ਅਣਡਿੱਠਾ ਪੈਰਾ – ਹਨ੍ਹੇਰਾ
ਹਨ੍ਹੇਰਾ – ਭਿਆਨਕਤਾ ਦਾ ਪ੍ਰਤੀਕ
ਹਨੇਰਾ ਚੀਜ਼ਾਂ ਨੂੰ ਆਪਣੀ ਲਪੇਟ ਵਿੱਚ ਲੈਂਦਾ ਹੈ ਜਾਂ ਇੰਜ ਕਹਿ ਲਵੋ ਕਿ ਮਨੁੱਖ ਹਨੇਰੇ ਵਿੱਚ ਦੇਖਣ ਤੋਂ ਅਸਮਰੱਥ ਹੈ। ਇਸ ਕਰਕੇ ਹਨੇਰਾ ‘ਧੁੰਦਲਾਹਟ’, ‘ਅਸਪਸ਼ਟਤਾ’, ‘ਦ੍ਰਿਸ਼ਟੀਹੀਣਤਾ’ ਅਤੇ ਅੰਨ੍ਹੇਪਣ ਦਾ ਦੂਜਾ ਨਾਂ ਹੈ। ਮਨੁੱਖ ਸੁਭਾਵਕ ਹੀ ਹਨੇਰੇ ਤੋਂ ਖੌਫ਼ ਖਾਂਦਾ ਹੈ ਕਿਉਂਕਿ ਅਜਿਹੀ ਹਾਲਤ ਵਿੱਚ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਇਸ ਤੋਂ ਛੁੱਟ ਹਨੇਰੇ ਵਿੱਚ ਕਈ ਤਰ੍ਹਾਂ ਦੇ ਖ਼ਤਰੇ ਛੁਪੇ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਪੱਖੋਂ ਹਨੇਰਾ ‘ਭਿਆਨਕ’ ਅਤੇ ‘ਡਰਾਉਣੇਪਣ’ ਦਾ ਪ੍ਰਤੀਕ ਹੈ। ਨੈਤਿਕ ਜਾਂ ਕਾਨੂੰਨੀ ਦ੍ਰਿਸ਼ਟੀ ਤੋਂ ਜਿਸ ਕੰਮ ਨੂੰ ਕਰਦਿਆਂ ਝਿਜਕ ਆਉਂਦੀ ਹੈ ਜਾਂ ਜਿਸ ਕੰਮ ਨੂੰ ਲੋਕਾਂ ਦੀ ਨਜ਼ਰ ਤੋਂ ਬਚਾਉਣਾ ਲੋੜੀਂਦਾ ਹੈ, ਉਹ ਹਨੇਰੇ ਦੇ ਪਰਦੇ ਵਿੱਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਹਨੇਰਾ ‘ਕਾਲੀ ਕਰਤੂਤ, ਚੋਰ ਬਜ਼ਾਰੀ, ਭ੍ਰਿਸ਼ਟਤਾ, ਬੁਰਾਈ ਅਤੇ ਪਾਪ’ ਦੇ ਭਾਵਾਂ ਦਾ ਧਾਰਕ ਹੈ। ਇਸ ਦੇ ਨਾਲ ਹੀ ਹਨੇਰਾ ਅਰਥਾਤ ਅੰਧਕਾਰ ਦਾ ਭਾਵ ਹਨੇਰ-ਗਰਦੀ, ਅਨਰਥ, ਤਬਾਹੀ ਅਤੇ ਅੱਤਿਆਚਾਰ ਦਾ ਵੀ ਨਿਕਲਦਾ ਹੈ। ਮਨ ਵਿੱਚ ਹਨੇਰ ਹੋਣ ਦਾ ਭਾਵ ਕਿਸੇ ਚੰਗੀ ਗੱਲ ਦਾ ਅਭਾਵ ਹੈ ਜਿਸ ਤੋਂ ਨਿਰਾਸ਼ਤਾ, ਉਦਾਸੀ, ਸੋਗਵਾਨੀ ਅਤੇ ਦੁੱਖ ਟਪਕਦਾ ਹੈ। ਦਿਮਾਗ਼ ਦੇ ਪ੍ਰਸੰਗ ਵਿੱਚ ਹਨੇਰਾ ਦਿਮਾਗ਼ੀ ਅੰਨ੍ਹਾਪਣ ਅਰਥਾਤ ਅਗਿਆਨਤਾ, ਬੇਸੁਰਤੀ, ਅੰਧਾਧੁੰਦਪਣ ਅਤੇ ਇਸ ਤੋਂ ਇਲਾਵਾ ‘ਕ੍ਰੋਧ’ ਦੀ ਵੀ ਹਾਮੀ ਭਰਦਾ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਮਨੁੱਖ ਹਨੇਰੇ ਤੋਂ ਕਿਉਂ ਡਰਦਾ ਹੈ ?
ਪ੍ਰਸ਼ਨ 2. ਹਨੇਰਾ ਕਿਸ ਚੀਜ਼ ਦਾ ਪ੍ਰਤੀਕ (ਚਿੰਨ੍ਹ) ਹੈ?
ਪ੍ਰਸ਼ਨ 3. ਹਨੇਰੇ ਦੇ ਪਰਦੇ ਵਿੱਚ ਕਿਸ ਪ੍ਰਕਾਰ ਦੇ ਕੰਮ ਕੀਤੇ ਜਾਂਦੇ ਹਨ ?
ਪ੍ਰਸ਼ਨ 4. ਮਨ ਅਤੇ ਦਿਮਾਗ਼ ਵਿੱਚ ਹਨੇਰੇ ਤੋਂ ਕੀ ਭਾਵ ਹੈ ?