CBSEEducationNCERT class 10thPunjab School Education Board(PSEB)

ਅੰਗ-ਸੰਗ: ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿਓ।

ਉੱਤਰ : ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਦੇ ਵਿਸ਼ੇ ਪੇਂਡੂ ਸਮਾਜ ਦੀ ਛੋਟੀ ਕਿਰਸਾਣੀ, ਕਿਰਤੀ ਲੋਕਾਂ ਅਤੇ ਨਿਮਨ ਮੱਧ ਵਰਗ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹਨ। ਉਸ ਨੇ ਇਸ ਖੇਤਰ ਦੇ ਪਾਤਰਾਂ ਦੀਆਂ ਤੰਗੀਆਂ-ਤੁਰਸ਼ੀਆਂ, ਮਜਬੂਰੀਆਂ ਅਤੇ ਨਸ਼ੇ ਦੀਆਂ ਭੈੜੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਬਖੂਬੀ ਬਿਆਨ ਕੀਤਾ ਹੈ।

ਪ੍ਰਸ਼ਨ 2. ਵਰਿਆਮ ਸਿੰਘ ਸੰਧੂ ਦੀਆਂ ਰਚਨਾਵਾਂ ਦਾ ਵੇਰਵਾ ਦਿਓ।

ਉੱਤਰ : ਵਰਿਆਮ ਸਿੰਘ ਸੰਧੂ ਦੇ ਚਾਰ ਕਹਾਣੀ-ਸੰਗ੍ਰਹਿ ਲੋਹੇ ਦੇ ਹੱਥ, ਅੰਗ-ਸੰਗ, ਭੱਜੀਆਂ ਬਾਹੀਂ ਅਤੇ ਚੌਥੀ ਕੂਟ ਮਿਲਦੇ ਹਨ। ਇਸ ਤੋਂ ਬਿਨਾਂ ਉਸ ਨੇ ਸਫ਼ਰਨਾਮੇ, ਇੱਕ ਜੀਵਨੀ ਅਤੇ ਆਲੋਚਨਾ ਦੀਆਂ ਤਿੰਨ ਪੁਸਤਕਾਂ ਵੀ ਲਿਖੀਆਂ। ਲੰਮੀ ਕਹਾਣੀ ਨੂੰ ਪ੍ਰਵਾਨਗੀ ਦਿਵਾਉਣ ਵਿੱਚ ਸੰਧੂ ਦੀ ਵਿਸ਼ੇਸ਼ ਭੂਮਿਕਾ ਹੈ।

ਪ੍ਰਸ਼ਨ 3. ‘ਅੰਗ-ਸੰਗ’ ਕਹਾਣੀ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਅੰਗ-ਸੰਗ’ ਕਹਾਣੀ ਦਾ ਵਿਸ਼ਾ ਹੇਠਲੀ ਮੱਧ ਸ਼੍ਰੇਣੀ ਦੇ ਕਿਸਾਨ ਪਰਿਵਾਰ ਦੀਆਂ ਤੰਗੀਆਂ, ਮਜਬੂਰੀਆਂ ਅਤੇ ਨਸ਼ੇ ਦੀ ਭੈੜੀ ਆਦਤ ਕਾਰਨ ਹੋਈ ਮੰਦਹਾਲੀ ਨਾਲ ਸੰਬੰਧਿਤ ਹੈ। ਕਹਾਣੀਕਾਰ ਨੇ ਕਰਤਾਰ ਸਿੰਘ ਦੀ ਮੌਤ ਅਤੇ ਉਸ ਦੇ ਪਰਿਵਾਰ ਦੇ ਜੀਵਨ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਹੈ।

ਪ੍ਰਸ਼ਨ 4. ਕਰਤਾਰ ਸਿੰਘ ਦੇ ਇਸ ਦੁਨੀਆ ਤੋਂ ਚਲੇ ਜਾਣ ‘ਤੇ ਵੀ ਘਰ ਵਾਲਿਆਂ ਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ?

ਉੱਤਰ : ਘਰ ਵਾਲਿਆਂ ਨੂੰ ਲੱਗਦਾ ਸੀ ਜਿਵੇਂ ਕਰਤਾਰ ਸਿੰਘ ਗਿਆ/ਮਰਿਆ ਨਹੀਂ ਸਗੋਂ ਇਸੇ ਘਰ ਵਿੱਚ ਉਹਨਾਂ ਦੇ ਅੰਗ-ਸੰਗ ਹੀ ਸੀ। ਉਹ ਉਸ ਨੂੰ ਘਰ ਵਿੱਚ ਹੀ ਪਰੇ ਪਸੂਆਂ ਕੋਲ ਸ਼ਰਾਬ ਵਿੱਚ ਗੁੱਟ ਸੁੱਤਾ ਮਹਿਸੂਸ ਕਰਦੇ ਸਨ।

ਪ੍ਰਸ਼ਨ 5. ਕਰਤਾਰ ਸਿੰਘ ਕੌਣ ਸੀ? ਉਸ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਕਰਤਾਰ ਸਿੰਘ ‘ਅੰਗ-ਸੰਗ’ ਕਹਾਣੀ ਦਾ ਮੁੱਖ ਪਾਤਰ ਹੈ। ਉਹ ਇੱਕ ਛੋਟਾ ਕਿਸਾਨ ਹੈ। ਪਿਤਾ ਦੇ ਸਿੰਘਾਪੁਰ ਤੋਂ ਆਉਂਦੇ ਪੈਸਿਆਂ ‘ਤੇ ਉਹ ਗੁਲਛਰੇ ਉਡਾਉਂਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਆਰਥਿਕ ਤੰਗੀ ਦਾ ਸਾਮ੍ਹਣਾ ਕਰਨਾ ਪਿਆ। ਨਸ਼ਿਆਂ ਦੀ ਵਧੇਰੇ ਵਰਤੋਂ ਕਾਰਨ ਉਸ ਦੀ ਪੰਤਾਲੀ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ।

ਪ੍ਰਸ਼ਨ 6. ਲੇਟਿਆ ਹੋਇਆ ਅਮਰੀਕ ਕਿਨ੍ਹਾਂ ਦਿਨਾਂ ਬਾਰੇ ਸੋਚ ਰਿਹਾ ਸੀ?

ਉੱਤਰ : ਲੇਟਿਆ ਹੋਇਆ ਅਮਰੀਕ ਪਿਛਲੇ ਉਹਨਾਂ ਦਿਨਾਂ ਬਾਰੇ ਸੋਚ ਰਿਹਾ ਸੀ ਜਿਹੜੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਕਾਲੇ ਪਰਛਾਵੇਂ ਵਾਂਗ ਉਸ ਦੇ ਨਾਲ-ਨਾਲ ਤੁਰੇ ਸਨ। ਇਹਨਾਂ ਦਿਨਾਂ ਵਿੱਚ ਉਹ ਆਪਣੇ ਆਪ ਨੂੰ ਆਪਣੀ ਉਮਰ ਤੋਂ ਵੱਡਾ ਮਹਿਸੂਸ ਕਰਨ ਲੱਗ ਪਿਆ ਸੀ। ਉਸ ਦੀ ਹਾਲਤ ਅਜਿਹੀ ਸੀ ਜਿਵੇਂ ਕੂਲੇ ਵਹਿੜਕੇ ਨੂੰ ਹੱਲੀਂ ਜੋਤ ਦਿੱਤਾ ਗਿਆ ਹੋਵੇ।

ਪ੍ਰਸ਼ਨ 7. ਅਮਰੀਕ ਨੂੰ ਆਪਣੇ ਪਿਤਾ ਦੇ ਬੀਮਾਰ ਹੋਣ ਦੀ ਜਾਣਕਾਰੀ ਕਿਵੇਂ ਮਿਲੀ?

ਉੱਤਰ : ਅਮਰੀਕ ਇੱਕ ਸਰਕਾਰੀ ਮੁਲਾਜ਼ਮ ਸੀ। ਪਿਤਾ ਦੇ ਬਿਮਾਰ ਹੋਣ ‘ਤੇ ਅਮਰੀਕ ਦਾ ਛੋਟਾ ਭਰਾ ਮਹਿੰਦਰ ਉਸ ਨੂੰ ਲੈਣ ਗਿਆ ਸੀ। ਉਸ ਤੋਂ ਹੀ ਉਸ ਨੂੰ ਸਾਰੀ ਜਾਣਕਾਰੀ ਮਿਲੀ ਸੀ ਕਿ ਕਿਵੇਂ ਉਹ ਸਵੇਰੇ ਬੇਹੋਸ਼ ਪਿਆ ਸੀ ਤੇ ਪਿੰਡ ਦੇ ਡਾਕਟਰ ਨੇ ਜੁਆਬ ਦੇ ਦਿੱਤਾ ਸੀ।

ਪ੍ਰਸ਼ਨ 8. ਪਿੰਡ ਦੇ ਡਾਕਟਰ ਦੇ ਜੁਆਬ ਦੇਣ ‘ਤੇ ਕਰਤਾਰ ਸਿੰਘ ਨੂੰ ਕਿੱਥੇ ਲੈ ਜਾਇਆ ਗਿਆ?

ਉੱਤਰ : ਪਿੰਡ ਦੇ ਡਾਕਟਰ ਦੇ ਜੁਆਬ ਦੇਣ ‘ਤੇ ਕਰਤਾਰ ਸਿੰਘ ਨੂੰ ਟੈਕਸੀ ਕਰ ਕੇ ਸ਼ਹਿਰ ਹਸਪਤਾਲ ਲਿਆਂਦਾ ਗਿਆ ਸੀ। ਪਰ ਉਹ ਬਚ ਨਹੀਂ ਸੀ ਸਕਿਆ ਅਤੇ ਦੂਜੇ ਦਿਨ ਸ਼ਾਮ ਨੂੰ ਹੀ ਉਸ ਦੀ ਲਾਸ਼ ਪਿੰਡ ਲੈ ਆਂਦੀ ਗਈ ਸੀ।

ਪ੍ਰਸ਼ਨ 9. ਕਰਤਾਰ ਸਿੰਘ ਦੀ ਲਾਸ਼ ਪਿੰਡ ਆਉਣ ‘ਤੇ ਪਰਿਵਾਰ ‘ਤੇ ਕੀ ਬੀਤੀ?

ਉੱਤਰ : ਕਰਤਾਰ ਸਿੰਘ ਦੀ ਲਾਸ਼ ਪਿੰਡ ਆਉਣ ‘ਤੇ ਸਾਰਾ ਪਰਿਵਾਰ ਧਾਹਾਂ ਮਾਰ ਰਿਹਾ ਸੀ। ਕਰਤਾਰ ਸਿੰਘ ਦੀ ਵੱਡੀ ਕੁੜੀ ਉਸ ਦੀ ਲਾਸ਼ ‘ਤੇ ਆ ਡਿੱਗੀ ਸੀ। ਲੋਕ ਇਕੱਠੇ ਹੋ ਗਏ ਸਨ। ਸਾਰੀ ਰਾਤ ਉਹਨਾਂ ਨੂੰ ਰੋਂਦਿਆਂ ਹੀ ਗੁਜ਼ਰੀ ਸੀ।

ਪ੍ਰਸ਼ਨ 10. ਕਰਤਾਰ ਸਿੰਘ ਦੀ ਮੌਤ ‘ਤੇ ਅਫ਼ਸੋਸ ਕਰਨ ਲਈ ਆਏ ਲੋਕ ਅਮਰੀਕ ਨੂੰ ਹੌਸਲਾ ਦਿੰਦੇ ਕੀ ਆਖਦੇ?

ਉੱਤਰ : ਕਰਤਾਰ ਸਿੰਘ ਦੇ ਮਰਨ ‘ਤੇ ਅਫ਼ਸੋਸ ਕਰਨ ਲਈ ਆਏ ਪਿੰਡ ਦੇ ਲੋਕ ਅਮਰੀਕ ਸਿੰਘ ਨੂੰ ਹੌਸਲਾ ਦਿੰਦੇ ਆਖਦੇ ਕਿ ਜੋ ਆਇਆ ਹੈ ਉਸ ਨੇ ਜ਼ਰੂਰ ਜਾਣਾ ਹੈ। ਇਹ ਦੁਨੀਆ ਤਾਂ ਚੱਲਦੀ ਸਰਾਂ ਹੈ। ਉਹ ਕਹਿੰਦੇ ਕਿ ਕਰਤਾਰ ਸਿੰਘ ਦੇ ਨਸ਼ੇ ਹੀ ਉਸ ਨੂੰ ਲੈ ਬੈਠੇ ਹਨ। ਉਂਞ ਉਸ ਦੀ ਜਾਣ ਦੀ ਉਮਰ ਨਹੀਂ ਸੀ। ਉਹ ਅਮਰੀਕ ਨੂੰ ਮਰਦ ਬਣ ਕੇ ਪਰਿਵਾਰ ਦੀ ਜ਼ੁੰਮੇਵਾਰੀ ਸੰਭਾਲਣ ਲਈ ਵੀ ਆਖਦੇ।

ਪ੍ਰਸ਼ਨ 11. ਸੁਸਾਇਟੀ ਦੇ ਇਨਸਪੈੱਕਟਰ ਨੇ ਕਰਤਾਰ ਸਿੰਘ ਦੇ ਨਾਂ ‘ਤੇ ਖਾਦ ਦੇ ਕਰਜ਼ੇ ਬਾਰੇ ਕੀ ਜਾਣਕਾਰੀ ਦਿੱਤੀ?

ਉੱਤਰ : ਕਰਤਾਰ ਸਿੰਘ ਦੀ ਮੌਤ ਤੋਂ ਅੱਠਵੇਂ ਦਿਨ ਪਿੱਛੋਂ ਸੁਸਾਇਟੀ ਦਾ ਇਨਸਪੈੱਕਟਰ ਅਮਲੇ ਸਮੇਤ ਪਿੰਡ ਆਇਆ। ਉਸ ਨੇ ਅਮਰੀਕ ਦੇ ਪਿਤਾ ਦੀ ਮੌਤ ਦਾ ਅਫ਼ਸੋਸ ਕਰਨ ਤੋਂ ਬਾਅਦ ਦੱਸਿਆ ਕਿ ਕਰਤਾਰ ਸਿੰਘ ਦੇ ਨਾਂ ‘ਤੇ ਸਾਢੇ ਸੋਲਾਂ ਸੌ ਰੁਪਏ ਖਾਦ ਦੇ ਕਰਜ਼ੇ ਵਜੋਂ ਨਿਕਲਦੇ ਹਨ। ਕਨੂੰਨ ਅਨੁਸਾਰ ਹੁਣ ਉਹਨਾਂ ਨੂੰ ਇਹ ਰਕਮ ਇੱਕੋ ਕਿਸ਼ਤ ਵਿੱਚ ਅਦਾ ਕਰਨੀ ਪਵੇਗੀ।

ਪ੍ਰਸ਼ਨ 12. ‘ਅੰਗ-ਸੰਗ’ ਕਹਾਣੀ ਵਿੱਚ ਸੁਸਾਇਟੀ ਦੇ ਇਨਸਪੈੱਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ?

ਉੱਤਰ : ‘ਅੰਗ-ਸੰਗ’ ਕਹਾਣੀ ਵਿੱਚ ਸੁਸਾਇਟੀ ਦੇ ਇਨਸਪੈੱਕਟਰ ਨੇ ਅਮਰੀਕ ਸਿੰਘ ਨੂੰ ਇਹ ਰਿਆਇਤ ਦਿੱਤੀ ਕਿ ਉਹ ਆਪਣੇ ਪਿਤਾ ਦਾ ਖਾਦ ਦਾ ਕਰਜ਼ਾ ਯਕਮੁਸ਼ਤ ਜਮ੍ਹਾਂ ਕਰਵਾਉਣ ਦੀ ਥਾਂ ਦੋ ਕਿਸ਼ਤਾਂ ਵਿੱਚ ਚੁਕਾ ਦੇਵੇ। ਉਸ ਨੇ ਪਹਿਲੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਪੰਦਰਾਂ ਦਿਨਾਂ ਦੀ ਮੁਹਲਤ ਵੀ ਦਿੱਤੀ ।

ਪ੍ਰਸ਼ਨ 13. ਮਹਿੰਦਰ ਦਾ ਧਿਆਨ ਖੇਤੀ ਦੀ ਥਾਂ ਕਿਸ ਪਾਸੇ ਸੀ?

ਉੱਤਰ : ਮਹਿੰਦਰ ਦਾ ਖੇਤੀ ਵੱਲ ਬਹੁਤਾ ਧਿਆਨ ਨਹੀਂ ਸੀ। ਪਸੂ ਧੁੱਪੇ ਸੜਦੇ ਰਹਿੰਦੇ ਸਨ ਅਤੇ ਉਹ ਹਜ਼ਾਰੀ ਟੁੰਡੇ ਦੇ ਕੋਠੇ ‘ਤੇ ਉੱਡਦੇ ਕਬੂਤਰਾਂ ਨੂੰ ਅਸਮਾਨ ‘ਤੇ ਨਜ਼ਰਾਂ ਗੱਡੀ ਦੇਖਦਾ ਰਹਿੰਦਾ ਸੀ।

ਪ੍ਰਸ਼ਨ 14. ਆਪਣੀਆਂ ਭੈਣਾਂ ਬਾਰੇ ਅਮਰੀਕ ਨੇ ਕੀ ਸੋਚਿਆ?

ਉੱਤਰ : ਅਮਰੀਕ ਦੀ ਸਭ ਤੋਂ ਛੋਟੀ ਭੈਣ ਅਜੇ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦੀ ਜ਼ੁੰਮੇਵਾਰੀ ਅਮਰੀਕ ਦੀ ਸੀ। ਅਮਰੀਕ ਨੇ ਰੱਬ ਦਾ ਸ਼ੁਕਰ ਕੀਤਾ ਕਿ ਉਸ ਦਾ ਪਿਤਾ ਕਰਤਾਰ ਸਿੰਘ ਦੋ ਵੱਡੀਆਂ ਕੁੜੀਆਂ ਨੂੰ ਆਪਣੇ ਹੱਥੀਂ ਵਿਆਹ ਗਿਆ ਸੀ।

ਪ੍ਰਸ਼ਨ 15. ਅਮਰੀਕ ਨੂੰ ਆਪਣਾ-ਆਪ ਵੀ ਆਪਣੇ ਪਿਤਾ ਦੀ ਮੌਤ ਦਾ ਇੱਕ ਕਾਰਨ ਕਿਉਂ ਲੱਗਾ?

ਉੱਤਰ : ਅਮਰੀਕ ਸੋਚਦਾ ਸੀ ਕਿ ਜੇਕਰ ਉਹ ਅੰਦਰੋ-ਅੰਦਰੀ ਆਪਣੇ ਪਿਤਾ ਤੋਂ ਦੂਰ ਨਾ ਹੁੰਦਾ ਅਤੇ ਉਸ ਨੂੰ ਪਿਆਰ ਨਾਲ ਸਮਝਾਉਂਦਾ ਤਾਂ ਹੋ ਸਕਦਾ ਸੀ ਕਿ ਉਹ ਨਸ਼ਿਆਂ ਦੀ ਇਸ ਹੱਦ ਤੱਕ ਨਾ ਵਧਦਾ। ਇਸ ਲਈ ਉਸ ਨੂੰ ਆਪਣਾ-ਆਪ ਵੀ ਆਪਣੇ ਪਿਤਾ ਦੀ ਮੌਤ ਦਾ ਇੱਕ ਕਾਰਨ ਲੱਗਾ।

ਪ੍ਰਸ਼ਨ 16. ਅਮਰੀਕ ਨੂੰ ਕਿਸ ਤਰ੍ਹਾਂ ਦੇ ਪਿਤਾ-ਪੁੱਤਰਾਂ ਦਾ ਖ਼ਿਆਲ ਆਇਆ?

ਉੱਤਰ : ਅਮਰੀਕ ਨੂੰ ਇਸ ਤਰ੍ਹਾਂ ਦੇ ਪਿਤਾ-ਪੁੱਤਰਾਂ ਦਾ ਖ਼ਿਆਲ ਆਇਆ ਜੋ ਆਪਸ ਵਿੱਚ ਦੋਸਤਾਂ ਵਾਂਗ ਹੱਸਦੇ, ਪਿਆਰ ਕਰਦੇ ਅਤੇ ਗੱਲਾਂ ਕਰਦੇ ਸਨ। ਉਹ ਵੀ ਅਜਿਹਾ ਕਰ ਸਕਦਾ ਸੀ। ਪਰ ਉਹ ਅਜਿਹਾ ਨਹੀਂ ਸੀ ਕਰ ਸਕਿਆ ਤੇ ਉਸ ਦਾ ਪਿਤਾ ਚੱਲ ਵਸਿਆ ਸੀ।

ਪ੍ਰਸ਼ਨ 17. ਪਿਤਾ ਦੇ ਤੁਰ ਜਾਣ ਤੋਂ ਬਾਅਦ ਅਮਰੀਕ ਦੇ ਦਿਲ ਵਿੱਚ ਉਸ ਲਈ ਜਿਹੜਾ ਪਿਆਰ ਜਾਗਦਾ ਹੈ ਉਸ ਬਾਰੇ ਜਾਣਕਾਰੀ ਦਿਓ।

ਉੱਤਰ : ਅਮਰੀਕ ਸੋਚਦਾ ਹੈ ਕਿ ਜੇਕਰ ਉਹ ਆਪਣੇ ਪਿਤਾ ਤੋਂ ਦੂਰ ਨਾ ਹੁੰਦਾ ਤਾਂ ਸ਼ਾਇਦ ਉਹ ਨਸ਼ੇ ਦੀ ਇਸ ਹੱਦ ਤੱਕ ਨਾ ਵਧਦਾ। ਉਹ ਸੋਚਦਾ ਹੈ ਕਿ ਕਿਤੇ ਉਸ ਦਾ ਪਿਤਾ ਜਿਊਂਦਾ ਹੋ ਜਾਵੇ ਤਾਂ ਉਹ ਉਸ ਨੂੰ ਬਹੁਤ ਪਿਆਰ ਕਰੇ। ਇਹ ਸੋਚਦਾ ਉਹ ਆਪਣੇ ਬਚਪਨ ਵਿੱਚ ਗੁਆਚ ਗਿਆ।

ਪ੍ਰਸ਼ਨ 18. ਬਚਪਨ ਵਿੱਚ ਅਮਰੀਕ ਦੇ ਮਨ ਵਿੱਚ ਆਪਣੇ ਪਿਤਾ ਦਾ ਜੋ ਚਿੱਤਰ ਸੀ ਉਸ ਬਾਰੇ ਜਾਣਕਾਰੀ ਦਿਓ।

ਉੱਤਰ : ਅਮਰੀਕ ਦੇ ਪਿਤਾ ਦੀ ਨਿੱਕੀ-ਨਿੱਕੀ ਅਤੇ ਕੱਕੀ-ਕੱਕੀ (ਭੂਰੇ ਰੰਗ ਦੀ) ਦਾੜ੍ਹੀ ਅਤੇ ਨਿੱਕੀਆਂ-ਨਿੱਕੀਆਂ ਮੁੱਛਾਂ ਹੁੰਦੀਆਂ ਸਨ। ਅਮਰੀਕ ਕਦੇ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ । ਉਸ ਦਾ ਪਿਤਾ ਅਜੇ ਵੀ ਛਾਲਾਂ ਮਾਰਦਾ ਸੀ ਅਤੇ ਸਭ ਤੋਂ ਅੱਗੇ ਡਿਗਦਾ ਸੀ।

ਪ੍ਰਸ਼ਨ 19. “ਅਸੀਂ ਤਾਂ ਜੀਅ-ਜੰਤ ਵਾਲ਼ੇ ਹੋ ਗਏ ਆ—ਹੁਣ ਸਾਥੋਂ ਛਾਲਾਂ ਕਿੱਥੋਂ ਵੱਜਦੀਆਂ-ਬੁੱਢਿਆਂ ਬੰਦਿਆਂ ਤੋਂ।” ਇਹ ਸ਼ਬਦ ਕਿਸ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਕਰਤਾਰ ਸਿੰਘ ਛਾਲਾਂ ਮਾਰਦਾ ਸੀ ਤਾਂ ਸਭ ਤੋਂ ਅੱਗੇ ਡਿਗਦਾ ਸੀ। ਫਿਰ ਉਹ ਬਾਕੀਆਂ ਨੂੰ ਹੱਸ ਕੇ ਕਹਿੰਦਾ ਸੀ ਕਿ ਉਹ ਤਾਂ ਹੁਣ ਬਾਲ-ਬੱਚੇ/ਪਰਿਵਾਰ ਵਾਲ਼ੇ ਹੋ ਗਏ ਹਨ। ਹੁਣ ਉਹਨਾਂ ਬੁੱਢਿਆਂ ਬੰਦਿਆਂ ਤੋਂ ਛਾਲਾਂ ਨਹੀਂ ਵੱਜਦੀਆਂ।

ਪ੍ਰਸ਼ਨ 20. ਕਰਤਾਰ ਸਿੰਘ ਆਪਣੀ ਥਾਂ ਮਾਰਨ ਕਹਿੰਦਾ?

ਉੱਤਰ : ਕਰਤਾਰ ਸਿੰਘ ਆਪਣੀ ਥਾਂ ‘ਤੇ ਆਪਣੇ ਛੇ-ਸੱਤ ਸਾਲ ਦੇ ਪੁੱਤਰ ਅਮਰੀਕ ਨੂੰ ਛਾਲਾਂ ਮਾਰਨ ਲਈ ਕਹਿੰਦਾ ਹੈ। ਉਹ ਅਮਰੀਕ ਦੀ ਪਿੱਠ ਥਾਪੜ ਕੇ ਕਹਿੰਦਾ ਹੈ ਕਿ ਉਹ ਉਹਨਾਂ ਬੁੱਢੇ ਬੰਦਿਆਂ ਦੀ ਥਾਂ ‘ਤੇ ਛਾਲਾਂ ਮਾਰਿਆ ਕਰੇ। ਪਰ ਅਮਰੀਕ ਕਈ ਸਾਲ ਤੱਕ ਉਡੀਕਦਾ ਰਿਹਾ ਸੀ ਕਿ ਉਸ ਦਾ ਪਿਤਾ ਬੁੱਢਾ ਹੋਵੇ।

ਪ੍ਰਸ਼ਨ 21. “ਉਹ ਤੇਰਾ ਵੱਡਾ ਭਰਾ ਐ”? ਇਹ ਸ਼ਬਦ ਕਿਸ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਜਦ ਕੋਈ ਨਵਾਂ ਆਇਆ ਅਧਿਆਪਕ ਜਾਂ ਓਪਰਾ/ਅਣਜਾਣ ਵਿਅਕਤੀ ਅਮਰੀਕ ਤੋਂ ਉਸ ਦੇ ਪਿਤਾ ਬਾਰੇ ਪੁੱਛਦਾ ਤਾਂ ਇਹੀ ਕਹਿੰਦਾ ਕਿ ਕੀ ਉਹ ਉਸ ਦਾ (ਅਮਰੀਕ ਦਾ) ਵੱਡਾ ਭਰਾ ਹੈ। ਪਰ ਅਮਰੀਕ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਉਹਦਾ ਪਿਤਾ, ਪਿਤਾ ਲੱਗਣ ਦੀ ਥਾਂ ਭਰਾ ਕਿਉਂ ਲੱਗਦਾ ਹੈ।

ਪ੍ਰਸ਼ਨ 22. “ਪੁੱਤਰਾ! ਆਉਂਦੀਆਂ ਗੱਲਾਂ ਤੈਨੂੰ—ਤੇਰੇ ਸਿੰਗਾਂ ਤੇ ਐ ਅਜੇ-ਜਦੋਂ ਸਿਰ ‘ਤੇ ਪਈ-ਫਿਰ ਵੇਖੀਂ।” ਇਹ ਸ਼ਬਦ ਕਿਸ ਵੱਲੋਂ, ਕਿਸ ਨੂੰ ਅਤੇ ਕਿਸ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਇਹ ਸ਼ਬਦ ਛਾਲਾਂ ਮਾਰਦੇ ਅਮਰੀਕ ਦੇ ਪਿਤਾ ਨੂੰ ਕਿਸੇ ਬਜ਼ੁਰਗ ਵੱਲੋਂ ਹੱਸ ਕੇ ਕਹੇ ਗਏ ਹਨ ਕਿ ਉਹਨੂੰ ਤਾਂ ਗੱਲਾਂ ਆਉਂਦੀਆਂ ਹਨ ਕਿਉਂਕਿ ਅਜੇ ਉਸ ਦੇ ਸਿਰ ’ਤੇ ਜ਼ੁੰਮੇਵਾਰੀ ਨਹੀਂ ਪਈ ਸਗੋਂ ਅਜੇ ਸਿੰਗਾਂ ‘ਤੇ ਹੈ। ਜਦੋਂ ਜ਼ੁੰਮੇਵਾਰੀ ਉਸ ਦੇ ਸਿਰ ਪਏਗੀ ਤਾਂ ਫਿਰ ਉਸ ਨੂੰ ਪਤਾ ਲੱਗੇਗਾ। ਅਜੇ ਤਾਂ ਉਸ ਦਾ ਪਿਤਾ (ਅਮਰੀਕ ਦਾ ਦਾਦਾ) ਸਿੰਘਾਪੁਰ ਤੋਂ ਪੈਸੇ ਭਿਜਵਾਈ ਜਾਂਦਾ ਹੈ।


ਪ੍ਰਸ਼ਨ 23. ਕਰਤਾਰ ਸਿੰਘ ਕਿਸ ਦੇ ਸਿਰ ‘ਤੇ ਐਸ਼ ਲੈਂਦਾ ਰਿਹਾ ਸੀ?

ਉੱਤਰ : ਕਰਤਾਰ ਸਿੰਘ ਆਪਣੇ ਪਿਤਾ ਦੇ ਸਿਰ ‘ਤੇ ਐਸ਼ ਲੈਂਦਾ ਰਿਹਾ ਸੀ। ਉਹ ਸਿੰਘਾਪੁਰੋਂ ਪੈਸੇ ਭਿਜਵਾਈ ਜਾਂਦਾ ਸੀ ਤੇ ਕਰਤਾਰ ਸਿੰਘ ਬਣ-ਠਣ ਕੇ ਪਿੰਡ ਦੀਆਂ ਢਾਣੀਆਂ ਵਿੱਚ ਫਿਰਦਾ ਰਹਿੰਦਾ ਸੀ। ਪਿਤਾ ਦੇ ਭੇਜੇ ਪੈਸੇ ਉਹ ਮੌਜ-ਮੇਲਿਆਂ ਵਿੱਚ ਉਡਾ ਦਿੰਦਾ ਸੀ।

ਪ੍ਰਸ਼ਨ 24. ਅਮਰੀਕ ਦੇ ਪਿਤਾ ਕਰਤਾਰ ਸਿੰਘ ਨੇ ਕਿਹੜੇ ਨਿੱਕੇ-ਨਿੱਕੇ ਸ਼ੁਗਲ ਪਾਲ ਰੱਖੇ ਸਨ?

ਉੱਤਰ : ਅਮਰੀਕ ਨੂੰ ਚੇਤੇ ਸੀ ਕਿ ਉਸ ਦੇ ਪਿਤਾ ਨੇ ਨਿੱਕੇ-ਨਿੱਕੇ ਕਈ ਸ਼ੁਗਲ ਪਾਲ ਰੱਖੇ ਸਨ। ਛਾਲਾਂ ਮਾਰਨ ਅਤੇ ਕਬੱਡੀ ਖੇਡਣ ਤੋਂ ਬਿਨਾਂ ਉਸ ਨੇ ਵਧੀਆ ਕਿਸਮ ਦੇ ਸ਼ਿਕਾਰੀ ਕੁੱਤੇ ਵੀ ਰੱਖੇ ਹੋਏ ਸਨ। ਉਹ ਢਾਣੀਆਂ ਬੰਨ੍ਹ ਕੇ ਸ਼ਿਕਾਰ ਨੂੰ ਤੁਰਿਆ ਰਹਿੰਦਾ ਸੀ।

ਪ੍ਰਸ਼ਨ 25. ਕਰਤਾਰ ਸਿੰਘ ਨੂੰ ਜ਼ਮੀਨ ਖ਼ਰੀਦਣ ਦਾ ਲਾਲਚ ਕਿਉਂ ਨਹੀਂ ਸੀ?

ਉੱਤਰ : ਕਰਤਾਰ ਸਿੰਘ ਨੂੰ ਇਸ ਲਈ ਜ਼ਮੀਨ ਖ਼ਰੀਦਣ ਦਾ ਕੋਈ ਲਾਲਚ ਨਹੀਂ ਸੀ ਕਿਉਂਕਿ ਇਹ ਕੋਈ ਬਹੁਤੀ ਆਮਦਨ ਦਾ ਸਾਧਨ ਨਹੀਂ ਸੀ। ਸ਼ਾਇਦ ਉਂਞ ਵੀ ਬਹੁਤੀ ਆਮਦਨ ਕਮਾਉਣ ਵੱਲ ਉਸ ਦਾ ਝੁਕਾਅ ਨਹੀਂ ਸੀ।

ਪ੍ਰਸ਼ਨ 26. ਕਰਤਾਰ ਸਿੰਘ ਦੀ ਪਿੰਡ ਵਿੱਚ ਇੱਜ਼ਤ ਕਿਉਂ ਬਣੀ ਹੋਈ ਸੀ?

ਉੱਤਰ : ਕਰਤਾਰ ਸਿੰਘ ਦੀ ਪਿੰਡ ਵਿੱਚ ਇਸ ਲਈ ਇੱਜ਼ਤ ਸੀ ਕਿਉਂਕਿ ਉਹ ਵਧੀਆ ਖਿਡਾਰੀ ਸੀ, ਚਿੱਟੇ ਕੱਪੜੇ ਪਾਉਂਦਾ ਸੀ ਅਤੇ ਪੈਸੇ ਵਾਲੇ ਦਾ ਪੁੱਤਰ ਸੀ। ਉਸ ਦੀ ਇਸ ਲਈ ਵੀ ਪਿੰਡ ਵਿੱਚ ਇੱਜ਼ਤ ਸੀ ਕਿਉਂਕਿ ਡਾਂਗਾਂ ਫੜ ਕੇ ਤੁਰਨ ਵਾਲੇ ਚਾਰ ਬੰਦੇ ਉਸ ਦੇ ਨਾਲ ਸਨ।

ਪ੍ਰਸ਼ਨ 27. ਅਮਰੀਕ ਦੇ ਪੈਦਾ ਹੋਣ (ਜੰਮਣ) ਸਮੇਂ ਜਦੋਂ ਉਸ ਦਾ ਦਾਦਾ ਪਿੰਡ ਆਇਆ ਸੀ ਤਾਂ ਉਹ ਮਕਾਨ ਦਾ ਕੀ ਕੁਝ ਕਰਵਾ ਗਿਆ ਸੀ?

ਉੱਤਰ : ਅਮਰੀਕ ਦੇ ਪੈਦਾ ਹੋਣ ‘ਤੇ ਜਦੋਂ ਉਸ ਦਾ ਦਾਦਾ ਪਿੰਡ ਆਇਆ ਸੀ ਤਾਂ ਉਸ ਸਮੇਂ ਦੋ ਕੋਠੜੀਆਂ ਅੱਗੇ ਦਲਾਨ ਅਤੇ ਅੱਗੇ ਬਰਾਂਡਾ ਛਤਵਾ ਗਿਆ ਸੀ। ਇਸ ਦੇ ਨਾਲ ਹੀ ਉਸ ਨੇ ਉੱਪਰ ਚੁਬਾਰਾ ਵੀ ਪੁਆ ਦਿੱਤਾ ਸੀ।

ਪ੍ਰਸ਼ਨ 28. ਅਮਰੀਕ ਦਾ ਦਾਦਾ ਵਿਦੇਸ਼ ਕਿਉਂ ਗਿਆ ਸੀ?

ਉੱਤਰ : ਅਮਰੀਕ ਦਾ ਦਾਦਾ ਦੱਸਦਾ ਹੈ ਕਿ ਉਹ ਰੋਟੀ ਤੋਂ ਔਖੇ/ਦੁਖੀ ਸਨ। ਉਹਨਾਂ ਦੀ ਜ਼ਮੀਨ ਗਹਿਣੇ ਪੈ ਗਈ ਸੀ ਅਤੇ ਉਹ ਕਰਜ਼ੇ ਹੇਠ ਦੱਬੇ ਗਏ ਸਨ। ਇਸੇ ਲਈ ਉਹ ਵਿਦੇਸ਼ ਗਿਆ ਸੀ। ਹੌਲ਼ੀ-ਹੌਲ਼ੀ ਉਸ ਨੇ ਗਹਿਣੇ ਪਈ ਆਪਣੀ ਸਾਰੀ ਪੈਲੀ ਛੁਡਵਾ ਲਈ ਸੀ।

ਪ੍ਰਸ਼ਨ 29. ਅਮਰੀਕ ਦਾ ਦਾਦਾ/ਕਰਤਾਰ ਸਿੰਘ ਦਾ ਪਿਤਾ ਬਾਹਰਲੇ ਮੁਲਕਾਂ ਬਾਰੇ ਕੀ ਦੱਸਦਾ ਹੈ?

ਉੱਤਰ : ਅਮਰੀਕ ਦਾ ਦਾਦਾ/ਕਰਤਾਰ ਸਿੰਘ ਦਾ ਪਿਤਾ ਬਾਹਰਲੇ ਮੁਲਕਾਂ/ਦੇਸਾਂ ਬਾਰੇ ਦੱਸਦਾ ਹੈ ਕਿ ਉੱਥੇ ਨਿੱਕੇ ਤੋਂ ਨਿੱਕੇ ਕੰਮ ਨੂੰ ਕਰਨ ਵਿੱਚ ਵੀ ਕੋਈ ਬੇਇੱਜ਼ਤੀ ਨਹੀਂ ਸਮਝੀ ਜਾਂਦੀ। ਉਹ ਦੱਸਦਾ ਹੈ ਕਿ ਉੱਥੇ ਫੋਕੀ ਫੂੰ-ਫਾਂ ਦਾ ਕੋਈ ਅਰਥ ਨਹੀਂ।

ਪ੍ਰਸ਼ਨ 30. ਜਦ ਅਮਰੀਕ ਦਾ ਦਾਦਾ ਆਖ਼ਰੀ ਵਾਰ ਸਿੰਘਾਪੁਰੋਂ ਆਇਆ ਸੀ ਤਾਂ ਉਸ ਨੇ ਕਰਤਾਰ ਸਿੰਘ ਨੂੰ ਕੀ ਕਿਹਾ ਸੀ?

ਉੱਤਰ : ਜਦ ਅਮਰੀਕ ਦਾ ਦਾਦਾ ਆਖ਼ਰੀ ਵਾਰ ਸਿੰਘਾਪੁਰੋਂ ਆਇਆ ਸੀ ਤਾਂ ਉਸ ਨੇ ਕਰਤਾਰ ਸਿੰਘ ਨੂੰ ਕਿਹਾ ਸੀ ਕਿ ਉਹ ਜਦ ਵੀ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਉਸ ਨਾਲ ਦਿਲ ਦੀ ਗੱਲ ਕਰੇ ਪਰ ਉਹ ਕਿਤੇ ਵਿਹਲੇ ਵੇਲੇ ਸੋਫ਼ੀ ਹਾਲਤ (ਨਸ਼ੇ ਵਿੱਚ ਨਾ ਹੋਣ ਦੀ ਹਾਲਤ) ਹੁੰਦਾ ਹੀ ਨਹੀਂ।

ਪ੍ਰਸ਼ਨ 31. “ਕਰ ਤੂੰ ਜਿਹੜੀ ਕਰਨੀ ਐਂ ਤੇਰੀ ਨਹੀਂ ਤਾਂ ਹੋਰ ਕੀਹਦੀ ਮੰਨਣੀ ਆ? ਤੇਰੇ ਸਿਰ ‘ਤੇ ਬਜ਼ੁਰਗਾ ਐਸ਼ਾਂ ਕਰਦੇ ਆਂ…” ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਸ ਪ੍ਰਸੰਗ ਵਿੱਚ ਕਹੇ?

ਉੱਤਰ : ਕਰਤਾਰ ਸਿੰਘ ਦਾ ਪਿਤਾ ਉਸ ਨਾਲ ਦਿਲ ਦੀ ਗੱਲ ਕਰਨੀ ਚਾਹੁੰਦਾ ਹੈ ਪਰ ਉਹ ਕਿਤੇ ਵਿਹਲੇ ਵੇਲੇ ਸੋਫ਼ੀ ਹਾਲਤ (ਨਸ਼ੇ ਵਿੱਚ ਨਾ ਹੋਣ ਦੀ ਹਾਲਤ) ਵਿੱਚ ਹੁੰਦਾ ਹੀ ਨਹੀਂ ਸੀ। ਇਸੇ ਪ੍ਰਸੰਗ ਵਿੱਚ ਕਰਤਾਰ ਸਿੰਘ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਸ ਨੇ ਜਿਹੜੀ ਗੱਲ ਕਰਨੀ ਹੈ ਕਰੇ। ਉਸ ਨੇ ਉਹਦੀ ਨਹੀਂ ਤਾਂ ਹੋਰ ਕਿਸ ਦੀ ਮੰਨਣੀ ਹੈ। ਉਹ ਉਸ ਦੇ ਸਿਰ ‘ਤੇ ਹੀ ਤਾਂ ਐਸ਼ ਕਰਦਾ ਹੈ।

ਪ੍ਰਸ਼ਨ 32. ਅਮਰੀਕ ਦਾ ਪਿਤਾ ਤੇ ਮਾਮਾ ਬਲਦਾਂ ਦੀ ਵਧੀਆ ਜੋੜੀ ਕਿੱਥੋਂ ਖ਼ਰੀਦ ਕੇ ਲਿਆਏ ਸਨ?

ਉੱਤਰ : ਅਮਰੀਕ ਦਾ ਪਿਤਾ ਅਤੇ ਮਾਮਾ ਬਲਦਾਂ ਦੀ ਵਧੀਆਂ ਜੋੜੀ ਬੀਕਾਨੇਰ ਵੱਲੋਂ ਖ਼ਰੀਦ ਕੇ ਲਿਆਏ ਸਨ। ਇਹ ਬਲਦ ਚਿੱਟੇ ਦੁੱਧ ਰੰਗ ਦੇ ਸਨ ਅਤੇ ਇਹਨਾਂ ਦੇ ਸਰੀਰ ਚਮਕਦੇ ਸਨ।

ਪ੍ਰਸ਼ਨ 33. ਪਿਤਾ ਦੀ ਮੌਤ ਤੋਂ ਬਾਅਦ ਕਰਤਾਰ ਸਿੰਘ ਵਿੱਚ ਕੀ ਤਬਦੀਲੀ ਆਈ?

ਉੱਤਰ : ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਜ਼ੁੰਮੇਵਾਰੀ ਕਰਤਾਰ ਸਿੰਘ ਦੇ ਸਿਰ ਪੈ ਗਈ ਸੀ। ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਰੱਖਦਾ ਅਤੇ ਉਸ ਦੀ ਜੁੱਤੀ ਹਮੇਸ਼ਾਂ ਲਿਸ਼ਕਦੀ ਰਹਿੰਦੀ। ਹੁਣ ਉਹ ਠੇਕੇ ਦੀ ਥਾਂ ਬੰਦਾ ਰੱਖ ਕੇ ਵਾਹੀ ਕਰਵਾਉਂਦਾ ਸੀ। ਆਪ ਉਹ ਪੱਠੇ ਲਿਆ ਛੱਡਦਾ ਸੀ ਤੇ ਫਿਰ ਖੁੰਢਾਂ ‘ਤੇ ਬਹਿ ਛੱਡਦਾ ਤੇ ਜਾਂ ਫਿਰ ਤਾਸ਼ ਖੇਡਦਾ ਰਹਿੰਦਾ ਸੀ।

ਪ੍ਰਸ਼ਨ 34. ਕਰਤਾਰ ਸਿੰਘ ਦੀ ਮਾਂ ਉਸ ਨੂੰ ਫ਼ਜ਼ੂਲ-ਖ਼ਰਚੀਆਂ ਤੋਂ ਰੋਕਦੀ ਕੀ ਕਹਿੰਦੀ ਹੈ?

ਉੱਤਰ : ਅਮਰੀਕ ਦੀ ਦਾਦੀ/ਕਰਤਾਰ ਸਿੰਘ ਦੀ ਮਾਂ ਉਸ ਦੇ ਰਾਤ ਦੇਰ ਤੱਕ ਬਾਹਰ ਰਹਿਣ ਅਤੇ ਢਾਣੀਆਂ ਵਿੱਚ ਬੈਠੇ ਰਹਿਣ ‘ਤੇ ਔਖੀ ਹੁੰਦੀ ਹੈ। ਉਹ ਉਸ ਮੂਰਖ ਨੂੰ ਬੰਦਿਆਂ ਵਾਲੇ ਚਾਲੇ ਫੜਨ ਲਈ ਕਹਿੰਦੀ ਹੈ ਕਿਉਂਕਿ ਉਹ ਧੀਆਂ-ਪੁੱਤਰਾਂ ਵਾਲਾ ਹੋ ਗਿਆ ਹੈ। ਉਹ ਕਰਤਾਰ ਸਿੰਘ ਨੂੰ ਕਹਿੰਦੀ ਹੈ ਕਿ ਕੰਮ ਕਰਨ ਤੋਂ ਬਿਨਾਂ ਇਹ ਫਜ਼ੂਲ-ਖ਼ਰਚੀਆਂ ਨਹੀਂ ਪੁੱਗਣੀਆਂ।

ਪ੍ਰਸ਼ਨ 35. ਅਮਰੀਕ ਦੀ ਦਾਦੀ ਅਨੁਸਾਰ ਅਮਰੀਕ ਦੀ ਮਾਂ ਨੇ ਕਰਤਾਰ ਸਿੰਘ ਨੂੰ ਕਿਵੇਂ ਵਿਗਾੜਿਆ?

ਉੱਤਰ : ਬੁੱਢੀ ਮਾਂ/ਅਮਰੀਕ ਦੀ ਦਾਦੀ ਅਮਰੀਕ ਦੀ ਮਾਂ ਨੂੰ ਕਹਿੰਦੀ ਕਿ ਉਸ ਨੇ ਕਰਤਾਰ ਸਿੰਘ ਨੂੰ ਗਰਮ-ਗਰਮ ਪਰਸ਼ਾਦੇ ਖੁਆ ਕੇ ਵਿਗਾੜਿਆ ਹੈ। ਉਹ ਉਸ ਨੂੰ ਕਹਿੰਦੀ ਕਿ ਕਰਤਾਰ ਸਿੰਘ ਜਦ ਵੀ ਆਵੇ ਉਹ ਠੰਢਾ ਖਾਣਾ ਉਸ ਦੇ ਮੱਥੇ ਮਾਰਿਆ ਕਰੇ।

ਪ੍ਰਸ਼ਨ 36. ਕਰਤਾਰ ਸਿੰਘ ਨੇ ਆਪਣੀ ਪਤਨੀ ਜਾਗੀਰ ਕੌਰ ਨੂੰ ਕਿਉਂ ਕੁੱਟਿਆ ਸੀ?

ਉੱਤਰ : ਕਰਤਾਰ ਸਿੰਘ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ। ਜਾਗੀਰ ਕੌਰ ਨੇ ਉਸ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਕਰਤਾਰ ਸਿੰਘ ਨੇ ਬਿਨਾਂ ਸੋਚੇ-ਸਮਝੇ ਜਾਗੀਰ ਕੌਰ ਨੂੰ ਥਾਪੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਜਾਗੀਰ ਕੌਰ ਨੇ ਉਸ ਦੀ (ਕਰਤਾਰ ਸਿੰਘ ਦੀ) ਭੈਣ ਦੀਆਂ ਕੁੜੀਆਂ ਦੇ ਵਿਆਹ ਦੇ ਖ਼ਰਚੇ ਲਈ ਆਪਣੇ ਗਹਿਣੇ ਨਹੀਂ ਦਿੱਤੇ ਸਨ।

ਪ੍ਰਸ਼ਨ 37. ਜਾਗੀਰ ਕੌਰ ਨੇ ਹਰੀਕੇ ਦਰਿਆ ਵਿੱਚ ਡੁੱਬ ਕੇ ਮਰਨ ਬਾਰੇ ਕਿਉਂ ਸੋਚਿਆ ਸੀ?

ਉੱਤਰ : ਜਾਗੀਰ ਕੌਰ, ਕਰਤਾਰ ਸਿੰਘ ਤੋਂ ਉਸ ਦੇ ਨਸ਼ਿਆਂ ਕਾਰਨ ਬਹੁਤ ਤੰਗ ਸੀ। ਇੱਕ ਰਾਤ ਉਸ ਨੇ ਜਾਗੀਰ ਕੌਰ ਨੂੰ ਥਾਪੀ ਨਾਲ ਕੁੱਟਿਆ ਸੀ। ਇਸੇ ਲਈ ਉਸ ਨੇ ਹਰੀਕੇ ਦਰਿਆ ਵਿੱਚ ਡੁੱਬ ਕੇ ਮਰਨ ਬਾਰੇ ਸੋਚਿਆ ਸੀ।

ਪ੍ਰਸ਼ਨ 38. ਅਮਰੀਕ ਦੇ ਮਨ ਵਿੱਚ ਮਾਂ ਦੇ ਕਹੇ ਸ਼ਬਦ ਵਾਰ-ਵਾਰ ਗੂੰਜ ਰਹੇ ਸਨ?

ਉੱਤਰ : ਜਾਗੀਰ ਕੌਰ ਆਪਣੇ ਪਤੀ ਹੱਥੋਂ ਉਸਦੇ ਨਸਿਆਂ ਕਾਰਨ ਬਹੁਤ ਰੰਗ ਸੀ। ਇੱਕ ਰਾਤ ਤਾਂ ਉਸ ਨੇ ਜਾਗੀਰ ਕੌਰ ਨੂੰ ਬਾਪੀ ਨਾਲ ਕੁੱਟਿਆ ਸੀ। ਇਸੇ ਲਈ ਜਾਗੀਰ ਕੌਰ ਨੇ ਅਮਰੀਕ ਨੂੰ ਕਿਹਾ ਸੀ ਕਿ “ਮੈਂ ਤਾਂ ‘ਮਰੀਕ ਹਕੀਕੀਂ ਡੁੱਬ ਕੇ ਮਰ ਜਾਣਾ…..।” ਉਸ ਦੇ ਇਹ ਸ਼ਬਦ ਵਾਰ-ਵਾਰ ਅਮਰੀਕ ਦੇ ਮਨ ਵਿੱਚ ਗੂੰਜ ਰਹੇ ਸਨ।

ਪ੍ਰਸ਼ਨ 39. ਆਪਣੀ ਮਾਂ ਦੇ ਡੁੱਬ ਮਰਨ ਦੇ ਸੰਬੰਧ ਵਿੱਚ ਅਮਰੀਕ ਦੇ ਮਨ ਵਿੱਚ ਰਹਿ-ਰਹਿ ਕੇ ਕਿਹੜਾ ਸਵਾਲ ਆਉਂਦਾ ਸੀ?

ਉੱਤਰ : ਆਪਣੀ ਮਾਂ ਦੇ ਡੁੱਬ ਮਰਨ ਦੇ ਸੰਬੰਧ ਵਿੱਚ ਅਮਰੀਕ ਦੇ ਮਨ ਵਿੱਚ ਰਹਿ-ਰਹਿ ਕੇ ਇਹ ਸਵਾਲ ਆਉਂਦਾ ਸੀ ਕਿ ਉਸ ਦੀ ਮਾਂ ਏਨੀ ਦੂਰ ਹਰੀਕੇ ਹੀ ਕਿਉਂ ਡੁੱਬ ਮਰਨਾ ਚਾਹੁੰਦੀ ਸੀ । ਉਹ ਨਿਆਣੀਆਂ ਵਾਲ਼ੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਮੋਈ ਸੀ।

ਪ੍ਰਸ਼ਨ 40. ਕਰਤਾਰ ਸਿੰਘ ਦੀ ਭੈਣ ਦੀਆਂ ਕੁੜੀਆਂ ਦੇ ਵਿਆਹ ‘ਤੇ ਜਾਣ ਲਈ ਪੈਸੇ ਦਾ ਪ੍ਰਬੰਧ ਕਿਵੇਂ ਹੋਇਆ?

ਉੱਤਰ : ਸ਼ਾਹ ਬਹੁਤ ਜ਼ਿਆਦਾ ਵਿਆਜ ‘ਤੇ ਪੈਸਾ ਦਿੰਦੇ ਸਨ। ਜਾਗੀਰ ਕੌਰ ਨੇ ਆਪਣੇ ਗਹਿਣੇ ਵੀ ਨਹੀਂ ਸਨ ਦਿੱਤੇ। ਅਖੀਰ ਦੋ ਕਿੱਲੇ ਜ਼ਮੀਨ ਗਹਿਣੇ ਰੱਖ ਕੇ ਕਰਤਾਰ ਸਿੰਘ ਦੀ ਭੈਣ ਦੀਆਂ ਕੁੜੀਆਂ ਦੇ ਵਿਆਹ ‘ਤੇ ਜਾਣ ਲਈ ਪੈਸੇ ਦਾ ਪ੍ਰਬੰਧ ਕੀਤਾ ਗਿਆ।

ਪ੍ਰਸ਼ਨ 41. ਕਰਤਾਰ ਸਿੰਘ ਦੀ ਭੈਣ ਦੀਆਂ ਕੁੜੀਆਂ ਦੇ ਵਿਆਹ ਤੋਂ ਬਾਅਦ ਕਰਤਾਰ ਸਿੰਘ ਦੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ?

ਉੱਤਰ : ਕਰਤਾਰ ਸਿੰਘ ਦੀ ਭੈਣ ਦੀਆਂ ਕੁੜੀਆਂ ਦੇ ਵਿਆਹ ਤੋਂ ਬਾਅਦ ਕਰਤਾਰ ਸਿੰਘ ਦੀ ਨਸ਼ਿਆਂ ਦੀ ਆਦਤ ਵਧ ਗਈ ਸੀ। ਹੌਲੀ-ਹੌਲੀ ਉਹ ਨਸ਼ਿਆਂ ਦਾ ਗੁਲਾਮ ਹੋ ਗਿਆ ਸੀ। ਘਰ ਵਿੱਚ ਹਰ ਵੇਲ਼ੇ ਖਿਝ, ਗੁੱਸੇ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ मी।

ਪ੍ਰਸ਼ਨ 42. ਕਰਤਾਰ ਸਿੰਘ ਦੀ ਵੱਡੀ ਕੁੜੀ ਬੰਸੋ ਦਾ ਸਾਕ ਸਹੁਰਿਆਂ ਵੱਲੋਂ ਕਿਉਂ ਛੱਡ ਦਿੱਤਾ ਗਿਆ ਸੀ?

ਉੱਤਰ : ਕਰਤਾਰ ਸਿੰਘ ਦੀ ਵੱਡੀ ਕੁੜੀ ਬੰਸੋ ਦਾ ਸਾਕ ਸਹੁਰਿਆਂ ਵੱਲੋਂ ਇਸ ਲਈ ਛੱਡ ਦਿੱਤਾ ਗਿਆ ਸੀ ਕਿਉਂਕਿ ਕੁੜੀ ਦਾ ਪਿਤਾ ਅਮਲੀ ਸੀ ਅਤੇ ਉਹਨਾਂ ਦੇ ਘਰ ਭੰਗ ਭੁੱਜਦੀ ਸੀ।

ਪ੍ਰਸ਼ਨ 43. “ਮੈਂ ਆਵਦੇ ਪਿਉ ਦੀ ਜੈਦਾਦ ਖਾਂਦਾ ਉਏ ! ਮੈਂ ਨਹੀਂ ਕਿਸੇ ਕੰਜਰ ਦੇ ਆਖਿਆਂ ਹਟਣਾ।” ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਸ ਪ੍ਰਸੰਗ ਵਿੱਚ ਕਹੇ?

ਉੱਤਰ : ਅਮਰੀਕ ਦੀ ਵੱਡੀ ਭੈਣ ਬੰਸੋ ਦਾ ਸ਼ਾਕ ਇਸ ਲਈ ਛੱਡ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਬਾਪ/ਪਿਤਾ ਅਮਲੀ ਸੀ। ਇਸ ਗੱਲ ਤੋਂ ਖਿੱਝ ਕੇ ਅਮਰੀਕ ਆਪਣੇ ਪਿਤਾ ਨਾਲ ਝਗੜਿਆ ਸੀ। ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਜਾਇਦਾਦ ਖਾਂਦਾ ਹੈ। ਉਸ ਨੇ ਕਿਸੇ ਵੀ ਕੰਜਰ ਦੇ ਕਹਿਣ ‘ਤੇ ਨਹੀਂ ਹਟਣਾ।

ਪ੍ਰਸ਼ਨ 44. ਅਮਰੀਕ ਸਿੰਘ ਵੱਲੋਂ ਘਰ ਲਈ ਅੱਧੀ ਤਨਖ਼ਾਹ ਦੇਣ ਸੰਬੰਧੀ ਕਰਤਾਰ ਸਿੰਘ ਨੂੰ ਕਿਸ ਗੱਲ ਦਾ ਇਤਰਾਜ਼ ਸੀ?

ਉੱਤਰ : ਅਮਰੀਕ ਸਿੰਘ ਆਪਣੀ ਤਨਖ਼ਾਹ ਵਿੱਚੋਂ ਅੱਧੀ ਤਨਖ਼ਾਹ ਆਪਣੀ ਮਾਂ ਨੂੰ ਦਿੰਦਾ ਸੀ ਜੋ ਘਰ ਵਿੱਚ ਹੀ ਵਰਤੀ ਜਾਂਦੀ ਸੀ। ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਅਮਰੀਕ ਅੱਧੀ ਤਨਖ਼ਾਹ ਆਪਣੀ ਮਾਂ ਨੂੰ ਹੀ ਕਿਉਂ ਦਿੰਦਾ ਹੈ, ਉਸ ਨੂੰ ਕਿਉਂ ਨਹੀਂ ਦਿੰਦਾ!

ਪ੍ਰਸ਼ਨ 45. ਜਦ ਅਮਰੀਕ ਨੇ ਮਾਂ ਨੂੰ ਕਿਹਾ ਕਿ ਉਹ ਉਹਨਾਂ ਤੋਂ ਸਭ ਕੁਝ ਲੁਕਾਉਂਦੀ ਰਹੀ ਹੈ ਤਾਂ ਉਸ ਨੇ ਕੀ ਜਵਾਬ ਦਿੱਤਾ?

ਉੱਤਰ : ਅਮਰੀਕ ਦੀ ਮਾਂ ਨੇ ਜਵਾਬ ਦਿੱਤਾ ਕਿ ਉਹ ਤਾਂ ਕੁਝ ਵੀ ਨਹੀਂ ਲੁਕਾਉਂਦੀ ਰਹੀ। ਉਸ (ਅਮਰੀਕ) ਨੇ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ ਤੇ ਉਸ ਦਾ ਪਿਤਾ ਮਨਮਰਜ਼ੀ ਕਰਦਾ ਸੀ। ਉਸ ਦੇ ਅਮਲ ਦਾ ਏਨਾ ਖ਼ਰਚਾ ਘਰੋਂ ਹੀ ਹੁੰਦਾ ਸੀ। ਇਸ ਲਈ ਉਹ (ਅਮਰੀਕ) ਅਣਜਾਣ ਨਾ ਬਣੇ।

ਪ੍ਰਸ਼ਨ 46. ਕਰਤਾਰ ਸਿੰਘ ਕਲੀ ਵਾਲੇ ਚੈਂਚਲ ਕੋਲ ਕੀ ਵੇਚ ਆਇਆ ਸੀ?

ਉੱਤਰ : ਕਰਤਾਰ ਸਿੰਘ ਘਰ ਦਾ ਪਤੀਲਾ ਚੁੱਕ ਕੇ ਕਲੀ ਵਾਲ਼ੇ ਚੈਂਚਲ ਕੋਲ ਵੇਚ ਆਇਆ ਸੀ। ਜਦ ਇਸ ਬਾਰੇ ਪਤਾ ਲੱਗਾ ਤਾਂ ਚੈਂਚਲ ਨੂੰ ਪੈਸੇ ਦੇ ਕੇ ਪਤੀਲਾ ਵਾਪਸ ਲਿਆਂਦਾ ਗਿਆ।

ਪ੍ਰਸ਼ਨ 47. ਚੈਂਚਲ ਦੀ ਹੱਟੀ ਵਿੱਚ ਵੜ ਕੇ ਕਰਤਾਰ ਸਿੰਘ ਕੀ ਕਰਦਾ ਸੀ?

ਉੱਤਰ : ਚੈਂਚਲ ਦੀ ਹੱਟੀ ਵਿੱਚ ਵੜ ਕੇ ਕਰਤਾਰ ਸਿੰਘ ਕਈ ਵਾਰ ਨਸਵਾਰ ਵੀ ਲੈਂਦਾ ਸੀ ਤੇ ਹੁਣ ਤਾਂ ਉਹ ਅਫ਼ੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ। ਉਹ ਬੀੜਾ ਜਿਹਾ ਵੀ ਲੈਂਦਾ ਸੀ।

ਪ੍ਰਸ਼ਨ 48. ਘਰ ਵਾਲੇ ਕਰਤਾਰ ਸਿੰਘ ਦੀ ਮੌਤ ਨੂੰ ਉਸ ਦਾ ਵੇਲੇ ਸਿਰ ਤੁਰ ਜਾਣਾ ਕਿਉਂ ਕਹਿੰਦੇ ਹਨ?

ਉੱਤਰ : ਘਰ ਵਾਲੇ ਕਰਤਾਰ ਸਿੰਘ ਦੀ ਮੌਤ ਨੂੰ ਉਸ ਦਾ ਵੇਲੇ ਸਿਰ ਤੁਰ ਜਾਣਾ ਇਸ ਲਈ ਕਹਿੰਦੇ ਹਨ ਕਿਉਂਕਿ ਜੇਕਰ ਉਹ ਜਿਊਂਦਾ ਰਹਿੰਦਾ ਤਾਂ ਜਿਹੜੀ ਦੋ ਕਿੱਲੇ ਜ਼ਮੀਨ ਬਚਦੀ ਸੀ ਉਹ ਵੀ ਗਹਿਣੇ ਪੈ ਜਾਣੀ ਸੀ।

ਪ੍ਰਸ਼ਨ 49. ਨਸ਼ਿਆਂ ਕਾਰਨ ਕਰਤਾਰ ਸਿੰਘ ਦਾ ਕੀ ਹਾਲ ਹੋਇਆ? ਇਸ ਸਭ ਦਾ ਅਮਰੀਕ ਸਿੰਘ ‘ਤੇ ਕੀ ਅਸਰ ਹੋਇਆ?

ਉੱਤਰ : ਨਸ਼ਿਆਂ ਦਾ ਆਦੀ ਹੋਣ ਕਾਰਨ ਕਰਤਾਰ ਸਿੰਘ ਦੀ ਪੰਤਾਲੀ ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਘਰ ਦੀਆਂ ਜ਼ੁੰਮੇਵਾਰੀਆਂ ਉਸ ਦੇ ਵੱਡੇ ਪੁੱਤਰ ਅਮਰੀਕ ਸਿੰਘ (ਜੋ ਇੱਕ ਸਰਕਾਰੀ ਮੁਲਾਜ਼ਮ ਸੀ) ਦੇ ਸਿਰ ਆਣ ਪਈਆਂ ਸਨ। ਉਸ ਦੀ ਛੋਟੀ ਭੈਣ, ਜੋ ਅਜੇ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ, ਨੂੰ ਪੜ੍ਹਾਉਣ ਅਤੇ ਵਿਆਹੁਣ ਦੀ ਜ਼ੁੰਮੇਵਾਰੀ ਵੀ ਉਸ ਦੀ ਸੀ।

ਪ੍ਰਸ਼ਨ 50. ‘ਅੰਗ-ਸੰਗ’ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?

ਉੱਤਰ : ‘ਅੰਗ-ਸੰਗ’ ਕਹਾਣੀ ਤੋਂ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ, ਚਾਦਰ ਦੇਖ ਕੇ ਪੈਰ ਪਸਾਰਨ, ਫ਼ਜ਼ੂਲ-ਖ਼ਰਚੀ ਤੇ ਕਰਜ਼ੇ ਤੋਂ ਬਚਣ ਅਤੇ ਆਪਣੀਆਂ ਜ਼ੁੰਮੇਵਾਰੀਆਂ ਨੂੰ ਸਮਝਣ ਦੀ ਸਿੱਖਿਆ ਮਿਲਦੀ ਹੈ। ਇਸ ਦੇ ਨਾਲ ਹੀ ਕਹਾਣੀਕਾਰ ਸਾਨੂੰ ਔਰਤਾਂ ਦਾ ਸਤਿਕਾਰ ਕਰਨ, ਘਰ ਦੇ ਕੰਮਾਂ ਵਿੱਚ ਦਿਲਚਸਪੀ ਲੈਣ, ਸਮੇਂ ਦੀ ਕਦਰ ਕਰਨ ਅਤੇ ਘਰ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਵੀ ਸਿੱਖਿਆ ਦਿੰਦਾ ਹੈ।