CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਸੰਗਤ ਅਤੇ ਪੰਗਤ


ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ। ਇਸ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆ ਦਾ ਖੰਡਨ ਕੀਤਾ।

ਉਨ੍ਹਾਂ ਨੇ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਸੰਗਤ ਅਤੇ ਪੰਗਤ ਸੰਸਥਾਵਾਂ ਦੀ ਨੀਂਹ ਰੱਖੀ। ਉਨ੍ਹਾਂ ਦੇ ਧਰਮ ਦੇ ਦਰਵਾਜ਼ੇ ਹਰ ਜਾਤੀ ਅਤੇ ਵਰਗ ਦੇ ਲੋਕਾਂ ਲਈ ਖੁੱਲ੍ਹੇ ਸਨ। ਉਨ੍ਹਾਂ ਨੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਨਵਾਂ ਮਾਰਗ ਵਿਖਾਇਆ।

ਗੁਰੂ ਜੀ ਦੇ ਸੰਦੇਸ਼ ਨੂੰ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ। ਮੁਗ਼ਲ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਕਾਰਨ ਪੰਜਾਬ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਹੋਣ ਦਾ ਸੁਨਹਿਰੀ ਮੌਕਾ ਮਿਲਿਆ। ਬਾਦਸ਼ਾਹ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਉ ਆ ਗਿਆ।

1606 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ 1675 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਪੰਜਾਬ ਦੇ ਸਿੱਖ ਭੜਕ ਉੱਠੇ। ਮੁਗ਼ਲ ਅੱਤਿਆਚਾਰਾਂ ਨੂੰ ਕਰਾਰਾ ਜਵਾਬ ਦੇਣ ਲਈ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ। ਖ਼ਾਲਸਾ ਦੀ ਸਿਰਜਨਾ ਕਾਰਨ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ।


ਪ੍ਰਸ਼ਨ 1. ਸਿੱਖ ਧਰਮ ਦਾ ਜਨਮ ਕਿਸ ਕਾਲ ਵਿੱਚ ਹੋਇਆ?

ਉੱਤਰ : ਸਿੱਖ ਧਰਮ ਦਾ ਜਨਮ ਮੁਗ਼ਲ ਕਾਲ ਵਿੱਚ ਹੋਇਆ।

ਪ੍ਰਸ਼ਨ 2. ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?

ਉੱਤਰ : ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਸਨ।

ਪ੍ਰਸ਼ਨ 3. ਸੰਗਤ ਅਤੇ ਪੰਗਤ ਤੋਂ ਕੀ ਭਾਵ ਹੈ?

ਉੱਤਰ : (i) ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ।

(ii) ਪੰਗਤ ਤੋਂ ਭਾਵ ਹੈ ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣਾ।

ਪ੍ਰਸ਼ਨ 4. ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ਸੀ?

ਉੱਤਰ : ਖ਼ਾਲਸਾ ਪੰਥ ਦੀ ਸਥਾਪਨਾ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ।