ਅਣਡਿੱਠਾ ਪੈਰਾ : ਜ਼ਿੰਦਗੀ ਦਾ ਮਕਸਦ


ਸੰਵੇਦਨਸ਼ੀਲ ਮਨੁੱਖ ਨੇ ਭਾਵਕ ਹੋ ਕੇ ਗੁਲਾਬ ਦੇ ਫੁੱਲ ਨੂੰ ਪੁੱਛਿਆ-ਜਦੋਂ ਕੋਈ ਤੁਹਾਨੂੰ ਬੂਟੇ ਤੋਂ ਤੋੜ ਲੈਂਦਾ ਹੈ, ਪੱਤ-ਪੱਤ ਅੱਡ ਕਰ ਕੇ ਪੈਰਾਂ ਦੀ ਮਿੱਟੀ ਵਿੱਚ ਰੋਲ ਦੇਂਦਾ ਹੈ ਤਾਂ ਕੀ ਤੁਸੀਂ ਦੁਖੀ ਨਹੀਂ ਹੁੰਦੇ?

ਗੁਲਾਬ ਨੇ ਕਿਹਾ-ਸਾਡਾ ਮਕਸਦ ਹੈ: ਖ਼ੂਬਸੂਰਤੀ ਵੰਡਣਾ। ਕਈ ਲੋਕਾਂ ਦਾ ਸੁਭਾਅ ਹੈ ਖ਼ੂਬਸੂਰਤੀ ਦਾ ਨਾਸ ਕਰਨਾ, ਅਸੀਂ ਆਪਣਾ ਮਕਸਦ ਜਾਣਦੇ ਹਾਂ, ਉਹ ਆਪਣਾ ਜਾਣਨ। ਅਜਿਹੇ ਬੰਦਿਆਂ ਨਾਲ ਸਾਡਾ ਕੋਈ ਲੈਣ-ਦੇਣ ਨਹੀਂ।

ਮਨੁੱਖ ਦੀ ਤਸੱਲੀ ਜਿਹੀ ਹੋ ਗਈ। ਫਿਰ ਉਸ ਦਾ ਧਿਆਨ ਤਿਤਲੀ ਵੱਲ ਗਿਆ।

ਉਸ ਨੇ ਪੁੱਛਿਆ-ਜਦੋਂ ਬੱਚੇ ਤੁਹਾਨੂੰ ਪਕੜ ਲੈਂਦੇ ਹਨ, ਤੁਹਾਡੇ ਖੰਭ ਤੋੜ ਦਿੰਦੇ ਹਨ, ਤਾਂ ਕੀ ਤੁਹਾਨੂੰ ਗੁੱਸਾ ਨਹੀਂ ਆਉਂਦਾ?

”ਨਹੀਂ, ਹਰਗਿਜ਼ ਨਹੀਂ”, ਤਿਤਲੀ ਨੇ ਕਿਹਾ। “ਬੱਚਿਆਂ ਅਤੇ ਹੋਰਨਾਂ ਬੰਦਿਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਣਾ ਹੀ ਸਾਡਾ ਕੰਮ ਹੈ। ਜਦੋਂ ਕੋਈ ਬੱਚਾ ਸਾਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਥੋੜ੍ਹਾ ਜਿੰਨਾ ਉੱਡ ਕੇ ਬਚਣ ਦਾ ਨਾਟਕ ਕਰਦੀਆਂ ਹਾਂ। ਬੱਚਿਆਂ ਕੋਲੋਂ ਦੂਰ ਨਹੀਂ ਜਾਂਦੀਆਂ। ਅਸੀਂ ਪਕੜਾਈ ਦੇ ਦਿੰਦੀਆਂ ਹਾਂ, ਜਿਵੇਂ ਫੁੱਲ ਕਰਦੇ ਹਨ। ਬੱਚੇ, ਜੋ ਭੋਲੇ ਹੁੰਦੇ ਹਨ ਅਗਿਆਨਤਾ ਨਾਲ ਸਾਡੇ ਖੰਭ ਤੋੜ ਦਿੰਦੇ ਹਨ, ਅਸੀਂ ਮਰ ਜਾਂਦੀਆਂ ਹਾਂ, ਸਾਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਹੁੰਦਾ। ਜਿਵੇਂ ਫੁੱਲਾਂ ਦੀਆਂ ਪੱਤੀਆਂ ਪੈਰਾਂ ਹੇਠ ਰੁਲ ਜਾਂਦੀਆਂ ਹਨ, ਸਾਡੇ ਖੰਭ ਵੀ ਪੈਰਾਂ ਦੀ ਮਿੱਟੀ ਹੇਠ ਰੁਲ ਜਾਂਦੇ ਹਨ। ਫੁੱਲਾਂ ਦੀ ਜੀਵਨ ਯਾਤਰਾ ਪੂਰੀ ਹੋ ਜਾਂਦੀ ਹੈ ਤੇ ਸਾਡੀ ਵੀ। ਦੋਵੇਂ ਆਪਣਾ ਮਕਸਦ ਪੂਰਾ ਕਰਨ ਵਿੱਚ ਸਫਲ ਹੋ ਜਾਂਦੇ ਹਨ।”

ਗੁਲਾਬ ਤੇ ਤਿਤਲੀ ਤੋਂ ਉਸ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਮਕਸਦ ਦੀ ਅਹਿਮੀਅਤ ਨੂੰ ਸਮਝਿਆ ਕਿ ਮਕਸਦ ਦੀ ਪੂਰਤੀ ਵਿੱਚ ਮੌਤ ਅੜਿੱਕਾ ਨਹੀਂ ਬਣਨੀ ਚਾਹੀਦੀ।


ਉੱਪਰ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ (ੳ) ਸੰਵੇਦਨਸ਼ੀਲ ਮਨੁੱਖ ਨੇ ਗੁਲਾਬ ਦੇ ਫੁੱਲ ਨੂੰ ਕੀ ਪੁੱਛਿਆ?

ਉੱਤਰ : ਸੰਵੇਦਨਸ਼ੀਲ ਮਨੁੱਖ ਨੇ ਗੁਲਾਬ ਦੇ ਫੁੱਲ ਨੂੰ ਪੁੱਛਿਆ ਕਿ ਜਦੋਂ ਕੋਈ ਉਸ ਨੂੰ ਬੂਟੇ ਨਾਲੋਂ ਤੋੜ ਕੇ ਪੱਤ-ਪੱਤ ਕਰ ਕੇ ਮਿੱਟੀ ਵਿੱਚ ਰੋਲ ਦਿੰਦਾ ਹੈ, ਤਾਂ ਕੀ ਉਹ ਦੁਖੀ ਨਹੀਂ ਹੁੰਦਾ।

ਪ੍ਰਸ਼ਨ (ਅ) ਗੁਲਾਬ ਨੇ ਕੀ ਉੱਤਰ ਦਿੱਤਾ?

ਉੱਤਰ : ਗੁਲਾਬ ਦੇ ਫੁੱਲ ਨੇ ਉੱਤਰ ਦਿੱਤਾ ਕਿ ਉਸਦਾ ਮਕਸਦ ਹੈ, ਖ਼ੂਬਸੂਰਤੀ ਵੰਡਣਾ। ਕਈ ਲੋਕਾਂ ਦਾ ਸੁਭਾ ਹੁੰਦਾ ਹੈ, ਖ਼ੂਬਸੂਰਤੀ ਦਾ ਨਾਸ਼ ਕਰਨਾ। ਅਸੀਂ ਆਪਣਾ ਮਕਸਦ ਜਾਣਦੇ ਹਾਂ ਤੇ ਉਹ ਆਪਣਾ ਜਾਣਨ। ਅਜਿਹੇ ਬੰਦਿਆਂ ਨਾਲ ਸਾਡਾ ਕੋਈ ਮਤਲਬ ਨਹੀਂ।

ਪ੍ਰਸ਼ਨ (ੲ) ਮਨੁੱਖ ਨੇ ਤਿਤਲੀ ਨੂੰ ਕੀ ਪੁੱਛਿਆ?

ਉੱਤਰ : ਮਨੁੱਖ ਨੇ ਤਿੱਤਲੀ ਨੂੰ ਪੁੱਛਿਆ ਕਿ ਜਦੋਂ ਬੱਚੇ ਤੁਹਾਨੂੰ ਫੜ ਲੈਂਦੇ ਹਨ ਤੇ ਤੁਹਾਡੇ ਖੰਭ ਤੋੜ ਦਿੰਦੇ ਹਨ, ਤਾਂ ਕੀ ਤੁਹਾਨੂੰ ਗੁੱਸਾ ਨਹੀਂ ਆਉਂਦਾ।

ਪ੍ਰਸ਼ਨ (ਸ) ਜਦੋਂ ਕੋਈ ਬੱਚਾ ਤਿਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਕੀ ਕਰਦੀਆਂ ਹਨ?

ਉੱਤਰ : ਜਦੋਂ ਕੋਈ ਬੱਚਾ ਤਿੱਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਥੋੜ੍ਹਾ ਜਿਹਾ ਉੱਡ ਕੇ ਬਚਣ ਦਾ ਨਾਟਕ ਕਰਦੀਆਂ ਹਨ, ਪਰ ਉਨ੍ਹਾਂ ਤੋਂ ਦੂਰ ਨਹੀਂ ਜਾਂਦੀਆਂ ਤੇ ਉਨ੍ਹਾਂ ਨੂੰ ਫੜਨ ਦਿੰਦੀਆਂ ਹਨ।

ਪ੍ਰਸ਼ਨ (ਹ) ਗੁਲਾਬ ਤੇ ਤਿਤਲੀ ਨਾਲ ਗੱਲ-ਬਾਤ ਤੋਂ ਮਨੁੱਖ ਨੇ ਕੀ ਸਿੱਖਿਆ?

ਉੱਤਰ : ਗੁਲਾਬ ਤੇ ਤਿਤਲੀ ਨਾਲ ਗੱਲ-ਬਾਤ ਤੋਂ ਮਨੁੱਖ ਨੇ ਇਹ ਸਿੱਖਿਆ ਕਿ ਜ਼ਿੰਦਗੀ ਵਿਚ ਮਕਸਦ ਹੀ ਮਹੱਤਵਪੂਰਨ ਹੈ। ਮਕਸਦ ਦੀ ਪੂਰਤੀ ਵਿਚ ਮੌਤ ਅੜਿੱਕਾ ਨਹੀਂ ਬਣਨੀ ਚਾਹੀਦੀ।