CBSEclass 11 PunjabiClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਅੱਗ ਲੱਗਣ ਦੀ ਦੁਰਘਟਨਾ ਬਾਰੇ ਜਾਣਕਾਰੀ


ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਅੱਗ ਲੱਗਣ ਦੀ ਦੁਰਘਟਨਾ ਬਾਰੇ ਜਾਣਕਾਰੀ ਦਿਓ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਜੱਗ ਬਾਣੀ’,

ਜਲੰਧਰ।

ਵਿਸ਼ਾ : ਅੱਗ ਲੱਗਣ ਦੀ ਦੁਰਘਟਨਾ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਅਣਗਹਿਲੀ ਕਾਰਨ ਅੱਗ ਲੱਗਣ ਦੀ ਦੁਰਘਟਨਾ ਵਾਪਰਨ ਸੰਬੰਧੀ ਇਸ ਉਦੇਸ਼ ਨਾਲ ਤੁਹਾਡੇ ਪਾਠਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦੁਰਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਅਜੇ ਵੀ ਸਾਡੇ ਪਿੰਡਾਂ ਦੇ ਅਨੇਕਾਂ ਘਰਾਂ ਵਿੱਚ ਖਾਣਾ ਆਦਿ ਬਣਾਉਣ ਲਈ ਚੁੱਲ੍ਹਿਆਂ ਵਿੱਚ ਲੱਕੜਾਂ ਆਦਿ ਜਲਾਈਆਂ ਜਾਂਦੀਆਂ ਹਨ। ਇੱਕ ਦਿਨ ਇੱਕ ਸੁਆਣੀ ਨੇ ਰਾਤ ਦਾ ਰੋਟੀ-ਟੁੱਕ ਕਰ ਕੇ ਚੁੱਲ੍ਹੇ ਦੀ ਅੱਗ ਨੂੰ ਚੰਗੀ ਤਰ੍ਹਾਂ ਨਾ ਬੁਝਾਇਆ ਸਗੋਂ ਕੋਲਿਆਂ ‘ਤੇ ਸੁਆਹ ਪਾ ਦਿੱਤੀ। ਪਰ ਬੇਧਿਆਨੀ ਵਿੱਚ ਕੁਝ ਕੋਲੇ ਨੰਗੇ ਰਹਿ ਗਏ। ਰਾਤ ਵੇਲ਼ੇ ਜਦ ਸਾਰੇ ਸੌਂ ਗਏ ਤਾਂ ਹਵਾ ਨਾਲ ਕੋਲਿਆਂ ਦਾ ਚੰਗਿਆੜਾ ਚੁੱਲ੍ਹੇ ਦੇ ਨੇੜੇ ਅੱਗ ਮਚਾਉਣ ਲਈ ਰੱਖੇ ਗਏ ਸੁੱਕੇ ਘਾਹ ‘ਤੇ ਜਾ ਪਿਆ। ਗਰਮੀਆਂ ਦਾ ਮੌਸਮ ਹੋਣ ਕਾਰਨ ਘਾਹ ਨੇ ਬੜੀ ਜਲਦੀ ਅੱਗ ਫੜ ਲਈ ਤੇ ਜਲਦੀ ਹੀ ਨਾਲ ਲੱਗਦੇ ਕਮਰੇ ਦੇ ਦਰਵਾਜ਼ੇ ਨੂੰ ਅੱਗ ਲੱਗ ਗਈ।

ਕੋਠੇ ‘ਤੇ ਸੁੱਤੇ ਘਰ ਵਾਲਿਆਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਚਾਰੇ ਪਾਸੇ ਧੂੰਆਂ ਫੈਲ ਗਿਆ ਅਤੇ ਅੱਗ ਦੀਆਂ ਲਾਟਾਂ ਦਿਖਾਈ ਦੇਣ ਲੱਗੀਆਂ। ਜਦ ਉਹਨਾਂ ਰੌਲ਼ਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਸਾਰੇ ਮਿਲ ਕੇ ਅੱਗ ਬੁਝਾਉਣ ਲੱਗੇ। ਪਰ ਅੱਗ ਬੁਝਣ ਤੋਂ ਪਹਿਲਾਂ ਕਮਰੇ ਵਿਚਲਾ ਸਾਰਾ ਸਮਾਨ ਸੜ ਗਿਆ ਸੀ। ਕਮਰੇ ਅੰਦਰਲੀ ਲੱਕੜ ਦੀ ਅਲਮਾਰੀ ਵੀ ਸੜ ਗਈ ਸੀ ਜਿਸ ਵਿੱਚ ਲਗਪਗ ਦਸ ਹਜ਼ਾਰ ਰੁਪਏ ਦੇ ਨੋਟ ਪਏ ਸਨ। ਬਹੁਤ ਸਾਰੇ ਕੀਮਤੀ ਕੱਪੜੇ ਵੀ ਸੜ ਗਏ ਸਨ। ਇਸ ਤਰ੍ਹਾਂ ਇੱਕ ਸੁਆਣੀ ਦੀ ਮਾੜੀ ਜਿਹੀ
ਅਣਗਹਿਲੀ ਕਾਰਨ ਹੀ ਕਾਫ਼ੀ ਨੁਕਸਾਨ ਹੋ ਗਿਆ ਸੀ। ਜੇਕਰ ਅੱਗ ਨਾਲ ਲੱਗਦੇ ਘਰ ਤੱਕ ਫੈਲ ਜਾਂਦੀ ਤਾਂ ਹੋਰ ਵੀ ਨੁਕਸਾਨ ਹੁੰਦਾ। ਇੱਥੇ ਤਾਂ ਕੁਕੜੀਆਂ ਦਾ ਇੱਕ ਬਹੁਤ ਵੱਡਾ ਖੁੱਡਾ ਵੀ ਸੀ।

ਆਸ ਹੈ ਤੁਸੀਂ ਇਸ ਪੱਤਰ ਨੂੰ ਛਾਪ ਕੇ ਧੰਨਵਾਦੀ ਬਣਾਓਗੇ ਤਾਂ ਜੋ ਆਮ ਲੋਕਾਂ ਨੂੰ ਇਸ ਤਰ੍ਹਾਂ ਦੀ ਅਣਗਹਿਲੀ ਤੋਂ ਸੁਚੇਤ ਕੀਤਾ ਜਾ ਸਕੇ।

ਤੁਹਾਡਾ ਵਿਸ਼ਵਾਸਪਾਤਰ,

ਗੁਰਮੇਲ ਸਿੰਘ

ਪਿੰਡ ਤੇ ਡਾਕਘਰ………,

ਜ਼ਿਲ੍ਹਾ ਜਲੰਧਰ।

ਮਿਤੀ : …………..