ਅਣਡਿੱਠਾ ਪੈਰਾ – ਜੀਵਨ ਬਾਰੇ ਪਹਿਚਾਣ
ਜੀਵਨ ਬਾਰੇ ਪਹਿਚਾਣ
ਜੀਵਨ ਕੇਵਲ ਇੱਕ ਅਵਸਰ ਹੈ; ਨਿਸ਼ਾਨਾ ਨਹੀਂ, ਮਾਰਗ ਹੈ; ਮੰਜ਼ਲ ਨਹੀਂ; ਇਸ ਦੁਆਰਾ ਮੰਜ਼ਲ ਤੀਕ ਪੁੱਜਣਾ ਹੈ। ਜੀਵਨ ਵਿੱਚ ਰਹਿਣ ਨਾਲ ਇਹ ਮਤ (ਵਿਚਾਰ) ਸਮਝ ਲੈਣਾ ਕਿ ਮੈਂ ਮੰਜ਼ਲ ‘ਤੇ ਪੁੱਜ ਗਿਆ। ਜੀਵਨ ਕੋਈ ਸਿੱਧੀ ਨਹੀਂ, ਕੇਵਲ ਇੱਕ ਪ੍ਰਕਿਰਿਆ ਹੈ। ਜੇ ਤੁਸੀਂ ਇਸ ਵਿੱਚੋਂ ਚੰਗੀ ਤਰ੍ਹਾਂ ਗੁਜ਼ਰੇ ਤਾਂ ਪੁੱਜ ਜਾਉਗੇ; ਠੀਕ ਤਰ੍ਹਾਂ ਨਾ ਗੁਜ਼ਰੇ ਤਾਂ ਭਟਕ ਜਾਉਗੇ। ਜਿਹੜਾ ਜੀਵਨ ਨੂੰ ਹੀ ਸਭ ਕੁੱਝ ਮੰਨ ਲੈਂਦਾ ਹੈ, ਉਹ ਨਾਸਤਕ ਹੈ; ਜੀਵਨ ਦੇ ਪਾਰ ਪੁੱਜਣ ਲਈ ਜਿਸ ਕੋਲ ਮੰਜ਼ਲ ਹੈ, ਉਹ ਆਸਤਕ ਹੈ। ਆਸਤਕ ਲਈ ਜੀਵਨ ਇੱਕ ਪੜਾਅ, ਧਰਮਸ਼ਾਲਾ ਹੈ ਜਿੱਥੇ ਥੋੜ੍ਹੀ ਦੇਰ ਰੁੱਕਣਾ ਹੈ, ਸਦਾ ਲਈ ਨਹੀਂ। ਜਿਨ੍ਹਾਂ ਨੇ ਇਸ ਨੂੰ ਹੀ ਸਦੀਵੀ ਘਰ ਬਣਾ ਲਿਆ ਹੈ, ਉਹ ਅਸਲੀ ਘਰ ਤੋਂ ਵਾਂਝੇ ਰਹਿ ਜਾਣਗੇ ਕਿਉਂਕਿ ਉਹ ਮੰਜ਼ਲ ਤੀਕ ਪੁੱਜਣ ਲਈ ਤੁਰਦੇ ਹੀ ਨਹੀਂ। ਜਿਨ੍ਹਾਂ ਸੰਸਾਰ ਨੂੰ ਘਰ ਬਣਾ ਲਿਆ ਹੈ, ਉਨ੍ਹਾਂ ਨੂੰ ਹੀ ਅਸੀਂ ਗ੍ਰਹਿਸਤੀ ਕਹਿੰਦੇ ਹਾਂ। ਸੰਨਿਆਸੀ ਦਾ ਅਰਥ ਹੈ – ਉਹ ਜਿਹੜੇ ਸੰਸਾਰ ਨੂੰ ਧਰਮਸ਼ਾਲਾ ਸਮਝਦੇ ਹਨ, ਘਰ ਨਹੀਂ। ਰਹਿੰਦੇ ਤਾਂ ਉਹ ਵੀ ਏਥੇ ਹਨ, ਜਾਣਗੇ ਕਿੱਥੇ? ਰਹਿਣਾ ਹੈ ਤਾਂ ਰਹਿ ਰਹੇ ਹਨ, ਪਰ ਉਨ੍ਹਾਂ ਦੇ ਵੇਖਣ ਦਾ ਢੰਗ ਬਦਲ ਜਾਂਦਾ ਹੈ। ਗ੍ਰਹਿਸਤੀ ਸਮਝਦੇ ਹਨ – ਪੁੱਜ ਗਏ, ਇਹੀ ਮੰਜ਼ਲ ਹੈ, ਉਨ੍ਹਾਂ ਏਸੇ ਨੂੰ ਘਰ ਬਣਾ ਲਿਆ। ਸੰਨਿਆਸੀ ਸਮਝਦੇ ਹਨ – ਇਹ ਸਰਾਂ ਹੈ, ਕਿਤੇ ਹੋਰ ਜਾਣਾ ਹੈ; ਉਹ ਮੰਜ਼ਲ ਨੂੰ ਨਹੀਂ ਭੁੱਲਦੇ; ਉਨ੍ਹਾਂ ਨੂੰ ਹਜ਼ਾਰਾਂ ਧਰਮਸ਼ਾਲਾਵਾਂ ਵਿੱਚ ਰੁੱਕਣਾ ਪਏ, ਪਰ ਉਹ ਮੰਜ਼ਲ ਨਹੀਂ ਭੁੱਲਦੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਜੀਵਨ ਕੀ ਹੈ?
(ੳ) ਮੰਜ਼ਲ
(ਅ) ਨਿਸ਼ਾਨਾ
(ੲ) ਅਵਸਰ
(ਸ) ਸੰਨਿਆਸ
ਪ੍ਰਸ਼ਨ 2 . ਆਸਤਕ ਕੌਣ ਹੈ?
(ੳ) ਜਿਸ ਕੋਲ ਜੀਵਨ ਦੇ ਪਾਰ ਪੁੱਜਣ ਲਈ ਮੰਜ਼ਲ ਹੈ
(ਅ) ਜਿਸ ਕੋਲ ਧਨ – ਦੌਲਤ ਹੈ
(ੲ) ਜਿਸ ਕੋਲ ਪਰਿਵਾਰ ਹੈ
(ਸ) ਜਿਸ ਕੋਲ ਹਊਮੈ ਹੈ
ਪ੍ਰਸ਼ਨ 3 . ਸੰਨਿਆਸੀ ਕੌਣ ਹੈ?
(ੳ) ਜੋ ਸੰਸਾਰ ਨੂੰ ਧਰਮਸ਼ਾਲਾ ਸਮਝਦੇ ਹਨ
(ਅ) ਜੋ ਸੰਸਾਰ ਨੂੰ ਘਰ ਸਮਝਦੇ ਹਨ
(ੲ) ਜੋ ਸੰਸਾਰ ਵਿੱਚ ਪਹਿਚਾਣ ਬਣਾ ਲੈਂਦੇ ਹਨ
(ਸ) ਜੋ ਗ੍ਰਹਿਸਤੀ ਹੁੰਦੇ ਹਨ
ਪ੍ਰਸ਼ਨ 4 . ‘ਅਵਸਰ’ ਸ਼ਬਦ ਦਾ ਅਰਥ ਦੱਸੋ।
(ੳ) ਉੱਚਾ ਅਹੁਦਾ
(ਅ) ਮੌਕਾ
(ੲ) ਸਦੀਵੀ
(ਸ) ਨਜ਼ਦੀਕ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਸੰਨਿਆਸ
(ਅ) ਗ੍ਰਹਿਸਥੀ
(ੲ) ਜੀਵਨ ਬਾਰੇ ਪਹਿਚਾਣ
(ਸ) ਧਰਮਸ਼ਾਲਾ