CBSEclass 11 PunjabiClass 12 PunjabiClass 9th NCERT PunjabiEducationHistory of PunjabNCERT class 10thPunjab School Education Board(PSEB)

ਅੱਲ ਕੀ ਹੁੰਦੀ ਹੈ?

ਪੁਰਾਣੇ ਸਮਿਆਂ ਵਿੱਚ ਵੱਡੇ ਪਿੰਡਾਂ ਵਿੱਚ ਘਰ ਲੱਭਣ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ, ਕਿਉਂਕਿ ਇੱਕੋ ਨਾਮ ਦੇ ਕਈ ਵਿਅਕਤੀ ਪਿੰਡ ਵਿੱਚ ਰਹਿੰਦੇ ਸਨ, ਕਈਆਂ ਦੇ ਨਾਂ ਅਤੇ ਪਿਤਾ ਦੇ ਨਾਂ ਵੀ ਇੱਕੋ ਸਨ। ਸ਼ਾਇਦ ਇਸ ਮੁਸ਼ਕਿਲ ਦਾ ਹੱਲ ਕੱਢਣ ਲਈ ਅੱਲਾਂ ਹੋਂਦ ਵਿੱਚ ਆਈਆਂ ਹੋਣ। ਇਹ ਅੱਲਾਂ ਕਿਤੇ ਰਜਿਸਟਰਡ ਨਹੀਂ ਹੁੰਦੀਆਂ। ਆਮ ਤੌਰ ‘ਤੇ ਆਦਮੀ ਦੇ ਬੋਲਚਾਲ, ਕੰਮਕਾਰ, ਰਹਿਣ-ਸਹਿਣ, ਖਾਣ-ਪੀਣ ਨੂੰ ਲੋਕ ਗਹੁ ਨਾਲ ਵੇਖਦੇ ਹਨ ਅਤੇ ਪਰਖਦੇ ਹਨ।

ਸਮਾਜ ਤੋਂ ਕੋਈ ਵੱਖਰੀ ਵਿਸ਼ੇਸ਼ ਆਦਤ ਕਰਕੇ ਆਪਣੇ ਨਾਂ ਦੇ ਮਗਰ ਕੋਈ ਖ਼ਾਸ ਵਿਸ਼ੇਸ਼ਕ ਲਵਾ ਬੈਠਦੇ ਹਨ ਜੋ ਹੌਲੀ-ਹੌਲੀ ਅੱਲ ਬਣ ਜਾਂਦੀ ਹੈ। ਇਹ ਅੱਲ ਕਈ ਵਾਰ ਇੱਕ ਵਿਅਕਤੀ ਤੋਂ ਸ਼ੁਰੂ ਹੋ ਕੇ ਪੂਰੇ ਪਰਿਵਾਰ ਮਗਰ ਲੱਗ ਜਾਂਦੀ ਹੈ, ਕਈ ਵਾਰ ਪੱਤੀ ਦਾ ਰੂਪ ਧਾਰ ਲੈਂਦੀ ਹੈ। ਕਈ ਵਾਰ ਅੱਲ ਤੋਂ ਪੱਤੀ ਤੇ ਪੱਤੀ ਤੋਂ ਪਿੰਡ ਬਣ ਜਾਂਦੀ ਹੈ। ਇਹ ਅੱਲ ਅਜਿਹੀ ਸ਼ੈਅ ਹੈ ਜੋ ਜਿਸ ਨੂੰ ਇੱਕ ਵਾਰ ਚਿੰਬੜ ਜਾਵੇ, ਮਰਨ ਤੋਂ ਬਾਅਦ ਵੀ ਮਗਰੋਂ ਨਹੀਂ ਲਹਿੰਦੀ।

ਅੱਲ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇੱਕ ਵਾਰੀ ਅੱਲ ਪੈ ਗਈ ਫਿਰ ਪੀੜ੍ਹੀ ਦਰ ਪੀੜ੍ਹੀ ਤੁਰਦੀ ਰਹਿੰਦੀ ਹੈ ਅਤੇ ਬਦਲਦੀ ਨਹੀਂ। ਇਹ ਕਿਸੇ ਕਬੀਲੇ ਦੀ ਜਾਤ ਜਾਂ ਗੋਤ ਵਾਂਗ ਹਮੇਸ਼ਾ ਨਾਲ ਹੀ ਚਿੰਬੜੀ ਰਹਿੰਦੀ ਹੈ। ਇਸ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਿਆਦਾਤਰ ਪਰਿਵਾਰ ਦੀਆਂ ਨਾਂਹਪੱਖੀ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਰਚੀ ਜਾਂਦੀ ਹੈ ਅਤੇ ਇਸ ਵਿੱਚ [ਟਿੱਚਰ] ਅਤੇ ਮਸਖ਼ਰੇਪਣ ਦੇ ਕੁਝ ਅੰਸ਼ ਸ਼ਾਮਿਲ ਹੁੰਦੇ ਹਨ।

ਇਹ ਪੇਂਡੂਆਂ ਦੀ ਹਾਸੇ ਮਜ਼ਾਕ ਅਤੇ ਤਨਜੀਆ ਲਹਿਜੇ ਵਾਲੇ ਸੁਭਾਓ ਦੀ ਉਪਜ ਹੁੰਦੀ ਹੈ। ਇਹ ਸਾਧਾਰਨ ਪੰਜਾਬੀਆਂ ਦੇ ਹਾਸੇ- ਠੱਠੇ ਵਾਲੇ ਖੁੱਲ੍ਹੇ ਡੁੱਲ੍ਹੇ ਸੁਭਾਓ ਦੀ ਰਚਨਾਤਮਕਤਾ ਦੀ ਮਿਸਾਲ ਹੁੰਦੀ ਹੈ। ਅੱਲ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਪਾਉਣ ਵਿੱਚ ਉਸ ਪਰਿਵਾਰ ਜੀਆਂ ਦੀ ਸ਼ਮੂਲੀਅਤ ਨਹੀਂ ਹੁੰਦੀ ਜਿਸ ਪਰਿਵਾਰ ਬਾਰੇ ਇਹ ਅੱਲ ਪਾਈ ਜਾਂਦੀ ਹੈ, ਬਲਕਿ ਇਹ ਹੋਰ ਪਰਿਵਾਰਾਂ ਦੇ ਲੋਕਾਂ ਵਲੋਂ ਪਾਈ ਜਾਂਦੀ ਹੈ।

ਇਸ ਵਿੱਚ ਸੰਬੰਧਿਤ ਪਰਿਵਾਰ ਦੀ ਸਹਿਮਤੀ ਵੀ ਨਹੀਂ ਹੁੰਦੀ ਪਰ ਪਾਉਣ ਵਾਲਿਆਂ ਦੀ ਸਹਿਮਤੀ ਹੁੰਦੀ ਹੈ ਜੋ ਬਾਅਦ ਵਿੱਚ ਸਾਰੇ ਪਿੰਡ ਵਿੱਚ ਪ੍ਰਚੱਲਿਤ ਹੋ ਕੇ ਪ੍ਰਵਾਨ ਹੋ ਜਾਂਦੀ ਹੈ। ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਅੰਤ ਵਿੱਚ ਕਿਆਂ ਕੇ , ਦੇ, ਜਾਂ ਕੇ ਲਗਾਇਆ ਜਾਂਦਾ ਹੈ ਜਿਵੇਂ ‘ਲੰਬਿਆਂ ਕਿਆਂ ਕੇ’, ‘ ਗੋਡਲਾਂ ਕੇ’, ਢਿੱਡਲਾਂ ਦੇ ਆਦਿ।

ਅੱਲਾਂ ਦੀਆਂ ਉਦਾਹਰਣਾਂ

ਵੱਢ ਖਾਣੇ

ਮੂੰਹ ਪਾਟੇ

ਭੂਤਾਂ ਕੇ

ਵਹਿਮੀਆਂ ਕੇ

ਗੁੜ ਖਾਣੇ

ਮੋਟਿਆਂ ਕੇ

ਫੀਮਚੀਆਂ ਕੇ

ਟੀਸੀ ਟੱਪ

ਨਘੋਚੀਆਂ ਕੇ

ਟੁਕੜਬੋਚ

ਢਿੱੱਡਲਾਂ ਦੇ,

ਹੱਡ ਖਾਣੇ,

ਡੱਪਲਾਂ ਦੇ,

ਅਮਲੀਆਂ ਦੇ,

ਲਮਢੀਂਗਾਂ ਦੇ ਆਦਿ