ਇਕ ਹੋਰ ਨਵਾਂ ਸਾਲ : ਕੁਸਮ ਦਾ ਬਾਪ
ਪਾਤਰ ਚਿਤਰਨ : ਕੁਸਮ ਦਾ ਬਾਪ
ਪ੍ਰਸ਼ਨ. ਕੁਸਮ ਦੇ ਬਾਪ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਕੁਸਮ ਦਾ ਬਾਪ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਉਹ ਆਪ ਉਮਰ ਦਾ ਵੱਡਾ ਹੈ, ਪਰ ਉਸ ਨੇ ਆਪਣੀ ਧੀ ਕੁਸਮ ਦੀ ਉਮਰ ਦੀ ਇਕ ਕੁੜੀ ਨਾਲ ਵਿਆਹ ਕਰਵਾ ਲਿਆ। ਉਸ ਦੇ ਇਸ ਵਿਆਹ ਨੂੰ ਹੋਇਆ ਤਿੰਨ ਸਾਲ ਬੀਤ ਚੁੱਕੇ ਹਨ। ਉਸ ਦਾ ਇਕ ਪੁੱਤਰ ਰਾਜੂ ਵੀ ਹੈ, ਜੋ ਕਿ ਤੇਜ਼ੀ ਨਾਲ ਵੱਡਾ ਹੋ ਰਿਹਾ ਹੈ।
ਪਤਨੀ ਦੀ ਸੁਖ-ਸਹੂਲਤ ਦਾ ਖ਼ਿਆਲ ਰੱਖਣ ਵਾਲਾ : ਉਹ ਆਪਣੀ ਪਤਨੀ ਦੀ ਸੁਖ-ਸਹੂਲਤ ਦਾ ਖ਼ਿਆਲ ਰੱਖਦਾ ਹੈ। ਉਹ ਉਸ ਨੂੰ ਕਹਿੰਦਾ ਹੈ ਕਿ ਉਹ ਪਾਇਆ-ਹੰਢਾਇਆ ਕਰੇ। ਉਹ ਕਹਿੰਦਾ ਹੈ ਕਿ ਉਹ ਹਮੇਸ਼ਾਂ ਕਾਰ ਵਿਚ ਹੀ ਜਾਇਆ-ਆਇਆ ਕਰੇ। ਉਹ ਉਸ ਨੂੰ ਦੱਸਦਾ ਹੈ ਕਿ ਉਸ ਨੇ ਕੱਲ੍ਹ ਹੀ ਉਸ ਲਈ ਬੰਬਈ ਤੋਂ ਨੈਕਲਸ ਮੰਗਵਾਇਆ ਹੈ। ਉਹ ਦੱਸਦਾ ਹੈ ਕਿ ਉਸ ਦੀ ਸ਼ਿਮਲੇ ਵਿਚ ਇਕ ਕੋਠੀ ਖ਼ਰੀਦਣ ਦੀ ਗੱਲ ਚੱਲ ਰਹੀ ਹੈ। ਜੇ ਗੱਲ ਬਣ ਗਈ, ਤਾਂ ਉਹ ਗਰਮੀਆਂ ਵਿਚ ਬੱਚਿਆਂ ਨੂੰ ਨਾਲ ਲੈ ਕੇ ਉੱਥੇ ਚਲੀ ਜਾਇਆ ਕਰੇ।
ਇਕ ਅਮੀਰ ਆਦਮੀ : ਉਸ ਦਾ ਕਾਰੋਬਾਰ ਕਾਫ਼ੀ ਵੱਡਾ ਹੈ ਅਤੇ ਉਹ ਪੈਸੇ ਵਾਲਾ ਆਦਮੀ ਜਾਪਦਾ ਹੈ, ਇਸ ਕਰਕੇ ਉਹ ਆਪਣੀ ਨਵੀਂ ਵਹੁਟੀ ਨੂੰ ਚੰਗਾ ਪਾਉਣ-ਹੰਢਾਉਣ ਲਈ ਕਹਿੰਦਾ ਹੈ। ਉਹ ਉਸ ਲਈ ਬੰਬਈ ਤੋਂ ਨੈਕਲਸ ਮੰਗਵਾਉਂਦਾ ਹੈ ਤੇ ਸ਼ਿਮਲੇ ਵਿਚ ਕੋਠੀ ਖ਼ਰੀਦਣਾ ਉਸ ਦੀ ਅਮੀਰੀ ਦੀ ਗਵਾਹੀ ਹੈ।