਰੁਪਏ ਵਿਚ ਗੁਰੂ ਰਾਮ ਦਾਸ ਸਰਾਂ ਤਕ ਲੈ ਕੇ ਜਾਂਦਾ ਹੈ। ਇੱਥੋਂ ਉਹ ਇਕ ਪਤੀ-ਪਤਨੀ ਨੂੰ ਪੰਝਤਰ ਪੈਸਿਆਂ ਵਿਚ ਰਾਮਾਨੰਦ ਦੇ ਬਾਗ਼ ਵਿਚ ਛੱਡਣ ਜਾਂਦਾ ਹੈ। ਜਲ੍ਹਿਆਂ ਵਾਲਾ ਬਾਗ਼ ਦੇ ਨੇੜੇ ਉਹ ਪੰਜਾਹ ਕੁ ਸਾਲ ਦੇ ਇਕ ਆਦਮੀ ਨੂੰ ਚੌਂਕ ਬਾਬਾ ਸਾਹਿਬ ਛੱਡ ਕੇ ਆਉਂਦਾ ਹੈ। ਫਿਰ ਬੰਤੇ ਨੂੰ ਸੱਠ ਪੈਸਿਆਂ ਵਿਚ ਚਾਟੀਵਿੰਡ ਦਰਵਾਜ਼ੇ ਤਕ ਜਾਣ ਵਾਲੀਆਂ ਸਵਾਰੀਆਂ ਮਿਲਦੀਆਂ ਹਨ। ਇਸ ਪਿੱਛੋਂ ਬੰਤਾ ਪੰਤਾਲੀ ਪੈਸਿਆਂ ਵਿਚ ਦੋ ਕੁੜੀਆਂ ਨੂੰ ਚਿਤਰਾ ਟਾਕੀ ਛੱਡ ਕੇ ਆਉਂਦਾ ਹੈ। ਫਿਰ ਉਸ ਨੂੰ ਮੀਤੇ ਦੀ ਦੁਕਾਨ ਤੋਂ ਅੱਠ ਆਨਿਆਂ ਵਿਚ ਦੋ ਜ਼ਨਾਨੀਆਂ ਗੁਰੂ ਬਜ਼ਾਰ ਜਾਣ ਵਾਲੀਆਂ ਮਿਲਦੀਆਂ ਹਨ। ਫਿਰ ਉਹ ਚੁਰੱਸਤੀ ਅਟਾਰੀ ਤੋਂ ਪੰਜਾਹ ਪੈਸਿਆਂ ਵਿਚ ਇਕ ਸਿਹਤਮੰਦ ਸਵਾਰੀ ਨੂੰ ਸੀਤਲਾ ਮੰਦਰ ਛੱਡਣ ਜਾਂਦਾ ਹੈ। ਇਸ ਪਿੱਛੋਂ ਉਹ ਘਰ ਆ ਜਾਂਦਾ ਹੈ।

ਪ੍ਰਸ਼ਨ 30. ਦੁਪਹਿਰੇ ਘਰ ਆ ਕੇ ਬੰਤਾ ਤਾਰੋ ਨੂੰ ਕਿਹੋ ਜਿਹੀ ਸੋਹਣੀ ਗੱਲ ਕਰਨ ਲਈ ਕਹਿੰਦਾ ਹੈ?

ਉੱਤਰ : ਦੁਪਹਿਰੇ ਘਰ ਪਹੁੰਚ ਕੇ ਰੋਟੀ ਖਾਣ ਤੇ ਚਾਹ ਪੀਣ ਮਗਰੋਂ ਬੰਤਾ ਤਾਰੋ ਨੂੰ ਕਹਿੰਦਾ ਹੈ ਕਿ ਅੱਜ ਉਹ ਕੋਈ ਸੋਹਣੀ ਜਿਹੀ ਗੱਲ ਕਰੇ। ਉਹ ਪੁੱਛਦੀ ਹੈ ਕਿ ਸੋਹਣੀ ਗੱਲ ਕਿਹੋ ਜਿਹੀ ਹੁੰਦੀ ਹੈ। ਬੰਤਾ ਉੱਤਰ ਦਿੰਦਾ ਹੈ, ”ਜਿਵੇਂ ਤੂੰ ਆਖੇ-ਅੱਜ ਬੜਾ ਬੱਦਲ ਐ, ਗਰਮ ਗਰਮ ਪਕੌੜੇ ਲਿਆ ਪੌੜੀਆਂ ਵਾਲੇ ਪੁਲ ਕੋਲੋਂ।” ਪਰ ਜੇਕਰ ਬੱਦਲ ਨਾ ਹੋਵੇ “ਫੇਰ ਤੂੰ ਕਹਿ ਕਿੰਨੀ ਧੁੱਪ ਲੱਗੀ ਐ, ਆ ਚਲੀਏ ਘੁੰਮਣ ਫਿਰਨ, ਨਾਲ ਆਉਂਦੀ ਵਾਰੀ ਸਾੜ੍ਹੀ ਵੀ ਲੈਂਦੇ ਆਵਾਂਗੇ, ਡਰਾਈ ਕਲੀਨਰ ਕੋਲੋਂ।” ਤਾਰੋ ਕਹਿੰਦੀ ਹੈ ਕਿ ਉਸ ਨੂੰ ਅਜਿਹੀਆਂ ਗੱਲਾਂ ਕਰਦਿਆਂ ਸ਼ਰਮ ਆਉਂਦੀ ਹੈ। ਬੰਤਾ ਕਹਿੰਦਾ ਹੈ ਕਿ ਉਹ ਝੱਲੀ ਹੀ ਰਹੀ ਹੈ। ਤਾਰੋ ਉੱਤਰ ਦਿੰਦੀ ਹੈ ਕਿ ਉਹ ਝੱਲੀ ਹੀ ਚੰਗੀ ਹੈ, ਉਹ ਜੂ ਬਹੁਤ ਸਿਆਣਾ ਹੁੰਦਾ ਜਾ ਰਿਹਾ ਹੈ।

ਪ੍ਰਸ਼ਨ 31. ਬੰਤਾ ਦੁਪਹਿਰੇ ਕੋਲ ਆਏ ਫੁੰਮਣ ਨੂੰ ਉਸ ਦੀ ਕਿਤਾਬ ਵਿਚੋਂ ਕੀ ਪੜ੍ਹਾਉਂਦਾ ਹੈ?

ਉੱਤਰ : ਬੰਤਾ ਫੁੰਮਣ ਨੂੰ ਉਸ ਦੀ ਕਿਤਾਬ ਵਿਚੋਂ ਪੜਾਉਂਦਾ ਹੈ ਕਿ ਸਾਡਾ ਦੇਸ਼ ਮਹਾਨ ਹੈ। ਇਹ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਸਾਨੂੰ ਇਸ ਉੱਤੇ ਬਹੁਤ ਮਾਣ ਹੈ। ਇਹ ਰਾਤ-ਦਿਨ ਦੁੱਗਣੀ ਚੌਗੁਣੀ ਤਰੱਕੀ ਕਰ ਰਿਹਾ ਹੈ। ਸਾਡੇ ਦੇਸ਼ ਵਿਚ ਲੋਕ-ਰਾਜ ਹੈ। ਅਸੀਂ ਆਪਣੇ ਦੇਸ਼ ਵਿਚੋਂ ਛੇਤੀ ਹੀ ਗ਼ਰੀਬੀ ਬਾਹਰ ਕੱਢ ਦੇਣ ਦਾ ਪ੍ਰਣ ਕੀਤਾ ਹੋਇਆ ਹੈ। ਫੁੰਮਣ ਗ਼ਰੀਬੀ ਦਾ ਅਰਥ ਪੁੱਛਦਾ ਹੈ, ਜਿਸ ਤੋਂ ਬੰਤਾ ਉਸ ਨੂੰ ਗੁੱਸੇ ਹੁੰਦਾ ਹੈ ਕਿ ਕੀ ਉਸ ਨੂੰ ਇਹ ਵੀ ਨਹੀਂ ਪਤਾ। ਉਹ ਉਸ ਨੂੰ ਦੱਸਦਾ ਹੈ ਕਿ ਉਹ ਗ਼ਰੀਬੀ ਕਾਰਨ ਨਹੀਂ ਪੜ੍ਹ ਸਕਿਆ। ਫੁੰਮਣ ਉਸ ਨੂੰ ਹੋਰ ਪ੍ਰਸ਼ਨ ਪੁੱਛਦਾ ਹੈ, ਪਰ ਬੰਤਾ ਉਸ ਨੂੰ ਭੇਜ ਦਿੰਦਾ ਹੈ।

ਪ੍ਰਸ਼ਨ 32. ਬੰਤੇ ਨੂੰ ਦੁਪਹਿਰੇ ਲੰਮੇ ਪਿਆਂ ਆਪਣੇ ਵਿਆਹ ਬਾਰੇ ਕੀ ਕੁੱਝ ਯਾਦ ਆਇਆ?

ਉੱਤਰ : ਦੁਪਹਿਰੇ ਧੁੱਪੇ ਲੇਟਿਆ ਬੰਤਾ ਕੁੱਝ ਦੇਰ ਅੱਖਾਂ ਬੰਦ ਕਰ ਕੇ ਪਿਆ ਰਿਹਾ, ਪਰ ਉਸ ਨੂੰ ਨੀਂਦਰ ਨਾ ਆਈ। ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ। ਉਸ ਨੂੰ ਯਾਦ ਆਇਆ ਕਿ ਉਸ ਦੀ ਮੰਗਣੀ ਛੋਟੇ ਹੁੰਦਿਆਂ ਹੀ ਉਸ ਦੀ ਮਾਮੀ ਦੀ ਭੂਤੀਜੀ ਤਾਰੀ ਨਾਲ ਹੋ ਗਈ ਸੀ ਤੇ ਫਿਰ ਉਹ ਮਾਮੀ ਉਸ ਦੇ ਵਿਆਹ ਲਈ ਜ਼ੋਰ ਪਾਉਣ ਲੱਗੀ, ਪਰ ਬੰਤਾ ਚਾਹੁੰਦਾ ਸੀ ਕਿ ਪਹਿਲਾਂ ਭੈਣਾਂ ਦੇ ਵਿਆਹ ਦਾ ਕਰਜ਼ਾ ਉਤਾਰ ਲਿਆ ਜਾਵੇ ਤੇ ਫਿਰ ਵਿਆਹ ਕੀਤਾ ਜਾਵੇ, ਪਰ ਬੇਬੇ ਨੇ ਅਜਿਹੀ ਜ਼ਿਦ ਫੜੀ ਕਿ ਉਸ ਦਾ ਵਿਆਹ ਕਰ ਕੇ ਹੀ ਛੱਡਿਆ।

ਪ੍ਰਸ਼ਨ 33. ਦੁਪਹਿਰੇ ਲੰਮੇ ਪਿਆ ਬੰਤੇ ਨੂੰ ਤਾਰੋ ਦੇ ਗੁੱਸੇ ਹੋਣ ਦੀ ਕਿਹੜੀ ਘਟਨਾ ਯਾਦ ਆਈ?

ਉੱਤਰ : ਦੁਪਹਿਰੇ ਲੰਮੇ ਪਿਆਂ ਬੰਤੇ ਨੂੰ ਯਾਦ ਆਇਆ ਕਿ ਉਸ ਨੇ ਆਪਣੀਆਂ ਭੈਣਾਂ ਲਈ ਆਪਣੀ ਵਿੱਤ ਤੋਂ ਬਾਹਰੀਆਂ ਚੀਜ਼ਾਂ ਬਣਵਾਈਆਂ ਸਨ, ਪਰ ਫਿਰ ਵੀ ਉਹ ਉਸ ਨਾਲ ਨਰਾਜ਼ ਹੋ ਗਈਆਂ ਸਨ। ਪਿੱਛੋਂ ਤਾਰੋ ਇਹ ਦੇਖ ਕੇ ਕਈ ਦਿਨ ਰੋਂਦੀ ਰਹੀ ਨੇ ਕਿਹਾ ਕਿ ਉਸ ਦੇ ਟਰੰਕ ਵਿਚੋਂ ਕੁੱਝ ਚੀਜ਼ਾਂ ਗ਼ਾਇਬ ਹਨ। ਉਸ ਦੇ ਗੁੱਸੇ ਵਾਲੇ ਮੂੰਹ ਤੋਂ ਤੰਗ ਆ ਕੇ ਉਹ ਉਸ ਨਾਲ ਰੁੱਸ ਬੈਠਾ। ਸਵੇਰੇ ਜਦੋਂ ਉਹ ਉੱਠਿਆ, ਤਾਂ ਬੇਬੇ ਦੀ ਬਣਾਈ ਚਾਹ ਪੀ ਕੇ ਲੰਮਾ ਪੈ ਗਿਆ। ਉਸ ਦਾ ਖ਼ਿਆਲ ਸੀ ਕਿ ਤਾਰੋ ਉਸ ਨੂੰ ਰਿਕਸ਼ਾ ਲੈ ਕੇ ਨਾ ਜਾਣ ਬਾਰੇ ਪੁੱਛੇਗੀ, ਪਰ ਉਸ ਨੇ ਕੋਈ ਪਰਵਾਹ ਨਾ ਕੀਤੀ। ਅੰਤ ਬੇਬੇ ਦੇ ਘਰੋਂ ਬਾਹਰ ਜਾਣ ਤੇ ਬੰਤੇ ਨੇ ਤਾਰੋ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਦੀ ਬਾਂਹ ਫੜ ਕੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ। ਜੇਕਰ ਉਹ ਉਸ ਦੇ ਕੋਲ ਬੈਠੇਗੀ ਤਾਂ ਉਸ ਦੀ ਤਬੀਅਤ ਆਪੇ ਹੀ ਠੀਕ ਹੋ ਜਾਵੇਗੀ। ਇਸ ਸਮੇਂ ਤਾਰੇ ਕਹਿਣ ਲੱਗੀ ਕਿ ਜੇਕਰ ਬੇਬੇ ਵੇਖੇਗੀ, ਤਾਂ ਕੀ ਕਹੇਗੀ, ਇਸ ਕਰਕੇ ਉਹ ਉਸ ਦੀ ਬਾਂਹ ਛੱਡ ਦੇਵੇ। ਬੰਤੇ ਨੇ ਕਿਹਾ ਕਿ ਉਹ ਤੇ ਬੇਬੇ ਦੋਵੇਂ ਉਸ ਵਲ ਹਨ। ਇਹ ਸੁਣ ਕੇ ਤਾਰੋ ਕਹਿਣ ਲੱਗੀ ਕਿ ਉਸ ਨੂੰ ਗੱਲਾਂ ਬਹੁਤ ਆਉਂਦੀਆਂ ਹਨ। ਬੰਤੇ ਨੇ ਕਿਹਾ, ਹਾਂ ਉਹ ਭੰਗੜਾ ਪਾ ਸਕਦਾ ਹੈ, ਬੋਲੀਆਂ ਪਾ ਸਕਦਾ ਹੈ ਤੇ ਰਿਕਸ਼ਾ ਚਲਾ ਸਕਦਾ ਹੈ।

ਇਸ ਪ੍ਰਕਾਰ ਤਾਰੋ ਦਾ ਰੋਸਾ ਕੁੱਝ ਘਟ ਗਿਆ ਤੇ ਉਹ ਘਰ ਵਿਚ ਰਚ-ਮਿਚ ਗਈ।

ਪ੍ਰਸ਼ਨ 34. ਬੰਤਾ ਜਦੋਂ ਤਾਰੋ ਨੂੰ ਰਾਤ ਵੇਲੇ ਆਪਣੇ ਕਮਾਏ ਪੈਸੇ ਦਿੰਦਾ, ਤਾਂ ਉਸ ਦਾ ਕੀ ਪ੍ਰਤੀਕਰਮ ਹੁੰਦਾ?

ਉੱਤਰ : ਬੰਤਾ ਚਾਹੁੰਦਾ ਸੀ ਕਿ ਉਹ ਤਾਰੋ ਦੀ ਝੋਲੀ ਰੁਪਇਆਂ ਨਾਲ ਭਰ ਦੇਵੇ। ਰਾਤ ਨੂੰ ਜਦੋਂ ਬੰਤਾ ਉਸ ਨੂੰ ਪੰਜ ਸੱਤ ਰੁਪਏ ਦਿੰਦਾ, ਤਾਂ ਉਸ ਦੇ ਮੂੰਹ ਉੱਤੇ ਖੇੜਾ ਆ ਜਾਂਦਾ ਹੈ ਤੇ ਬੰਤੇ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ। ਕਈ ਵਾਰ ਇੰਨਾ ਮੰਦਾ ਲਗਦਾ ਕਿ ਉਸ ਨੂੰ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ। ਉਸ ਦਾ ਰੋਟੀ ਖਾਣ ਨੂੰ ਵੀ ਜੀ ਨਾ ਕਰਦਾ ਤੇ ਤਾਰੋ ਉਸ ਦੇ ਥੋੜ੍ਹੇ ਪੈਸੇ ਫੜ ਕੇ ਖੜ੍ਹੀ ਦੀ ਖੜ੍ਹੀ ਰਹਿ ਜਾਂਦੀ। ਇਸ ਸਮੇਂ ਬੰਤੇ ਨੂੰ ਉਸ ਉੱਤੇ ਬੜਾ ਤਰਸ ਆਉਂਦਾ, ਪਰ ਸੋਚਦਾ ਕਿ ਇਹ ਉਸ ਦੇ ਵੱਸ ਦੀ ਗੱਲ ਨਹੀਂ।

ਪ੍ਰਸ਼ਨ 35. ਬੰਤੇ ਦੁਆਰਾ ਬਸੰਤ-ਪੰਚਮੀ ਦੇ ਦਿਨ ਬੇਬੇ ਤੇ ਤਾਰੋ ਨੂੰ ਛਿਹਰਟੇ ਗੁਰਦੁਆਰੇ ਲਿਜਾਣ ਦੀ ਘਟਨਾ ਲਿਖੋ।

ਉੱਤਰ : ਇਕ ਵਾਰੀ ਬੰਤਾ ਬਸੰਤ-ਪੰਚਮੀ ਵਾਲੇ ਦਿਨ ਤਾਰੋ ਅਤੇ ਬੇਬੇ ਨੂੰ ਰਿਕਸ਼ਾ ਉੱਪਰ ਬਿਠਾਲ ਕੇ ਛਿਹਰਟੇ ਗੁਰਦੁਆਰੇ ਵਲ ਤੁਰ ਪਿਆ। ਬੰਤੇ ਨੇ ਉਨ੍ਹਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਗਲੀ ਗੁਆਂਢ ਦੇ ਸਾਹਮਣੇ ਆਪਣੀ ਰਿਕਸ਼ਾ ਵਿਚ ਨਾ ਬਿਠਾਇਆ। ਬਹੁਤ ਸਾਰੇ ਲੋਕ ਬੱਸਾਂ ਤੇ ਸਾਈਕਲਾਂ ਆਦਿ ‘ਤੇ ਜਾ ਰਹੇ ਸਨ। ਕੋਈ ਨਾ ਕੋਈ ਰਿਕਸ਼ਾ ਵੀ ਜਾ ਰਿਹਾ ਸੀ। ਬੰਤਾ ਰਿਕਸ਼ਾ ਬਹੁਤ ਤੇਜ਼ ਚਲਾ ਰਿਹਾ ਸੀ। ਪਿੱਛੇ ਬੇਬੇ ਤੇ ਤਾਰੋ ਦੋਵੇਂ ਡਿਗਣ ਦੇ ਡਰ ਤੋਂ ਇਕ ਦੂਜੀ ਨੂੰ ਫੜ ਕੇ ਬੈਠੀਆਂ ਸਨ। ਤਾਰੋ ਬਹੁਤ ਹੀ ਡਰੀ ਹੋਈ ਸੀ ਤੇ ਬੇਬੇ ਬੰਤੇ ਨੂੰ ਰਿਕਸ਼ਾ ਹੌਲੀ ਚਲਾਉਣ ਲਈ ਕਹਿ ਰਹੀ ਸੀ। ਇਸ ਸਮੇਂ ਬੰਤੇ ਦਾ ਦਿਲ ਅਸਮਾਨ ਵਿਚ ਉੱਡਣ ਨੂੰ ਕਰਦਾ ਸੀ।

ਛਿਹਰਟੇ ਪਹੁੰਚ ਕੇ ਉਨ੍ਹਾਂ ਇੱਕ ਹਵੇਲੀ ਕੋਲ ਰਿਕਸ਼ਾ ਖੜ੍ਹੀ ਕੀਤੀ ਅਤੇ ਗੁਰਦੁਆਰੇ ਵਲ ਨੂੰ ਚਲ ਪਏ। ਬਾਹਰ ਚੱਲ ਰਹੇ ਹਲਟ ਉੱਤੇ ਹੱਥ ਪੈਰ ਧੋਤੇ ਤੇ ਗੁਰਦੁਆਰੇ ਦੇ ਅੰਦਰ ਜਾ ਕੇ ਮੱਥਾ ਟੇਕਿਆ। ਮਨ ਨੂੰ ਸ਼ਾਂਤੀ ਆ ਗਈ। ਫਿਰ ਪ੍ਰਸ਼ਾਦ ਲੈ ਕੇ ਛਕਿਆ। ਬੰਤੇ ਨੇ ਫੁੱਲਾਂ ਦਾ ਪ੍ਰਸਾਦ ਲਿਆ ਤੇ ਅੱਖਾਂ ਨੂੰ ਲਾ ਕੇ ਆਪਣੀ ਪੱਗ ਵਿਚ ਟੁੰਗ ਲਿਆ। ਗੁਰਦੁਆਰੇ ਤੋਂ ਬਾਹਰ ਨਿਕਲੇ। ਬੰਤੇ ਨੇ ਬੇਬੇ ਤੇ ਤਾਰੋ ਦਾ ਦਿੱਤਾ ਪ੍ਰਸ਼ਾਦ ਖਾਧਾ ਤੇ ਬੇਬੇ ਨੇ ਅਰਦਾਸ ਕੀਤੀ, “ਅੱਛਾ ਸੁੱਖ ਰੱਖੇ ਅਗਲੇ ਸਾਲ ਆਵਾਂਗੇ ਕਾਕੇ ਨੂੰ ਨਾਲ਼ ਲੈ ਕੇ।” ਫਿਰ ਉਨ੍ਹਾਂ ਨੇ ਪਕੌੜਿਆਂ ਤੇ ਆਚਾਰ ਨਾਲ ਰੋਟੀਆਂ ਖਾਧੀਆਂ। ਬੰਤਾ ਨੇੜੇ ਹੀ ਸੌਂ ਗਿਆ ਤੇ ਬੇਬੇ ਤੇ ਤਾਰੋ ਆਪਸ ਵਿਚ ਗੱਲਾਂ ਕਰਦੀਆਂ ਰਹੀਆਂ।

ਪ੍ਰਸ਼ਨ 36. ਜਦੋਂ ਬੰਤਾ ਤਾਰੋ ਤੇ ਬੇਬੇ ਦੇ ਕਲੇਸ਼ ਦਾ ਕਾਰਨ ਪੈਸੇ ਦੀ ਤੰਗੀ ਸਮਝਦਾ ਹੈ, ਤਾਂ ਉਸ ਨੂੰ ਕਿਸ ਤਰ੍ਹਾਂ ਦੇ ਕੰਮ ਕਰਨ ਵਾਲੇ ਰਿਕਸ਼ੇ ਵਾਲਿਆਂ ਦੀ ਯਾਦ ਆਉਂਦੀ ਹੈ?

ਉੱਤਰ : ਬੰਤੇ ਨੂੰ ਜਾਪਦਾ ਹੈ ਕਿ ਉਸ ਦੀ ਬੇਬੇ ਤੇ ਪਤਨੀ ਤਾਰੋ ਵਿਚ ਕਲੇਸ਼ ਰਹਿਣ ਦਾ ਕਾਰਨ ਪੈਸੇ ਦੀ ਤੰਗੀ ਹੈ। ਉਹ ਸੋਚਦਾ ਹੈ ਕਿ ਉਸ ਦਾ ਹੱਥ ਸੌਖਾ ਹੋਣ ਨਾਲ ਘਰ ਦੇ ਸਾਰੇ ਕਲੇਸ਼ ਦੂਰ ਹੋ ਜਾਣਗੇ। ਉਸ ਨੂੰ ਖ਼ਿਆਲ ਆਉਂਦਾ ਹੈ ਕਿ ਕਮਾਈ ਕਰਨ ਦੇ ਹੋਰ ਸਾਧਨ ਵੀ ਹਨ, ਜਿਵੇਂ ਫੱਤੂ ਰਿਕਸ਼ਾ ਵਾਲਾ ਅਫੀਮ ਵੇਚਦਾ ਹੈ ਤੇ ਨੱਥੂ ਸਵਾਰੀਆਂ ਦਾ ਸਮਾਨ ਚੁਰਾ ਲੈਂਦਾ ਹੈ। ਪਰ ਬੰਤਾ ਅਜਿਹੇ ਕੰਮਾਂ ਨੂੰ ਘਟੀਆ ਤੇ ਨਮੋਸ਼ੀ ਵਾਲੇ ਸਮਝਦਾ ਹੈ। ਫਿਰ ਉਸ ਨੂੰ ਕਿਸ਼ਨੇ ਵਰਗਾ ਚੰਗਾ ਬੰਦਾ ਯਾਦ ਆਉਂਦਾ ਹੈ, ਜੋ ਕਿ ਸਵਾਰੀਆਂ ਦੀਆਂ ਭੁੱਲੀਆਂ ਚੀਜ਼ਾਂ ਵੀ ਵਾਪਸ ਕਰ ਦਿੰਦਾ ਹੈ। ਇਕ ਵਾਰ ਉਸ ਨੇ ਇਕ ਪਰਿਵਾਰ ਦਾ ਭੁੱਲਾ ਹੋਇਆ ਪਰਸ ਵਾਪਸ ਕਰ ਦਿੱਤਾ, ਜਿਸ ਵਿਚ ਗਹਿਣਿਆਂ ਦੀ ਪੋਟਲੀ ਸੀ।

ਪ੍ਰਸ਼ਨ 37. ਬੰਤੇ ਤੇ ਤਾਰੋ ਵਿਚ ਤਲਖ਼-ਕਲਾਮੀ ਕਿਉਂ ਹੋਈ ਤੇ ਉਸ ਦਾ ਨਤੀਜਾ ਕੀ ਨਿਕਲਿਆ?

ਉੱਤਰ : ਬੰਤੇ ਨੂੰ ਯਾਦ ਆਇਆ ਕਿ ਇਕ ਵਾਰ ਜਦੋਂ ਮੀਂਹ ਵਾਲੇ ਦਿਨ ਉਹ ਥੱਕ ਟੁੱਟ ਕੇ ਘਰ ਪੁੱਜਾ, ਤਾਂ ਉਹ ਬੁਰੀ ਤਰ੍ਹਾਂ ਭਿੱਜਾ ਹੋਇਆ ਸੀ। ਉਸ ਨੂੰ ਕਾਂਬਾ ਛਿੜਿਆ ਹੋਇਆ ਸੀ। ਇਸ ਦਿਨ ਉਸ ਨੂੰ ਕੋਈ ਸਵਾਰੀ ਨਾ ਮਿਲੀ। ਤਾਰੋ ਅਫ਼ਸੋਸੀ ਜਿਹੀ ਬੈਠੀ ਸੀ। ਉਸ ਨੇ ਅਜੇ ਚੁੱਲ੍ਹੇ ਵਿਚ ਅੱਗ ਵੀ ਨਹੀਂ ਸੀ ਬਾਲੀ। ਬੰਤੇ ਨੇ ਉਸ ਨੂੰ ਚਾਹ ਬਣਾ ਕੇ ਦੇਣ ਲਈ ਕਿਹਾ। ਤਾਰੋ ਨੇ ਕਿਹਾ ਕਿ ਜੱਸੀ ਦਾ ਵਿਆਹ ਅਗਲੇ ਮਹੀਨੇ ਦਾ ਹੈ, ਪਰ ਉਹ ਨਹੀਂ ਜਾਵੇਗੀ, ਕਿਉਂਕਿ ਖ਼ਰਚ ਉਸ ਨੂੰ ਸਾਹ ਨਹੀਂ ਲੈਣ ਦਿੰਦਾ। ਤਾਰੋ ਨੇ ਕਿਹਾ ਕਿ ਉਨ੍ਹਾਂ ਦੇ ਘਰ ਨਾ ਕੱਪੜਾ ਹੈ ਨਾ ਹੀ ਪੈਸੇ, ਫਿਰ ਭੈਣਾਂ ਦੇ ਵਿਆਹਾਂ ਦਾ ਕਰਜ਼ਾ ਉਨ੍ਹਾਂ ਦੇ ਸਿਰ ਉੱਪਰ ਖੜ੍ਹਾ ਹੈ। ਬੰਤੇ ਨੇ ਕਿਹਾ ਕਿ ਉਹ ਕਰਜ਼ਾ ਉਤਾਰ ਦੇਵੇਗਾ, ਪਰ ਉਹ ਉਸ ਦੇ ਭਰਾਵਾਂ ਤੋਂ ਕੁੱਝ ਨਹੀਂ ਮੰਗਦਾ। ਇਸ ਗੱਲ ਤੇ ਤਾਰੋ ਤੇ ਬੰਤੇ ਵਿਚਕਾਰ ਤਲਖ-ਕਲਾਮੀ ਹੋ ਗਈ ਹੈ ਤੇ ਬੰਤੇ ਨੇ ਉਸ ਦੀ ਪਿੱਠ ਤੇ ਦੋ ਚਾਰ ਧੱਫੇ ਮਾਰ ਦਿੱਤੇ। ਬੱਚੇ ਰੋਣ ਲੱਗ ਪਏ। ਤਾਰੋ ਡੁਸਕਣ ਲੱਗ ਪਈ। ਇਸ ਤੋਂ ਪਿੱਛੋਂ ਬੰਤਾ ਘਰੋਂ ਬਾਹਰ ਨਿਕਲ ਗਿਆ। ਇਸ ਘਟਨਾ ਨੂੰ ਕਈ ਸਾਲ ਬੀਤ ਗਏ ਸਨ, ਪਰ ਤਾਰੋ ਦੇ ਦਿਲ ਵਿਚ ਜਿਹੜੀ ਗੰਢ ਬੱਝ ਚੁੱਕੀ ਸੀ, ਉਹ ਕਦੇ ਨਾ ਖੁੱਲ੍ਹੀ ਤੇ ਬੰਤਾ ਵੀ ਉਸ ਨੂੰ ‘ਤਾਰੋ’ ਦੀ ਥਾਂ ‘ਭਲੀ ਲੋਕ’ ਕਹਿ ਕੇ ਹੀ ਬੁਲਾਉਂਦਾ।

ਪ੍ਰਸ਼ਨ 38. ਜਦੋਂ ਬੰਤੇ ਨੇ ਦਿਆਲੇ ਨੂੰ ਤਾਰੇ ਨਾਲ ਆਪਣੇ ਝਗੜੇ ਬਾਰੇ ਦੱਸਿਆ, ਤਾਂ ਉਸ ਦਾ ਕੀ ਪ੍ਰਤੀਕਰਮ ਸੀ?

ਉੱਤਰ : ਜਦੋਂ ਬੰਤੇ ਨੇ ਦਿਆਲੇ ਨੂੰ ਤਾਰੋ ਨਾਲ ਹੋਏ ਆਪਣੇ ਝਗੜੇ ਬਾਰੇ ਦੱਸਿਆ, ਤਾਂ ਦਿਆਲਾ ਇਸ ਨੂੰ ਮਾਮੂਲੀ ਗੱਲ ਕਰਾਰ ਦਿੰਦਾ ਹੈ। ਬੰਤੇ ਦੇ ਪੁੱਛਣ ਤੇ ਦਿਆਲਾ ਦੱਸਦਾ ਹੈ ਕਿ ਉਹ ਵੀ ਕਦੇ ਕਦਾਈ ਆਪਣੀ ਜਨਾਨੀ ਨੂੰ ਕੁੱਟ ਲੈਂਦਾ ਹੈ। ਬੰਤਾ ਇਸ ਗੱਲ ਨੂੰ ਚੰਗੀ ਨਹੀਂ ਕਹਿੰਦਾ। ਦਿਆਲਾ ਕਹਿੰਦਾ ਹੈ ਕਿ ਇਸੇ ਕਰਕੇ ਉਸ ਦੀ ਜ਼ਨਾਨੀ ਪੇਕਿਆਂ ਦੇ ਰਹਿੰਦੀ ਹੈ। ਉਹ ਵੀ ਇਸ ਦਾ ਕਾਰਨ ਗ਼ਰੀਬੀ ਹੀ ਸਮਝਦਾ ਹੈ।

ਪ੍ਰਸ਼ਨ 39. ਜਦੋਂ ਤਾਰੋ ਵਿਆਹੀ ਆਈ ਸੀ, ਉਦੋਂ ਉਹ ਕਿਹੋ ਜਿਹੀ ਸੀ?

ਉੱਤਰ : ਜਦੋਂ ਤਾਰੋ ਵਿਆਹੀ ਆਈ ਸੀ, ਉਦੋਂ ਉਹ ਬਹੁਤ ਸੋਹਣੀ ਸੀ। ਉਸ ਦਾ ਮੂੰਹ ਭੋਲਾ ਜਿਹਾ ਸੀ ਤੇ ਉਸ ਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ। ਬੰਤੇ ਨੇ ਤਾਰੋ ਨੂੰ ਪ੍ਰਾਪਤ ਕਰ ਕੇ ਆਪਣੇ ਆਪ ਨੂੰ ਕਿਸਮਤ ਵਾਲਾਂ ਖ਼ਿਆਲ ਕੀਤਾ ਸੀ। ਉਸ ਦੀ ਇਕ ਭਰਜਾਈ ਨੇ ਉਸ ਨੂੰ ਕਿਹਾ ਸੀ, ਬੰਤਿਆ, ਧੋ ਕੇ ਲਾਈਂ ਹੱਥ ਆਪਣੀ ਵਹੁਟੀ ਨੂੰ, ਮੈਲੀ ਈ ਨਾ ਹੋ ਜਾਏ ਕਿਤੇ।” ਅਗਲੇ ਦਿਨ ਸਵੇਰੇ ਜਦੋਂ ਉਹ ਨਵੇਂ ਕੱਪੜੇ ਪਾ ਕੇ ਗੁਰਦੁਆਰੇ ਜਾਣ ਲਈ ਤਿਆਰ ਹੋਈ, ਤਾਂ ਉਸ ਦਾ ਰੂਪ ਡੁਲ੍ਹ-ਡੁਲ੍ਹ ਪੈ ਰਿਹਾ ਸੀ, ਪਰ ਹੁਣ ਉਹ ਪਹਿਲਾਂ ਵਰਗੀ ਨਹੀਂ ਸੀ ਰਹੀ।

ਪ੍ਰਸ਼ਨ 40. ਦਿਆਲਾ ਬੰਤੇ ਨੂੰ ਇਸਤਰੀ ਪ੍ਰੋਫ਼ੈਸਰ ਬਾਰੇ ਕੀ ਦੱਸਦਾ ਹੈ?

ਉੱਤਰ : ਦਿਆਲਾ ਬੰਤੇ ਨੂੰ ਦੱਸਦਾ ਹੈ ਕਿ ਉਹ ਖ਼ਾਲਸਾ ਕਾਲਜ ਤੋਂ ਇਕ ਇਸਤਰੀ ਪ੍ਰੋਫੈਸਰ ਦੀ ਸਵਾਰੀ ਪਰਲੀ ਗਲੀ ਵਿਚ ਛੱਡ ਕੇ ਆਇਆ ਹੈ। ਉਹ ਦੱਸਦਾ ਹੈ ਕਿ ਉਸ ਦੇ ਦੋ ਨਿਆਣੇ ਹਨ, ਪਰ ਉਹ ਬੱਚਿਆਂ ਦੀ ਮਾਂ ਲਗਦੀ ਨਹੀਂ। ਦੋਵੇਂ ਇਸ ਗੱਲ ਨਾਲ ਸਹਿਮਤ ਹਨ। ਉਸ ਦੀ ਸਿਹਤ ਦਾ ਕਾਰਨ ਉਸ ਦਾ ਆਪਣਾ ਕਮਾਊ ਹੋਣਾ ਹੈ। ਦਿਆਲਾ ਦੱਸਦਾ ਹੈ ਕਿ ਉਹ ਉਸ ਦੀ ਸਵਾਰੀ ਲਿਜਾਂਦਿਆਂ ਤੇ ਲਿਆਉਂਦਿਆਂ ਬਹੁਤ ਖ਼ੁਸ਼ ਹੁੰਦਾ ਹੈ।

ਪ੍ਰਸ਼ਨ 41. ਸਟੇਸ਼ਨ ਤੋਂ ਅੱਖਾਂ ਦੇ ਹਸਪਤਾਲ ਜਾਣ ਵਾਲੇ ਬੁੱਢੇ ਤੇ ਬੰਤੇ ਵਿਚਕਾਰ ਕੀ ਗੱਲ-ਬਾਤ ਹੁੰਦੀ ਹੈ?

ਉੱਤਰ : ਬੁੱਢਾ ਸਟੇਸ਼ਨ ਤੋਂ ਬੰਤੇ ਦੇ ਰਿਕਸ਼ੇ ਵਿਚ ਬੈਠਦਾ ਹੈ । ਉਸ ਨੇ ਅੱਖਾਂ ਦੇ ਹਸਪਤਾਲ ਜਾਣਾ ਸੀ। ਉਹ ਬੁੱਢਾ ਉਸ ਨੂੰ ਦੱਸਦਾ ਹੈ ਕਿ ਹਸਪਤਾਲ ਵਿਚ ਉਸ ਦੀ ਤੀਵੀਂ ਨੇ ਅੱਖਾਂ ਬਣਵਾਈਆਂ ਹਨ। ਉਹ ਬੰਤੇ ਨੂੰ ਸੰਭਲ ਕੇ ਰਿਕਸ਼ਾ ਚਲਾਉਣ ਲਈ ਕਹਿੰਦਾ ਹੈ। ਉਹ ਦੱਸਦਾ ਹੈ ਕਿ ਡਾਕਟਰ ਕਹਿੰਦਾ ਹੈ, ਉਸ ਦੀਆਂ ਅੱਖਾਂ ਠੀਕ ਬਣ ਗਈਆਂ ਹਨ। ਫਿਰ ਉਹ ਦੱਸਦਾ ਹੈ ਕਿ ਡਾਕਟਰ ਬੜਾ ਚੰਗਾ ਹੈ। ਪਰ ਉੱਪਰਲੇ ਕੰਮ ਕਰਨ ਵਾਲੇ ਮੁੱਠੀ ਗਰਮ ਕੀਤੇ ਬਿਨਾਂ ਕੰਮ ਨਹੀਂ ਕਰਦੇ। ਬੰਤਾ ਇਸ ਗੱਲ ਨੂੰ ਮਾੜੀ ਗੱਲ ਕਹਿੰਦਾ ਰਹਿੰਦਾ ਹੈ। ਬੁੱਢਾ ਦੱਸਦਾ ਹੈ ਕਿ ਪਿੰਡਾਂ ਵਾਲਿਆਂ ਨੂੰ ਤਾਂ ਕੋਈ ਕੁੱਝ ਸਮਝਦਾ ਹੀ ਨਹੀਂ, ਸਗੋਂ ਸਭ ਟਿਚਰਾਂ ਕਰਦੇ ਹਨ।

ਪ੍ਰਸ਼ਨ 42. ਅੱਖਾਂ ਦੇ ਹਸਪਤਾਲ ਲਾਰੰਸ ਰੋਡ ‘ਤੇ ਜਾਣ ਵਾਲੇ ਪਤੀ-ਪਤਨੀ ਵਿਚਕਾਰ ਕਿਹੋ-ਜਿਹੀਆਂ ਗੱਲਾਂ ਹੁੰਦੀਆਂ ਹਨ?

ਉੱਤਰ : ਅੱਖਾਂ ਦੇ ਹਸਪਤਾਲ ਤੋਂ ਬੰਤੇ ਦੇ ਰਿਕਸ਼ੇ ਵਿਚ ਲਾਰੰਸ ਰੋਡ ਜਾਣ ਵਾਲੇ ਪਤੀ-ਪਤਨੀ ਸਵਾਰ ਹੁੰਦੇ ਹਨ। ਇਸਤਰੀ ਦੇ ਨਾਲ ਦਾ ਆਦਮੀ ਵਡੇਰੀ ਉਮਰ ਦਾ ਸੀ ਤੇ ਉਹ ਆਪ ਕੁੜੀ ਜਿਹੀ ਸੀ। ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਕਿ ਉਹ ਚੰਗਾ ਪਾਇਆ-ਹੰਢਾਇਆ ਕਰੇ ਤੇ ਬੱਚਿਆਂ ਨਾਲ ਖੇਡਿਆ ਕਰੇ, ਪਰ ਉਹ ਕਹਿੰਦੀ ਹੈ ਕਿ ਉਸ ਜਿੱਡੀ ਤਾਂ ਉਸ ਦੀ ਧੀ ਕੁਸਮ ਹੈ।

ਉਸ ਨੂੰ ਬੜੀ ਸ਼ਰਮ ਆਉਂਦੀ ਹੈ, ਜਦੋਂ ਉਹ ਉਸ ਨੂੰ ‘ਮੰਮੀ ਜੀ’ ਆਖਦੀ ਹੈ। ਉਹ ਕਹਿੰਦੀ ਹੈ ਕਿ ਰਾਜੂ ਵੀ ਕਾਫ਼ੀ ਵੱਡਾ ਹੋਈ ਜਾ ਰਿਹਾ ਹੈ, ਜਦੋਂ ਉਹ ਸਕੂਟਰ ਚਲਾਉਂਦਾ ਹੈ, ਤਾਂ ਉਹ ਪਿੱਛੋਂ ਡਿਗਣ ਨੂੰ ਕਰਦੀ ਹੈ। ਪਤੀ ਕਹਿੰਦਾ ਹੈ ਕਿ ਉਹ ਹਮੇਸ਼ਾਂ ਕਾਰ ਵਿਚ ਬੈਠਿਆ ਕਰੇ। ਪਰ ਉਹ ਕਹਿੰਦੀ ਹੈ ਕਿ ਕਾਰ ਭਾਵੇਂ ਖੜ੍ਹੀ ਹੋਵੇ, ਪਰ ਉਹ ਉਸ ਨੂੰ ਸਕੂਟਰ ਉੱਪਰ ਬਿਠਾ ਕੇ ਹੀ ਲਿਜਾਂਦਾ ਹੈ। ਵਿਆਹ ਹੋਇਆ ਤਿੰਨ ਸਾਲ ਹੋ ਗਏ ਹਨ, ਪਰ ਉਸ ਦਾ ਮੰਮੀ ਨੂੰ ਸਕੂਟਰ ਪਿੱਛੇ ਬਿਠਾ ਕੇ ਘੁੰਮਾਉਣ ਦਾ ਚਾਅ ਨਹੀਂ ਲੱਥਾ। ਉਸ ਦਾ ਪਤੀ ਦੱਸਦਾ ਹੈ ਕਿ ਉਸ ਨੇ ਉਸ ਲਈ ਬੰਬਈ ਤੋਂ ਨੈਕਲਸ ਮੰਗਵਾਇਆ ਹੈ ਤੇ ਨਾਲੇ ਉਹ ਗਰਮੀਆਂ ਕੱਟਣ ਲਈ ਸ਼ਿਮਲੇ ਵਿਚ ਇਕ ਕੋਠੀ ਦੀ ਗੱਲ-ਬਾਤ ਕਰ ਰਿਹਾ ਹੈ। ਬੰਤਾ ਸਭ ਕੁੱਝ ਸੁਣ ਰਿਹਾ ਸੀ।

ਪ੍ਰਸ਼ਨ 43. ਬੰਤੇ ਨੂੰ ਅੱਗ ਸੇਕ ਰਿਹਾ ਖ਼ਾਨ ਆਪਣੇ ਬਾਰੇ ਤੇ ਆਪਣੇ ਦੇਸ਼ ਬਾਰੇ ਕੀ ਦੱਸਦਾ ਹੈ?

ਉੱਤਰ : ਖ਼ਾਨ ਕਸ਼ਮੀਰੀਆ ਹੈ। ਬੰਤੇ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਉਸ ਦੇ ਦੇਸ਼ ਵਿਚ ਬਰਫ਼ ਰਾਤ-ਦਿਨ ਪੈਂਦੀ ਹੈ, ਪਰ ਕੰਮ ਸਾਰੇ ਹੀ ਹੁੰਦੇ ਹਨ। ਉਹ ਦੱਸਦਾ ਹੈ ਕਿ ਬਰਫ਼ ਰੂੰ ਵਰਗੀ ਨਰਮ-ਨਰਮ ਹੁੰਦੀ ਹੈ। ਖ਼ਾਨ ਆਪਣੇ ਬਾਰੇ ਦੱਸਦਾ ਹੈ ਕਿ ਉਹ ਸ਼ਹਿਰ ਵਿਚ ਲਾਲਿਆਂ ਦੇ ਠੇਲ੍ਹੇ ਚਲਾਉਂਦਾ ਹੈ। ਉਹ ਗਰਮੀਆਂ ਵਿਚ ਪੈਸੇ ਆਪਣੇ ਘਰ ਲੈ ਕੇ ਜਾਵੇਗਾ। ਉਹ ਦੱਸਦਾ ਹੈ ਕਿ ਉਸ ਦੇ ਭਰਾ ਖੇਤਾਂ ਵਿਚ ਕੰਮ ਕਰਦੇ ਹਨ, ਪਤਨੀ ਵੀ ਮਜ਼ਦੂਰੀ ਕਰ ਲੈਂਦੀ ਹੈ ਤੇ ਉਹ ਇੱਥੇ ਕਮਾਈ ਕਰਦਾ ਹੈ।

ਪ੍ਰਸ਼ਨ 44. ਗਰੀਨ ਐਵਨਿਊ ਜਾਣ ਵਾਲੇ ਪਿਓ-ਪੁੱਤਰ ਵਿਚੋਂ ਪਿਓ ਪੁੱਤਰ ਨੂੰ ਆਪਣੀ ਪੇਟ ਗੈਸ ਦੀ ਦਵਾਈ ਬਾਰੇ ਕੀ ਕਹਿੰਦਾ ਹੈ?

ਉੱਤਰ : ਗਰੀਨ ਐਵਨਿਊ ਜਾਣ ਲਈ ਬੰਤੇ ਦੇ ਰਿਕਸ਼ੇ ਵਿਚ ਬੈਠੇ ਪਿਓ-ਪੁੱਤਰ ਵਿਚੋਂ ਪਿਓ ਪੁੱਤਰ ਨੂੰ ਕਹਿੰਦਾ ਹੈ ਕਿ ਉਹ ਆਪਣੀ ਦਵਾਈ ਦੁਕਾਨ ‘ਤੇ ਹੀ ਭੁੱਲ ਆਇਆ ਹੈ, ਜਿਹੜੀ ਉਸ ਨੇ ਡਕਾਰ ਹਟਾਉਣ ਲਈ ਵੈਦ ਹੋਰਾਂ ਪਾਸੋਂ ਲਈ ਸੀ। ਉਹ ਦੱਸਦਾ ਹੈ ਕਿ ਡਾਕਟਰ ਦੀ ਦੁਆਈ ਤੇ ਦੁਸ਼ਾਂਦਿਆਂ ਨਾਲ ਕੁੱਝ ਨਹੀਂ ਬਣਦਾ। ਫਿਰ ਉਹ ਕਹਿੰਦਾ ਹੈ ਕਿ ਉਸ ਨੂੰ ਪਤਾ ਲੱਗਾ ਹੈ ਕਿ ਦਿੱਲੀ ਦਾ ਇਕ ਡਾਕਟਰ ਪੇਟ ਦੀ ਗੈਸ ਦਾ ਇਲਾਜ ਕਰਦਾ ਹੈ। ਉਹ ਹੁਣ ਉਸ ਦੇ ਕੋਲ ਜਾਵੇਗਾ।

ਪ੍ਰਸ਼ਨ 45. ਰਾਤ ਨੂੰ ਗਰੀਨ ਐਵਨਿਊ ਵਿਚ ਕਿੰਨੀ ਕੁ ਠੰਢ ਸੀ ਤੇ ਬੰਤੇ ਨੇ ਕਿਹੋ-ਜਿਹੇ ਕੱਪੜੇ ਪਾਏ ਹੋਏ ਹਨ?

ਉੱਤਰ : ਗਰੀਨ ਐਵਨਿਊ ਵਿਚ ਧੁੰਦ ਬਹੁਤ ਜ਼ਿਆਦਾ ਗਾੜ੍ਹੀ ਸੀ ਤੇ ਹਵਾ ਵੀ ਕਾਫ਼ੀ ਸੀ ਤੇ ਉਹ ਬੰਤੇ ਦੇ ਸਰੀਰ ਵਿਚ ਵੜਦੀ ਜਾ ਰਹੀ ਸੀ। ਉਸ ਨੇ ਫਤੂਹੀ ਕੁੜਤੇ ਸਵੈਟਰ ਤੋਂ ਇਲਾਵਾ ਕੋਟ ਵੀ ਪਾਇਆ ਹੋਇਆ ਸੀ। ਸਵੈਟਰ ਭਾਵੇਂ ਕਾਫ਼ੀ ਪਾਟਾ ਹੋਇਆ ਸੀ, ਪਰ ਉਸ ਦਾ ਕੋਟ ਅਜੇ ਚੰਗਾ ਸੀ।


ਪ੍ਰਸ਼ਨ ਉੱਤਰ : ਇਕ ਹੋਰ ਨਵਾਂ ਸਾਲ