ਆਂਢ – ਗੁਆਂਢ – ਪੈਰਾ ਰਚਨਾ
ਮਨੁੱਖ ਇਕ ਸਮਾਜਿਕ ਜੀਵ ਹੈ। ਸਮਾਜ ਵਿਚ ਰਹਿੰਦਿਆਂ ਆਂਢ – ਗੁਆਂਢ ਉਸ ਦੀ ਪਹਿਲੀ ਪਛਾਣ ਹੈ। ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆਂ ਸੱਜੇ – ਖੱਬੇ ਵਸਦੇ ਆਂਢੀ – ਗੁਆਂਢੀ ਸਾਡੀ ਸੱਜੀ – ਖੱਬੀ ਬਾਂਹ ਹੁੰਦੇ ਹਨ। ‘ਹਮਸਾਏ’, ਮਾਂ – ਪਿਉ ਜਾਏ ਹੁੰਦੇ ਹਨ। ਉਹ ਸਾਡੇ ਦੁੱਖ – ਸੁੱਖ ਵਿਚ ਸਭ ਤੋਂ ਨੇੜੇ ਦੇ ਸਾਂਝੀਦਾਰ ਹੁੰਦੇ ਹਨ। ਕੋਈ ਸਕਾ – ਸੰਬੰਧੀ, ਰਿਸ਼ਤੇਦਾਰ ਜਾਂ ਸ਼ੁੱਭ – ਚਿੰਤਕ ਤਾਂ ਮਗਰੋਂ ਪਹੁੰਚਦੇ ਹਨ, ਪਰ ਆਂਢ – ਗੁਆਂਢ ਹਰ ਵੇਲੇ ਹਾਜ਼ਰ ਹੁੰਦਾ ਹੈ। ਖੁਸ਼ੀ ਦੇ ਮੌਕਿਆਂ ਉੱਤੇ ਵੀ ਸਾਨੂੰ ਆਂਢ – ਗੁਆਂਢ ਦੀ ਜ਼ਰੂਰਤ ਪੈਂਦੀ ਹੈ। ਗੁਆਂਢੀਆਂ ਨੂੰ ਆਪਣੇ ਘਰ ਵਿਚ ਮਨਾਏ ਜਾਣ ਵਾਲੇ ਖੁਸ਼ੀ ਦੇ ਸਮਾਗਮ ਦਾ ਸੱਦਾ – ਪੱਤਰ ਭੇਜਣਾ ਕਦੇ ਨਹੀਂ ਭੁੱਲਣਾ ਚਾਹੀਦਾ। ‘ਲਾਈਲਗ ਨਾ ਹੋਵੇ ਘਰ ਵਾਲਾ ਤੇ ਚੰਦਰਾ – ਗੁਆਂਢ ਨਾ ਹੋਵੇ’ ਅਖਾਣ ਰਾਹੀਂ ਵੀ ਸਾਨੂੰ ਗੁਆਂਢੀਆਂ ਨਾਲ ਭੈੜੇ ਸਲੂਕ ਕਰਨ ਤੋਂ ਵਰਜਿਆ ਜਾਂਦਾ ਹੈ। ਈਸਾਈ ਧਰਮ ਦੀ ਇਕ ਉਕਤੀ ਵਿਚ ਕਿਹਾ ਗਿਆ ਹੈ ਕਿ ਸਾਨੂੰ ਗੁਆਂਢੀਆਂ ਨਾਲ ਉਹੋ ਜਿਹਾ ਸਲੂਕ ਹੀ ਕਰਨਾ ਚਾਹੀਦਾ ਹੈ, ਜਿਹੋ ਜਿਹੇ ਸਲੂਕ ਦੀ ਤੁਸੀਂ ਉਨ੍ਹਾਂ ਤੋਂ ਆਸ ਕਰਦੇ ਹੋ। ਇਸੇ ਕਰਕੇ ਚੰਗੀਆਂ ਸਵਾਣੀਆਂ ਆਪਣੇ ਘਰ ਖਾਣ ਲਈ ਬਣੀ ਚੰਗੀ ਚੀਜ਼ ਪਹਿਲੀ ਸਬਜ਼ੀ, ਪਹਿਲੇ ਫਲ ਤੇ ਅੰਨ ਵਿੱਚੋਂ ਕੁੱਝ ਹਿੱਸਾ ਗੁਆਂਢੀਆਂ ਦੇ ਘਰ ਜ਼ਰੂਰ ਭੇਜਦੀਆਂ ਹਨ। ਇਸ ਤਰ੍ਹਾਂ ਕਈ ਵਾਰੀ ਸਾਡੇ ਗੁਆਂਢੀਆਂ ਨਾਲ ਸੰਬੰਧ ਘਰ ਵਰਗੇ ਹੋ ਜਾਂਦੇ ਹਨ। ਫ਼ਲਸਰੂਪ ਔਖ – ਸੌਖ ਵੇਲੇ ਸਾਨੂੰ ਇਕੱਲੇ ਰਹਿ ਜਾਣ ਦਾ ਕੋਈ ਡਰ ਨਹੀਂ ਰਹਿੰਦਾ। ਗੁਆਂਢੀਆਂ ਨਾਲ ਰੋਜ਼ਾਨਾ ਜੀਵਨ ਵਿਚ ਲੈਣ – ਦੇਣ ਵੀ ਚਲਦਾ ਰਹਿਣਾ ਚਾਹੀਦਾ ਹੈ, ਪਰ ਜੇਕਰ ਨੀਅਤ ਹਮੇਸ਼ਾ ਚੀਜ਼ਾਂ ਸਵੀਕਾਰ ਕਰਨੀ ਹੀ ਹੋਵੇ ਤੇ ਆਪਣੇ ਵੱਲੋਂ ਦਿੱਤਾ ਕੁੱਝ ਨਾ ਹੋਵੇ ਤਾਂ ਵੀ ਸੰਬੰਧ ਠੀਕ ਨਹੀਂ ਰਹਿੰਦੇ। ਵਰਤਮਾਨ ਯੁਗ ਵਿਚ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਸੰਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਛੱਡ ਕੇ ਆਪਣੇ ਘਰਾਂ ਤੋਂ ਬਾਹਰ ਰਹਿਣਾ ਪੈਂਦਾ ਹੈ। ਇਸ ਹਾਲਤ ਵਿਚ ਸਾਡੀ ਪਿਆਰ, ਭੁੱਖ ਨੂੰ ਸਾਡੇ ਗੁਆਂਢੀ ਹੀ ਪੂਰੀ ਕਰਦੇ ਹਨ। ਨਵੇਂ ਗੁਆਂਢੀਆਂ ਨਾਲ ਸਾਡੀ ਸਾਂਝ ਪਹਿਲਾਂ ਬੱਚੇ ਪੈਦਾ ਕਰਦੇ ਹਨ। ਫਿਰ ਤੀਵੀਆਂ ਦੀ ਬੋਲ – ਚਾਲ ਸ਼ੁਰੂ ਹੁੰਦੀ ਹੈ ਤੇ ਹੌਲੇ – ਹੌਲੇ ਪਰਸਪਰ ਪਿਆਰ ਮਿਲਾਪ ਤੇ ਸਹਿਯੋਗ ਨਾਲ ਸਾਰੇ ਘੁਲ – ਮਿਲ ਜਾਂਦੇ ਹਨ। ਆਂਢ – ਗੁਆਂਢ ਨਾਲ ਲੜਾਈ ਝਗੜੇ ਤੋਂ ਬਚਣਾ ਚਾਹੀਦਾ ਹੈ। ਜੇਕਰ ਅਸੀਂ ਜ਼ਰਾ ਸਿਆਣਪ ਤੋਂ ਕੰਮ ਲਈਏ ਤਾਂ ਝਗੜੇ ਪੈਦਾ ਹੀ ਨਹੀਂ ਹੁੰਦੇ। ਇਸ ਮੰਤਵ ਲਈ ਸਾਨੂੰ ਨਿੰਦਿਆ – ਚੁਗਲ਼ੀ ਤੋਂ ਬਚਣਾ ਚਾਹੀਦਾ ਹੈ। ਤੀਵੀਆਂ ਨੂੰ ਬੱਚਿਆਂ ਪਿੱਛੇ ਨਹੀਂ ਲੜਨਾ ਚਾਹੀਦਾ ਤੇ ਨਾ ਹੀ ਦੂਜਿਆਂ ਦੇ ਬੱਚਿਆਂ ਨਾਲ ਬੁਰਾ ਸਲੂਕ ਕਰਨਾ ਚਾਹੀਦਾ ਹੈ, ਕਿਉਂਕਿ ਬੱਚੇ ਆਪਣੀ ਲੜਾਈ ਝੱਟ ਭੁੱਲ ਜਾਂਦੇ ਹਨ, ਪਰ ਵੱਡਿਆਂ ਦੇ ਦਿਲਾਂ ਵਿਚ ਵੱਡੀਆਂ ਤਰੇੜਾਂ ਪੈ ਜਾਂਦੀਆਂ ਹਨ। ਸਾਨੂੰ ਗੁਆਂਢੀਆਂ ਦੇ ਸੁੱਖ – ਆਰਾਮ ਦਾ ਪੂਰਾ – ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਸਾਡਾ ਗੁਆਂਢੀ ਪੜ੍ਹਨ ਵਿਚ ਮਗਨ ਹੈ, ਤਾਂ ਸਾਨੂੰ ਉਸ ਦਾ ਮਨ ਉਚਾਟ ਕਰਨ ਲਈ ਰੌਲਾ ਆਦਿ ਨਹੀਂ ਪਾਉਣਾ ਚਾਹੀਦਾ। ਯਸੂ ਮਸੀਹ, ਹਜ਼ਰਤ ਮੂਸਾ ਤੇ ਭਾਈ ਗੁਰਦਾਸ ਸਾਨੂੰ ਗੁਆਂਢੀਆਂ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੇ ਹਨ। ਸਾਨੂੰ ਗੁਆਂਢੀਆਂ ਦੇ ਕੰਮ ਵਿਚ ਬਿਨਾਂ ਲੋੜ ਟੰਗ ਨਹੀਂ ਅੜਾਉਣੀ ਚਾਹੀਦੀ। ਅਗਲੇ ਦੇ ਓਨਾ ਕੁ ਹੀ ਨੇੜੇ ਹੋਣਾ ਚਾਹੀਦਾ ਹੈ, ਜਿੰਨਾ ਅਗਲਾ ਪਸੰਦ ਕਰੇ। ਕਿਸੇ ਦੇ ਘਰ ਜਾ ਕੇ ਫੋਲਾ – ਫਾਲੀ ਜਾਂ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਇਸ ਪ੍ਰਕਾਰ ਸਾਨੂੰ ਗੁਆਂਢੀਆਂ ਨਾਲ ਚੰਗੇ ਸੰਬੰਧ ਬਣਾਉਣੇ ਚਾਹੀਦੇ ਹਨ। ਗੁਆਂਢੀਆਂ ਨਾਲ ਚੰਗੇ ਸੰਬੰਧਾਂ ਤੋਂ ਸਾਡੀ ਸੂਝ – ਸਿਆਣਪ ਦਾ ਪਤਾ ਲੱਗਦਾ ਹੈ।