ਅਣਡਿੱਠਾ ਪੈਰਾ : ਸੁਵਖਤੇ ਜਾਗਣ ਦੇ ਲਾਭ
ਹੇਠ ਲਿਖੇ ਵਾਰਤਕ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਉੱਤਰ ਲਿਖੋ –
ਅੰਗਰੇਜ਼ੀ ਦੇ ਇੱਕ ਲਿਖਾਰੀ ਨੇ ਕਿਹਾ ਹੈ ਕਿ ਰਾਤ ਨੂੰ ਛੇਤੀ ਸੌ ਜਾਣ ਨਾਲ ਅਤੇ ਸਵੇਰੇ ਤੜਕੇ ਉੱਠਣ ਨਾਲ ਸਿਹਤ, ਧਨ ਅਤੇ ਬੁੱਧੀ ਤਿੰਨੇ ਪ੍ਰਾਪਤ ਹੁੰਦੇ ਹਨ। ਸਵੇਰੇ ਤੜਕੇ ਉੱਠਣ ਨਾਲ ਬੰਦੇ ਨੇ ਆਪਣਾ ਬਹੁਤ ਸਾਰਾ ਕੰਮ ਮੁਕਾ ਲਿਆ ਹੁੰਦਾ ਹੈ, ਜਿਸ ਵੇਲੇ ਕਿ ਦਲਿੱਦਰੀ ਹਾਲੇ ਬਿਸਤਰੇ ਵਿੱਚ ਘੁਰਾੜੇ ਮਾਰ ਰਹੇ ਹੁੰਦੇ ਹਨ। ਸਵੇਰੇ ਤੜਕੇ ਉੱਠਣ ਵਾਲਾ ਬਾਹਰ ਸੈਰ ਨੂੰ ਜਾ ਸਕਦਾ ਹੈ, ਕਸਰਤ ਕਰ ਸਕਦਾ ਹੈ, ਜਿਸ ਨਾਲ ਉਹ ਸਾਰਾ ਦਿਨ ਖ਼ੁਸ਼ ਰਹਿੰਦਾ ਹੈ ਅਤੇ ਬਿਨਾਂ ਥਕੇਵੇਂ ਦੇ ਕੰਮ ਕਰ ਸਕਦਾ ਹੈ। ਉਸ ਨੂੰ ਕਿਸੇ ਕੰਮ ਵਿੱਚ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ। ਕੰਮ ਉਹਦੇ ਉੱਤੇ ਸਵਾਰ ਨਹੀਂ ਹੁੰਦਾ, ਉਹ ਕੰਮ ਉੱਤੇ ਸਵਾਰ ਹੁੰਦਾ ਹੈ। ਉਹ ਬਿਨਾਂ ਘਬਰਾਹਟ, ਹਫੜਾ-ਦਫੜੀ ਦੇ ਆਪਣੀ ਕੁਦਰਤੀ ਚਾਲ ਨਾਲ ਚੱਲਦਾ ਹੈ। ਉਹ ਕੰਮ ਵੀ ਖਰਾ ਕਰੇਗਾ ਅਤੇ ਆਰਾਮ ਕਰਨ ਲਈ ਵੀ ਕਾਫ਼ੀ ਸਮਾਂ ਬਚਾਅ ਲਵੇਗਾ। ਜਿਹੜੀ ਸੁਆਣੀ ਸੂਰਜ ਦੇਵਤਾ ਨਾਲ ਜ਼ਿਦ ਲਾ ਕੇ ਸੁੱਤੀ ਰਹਿੰਦੀ ਹੈ ਕਿ ਤੂੰ ਉਦੈ ਹੋਵੇਂਗਾ ਤਾਂ ਉੱਠਾਂਗੀ, ਉਹਦੇ ਤੋਂ ਘਰ ਵਾਲਿਆਂ ਨੇ ਕੀ ਆਸ ਰੱਖਣੀ?
ਪ੍ਰਸ਼ਨ. ਅੰਗਰੇਜ਼ ਲਿਖਾਰੀ ਅਨੁਸਾਰ ਰਾਤੀਂ ਛੇਤੀ ਸੌਂ ਜਾਣ ਤੇ ਸਵੇਰੇ ਸੁਵੱਖਤੇ ਉੱਠਣ ਨਾਲ ਕੀ ਮਿਲਦਾ ਹੈ?
(ੳ) ਤੰਦਰੁਸਤੀ
(ਅ) ਧਨ
(ੲ) ਮਾਣ
(ਸ) ਸਿਹਤ, ਧਨ ਅਤੇ ਬੁੱਧੀ
ਪ੍ਰਸ਼ਨ. ਦਲਿੱਦਰੀ ਕੌਣ ਹੁੰਦੇ ਹਨ?
(ੳ) ਸਵੇਰੇ ਤੜਕੇ ਉੱਠਣ ਵਾਲੇ
(ਅ) ਦੇਰ ਤਕ ਸੌਣ ਵਾਲੇ
(ੲ) ਮਿਹਨਤੀ
(ਸ) ਹੁਸ਼ਿਆਰ
ਪ੍ਰਸ਼ਨ. ਸਵੇਰੇ ਤੜਕੇ ਉੱਠਣ ਵਾਲੇ ਦਾ ਸਾਰਾ ਦਿਨ ਕਿਸ ਤਰ੍ਹਾਂ ਬਤੀਤ ਹੁੰਦਾ ਹੈ?
(ੳ) ਸੁਸਤ
(ਅ) ਖੁਸ਼ੀਆਂ ਭਰਿਆ
(ੲ) ਬਹੁਤ ਮਾੜਾ
(ਸ) ਰਲਿਆ ਮਿਲਿਆ
ਪ੍ਰਸ਼ਨ. ਕੰਮ ਤੇ ਸਵਾਰ ਕੌਣ ਹੁੰਦਾ ਹੈ?
(ੳ) ਤੜਕੇ ਉੱਠਣ ਵਾਲਾ
(ਅ) ਦੇਰ ਤਕ ਸੌਣ ਵਾਲਾ
(ੲ) ਅੰਗਰੇਜ਼ ਲਿਖਾਰੀ
(ਸ) ਇਨ੍ਹਾਂ ‘ਚੋਂ ਕੋਈ ਵੀ ਨਹੀਂ
ਪ੍ਰਸ਼ਨ. ਸਵੇਰੇ ਤੜਕੇ ਉੱਠਣ ਵਾਲੇ ਕੋਲ ਕਾਹਦੇ ਲਈ ਸਮਾਂ ਬਚ ਜਾਂਦਾ ਹੈ?
(ੳ) ਸੈਰ ਲਈ
(ਅ) ਕਸਰਤ ਲਈ
(ੲ) ਅਰਾਮ ਲਈ
(ਸ) ਸੌਣ ਲਈ
ਪ੍ਰਸ਼ਨ. ਜਿਹੜੀ ਸੁਆਣੀ ਸੂਰਜ ਦੇਵਤਾ ਨਾਲ ਜ਼ਿਦ ਲਾ ਕੇ ਸੁੱਤੀ ਰਹਿੰਦੀ ਹੈ, ਉਹ ਕਦੋਂ ਉੱਠਦੀ ਹੈ?
(ੳ) ਸਵੇਰੇ ਤੜਕੇ
(ਅ) ਸੂਰਜ ਚੜ੍ਹਨ ਤੋਂ ਪਹਿਲਾਂ
(ੲ) ਸੂਰਜ ਚੜ੍ਹਨ ਤੋਂ ਬਾਅਦ
(ਸ) ਦੁਪਹਿਰੇ
ਪ੍ਰਸ਼ਨ. ‘ਸੁਆਣੀ’ ਦਾ ਅਰਥ ਦੱਸੋ।
(ੳ) ਔਰਤ
(ਅ) ਜੀਵ
(ੲ) ਅੰਗਰੇਜ਼
(ਸ) ਕੁਦਰਤ
ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।
(ੳ) ਸਵੱਖਤੇ ਜਾਗਣ ਦੇ ਲਾਭ
(ਅ) ਮਿਹਨਤੀ ਇਨਸਾਨ
(ੲ) ਵਿਹਲੜ
(ਸ) ਸੂਰਜ ਤੇ ਦਿਨ
ਨੋਟ : ਇਹ ਪੈਰਾ ਸਾਰਿਆਂ ਉੱਤੇ ਲਾਗੂ ਨਹੀਂ ਹੁੰਦਾ। ਭਾਵ ਜਿੰਨਾਂ ਦੇ ਕੰਮਾਂ ਦੇ ਘੰਟੇ ਵੱਖੋ ਵੱਖ ਹੁੰਦੇ ਹਨ, ਉਹ ਸੂਰਜ ਦੇ ਹਿਸਾਬ ਨਾਲ ਨਹੀਂ ਚੱਲ ਸਕਦੇ।