ਅਣਡਿੱਠਾ ਪੈਰਾ : ਕੰਮ


ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ :

ਕਿਸੇ ਆਦਮੀ ਕੋਲੋਂ ਪੁੱਛਣਾ ਜ਼ਰੂਰੀ ਨਹੀਂ ਕਿ ਉਹ ਆਪਣੇ ਕੰਮ ਨੂੰ ਪਸੰਦ ਕਰਦਾ ਹੈ ਕਿ ਨਹੀਂ। ਉਸ ਦੇ ਕੰਮ ਕਰਨ ਦੇ ਤਰੀਕੇ ਅਤੇ ਸ਼ੌਂਕ ਤੋਂ ਸਭ ਕੁੱਝ ਪਤਾ ਲੱਗ ਸਕਦਾ ਹੈ। ਜੇ ਉਹ ਆਪਣਾ ਕੰਮ ਬੁੜ-ਬੁੜ ਕਰਦਾ ਹੋਇਆ ਗ਼ੁਲਾਮਾਂ ਦੀ ਤਰ੍ਹਾਂ ਕਰਦਾ ਹੈ, ਤਾਂ ਉਸ ਨੂੰ ਕੰਮ ਕਰਨ ਵਿਚ ਖ਼ੁਸ਼ੀ ਕਿਵੇਂ ਮਿਲੇਗੀ? ਬਹੁਤ ਸਾਰੇ ਲੋਕ ਆਪਣੇ ਕੰਮ ਦੀ ਇੱਜ਼ਤ ਨਹੀਂ ਕਰਦੇ। ਉਹ ਕੰਮ ਨੂੰ ਕੇਵਲ ਰੋਟੀ ਅਤੇ ਕੱਪੜੇ ਲਈ ਪੈਸਾ ਕਮਾਉਣ ਦਾ ਸਾਧਨ ਸਮਝਦੇ ਹਨ। ਉਨ੍ਹਾਂ ਨੂੰ ਕੰਮ ਬੋਝ ਜਾਪਦਾ ਹੈ। ਉਹ ਹਰ ਵੇਲੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ। ਕਿਸੇ ਕੰਮ ਨੂੰ ਦਿਲ ਨਾਲ ਨਾ ਕਰਨਾ ਆਪਣੇ ਆਪ ਨੂੰ ਨੀਵਾਂ ਕਰਨਾ ਹੈ। ਆਪਣੀ ਰੋਟੀ ਕਮਾਉਣੀ ਜਾਂ ਮਜ਼ਦੂਰੀ ਕਰਨੀ ਹੀ ਕਾਫ਼ੀ ਨਹੀਂ। ਕੰਮ ਕਰਕੇ ਆਪਣੀ ਜ਼ਿੰਦਗੀ ਬਣਾਉਣੀ ਇਸ ਤੋਂ ਜ਼ਿਆਦਾ ਜ਼ਰੂਰੀ ਹੈ।


ਉਪਰੋਕਤ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ. ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਆਦਮੀ ਨੂੰ ਆਪਣਾ ਕੰਮ ਪਸੰਦ ਹੈ ਜਾਂ ਨਹੀਂ?

ਉੱਤਰ : ਕਿਸੇ ਆਦਮੀ ਦੇ ਕੰਮ ਕਰਨ ਦੇ ਢੰਗ ਤੇ ਸ਼ੌਕ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਆਪਣਾ ਕੰਮ ਪਸੰਦ ਹੈ ਜਾਂ ਨਹੀਂ।

ਪ੍ਰਸ਼ਨ. ਕੋਈ ਕੰਮ ਆਦਮੀ ਲਈ ਬੋਝ ਕਦੋਂ ਬਣਦਾ ਹੈ?

ਉੱਤਰ : ਜਦੋਂ ਕੋਈ ਆਦਮੀ ਸ਼ੌਕ ਨਾਲ ਕੰਮ ਨਹੀਂ ਕਰਦਾ, ਤਦ ਉਹ ਉਸ ਲਈ ਬੋਝ ਬਣ ਜਾਂਦਾ ਹੈ।

ਪ੍ਰਸ਼ਨ. ਕੰਮ ਕਰਨਾ ਕਿਉਂ ਜ਼ਰੂਰੀ ਹੈ?

ਉੱਤਰ : ਆਪਣੀ ਉਪਜੀਵਕਾ ਕਮਾਉਣ ਤੋਂ ਇਲਾਵਾ ਆਪਣੀ ਜ਼ਿੰਦਗੀ ਬਣਾਉਣ ਲਈ ਕੰਮ ਕਰਨਾ ਜ਼ਰੂਰੀ ਹੈ।

ਪ੍ਰਸ਼ਨ. ਸ਼ਿਕਾਇਤਾਂ ਕੌਣ ਕਰਦੇ ਹਨ?

ਉੱਤਰ : ਜਿਹੜੇ ਕੰਮ ਨੂੰ ਦਿਲ ਲਾ ਕੇ ਨਹੀਂ ਕਰਦੇ, ਉਨ੍ਹਾਂ ਨੂੰ ਕੰਮ ਬੋਝ ਜਾਪਦਾ ਹੈ ਤੇ ਉਹ ਕੰਮ ਬਾਰੇ ਸ਼ਕਾਇਤਾਂ ਕਰਦੇ ਹਨ।

ਪ੍ਰਸ਼ਨ. ਕਿਹੜੇ ਕੰਮ ਕਰਨ ਨਾਲ ਆਦਮੀ ਨੀਵਾਂ ਹੁੰਦਾ ਹੈ?

ਉੱਤਰ : ਜਦੋਂ ਆਦਮੀ ਕੰਮ ਨੂੰ ਦਿਲ ਲਾ ਕੇ ਨਹੀਂ ਕਰਦਾ, ਤਾਂ ਉਹ ਆਪਣੇ ਆਪ ਨੂੰ ਨੀਵਾਂ ਕਰਦਾ ਹੈ।

ਪ੍ਰਸ਼ਨ. ਕੰਮ ਕਰਨ ਨਾਲ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?

ਉੱਤਰ : ਦਿਲ ਲਾ ਕੇ ਕੰਮ ਕਰਨ ਨਾਲ ਖ਼ੁਸ਼ੀ ਮਿਲਦੀ ਹੈ।