CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਮੁਗ਼ਲ ਕਾਲ ਵਿੱਚ ਖੇਤੀਬਾੜੀ


ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਪੰਜਾਬ ਦੀ ਕੁਲ ਵਸੋਂ ਦੇ ਲਗਭਗ 80% ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ। ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਅਤਿਅੰਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ। ਮੁਗ਼ਲ ਬਾਦਸ਼ਾਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਸਾਮਰਾਜ ਦੀ ਖੁਸ਼ਹਾਲੀ ਕਿਸਾਨਾਂ ਦੀ ਆਰਥਿਕ ਹਾਲਤ ‘ਤੇ ਨਿਰਭਰ ਕਰਦੀ ਹੈ। ਇਸ ਲਈ ਉਨ੍ਹਾਂ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।

1581 ਈ. ਵਿੱਚ ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਲਾਗੂ ਕੀਤੀ ਗਈ ਸੀ। ਇਸ ਵਿਵਸਥਾ ਅਧੀਨ ਪੰਜਾਬ ਵਿੱਚ ਖੇਤੀ ਯੋਗ ਸਾਰੀ ਭੂਮੀ ਦੀ ਪੈਮਾਇਸ਼ ਕੀਤੀ ਗਈ। ਇਸ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ – ਪੋਲਜ਼, ਪਰੋਤੀ, ਛੱਛਰ ਅਤੇ ਬੰਜਰ ਵਿੱਚ ਵੰਡਿਆ ਗਿਆ।

ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ, ਸਿੰਜਾਈ ਦੀਆਂ ਸਹੂਲਤਾਂ ਅਤੇ ਪਿਛਲੇ ਦਸ ਸਾਲਾਂ ਦੀ ਔਸਤ ਉਪਜ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ। ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ। ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ।


ਪ੍ਰਸ਼ਨ 1. ਮੁਗ਼ਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ?

ਉੱਤਰ : ਮੁਗ਼ਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ।

ਪ੍ਰਸ਼ਨ 2. ਜ਼ਬਤੀ ਪ੍ਰਣਾਲੀ ਤੋਂ ਕੀ ਭਾਵ ਹੈ?

ਉੱਤਰ : ਜ਼ਬਤੀ ਪ੍ਰਣਾਲੀ ਤੋਂ ਭਾਵ ਖੇਤੀਯੋਗ ਭੂਮੀ ਦੀ ਪੈਮਾਇਸ਼ ਤੋਂ ਸੀ।

ਪ੍ਰਸ਼ਨ 3. ਮੁਗ਼ਲ ਕਾਲ ਵਿੱਚ ਖੇਤੀਬਾੜੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।

ਉੱਤਰ : (i) ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ, ਸਿੰਜਾਈ ਦੀਆਂ ਸਹੂਲਤਾਂ ਅਤੇ ਪਿਛਲੇ ਦਸ ਸਾਲਾਂ ਦੀ ਔਸਤ ਉਪਜ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ।

(ii) ਉਸ ਸਮੇਂ ਪੰਜਾਬ ਵਿੱਚ ਕਣਕ, ਚੌਲ, ਗੰਨਾ, ਕਪਾਹ ਅਤੇ ਮੱਕੀ ਆਦਿ ਫ਼ਸਲਾਂ ਦੀ ਭਰਪੂਰ ਪੈਦਾਵਾਰ
ਹੁੰਦੀ ਸੀ।

ਪ੍ਰਸ਼ਨ 4. ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਕਿਸ ਰੂਪ ਵਿੱਚ ਆਪਣਾ ਲਗਾਨ ਇਕੱਠਾ ਕਰਦੀ ਸੀ?

ਉੱਤਰ : ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਲਗਾਨ ਇਕੱਠਾ ਕਰਦੀ ਸੀ।