ਅਣਡਿੱਠਾ ਪੈਰਾ : ਪੰਜਾਬੀ ਸੱਭਿਆਚਾਰ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਪੰਜਾਬੀ ਸੱਭਿਆਚਾਰ ਬਹੁਤ ਪੁਰਾਣਾ ਤੇ ਅਮੀਰ ਹੈ। ਇਸ ਦੇ ਮੇਲੇ, ਤਿਉਹਾਰ, ਰਸਮ – ਰਿਵਾਜ਼, ਲੋਕ – ਗੀਤ, ਲੋਕ – ਨਾਚ, ਰਹਿਣ – ਸਹਿਣ, ਪਹਿਰਾਵਾ ਸਭ ਇਸਦਾ ਇੱਕ ਹਿੱਸਾ ਹਨ। ਪੰਜਾਬੀ ਮੇਲਿਆਂ ਅਤੇ ਤਿਉਹਾਰਾਂ ਦੇ ਬਹੁਤ ਸ਼ੁਕੀਨ ਹਨ। ਪੰਜਾਬੀ ਸੱਭਿਆਚਾਰ ਦਾ ਅਸਲੀ ਰੰਗ – ਢੰਗ ਵੇਖਣਾ ਹੋਵੇ ਤਾਂ ਮੇਲਿਆਂ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ। ਇਸ ਤਰ੍ਹਾਂ ਹੀ ਤਿਉਹਾਰ ਹਨ। ਤਿਉਹਾਰ ਸਾਲ ਵਿੱਚ ਵਾਰੀ – ਵਾਰੀ ਚੱਕਰ ਲਾਉਂਦੇ ਰਹਿੰਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇੱਕ ਪੰਜਾਬੀ, ਲੋਕ – ਗੀਤਾਂ ਵਿੱਚ ਹੀ ਜਨਮ ਲੈਂਦਾ ਹੈ ਤੇ ਲੋਕ – ਗੀਤਾਂ ਵਿੱਚ ਹੀ ਮਰਦਾ ਹੈ। ਪੰਜਾਬ ਦੇ ਰਸਮ – ਰਿਵਾਜ਼ ਵੀ ਜਨਮ ਤੋਂ ਮਰਨ ਤਕ ਹੀ ਚਲਦੇ ਹਨ। ਪੰਜਾਬ ਦੇ ਲੋਕ – ਨਾਚ, ਗਿੱਧਾ, ਭੰਗੜਾ, ਝੂੰਮਰ, ਕਿੱਕਲੀ ਆਦਿ ਸੱਭਿਆਚਾਰ ਦੇ ਮੁੱਖ ਅੰਗ ਹਨ। ਪੰਜਾਬੀਆਂ ਦੇ ਰਹਿਣ – ਸਹਿਣ ਪਹਿਰਾਵੇ ਤੋਂ ਪੰਜਾਬੀਆਂ ਦੀ ਦੂਰੋਂ ਹੀ ਪਛਾਣ ਹੋ ਜਾਂਦੀ ਹੈ। ਤਾਹੀਓਂ ਤਾਂ ਆਖਦੇ ਹਨ, ਪੰਜਾਬੀ ਹਜ਼ਾਰਾਂ ਵਿੱਚ ਖੜ੍ਹਾ ਵੀ ਦੂਰੋਂ ਪਛਾਣਿਆ ਜਾਂਦਾ ਹੈ।


ਪ੍ਰਸ਼ਨ 1. ਪੰਜਾਬੀ ਸੱਭਿਆਚਾਰ ਦਾ ਹਿੱਸਾ ਕੌਣ – ਕੌਣ ਹਨ?

ਪ੍ਰਸ਼ਨ 2. ਪੰਜਾਬੀ ਸੱਭਿਆਚਾਰ ਦਾ ਅਸਲੀ ਰੰਗ – ਢੰਗ ਕਿੱਥੇ ਵੇਖਿਆ ਜਾ ਸਕਦਾ ਹੈ?

ਪ੍ਰਸ਼ਨ 3. ਇੱਕ ਪੰਜਾਬੀ ਦਾ ਲੋਕ – ਗੀਤਾਂ ਨਾਲ ਕਿੱਥੋਂ ਤੋਂ ਕਿੱਥੋਂ ਤੱਕ ਦਾ ਸੰਬੰਧ ਹੁੰਦਾ ਹੈ?

ਪ੍ਰਸ਼ਨ 4. ਪੰਜਾਬੀ ਲੋਕ – ਨਾਚ ਕਿਹੜੇ- ਕਿਹੜੇ ਹਨ?

ਪ੍ਰਸ਼ਨ 5. ਪੰਜਾਬੀ ਦੂਰੋਂ ਕਿਵੇਂ ਪਛਾਣਿਆ ਜਾਂਦਾ ਹੈ?