CBSEEducationNCERT class 10thPunjab School Education Board(PSEB)

ਇਕ ਹੋਰ ਨਵਾਂ ਸਾਲ : ਤਾਰੋ


ਪਾਤਰ ਚਿਤਰਨ : ਤਾਰੋ


ਪ੍ਰਸ਼ਨ. ਤਾਰੋ ਦਾ ਚਰਿੱਤਰ ਚਿਤਰਨ ਕਰੋ ।

ਉੱਤਰ : ਤਾਰੋ ‘ਇਕ ਹੋਰ ਨਵਾਂ ਸਾਲ ਨਾਵਲ ਦੇ ਮੁੱਖ ਪਾਤਰ ਬੰਤੇ ਦੀ ਪਤਨੀ ਹੈ। ਉਸ ਦਾ ਇਕ ਪੁੱਤਰ ਤੇ ਦੋ ਧੀਆਂ ਹਨ। ਪੁੱਤਰ ਦਾ ਨਾਂ ਫੁੰਮਣ ਹੈ। ਉਹ ਕੱਚੀ-ਪੱਕੀ ਪੜ੍ਹੀ ਹੋਈ ਹੈ। ਉਹ ਬੰਤੇ ਦੀ ਮਾਮੀ ਦੀ ਭਤੀਜੀ ਸੀ। ਬਾਪੂ ਦੇ ਮਰਨ ਮਗਰੋਂ ਮਾਂ ਦੇ ਜ਼ੋਰ ਦੇਣ ਤੇ ਬੰਤੇ ਦਾ ਤਾਰੋ ਨਾਲ ਵਿਆਹ ਹੋ ਗਿਆ। ਤਾਰੋ ਜਦੋਂ ਵਿਆਹੀ ਆਈ ਸੀ, ਉਦੋਂ ਉਹ ਬਹੁਤ ਸੋਹਣੀ ਸੀ। ਉਸ ਦਾ ਰੰਗ ਭਾਵੇਂ ਸੌਲਾ ਸੀ, ਪਰ ਨੈਣ-ਨਕਸ਼ ਤਿੱਖੇ ਸਨ। ਉਸ ਦਾ ਮੂੰਹ ਭੋਲਾ ਜਿਹਾ ਸੀ ਅਤੇ ਉਸ ਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ। ਬੰਤਾ ਤਾਰੋ ਵਰਗੀ ਸੋਹਣੀ ਕੁੜੀ ਪ੍ਰਾਪਤ ਕਰ ਕੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਸੀ। ਉਸ ਦੀ ਬੰਤੇ ਦੀ ਮਾਂ ਨਾਲ ਨਹੀਂ ਬਣਦੀ, ਜਿਸ ਕਰਕੇ ਉਹ ਅਲੱਗ ਪਿੰਡ ਵਿਚ ਰਹਿੰਦੀ ਹੈ। ਆਪਣੇ ਵੱਡੇ ਪੁੱਤਰ ਫੁੰਮਣ ਦੇ ਜਨਮ ਪਿੱਛੋਂ ਉਸ ਦੀ ਸਿਹਤ ਖ਼ਰਾਬ ਰਹਿੰਦੀ ਹੈ, ਜਿਸ ਦਾ ਬੰਤੇ ਨੂੰ ਬਹੁਤ ਫ਼ਿਕਰ ਰਹਿੰਦਾ ਹੈ।

ਜ਼ਿੰਮੇਵਾਰ ਗ੍ਰਹਿਸਥਣ : ਉਹ ਤਿੰਨ ਬੱਚੇ ਵੀ ਪਾਲਦੀ ਹੈ ਤੇ ਨਾਲ ਹੀ ਦੋ ਵੇਲੇ ਇਕ ਸਕੂਲ ਮਾਸਟਰ ਦੇ ਘਰ ਕੰਮ ਕਰਨ ਜਾਂਦੀ ਹੈ। ਬੰਤਾ ਉਸ ਨੂੰ ਰੋਕਦਾ ਹੈ, ਪਰ ਉਹ ਉਸ ਦੀ ਗੱਲ ਨਹੀਂ ਮੰਨਦੀ ਤੇ ਕਹਿੰਦੀ ਹੈ, ‘ਹੁਣ ਜੇ ਕੁੱਝ ਨਾ ਕੁੱਝ ਲਿਆਉਂਦੀ ਆਂ, ਤਾਂ ਵੀ ਗੁਜ਼ਾਰਾ ਨਹੀਂ ਹੁੰਦਾ, ਜੇ ਬਿਲਕੁਲ ਹੀ ਕੁੱਝ ਨਾ ਆਇਆ, ਤਾਂ ਝੱਟ ਕਿਵੇਂ ਲੰਘੇਗਾ।”

ਮਾਨਸਿਕ ਸਦਮੇ ਦੀ ਸ਼ਿਕਾਰ : ਵਿਆਹ ਤੋਂ ਪਿੱਛੋਂ ਉਸ ਨੂੰ ਛੇਤੀ ਹੀ ਇਹ ਦੇਖ ਕੇ ਸਦਮਾ ਲੱਗਾ ਕਿ ਉਹ ਲੁੱਟੀ-ਪੁੱਟੀ ਗਈ ਹੈ। ਅਸਲ ਵਿਚ ਬੰਤੇ ਦੀ ਮਾਂ ਨੇ ਉਸ ਨੂੰ ਦੱਸੇ ਬਿਨਾਂ ਉਸ ਦੇ ਦਾਜ ਵਾਲੇ ਟਰੰਕ ਵਿਚੋਂ ਕੱਪੜੇ ਆਦਿ ਕੱਢ ਕੇ ਆਪਣੀਆਂ ਧੀਆਂ ਨੂੰ ਦੇ ਦਿੱਤੇ ਸਨ। ਆਪਣੇ ਟਰੰਕ ਨੂੰ ਖ਼ਾਲੀ ਦੇਖ ਕੇ ਉਹ ਕਈ ਦਿਨ ਰੋਂਦੀ ਰਹੀ। ਬੰਤੇ ਦੇ ਸਮਝਾਉਣ ਦੇ ਬਾਵਜੂਦ ਉਸ ਨੇ ਲੰਮਾ ਸਮਾਂ ਇਹ ਗੱਲ ਨਾ ਛੱਡੀ ਤੇ ਉਸ ਦਾ ਮੂੰਹ ਘੁੱਟਿਆ-ਘੁੱਟਿਆ ਰਹਿਣ ਲੱਗਾ, ਜੋ ਬੰਤੇ ਨੂੰ ਪਸੰਦ ਨਹੀਂ ਸੀ। ਉਹ ਉਸ ਨੂੰ ਹੱਸਦੀ ਵੇਖਣ ਲਈ ਤਰਸਦਾ ਰਹਿੰਦਾ ਸੀ। ਉਸ ਨੂੰ ਬੰਤੇ ਸਿਰ ਚੜ੍ਹੇ ਕਰਜ਼ੇ ਦਾ ਵੀ ਬੜਾ ਦੁੱਖ ਤੇ ਰੋਸ ਸੀ। ਇਸੇ ਗੱਲ ਤੋਂ ਹੋਈ ਖਹਿਬੜ ਕਾਰਨ ਇਕ ਦਿਨ ਬੰਤੇ ਨੇ ਉਸ ਦੇ ਦੋ-ਤਿੰਨ ਧੱਫੇ ਮਾਰ ਦਿੱਤੇ। ਬੰਤਾ ਮਹਿਸੂਸ ਕਰਦਾ ਹੈ ਕਿ ਉਸ ਨੇ ਉਸ ਤੋਂ ਮਗਰੋਂ ਉਸ ਦੇ ਚਿਹਰੇ ‘ਤੇ ਕਦੇ ਖ਼ੁਸ਼ੀ ਨਹੀਂ ਦੇਖੀ। ਬੰਤੇ ਨੂੰ ਜਾਪਦਾ ਸੀ ਕਿ ਉਸ ਨੇ ਉਸ ਨੂੰ ਕਦੇ ਮਾਫ਼ ਨਹੀਂ ਸੀ ਕੀਤਾ।

ਉਦਾਸ ਤੇ ਚੁੱਪ ਰਹਿਣ ਵਾਲੀ : ਤਾਰੋ ਕਦੇ ਗੱਲ-ਗੱਲ ‘ਤੇ ਹੱਸਦੀ ਹੁੰਦੀ ਸੀ, ਪਰ ਹੁਣ ਬੰਤੇ ਨੂੰ ਇੰਝ ਜਾਪਦਾ ਸੀ, ਜਿਵੇਂ ਉਸ ਨੂੰ ਹੱਸਣਾ ਭੁੱਲ ਹੀ ਗਿਆ ਹੋਵੇ। ਇਸ ਦਾ ਆਰੰਭ ਅਸਲ ਵਿੱਚ ਬੰਤੇ ਦੁਆਰਾ ਉਸ ਦੇ ਧੱਫੇ ਮਾਰਨ ਦੇ ਦਿਨ ਤੋਂ ਹੋਇਆ ਸੀ। ਬੰਤੇ ਨੂੰ ਉਸ ਦੀ ਉਦਾਸੀ ਦਾ ਬਹੁਤ ਫ਼ਿਕਰ ਰਹਿੰਦਾ ਹੈ। ਉਹ ਸੋਚਦਾ ਹੈ,”………………. ਇਹ ਜਦੋਂ ਹੱਸਦੀ ਵੀ ਐ, ਤਾਂ ਇਸ ਦੀਆ ਅੱਖਾਂ ਵਿਚੋਂ ਉਦਾਸੀ ਕਿਉਂ ਨਹੀਂ ਜਾਂਦੀ ਭਲਾ? ਕੀ ਦੁੱਖ ਹੈ, ਇਸ ਨੂੰ? ਦੱਸਦੀ ਕਿਉਂ ਨਹੀਂ ਮੈਨੂੰ ਕੁੱਝ?…….. ਇਸ ਦਾ ਚੁੱਪ-ਚੁੱਪ ਰਹਿਣਾ ਮੈਨੂੰ ਉੱਕਾ ਈ ਚੰਗਾ ਨਹੀਂ ਲਗਦਾ। ਬੰਤਾ ਸਮਝਦਾ ਸੀ ਕਿ ਇਸ ਦਾ ਅਸਲ ਕਾਰਨ ਘਰ ਦੀ ਗ਼ਰੀਬੀ ਹੈ। ਬੰਤਾ ਦੱਸਦਾ ਹੈ ਕਿ ਜਦੋਂ ਉਹ ਸ਼ਾਮ ਨੂੰ ਵੱਧ ਪੈਸੇ ਲਿਆ ਕੇ ਉਸ ਦੇ ਹੱਥ ਉੱਤੇ ਰੱਖਦਾ, ਤਾਂ ਉਸ ਦੇ ਮੂੰਹ ਉੱਤੇ ਖੇੜਾ ਆ ਜਾਂਦਾ, ਪਰ ਜੇਕਰ ਉਹ ਪੈਸੇ ਘੱਟ ਲਿਆਉਂਦਾ, ਤਾਂ ਉਹ ਖੜੀ ਦੀ ਖੜੀ ਰਹਿ ਜਾਂਦੀ। ਇਸ ਵੇਲੇ ਤਾਰੋ ਉਸ ਨੂੰ ਇਕ ਦਮ ਬੁੱਢੀ ਹੋ ਗਈ ਲਗਦੀ। ਉਨ੍ਹਾਂ ਦੇ ਘਰ ਵਿਚ ਕਲੇਸ਼ ਉਦੋਂ ਪੈਂਦਾ, ਜਦੋਂ ਉਹ ਘੱਟ ਪੈਸੇ ਕਮਾ ਕੇ ਲਿਆਉਂਦਾ।

ਸਿੱਖੀ ਭਾਵਨਾਵਾਂ ਵਾਲੀ : ਬੰਤਾ ਤਾਂ ਪੂਰਾ ਸਿੱਖ ਨਹੀਂ ਸੀ, ਪਰੰਤੂ ਤਾਰੋ ਆਪਣੇ ਮੁੰਡੇ ਨੂੰ ਪੂਰਾ ਸਿੱਖ ਬਣਾਉਣਾ ਚਾਹੁੰਦੀ ਸੀ। ਉਹ ਬੰਤੇ ਦੁਆਰਾ ਸਿਗਰਟਾਂ ਪੀਣ ਨੂੰ ਪਸੰਦ ਨਹੀਂ ਕਰਦੀ।


ਪਾਤਰ ਚਿਤਰਨ : ਬੰਤਾ