ਅਣਡਿੱਠਾ ਪੈਰਾ : ਪੰਜਾਬ ਦੇ ਇਤਿਹਾਸਕ ਸੋਮੇ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ। ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ। ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਦਰਜ ਕੀਤੀ ਗਈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਇਤਿਹਾਸਿਕ ਉਦੇਸ਼ਾਂ ਨਾਲ ਨਹੀਂ ਲਿਖਿਆ ਗਿਆ ਪਰ ਇਸ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਪ੍ਰਸ਼ਨ 1. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ?
ਪ੍ਰਸ਼ਨ 2. ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਕਿਸ ਗੁਰੂ ਸਾਹਿਬ ਨੇ ਦਿੱਤਾ?
ਪ੍ਰਸ਼ਨ 3. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ਼ ਹੈ?
ਪ੍ਰਸ਼ਨ 4. ਆਦਿ ਗ੍ਰੰਥ ਸਾਹਿਬ ਜੀ ਦੇ ਕੋਈ ਦੋ ਮਹੱਤਵ ਦੱਸੋ।