ਅਲਫ਼ ਆਖ ਸਖੀ…………. ਪਾਇ ਦਿੱਤਾ।
ਕਿੱਸਾ ਪੂਰਨ ਭਗਤ : ਕਾਦਰਯਾਰ
ਪੂਰਨ ਦਾ ਜਨਮ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਅਲਫ਼ ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁਤ ਸਲਵਾਨ ਨੇ ਜਾਇਆ ਈ ।
ਜਦੋਂ ਜੰਮਿਆਂ ਰਾਜੇ ਨੂੰ ਖ਼ਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ ।
ਬੇ ਬੇਦ ਉੱਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖਿ ਸੁਣਾਇ ਦਿੱਤਾ ।
ਪੂਰਨ ਇੱਕ ਹਨੇਰਿਓਂ ਨਿਕਲਿਆ ਸੀ,
ਦੂਜੀ ਕੋਠੜੀ ਦੇ ਵਿੱਚ ਪਾਇ ਦਿੱਤਾ ।
ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ- ਮਾਲਾ’ ਪੁਸਤਕ ਵਿੱਚ ‘ਪੂਰਨ ਦਾ ਜਨਮ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਨੂੰ ਬਿਆਨ ਕੀਤਾ ਹੈ? ਇਨ੍ਹਾਂ ਸਤਰਾਂ ਵਿੱਚ ਕਵੀ ਨੇ ਰਾਜੇ ਸਲਵਾਹਨ ਦੇ ਘਰ ਪੂਰਨ ਦੇ ਜਨਮ ਤੇ ਜੋਤਸ਼ੀਆਂ ਦੇ ਕਹਿਣ ਅਨੁਸਾਰ ਉਸ ਦੇ ਭੋਰੇ ਵਿੱਚ ਪਾਏ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਹੈ।
ਵਿਆਖਿਆ : ਕਵੀ ਕਹਿੰਦਾ ਹੈ ਕਿ ਹੇ ਸਖੀ! ਤੂੰ ਦੱਸ ਕਿ ਸਿਆਲਕੋਟ ਵਿਖੇ ਰਾਜੇ ਸਲਵਾਹਨ ਦੇ ਘਰ ਪੂਰਨ ਨਾਂ ਦਾ ਪੁੱਤਰ ਪੈਦਾ ਹੋਇਆ। ਜਦੋਂ ਉਸ ਦੇ ਜਨਮ ਦੀ ਰਾਜੇ ਨੂੰ ਖ਼ਬਰ ਹੋਈ, ਤਾਂ ਉਸ ਨੇ ਪੰਡਿਤਾਂ ਨੂੰ ਸੱਦ ਕੇ ਉਨ੍ਹਾਂ ਨੂੰ ਜੋਤਿਸ਼-ਵਿੱਦਿਆ ਦੀ ਪੁਸਤਕ ਵਾਚ ਕੇ ਬੱਚੇ ਦੇ ਭਵਿੱਖ (ਕਿਸਮਤ) ਬਾਰੇ ਦੱਸਣ ਲਈ ਕਿਹਾ। ਪੰਡਿਤਾਂ ਨੇ ਕਿਤਾਬ ਵਿੱਚ ਜੋ ਕੁੱਝ ਲਿਖਿਆ ਸੀ, ਉਹੋ ਕੁੱਝ ਪੜ੍ਹ ਕੇ ਸੁਣਾ ਦਿੱਤਾ। ਉਨ੍ਹਾਂ ਦੀ ਸਲਾਹ ਅਨੁਸਾਰ ਰਾਜੇ ਨੇ ਪੂਰਨ ਨੂੰ ਬਾਰਾਂ ਸਾਲਾਂ ਲਈ ਭੋਰੇ ਵਿੱਚ ਪਾ ਦਿੱਤਾ। ਇਸ ਤਰ੍ਹਾਂ ਪੂਰਨ ਜਦੋਂ ਮਾਂ ਦੀ ਕੁੱਖ ਦੇ ਹਨੇਰੇ ਵਿੱਚੋਂ ਨਿਕਲਿਆ ਸੀ ਤਾਂ ਉਸ ਨੂੰ ਦੂਜੇ ਹਨੇਰੇ ਭਾਵ ਭੋਰੇ ਵਿੱਚ ਪਾ ਦਿੱਤਾ ਗਿਆ ਸੀ ਅਰਥਾਤ ਉਸ ਦੀ ਪਾਲਣਾ ਭੋਰੇ ਵਿੱਚ ਹੋਣ ਲੱਗੀ।
ਔਖੇ ਸ਼ਬਦਾਂ ਦੇ ਅਰਥ
ਸਖੀ : ਸਹੇਲੀ।
ਸਿਆਲਕੋਟ : ਪਾਕਿਸਤਾਨੀ ਪੰਜਾਬ ਦਾ ਇਕ ਸ਼ਹਿਰ ।
ਜਾਇਆ : ਜੰਮਿਆ ।
ਵੇਦ-ਜੋਤਿਸ਼ : ਵਿੱਦਿਆ ਦਾ ਗ੍ਰੰਥ ।
ਬੇਦ : ਜੋਤਿਸ਼ ਵਿੱਦਿਆ ਦੀ ਪੁਸਤਕ ।
ਇਕ ਹਨੇਰਿਓਂ ਨਿਕਲਿਆ : ਅਰਥਾਤ ਮਾਂ ਦੇ ਹਨੇਰੇ ਗਰਭ ਵਿੱਚੋਂ ਨਿਕਲਿਆ ।
‘ਪੂਰਨ ਦਾ ਜਨਮ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ
ਪ੍ਰਸ਼ਨ. ‘ਪੂਰਨ ਦਾ ਜਨਮ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਸਿਆਲਕੋਟ ਦੇ ਰਾਜੇ ਸਲਵਾਹਨ ਦੇ ਘਰ ਪੂਰਨ ਦਾ ਜਨਮ ਹੋਇਆ, ਜਿਸ ਨੂੰ ਜੋਤਸ਼ੀਆਂ ਦੇ ਕਹਿਣ ਉੱਤੇ ਰਾਜੇ ਨੇ ਬਾਰਾਂ ਸਾਲਾਂ ਲਈ ਭੋਰੇ ਦੀ ਕੋਠੜੀ ਵਿੱਚ ਪਾ ਦਿੱਤਾ।