ਆਜ਼ਾਦੀ – ਪੈਰਾ ਰਚਨਾ
ਸੰਸਾਰ ਵਿਚ ਮਨੁੱਖ ਤਾਂ ਕੀ, ਸਗੋਂ ਪਸ਼ੂ – ਪੰਛੀ ਤੇ ਕੀੜੇ – ਮਕੌੜੇ ਵੀ ਆਜ਼ਾਦੀ ਨੂੰ ਪਸੰਦ ਕਰਦੇ ਹਨ। ਜ਼ਰਾ ਕਿਸੇ ਪੰਛੀ ਨੂੰ ਪਿੰਜਰੇ ਵਿਚ ਪਾ ਕੇ ਦੇਖੋ ਜਾਂ ਕਿਸੇ ਕੀੜੇ – ਮਕੌੜੇ ਨੂੰ ਹੱਥ ਵਿਚ ਫੜ ਕੇ ਦੇਖੋ ਕਿ ਕਿਸ ਤਰ੍ਹਾਂ ਉਹ ਆਜ਼ਾਦ ਹੋਣ ਲਈ ਤੜਫਦਾ ਹੈ। ਆਜ਼ਾਦੀ ਦੀ ਅਸਲ ਮਹਾਨਤਾ ਦਾ ਗਿਆਨ ਉਦੋਂ ਹੀ ਹੁੰਦਾ ਹੈ ਜਦੋਂ ਕਿਸੇ ਪ੍ਰਕਾਰ ਦੀ ਗੁਲਾਮੀ ਵਿਚ ਰਹਿਣ ਦਾ ਦੁੱਖ ਸਹਿਣਾ ਪਵੇ। ਗ਼ੁਲਾਮੀ ਦੇ ਜੀਵਨ ਨੂੰ ਤਾਂ ਕੋਈ ਵੀ ਪਸੰਦ ਨਹੀਂ ਕਰਦਾ ਹੈ। ਇਸੇ ਕਰਕੇ ਸ਼ੇਖ਼ ਫ਼ਰੀਦ ਜੀ ਫਰਮਾਉਂਦੇ ਹਨ, ‘ਬਾਰ ਪਰਾਏ ਬੈਠਣਾ ਸਾਈ ਮੁਝੇ ਨਾ ਦੇਹ।’ ਗ਼ੁਲਾਮੀ ਦੇ ਜੀਵਨ ਨਾਲ਼ੋਂ ਤਾਂ ਮੌਤ ਚੰਗੀ ਸਮਝੀ ਜਾਂਦੀ ਹੈ ਅਤੇ ਇਸੇ ਕਰਕੇ ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਰਾਣਾ ਪ੍ਰਤਾਪ, ਸ਼ਿਵਾ ਜੀ, ਰਾਣੀ ਝਾਂਸੀ, ਬਹਾਦਰ ਸ਼ਾਹ ਜ਼ਫ਼ਰ, ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਨੇ ਹੱਸ – ਹੱਸ ਕੇ ਵਿਦਰੋਹ, ਕੁਰਬਾਨੀ ਤੇ ਸ਼ਹੀਦੀ ਦੀ ਰਾਹ ਨੂੰ ਤਰਜੀਹ ਦਿੱਤੀ। ਗ਼ੁਲਾਮ ਦਾ ਜੀਵਨ ਪਾਲਤੂ ਪਸ਼ੂ ਸਮਾਨ ਹੁੰਦਾ ਹੈ ਜੋ ਇਕ ਕਿੱਲੇ ਨਾਲ ਬੱਝਾ ਰਹਿੰਦਾ ਹੈ ਜਾਂ ਉਸ ਦੇ ਗਲ ਵਿਚ ਪਟਾ ਪਿਆ ਰਹਿੰਦਾ ਹੈ ਅਤੇ ਉਸ ਨੂੰ ਮਾਲਕ ਦੇ ਹੁਕਮ ਅਤੇ ਮਰਜ਼ੀ ਦੇ ਅਧੀਨ ਰਹਿਣਾ ਪੈਂਦਾ ਹੈ। ਅਣਖ ਵਾਲਾ ਬੰਦਾ ਕਦੇ ਵੀ ਅਜਿਹੇ ਜੀਵਨ ਨੂੰ ਪਸੰਦ ਨਹੀਂ ਕਰਦਾ ਸਗੋਂ ਉਹ ਆਜ਼ਾਦੀ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਤੇ ਜੂਝਦਾ ਹੈ। ਆਜ਼ਾਦੀ ਵਿਚ ਸਾਹ ਲਏ ਬਿਨਾਂ ਉਸ ਨੂੰ ਚੈਨ ਨਹੀਂ ਆਉਂਦਾ।ਕਈ ਵਾਰੀ ਉਸ ਨੂੰ ਸਾਮਰਾਜੀ ਗ਼ੁਲਾਮੀ ਤੋਂ ਤਾਂ ਆਜ਼ਾਦੀ ਮਿਲ ਜਾਂਦੀ ਹੈ, ਪਰ ਸਰਮਾਏਦਾਰੀ – ਜਾਗੀਰ ਪ੍ਰਬੰਧ ਦਾ ਵੀ ਗ਼ੁਲਾਮੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਥਿਤੀ ਵਿਚ ਉਹ ਅਨੁਭਵ ਕਰਦਾ ਹੈ ਕਿ ਆਰਥਿਕ ਆਜ਼ਾਦੀ ਤੋਂ ਬਿਨਾਂ ਹੋਰ ਕਿਸੇ ਆਜ਼ਾਦੀ ਦਾ ਬਹੁਤਾ ਅਰਥ ਨਹੀਂ। ਮਨੁੱਖ ਧਾਰਮਿਕ ਤੇ ਸਮਾਜਿਕ ਤੇ ਰਾਜਸੀ ਆਜ਼ਾਦੀ ਦਾ ਵੀ ਤਾਂ ਹੀ ਸੁੱਖ ਮਾਣ ਸਕਦਾ ਹੈ, ਜੇਕਰ ਉਸ ਨੂੰ ਦੇਸ਼ ਦੇ ਪੈਦਾਵਾਰੀ ਸਾਧਨਾਂ ਦਾ ਲਾਭ ਉਠਾਉਣ ਲਈ ਦੂਜਿਆਂ ਦੇ ਬਰਾਬਰ ਮੌਕੇ ਪ੍ਰਾਪਤ ਹੋਣ। ਇਸ ਸਥਿਤੀ ਵਿਚ ਉਸ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੀ ਅਜਾਰੇਦਾਰੀ ਵਿਰੁੱਧ ਘੋਲ ਕਰਨਾ ਪੈਂਦਾ ਹੈ ਤੇ ਪੁਲਿਸ ਦੀਆਂ ਮਾਰਾਂ ਤੇ ਜੇਲ੍ਹਾਂ ਦੇ ਦੁੱਖ ਸਹਿਣੇ ਪੈਂਦੇ ਹਨ, ਪਰ ਉਹ ਇਹ ਸਭ ਕੁੱਝ ਖਿੜੇ ਮੱਥੇ ਸਹਾਰਦਾ ਹੈ ਤੇ ਆਪਣਾ ਨਿਸ਼ਾਨਾ ਪੂਰਾ ਕਰਕੇ ਹੀ ਸਾਹ ਲੈਂਦਾ ਹੈ। ਇਸ ਤਰ੍ਹਾਂ ਆਰਥਿਕ ਅਨਿਆਂ ਤੋਂ ਛੁਟਕਾਰਾ ਪਾ ਕੇ ਹੀ ਮਨੁੱਖ ਆਜ਼ਾਦੀ ਦਾ ਸੁੱਖ ਮਾਣ ਰਹੇ ਹਨ। ਦੁਨੀਆਂ ਵਿਚ ਚੀਨ, ਰੂਸ ਤੇ ਕੁੱਝ ਹੋਰ ਸਾਮਵਾਦੀ ਪ੍ਰਬੰਧ ਵਾਲੇ ਦੇਸ਼ ਹੀ ਅਜਿਹੇ ਹਨ ਜਿੱਥੇ ਸਾਰੇ ਲੋਕ ਆਰਥਿਕ ਆਜ਼ਾਦੀ ਦਾ ਪੂਰੀ ਤਰ੍ਹਾਂ ਸੁੱਖ ਲੈ ਰਹੇ ਹਨ, ਬੇਸ਼ੱਕ ਇਨ੍ਹਾਂ ਦੇਸ਼ਾਂ ਦੇ ਪ੍ਰਬੰਧ ਵਿਰੁੱਧ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇੱਥੇ ਲੋਕਾਂ ਨੂੰ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਪ੍ਰਾਪਤ ਨਹੀਂ, ਪਰ ਇਹ ਦੋਸ਼ ਉੱਥੋਂ ਦੀ ਪ੍ਰਾਪਤੀ ਦੇ ਮੁਕਾਬਲੇ ਤੁੱਛ ਹਨ। ਉਂਞ ਹੁਣ ਇਨ੍ਹਾਂ ਦੇਸ਼ਾਂ ਵਿਚ ਹੀ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਇਨ੍ਹਾਂ ਦੇਸ਼ਾਂ ਦੇ ਲੋਕ ਆਰਥਿਕ ਆਜ਼ਾਦੀ ਦੇ ਨਾਲ ਧਾਰਮਿਕ ਤੇ ਵਿਅਕਤੀਗਤ ਆਜ਼ਾਦੀ ਦਾ ਸੁੱਖ ਮਾਣ ਸਕਣਗੇ। ਅਜਿਹੀ ਆਜ਼ਾਦੀ ਭਾਰਤੀ ਲੋਕਾਂ ਨੂੰ ਕਦੋਂ ਨਸੀਬ ਹੋਵੇਗੀ, ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ।