ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਕੋਰੋਨਾ ਮਹਾਂਮਾਰੀ ਸੰਬੰਧੀ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਸੰਬੰਧੀ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………….ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ :  ਕੋਰੋਨਾ ਮਹਾਂਮਾਰੀ ਸੰਬੰਧੀ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਬਾਰੇ।

ਸ੍ਰੀਮਾਨ ਜੀ,

ਮੈਂ ਇਸ ਪੱਤਰ ਰਾਹੀਂ ਜਨਤਾ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਆਪਣੇ ਵਿਚਾਰ ਪੇਸ਼ ਕਰਨ ਜਾ ਰਿਹਾ ਹਾਂ। ਕਿਰਪਾ ਕਰਕੇ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕਿਰਪਾਲਤਾ ਕਰਨਾ।

ਅਸੀਂ ਸਭ ਜਾਣਦੇ ਹੀ ਹਾਂ ਕਿ ਕੋਰੋਨਾ ਮਹਾਂਮਾਰੀ ਇੱਕ ਛੂਤ ਦੀ ਬਿਮਾਰੀ ਹੈ ਜੋ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਬੜੀ ਹੀ ਤੇਜ਼ੀ ਨਾਲ ਫੈਲਦੀ ਹੈ। ਇਸ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਭੜਥੂ ਪਾਇਆ ਹੋਇਆ ਹੈ। ਕੋਵਿਡ-19 ਕਾਰਨ ਮਰਨ ਵਾਲਿਆਂ ਦੀਆਂ ਖ਼ਬਰਾਂ ਨਿੱਤ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਕੋਰੋਨਾ ‘ਪੌਜ਼ੀਟਿਵ’ ਦੇ ਆਂਕੜੇ ਰੋਜ਼ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਬਚਣ ਦਾ ਸਭ ਤੋਂ ਵੱਡਾ ਉਪਾਅ ਹੈ— ਸੋਸ਼ਲ ਡਿਸਟੈਸਿੰਗ ਭਾਵ ਆਪਸੀ ਦੂਰੀ ਬਣਾਈ ਰੱਖਣਾ। ਇਸ ਸਬੰਧੀ ਸਰਕਾਰ ਵੱਲੋਂ ਕੁਝ ਨਿਯਮ ਬਣਾਏ ਗਏ ਹਨ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਲੋਕ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਲੋਕਾਂ ਨੂੰ ਇਸ ਜਾਨਲੇਵਾ ਵਿਸ਼ਾਣੂ ਦਾ ਕੋਈ ਡਰ ਨਹੀਂ। ਅਕਸਰ ਹੀ ਬਾਜ਼ਾਰਾਂ ਵਿੱਚ ਸੜਕਾਂ ‘ਤੇ ਅਤੇ ਹੋਰ ਜਨਤਕ ਸਥਾਨਾਂ ‘ਤੇ ਜ਼ਿਆਦਾਤਰ ਲੋਕ ਬਿਨਾਂ ਮਾਸਕ ਦੇ ਘੁੰਮਦੇ-ਫਿਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਨੇ ਮਾਸਕ ਪਾਏ ਵੀ ਹੁੰਦੇ ਹਨ, ਨੱਕ ਤੋਂ ਹੇਠਾਂ ਕੀਤੇ ਹੁੰਦੇ ਹਨ ਜਿਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਸਿਰਫ਼ ਪੁਲਿਸ ਨੂੰ ਵੇਖ ਕੇ ਜੁਰਮਾਨੇ ਦੇ ਡਰ ਤੋਂ ਹੀ ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ। ਸਰੀਰਕ ਦੂਰੀ ਦੋ ਗਜ਼ ਬਣਾਉਣ ਦੀ ਤਾਂ ਗੱਲ ਹੀ ਛੱਡੋ, ਸਗੋਂ ਮੋਢੇ ਨਾਲ ਮੋਢਾ ਜੋੜੀ ਇੰਞ ਖੜੇ ਹੁੰਦੇ ਹਨ, ਜਿਵੇਂ:- ਇਨ੍ਹਾਂ ਨੂੰ ਕੋਰੋਨਾ ਦਾ ਕੋਈ ਖੌਫ਼ ਹੀ ਨਾ ਹੋਵੇ। ਦਸਤਾਨਿਆਂ ਦੀ ਵਰਤੋਂ ਤਾਂ ਕੋਈ ਵਿਰਲਾ ਹੀ ਕਰਦਾ ਹੈ।

ਦੁਕਾਨਾਂ, ਦਫ਼ਤਰਾਂ ਅਤੇ ਹੋਰ ਵੱਖ-ਵੱਖ ਥਾਂਵਾਂ ‘ਤੇ ਸੈਨੇਟਾਈਜ਼ਰ ਦੀਆਂ ਬੋਤਲਾਂ ਤਾਂ ਪਈਆਂ ਹੁੰਦੀਆਂ ਹਨ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਲੋਕ ਹੀ ਕਰਦੇ ਹਨ। ਜੇ ਵਿਆਹ-ਸ਼ਾਦੀਆਂ ਦੀ ਗੱਲ ਕਰੀਏ ਤਾਂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਰਧਾਰਤ ਸੰਖ਼ਿਆਂ ਦੀ ਕੋਈ ਜ਼ਰਾ ਵੀ ਪਰਵਾਹ ਨਹੀਂ ਕਰਦਾ। ਅਜਿਹੇ ਮੌਕਿਆਂ ਉੱਤੇ ਵਿਸ਼ਾਲ ਇਕੱਠ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਧਾਰਮਕ ਸਥਾਨਾਂ ‘ਤੇ ਵੀ ਕਰੋਨਾ ਸਬੰਧੀ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਸਾਰੇ ਤਿੱਥ-ਤਿਉਹਾਰ ਪਹਿਲਾਂ ਵਾਂਗ ਹੀ ਧੂਮ-ਧਾਮ ਨਾਲ ਮਨਾਏ ਜਾ ਰਹੇ ਹਨ।

ਭਾਂਵੇਂ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਕਾਬੂ ਪਾਉਣ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ, ਪਰ ਜਨਤਾ ਵੱਲੋਂ ਇਨ੍ਹਾਂ ਦੀ ਪਾਲਣਾ ਨਾ ਕੀਤੇ ਜਾਣ ਕਾਰਨ ਇਹ ਬਿਮਾਰੀ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਅਨੇਕਾਂ ਥਾਂਵਾਂ ‘ਤੇ ਇਸਦੀ ਤੀਸਰੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ। ਵਿੱਦਿਅਕ ਸੰਸਥਾਵਾਂ ਖੋਲ੍ਹਣ ਕਾਰਨ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਬਿਮਾਰੀ ਦੇ ਫੈਲਣ ਦਾ ਇੱਕੋ-ਇੱਕ ਕਾਰਨ ਹੈ— ਕੋਰੋਨਾ ਸਬੰਧੀ ਬਣਾਏ ਨਿਯਮਾਂ ਦੀ ਉਲੰਘਣਾ।

ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਪਣੀ ਜਾਨ ਦੀ ਤਾਂ ਪਰਵਾਹ ਹੀ ਨਹੀਂ, ਪਰ ਉਹ ਆਪਣੇ ਨਾਲ-ਨਾਲ ਹੋਰਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਲਈ ਸਰਕਾਰ ਵੱਲੋਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਮੁੜ ਤੋਂ ਉਲੰਘਣਾ ਨਾ ਕਰਨ ਅਤੇ ਲੋਕੀ ਜੁਰਮਾਨੇ ਅਤੇ ਸਜ਼ਾ ਦੇ ਡਰ ਕਾਰਨ ਨਿਯਮਾਂ ਨੂੰ ਅਪਣਾਉਣ।

ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੇਰੇ ਵਿਚਾਰ ਆਪਣੀ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ।