ਅਣਡਿੱਠਾ ਪੈਰਾ – ਤੰਦੂਰ ਦੀ ਰੋਟੀ
ਇੱਕ ਮੋਟੀ ਜਿਹੀ ਗੱਲ ਉੱਤੇ ਜੇਕਰ ਜ਼ਰਾ ਕੁ ਵਿਸਤਾਰ ਨਾਲ ਵਿਚਾਰ ਕਰ ਲਈਏ ਆਸ ਹੈ ਕਿ ਪਾਠਕਾਂ ਨੂੰ ਬੁਰਾ ਨਹੀਂ ਲੱਗੇਗਾ। ਪੰਜਾਬ ਵਿੱਚ ਆਮ ਰਿਵਾਜ, ਕੀ ਹਿੰਦੂਆਂ, ਕੀ ਸਿੱਖਾਂ ਤੇ ਕੀ ਮੁਸਲਮਾਨਾਂ ਵਿੱਚ ਤੰਦੂਰ ਦੀ ਰੋਟੀ ਦਾ ਸੀ। ਅੰਗਰੇਜ਼ ਆਏ ਤੇ ਲੋਹਾਂ ਤੇ ਤਵਿਆਂ ਦੀ ਰੋਟੀ ਛੇਤੀ ਬਣਨ ਲੱਗ ਪਈ, ਤੰਦੂਰਾਂ ਉੱਤੇ ਸਵਾਣੀਆਂ ਦੇ ‘ਕੱਠ ਹੋਣੇ ਬੰਦ ਹੋ ਗਏ ਪਰ ਨਾਲ ਰੋਟੀ ਦੇ ਸੁਆਦ ਦਾ ਵੀ ਭੋਗ ਪੈ ਗਿਆ। ਸੋਝੀਵਾਨ ਦੁਨੀਆ (ਸਣੇ ਯੂਰਪ ਤੇ ਅਮਰੀਕਾ ਦੇ) ਜਾਣਦੀ ਹੈ ਕਿ ਅੰਨ ਦਾ ਪਦਾਰਥ ਭਖੇ ਲੋਹੇ ਨੂੰ ਛੂਹਣ ਨਾਲ ਬਲ ਜਾਂਦਾ ਹੈ, ਤੰਦੂਰ ਦੀ ਮੱਧਮ ਆਂਚ ‘ਤੇ ਅੱਗ ਦੇ ਸੇਕ ਨਾਲ ਇਹ ਪਦਾਰਥ ਘੱਟ ਨਾਸ ਹੁੰਦਾ ਹੈ ਤੇ ਖਾਣ ਯੋਗ ਰਹਿੰਦਾ ਹੈ। ਪਰ ਭੇਡ – ਚਾਲ ਦੀ ਕਿਰਪਾ ਹੈ ਕਿ ਲੋਕੀਂ ਉਸ ਰੋਟੀ ਨੂੰ ਭੁੰਨਦੇ ਹਨ ਤੇ ਫੇਰ ਕੋਲਿਆਂ ਉੱਤੇ ਫੂਕਦੇ ਹਨ ਜਿਸ ਕਰਕੇ ਰੋਟੀ ਜਲੇ ਆਟੇ ਤੋਂ ਛੁੱਟ ਹੋਰ ਕੁੱਝ ਨਹੀਂ ਰਹਿ ਜਾਂਦੀ। ਤੰਦੂਰ ਦੀ ਗੁੱਦੇਦਾਰ ਮੋਟੀ ਰੋਟੀ ਤਾਕਤ ਸਹਿਤ ਹੋਣ ਕਰਕੇ ਅੰਨ ਦੇ ਅਸਲੀ ਸੁਆਦ ਵਾਲੀ ਹੁੰਦੀ ਹੈ ਤੇ ਤਵੇ ਦਾ ਫੁਲਕਾ ਬਸ ਹਲਕਾ – ਫੁਲਕਾ ਹੀ ਹੁੰਦਾ ਹੈ। ਜਿਸ ਵਿੱਚ ਨਾ ਖ਼ੁਰਾਕ, ਨਾ ਸੁਆਦ, ਨਾ ਢਿੱਡ ਭਰਨ ਦੀ ਕੋਈ ਸ਼ਕਤੀ ਹੁੰਦੀ ਹੈ। ਤੰਦੂਰ ਦੀ ਰੋਟੀ ਪੰਜਾਬੀ ਕਲਚਰ ਦਾ ਇੱਕ ਮੋਟਾ ਚਿੰਨ੍ਹ ਹੈ, ਇਹ ਵੱਡੀਆਂ ਭੁੱਖਾਂ, ਤਕੜੇ ਸਰੀਰਾਂ ਤੇ ਸਾਦਾ ਜੀਵਨ ਦੀ ਨਿਸ਼ਾਨੀ ਹੈ। ਤੰਦੂਰ ਦੀ ਰੋਟੀ ਸਦਾ ਜ਼ਿਆਦਾ ਖਾਦੀ ਜਾਂਦੀ ਹੈ ਜਿਸ ਨਾਲ ਵੱਡੇ ਸਰੀਰ ਬਣਦੇ ਹਨ – ਪਰ ਇਹ ਸਭ ਕੁਝ ਭੇਡ – ਚਾਲ ਨੇ ਨਾਸ਼ ਕਰ ਦਿੱਤਾ ਹੈ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਪੰਜਾਬ ਵਿਚਲੇ ਕਿਹੜੇ ਰਿਵਾਜ ਦੀ ਗੱਲ ਕੀਤੀ ਗਈ ਹੈ?
(ੳ) ਤਵੇ ਦੀ ਰੋਟੀ ਦੇ
(ਅ) ਤੰਦੂਰ ਦੀ ਰੋਟੀ ਦੇ
(ੲ) ਕੁਲਚੇ ਦੀ
(ਸ) ਹੋਟਲ ਦੇ ਖਾਣੇ ਦੀ
ਪ੍ਰਸ਼ਨ 2 . ਅੰਨ ਦੇ ਪਦਾਰਥ ਨੂੰ ਪਕਾਉਣ ਸੰਬੰਧੀ ਕੀ ਕਿਹਾ ਗਿਆ ਹੈ?
(ੳ) ਅੰਨ ਭਖੇ ਲੋਹੇ ਨੂੰ ਛੂਹਣ ਨਾਲ ਸੜ ਜਾਂਦਾ ਹੈ
(ਅ) ਅੰਨ ਭਖੇ ਲੋਹੇ ਨੂੰ ਛੂਹਣ ਨਾਲ ਪੱਕ ਜਾਂਦਾ ਹੈ
(ੲ) ਅੰਨ ਭਖੇ ਲੋਹੇ ਨੂੰ ਛੂਹਣ ਨਾਲ ਕੱਚਾ ਰਹਿ ਜਾਂਦਾ ਹੈ
(ਸ) ਅੰਨ ਭਖੇ ਲੋਹੇ ਨੂੰ ਛੂਹਣ ਨਾਲ ਸਵਾਦਿਸ਼ਟ ਬਣ ਜਾਂਦਾ ਹੈ
ਪ੍ਰਸ਼ਨ 3 . ਤੰਦੂਰ ਦੀ ਰੋਟੀ ਕਿਹੋ ਜਿਹੀ ਹੁੰਦੀ ਹੈ?
(ੳ) ਮੋਟੀ ਗੁੱਦੇਦਾਰ ਅਤੇ ਤਾਕਤ ਵਾਲੀ
(ਅ) ਬੇਸੁਆਦੀ
(ੲ) ਹਲਕੀ – ਫੁਲਕੀ
(ਸ) ਜਲਿਆ ਆਟਾ
ਪ੍ਰਸ਼ਨ 4 . ਤੰਦੂਰ ਦੀ ਰੋਟੀ ਦੀ ਕਿਹੜੀ ਵਿਸ਼ੇਸ਼ਤਾ ਦੱਸੀ ਗਈ ਹੈ?
(ੳ) ਪੱਛਮੀ ਸੱਭਿਆਚਾਰ ਦੀ ਨਿਸ਼ਾਨੀ
(ਅ) ਜੀਵਨ ਦੀ ਨਿਸ਼ਾਨੀ
(ੲ) ਪੰਜਾਬੀ ਸੱਭਿਆਚਾਰ ਦਾ ਮੋਟਾ ਚਿੰਨ੍ਹ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਤੰਦੂਰ ਦੀ ਰੋਟੀ
(ਅ) ਤਵੇ ਦੀ ਰੋਟੀ
(ੲ) ਮੱਕੀ ਦੀ ਰੋਟੀ
(ਸ) ਬਾਜਰੇ ਦੀ ਰੋਟੀ