ਬਹੁਪੱਖੀ ਗਿਆਨ
ਬਹੁਪੱਖੀ ਗਿਆਨ ਲਈ ਤਿੱਖੀ ਨਜ਼ਰ ਤੇ ਹਰ ਵਕਤੀ ਚੇਤਨਤਾ ਦੀ ਬੜੀ ਜ਼ਰੂਰਤ ਹੈ। ਇਸ ਤੋਂ ਛੁਟ ਨਿਝਕਤਾ ਦਾ ਹੋਣਾ ਵੀ ਜ਼ਰੂਰੀ ਹੈ, ਜੇ ਅਸੀਂ ਝਾਕਾ ਕੀਤਾ ਤਾਂ ਅਸੀਂ ਕਿਸੇ ਪਾਸੋਂ ਕੋਈ ਗੱਲ ਪੁੱਛ ਨਹੀਂ ਸਕਦੇ। ਆਪਾ ਵਧਾਊ ਬਿਰਤੀ ਇਸ ਮਸਲੇ ਵਿਚ ਬਹੁਤ ਨੁਕਸਾਨ ਦਿੰਦੀ ਹੈ ਜੋ ਆਪਣੇ ਆਪ ਨੂੰ ਤੀਸ ਮਾਰ ਖਾਂ ਸਮਝ ਛੱਡਿਆ ਤੇ ਹੋਰ ਕਿਸੇ ਨਾਲ ਕੀ ਗੱਲ-ਬਾਤ ਕਰਨੀ ਹੈ। ਜਿਸ ਤਰ੍ਹਾਂ ਹਰਦਮ ਸਵਾਸ ਚਲਦੇ ਰਹਿੰਦੇ ਹਨ ਏਸੇ ਤਰ੍ਹਾਂ ਬਹੁਪੱਖੀ ਗਿਆਨ ਦਾ ਦਰਬਾਰ ਲੱਗਾ ਰਹਿੰਦਾ ਹੈ। ਸਾਨੂੰ, ਇਸ ਦਰਬਾਰ ਵਿਚ ਪੁੱਜਣ ਲਈ ਚਾਅ ਹੋਣਾ ਚਾਹੀਦਾ ਹੈ। ਕਿਤਾਬਾਂ ਜਾਂ ਮਹਾਨ ਕੋਸ਼ ਵੀ ਇਹ ਗਿਆਨ ਦਿੰਦੇ ਹਨ। ਗੁਣ ਜਿੱਥੋਂ ਮਿਲੇ ਉੱਥੋਂ ਸਮੇਂ ਨਾਲ ਲੈ ਲੈਣਾ ਹੀ ਜੀਵਨ ਦਾ ਰਾਜ਼ ਹੈ। ਜੀਵਨ ਐਕਟਰ ਹੈ ਤੇ ਬਹੁਪੱਖੀ ਗਿਆਨ ਨੂੰ ਡਰਾਮਾ ਕਹਿ ਲਵੋ। ਜਿਹੜਾ ਤਕੜਾ ਹੋ ਕੇ ਐਕਟ ਕਰੇਗਾ ਉਸਦੇ ਪੌ ਬਾਰਾਂ। ਬਹੁਪੱਖੀ ਗਿਆਨ ਜ਼ਿਰਾਹ ਦੀ ਜਾਨ ਹੈ। ਕਈ ਗਵਾਹੀਆਂ ਤੇ ਜ਼ਿਰਾਹ ਨੂੰ ਵੇਖ ਕੇ ਜੱਜ ਜਾਂ ਮੈਜਿਸਟਰੇਟ ਭੰਬਲ ਭੂਸਿਆਂ ਵਿਚ ਪੈ ਜਾਂਦਾ ਹੈ। ਕਾਨੂੰਨੀ ਨੁਕਤਾ ਨਹੀਂ ਅੜਿਆ ਹੁੰਦਾ ਉੱਥੇ ਗਿਆਨ ਦੀ ਕਮੀ ਕਰਕੇ ਕੁਝ ਅਹੁੜਦਾ ਨਹੀਂ। ਸਾਹਿਤ ਵਿਚ ਸਭ ਤੋਂ ਵਧੇਰੇ ਮਾਣ ਬਹੁਪੱਖੀ ਗਿਆਨ ਦਾ ਹੈ। ਕਵੀ ਕਲਪਨਾ ਧੁਰੋਂ ਲੈ ਕੇ ਆਉਂਦੇ ਹਨ। ਉਸਨੂੰ ਸੰਵਾਰਨ ਸ਼ਿੰਗਾਰਨ ਵਾਲਾ ਬਹੁਪੱਖੀ ਗਿਆਨ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਪੈਰ੍ਹੇ ਦਾ ਸਿਰਲੇਖ ਲਿਖੋ।
ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਬਹੁਪੱਖੀ ਗਿਆਨ ਪ੍ਰਾਪਤ ਕਰਨ ਲਈ ਕਿਹੜੇ-ਕਿਹੜੇ ਗੁਣ ਹੋਣੇ ਜ਼ਰੂਰੀ ਹਨ ?
ਪ੍ਰਸ਼ਨ 4. ਸਾਹਿਤ ਵਿਚ ਸਭ ਤੋਂ ਵਧੇਰੇ ਮਾਣ ਕਿਸ ਚੀਜ਼ ਦਾ ਹੈ?
ਪ੍ਰਸ਼ਨ 5. ਔਖੇ ਸ਼ਬਦਾਂ ਦੇ ਅਰਥ ਲਿਖੋ।
ਔਖੇ ਸ਼ਬਦਾਂ ਦੇ ਅਰਥ
ਬਹੁਪੱਖੀ – ਬਹੁਤ ਸਾਰੇ ਪੱਖਾਂ ਤੋਂ
ਨਿਝਕਤਾ – ਬਿਨਾਂ ਝਾਕੇ ਤੋਂ
ਜ਼ਿਰਾਹ – ਬਹਿਸ
ਅਹੁੜਦਾ – ਆਉਂਦਾ