ਅਣਡਿੱਠਾ ਪੈਰਾ – ਪੰਜਾਬੀਆਂ ਦਾ ਸੁਭਾਅ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਬੜੇ ਸ਼ੁਕੀਨ ਰਹੇ ਹਨ। ਜਰਗ ਦਾ ਮੇਲਾ, ਛਪਾਰ ਦਾ ਮੇਲਾ ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵਸਦੇ ਇਲਾਕਿਆਂ ਵਿੱਚ ਲੱਗਦੇ ਹਨ। ਸਦੀਆਂ ਪੁਰਾਣਾ ਮੇਲਾ ‘ਛਿੰਝ ਛਰਾਹਾਂ ਦੀ’ ਭਾਵੇਂ ਇਸੇ ਪੱਧਰ ਦਾ ਹੈ ਪਰੰਤੂ ਪੰਜਾਬ ਦੇ ਪਛੜੇ ਨੀਮ-ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਵੱਖੀ ਨਾਲ ਲੱਗਦਾ ਹੋਣ ਕਰਕੇ, ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪਸਾਰ ਨਹੀਂ ਹੋ ਸਕਿਆ, ਜਿੰਨਾ ਹੋਣਾ ਚਾਹੀਦਾ ਸੀ। ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ, ਸ਼ਿਵਾਲਿਕ ਪਹਾੜੀਆਂ ਦੀ ਗੋਦ ’ਚ ਵੱਸੇ ‘ਬੀਤ’ ਇਲਾਕੇ ਦੇ ਪਿੰਡ ਅਚਲਪੁਲ (ਛਰਾਹਾਂ) ਵਿਖੇ ਹਰ ਵਰ੍ਹੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚੱਲਦਾ ਹੈ। ਦੂਰ-ਦੂਰ ਤੱਕ ਇਹ ਮੇਲਾ ਇੰਨਾ ਹੀ ਮਸ਼ਹੂਰ ਹੈ ਕਿ ਇਹ ਟੋਟਕਾ ਆਪਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿੱਚੋਂ ਫੁੱਟ ਪੈਂਦਾ ਹੈ।
ਪ੍ਰਸ਼ਨ 1. ਪੰਜਾਬੀ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਹਨ?
(ੳ) ਗੁੱਸੇ ਖੋਰ
(ਅ) ਸਖ਼ਤ
(ੲ) ਖੁੱਲ੍ਹ-ਡੁੱਲੇ
(ਸ) ਹੱਸਮੁਖ
ਪ੍ਰਸ਼ਨ 2. ਵੱਡੇ ਮੇਲੇ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਲੱਗਦੇ ਹਨ?
(ੳ) ਘੁੱਗ ਵਸਦੇ
(ਅ) ਪੇਂਡੂ
(ੲ) ਸ਼ਹਿਰੀ
(ਸ) ਪਹਾੜੀ
ਪ੍ਰਸ਼ਨ 3. ‘ਛਿੰਝ ਛਰਾਹਾਂ ਦੀ’ ਸਦੀਆਂ ਪੁਰਾਣਾ ਮੇਲਾ ਕਿਹੜੇ ਪਹਾੜੀ ਇਲਾਕੇ ਨਾਲ ਸੰਬੰਧਿਤ ਹੈ?
(ੳ) ਉੱਚੇ ਪਹਾੜੀ
(ਅ) ਪਛੜੇ ਨੀਮ-ਪਹਾੜੀ
(ੲ) ਠੰਢੇ ਪਹਾੜੀ
(ਸ) ਨੀਵੇਂ ਪਹਾੜੀ
ਪ੍ਰਸ਼ਨ 4. ਬੀਤ ਦਾ ਇਲਾਕਾ ਕਿਹੜੀਆਂ ਪਹਾੜੀਆਂ ਦੀ ਗੋਦ ਵਿੱਚ ਵੱਸਿਆ ਹੋਇਆ ਹੈ ?
(ੳ) ਸ਼ਿਵਾਲਿਕ
(ਅ) ਨੀਵੀਂਆਂ
(ੲ) ਉੱਚੀਆਂ
(ਸ) ਨੀਮ-ਪਹਾੜੀਆਂ
ਪ੍ਰਸ਼ਨ 5. ‘ਛਿੰਝ ਛਰਾਹਾਂ ਦੀ’ ਦਾ ਮੇਲਾ ਕਿਸ ਮਹੀਨੇ ਦੇ ਜੇਠੇ ਐਤਵਾਰ ਤੋਂ ਸ਼ੁਰੂ ਹੁੰਦਾ ਹੈ ?
(ੳ) ਜੇਠ
(ਅ) ਮੱਘਰ
(ੲ) ਪੋਹ
(ਸ) ਮਾਘ