ਅਣਡਿੱਠਾ ਪੈਰਾ – ਕਾਲਾ ਧਨ
ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਤਰੀਕੇ ਨਾਲ ਇਕੱਠਾ ਕੀਤਾ ਗਿਆ ਧਨ, ਕਾਲਾ ਧਨ ਅਖਵਾਉਂਦਾ ਹੈ। ਭਾਵ ਬੇਈਮਾਨੀ ਰਾਹੀਂ ਕੀਤੀ ਜਾਣ ਵਾਲੀ ਮੋਟੀ ਤੇ ਬੇਹਿਸਾਬੀ ਕਮਾਈ ਕਾਲਾ ਧਨ ਅਖਵਾਉਂਦੀ ਹੈ। ਇਸ ਨੂੰ ਹਰ ਹੀਲੇ ਸਰਕਾਰ ਤੋਂ ਲੁਕਾ ਕੇ ਰੱਖਿਆ ਤੇ ਵਰਤਿਆ ਜਾਂਦਾ ਹੈ, ਤਾਂ ਜੋ ਸਰਕਾਰ ਨੂੰ ਇਸ ਕਮਾਈ ਦਾ ਕੋਈ ਲੇਖਾ ਜਾਂ ਟੈਕਸ ਨਾ ਦੇਣਾ ਪਵੇ। ਨਕਦੀ ਦੇ ਰੂਪ ਵਿੱਚ ਇਕੱਠੀ ਹੋਈ ਰਕਮ ਨੂੰ ਨਿੱਜੀ ਸੁਰੱਖਿਅਤ ਥਾਵਾਂ ‘ਤੇ ਲੁਕਾਇਆ ਜਾਂਦਾ ਹੈ ਜਾਂ ਅਸਿੱਧੇ ਤੌਰ ‘ਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ ਜਾਂ ਮਹਿੰਗੀਆਂ ਜਾਇਦਾਦਾਂ, ਸੋਨੇ – ਜਵਾਹਰਾਤ ਦੇ ਗਹਿਣੇ ਆਦਿ ਖ਼ਰੀਦ ਕੇ ਇਸ ਨੂੰ ਚਿੱਟੇ ਧਨ ਦੇ ਰੂਪ ਵਿੱਚ ਆਪ ਹੀ ਵਰਤ ਲਿਆ ਜਾਂਦਾ ਹੈ।
ਰਿਸ਼ਵਤਖੋਰੀ, ਜਮ੍ਹਾਖ਼ੋਰੀ, ਮੁਨਾਫ਼ਾਖੋਰੀ, ਭ੍ਰਿਸ਼ਟਾਚਾਰ, ਟੈਕਸ ਚੋਰੀ, ਚੁੰਗੀ, ਨਕਲੀ ਕਰੰਸੀ, ਵਿਦੇਸ਼ੀ ਸਿੱਕੇ ਦੀ ਹੇਰਾ – ਫੇਰੀ, ਘੁਟਾਲੇ ਆਦਿ ਇਸ ਕਮਾਈ ਦੇ ਪ੍ਰਮੁੱਖ ਸਰੋਤ ਹਨ। ਨੁਕਸਦਾਰ ਰਾਜ ਪ੍ਰਬੰਧ ਇਸ ਬੁਰਾਈ ਲਈ ਜਿੰਮੇਵਾਰ ਹੁੰਦਾ ਹੈ।
ਬੇਸ਼ੱਕ ਕਾਲੇ ਧਨ ‘ਤੇ ਕਿਸੇ ਇੱਕ ਦਾ ਏਕਾਧਿਕਾਰ ਹੁੰਦਾ ਹੈ ਪਰ ਇਹ ਕੰਮ ਕਈਆਂ ਦੀ ਮਿਲੀ – ਭੁਗਤ ਨਾਲ ਹੀ ਸਿਰੇ ਚੜ੍ਹਦਾ ਹੈ। ਕਾਲੇ ਧਨ ਨੂੰ ਇੱਕਠਾ ਕਰਨ ਵਾਲੇ ਲੋਕ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ। ਇਹ ਕੇਵਲ ਸਰਕਾਰ ਨੂੰ ਹੀ ਧੋਖਾ ਨਹੀਂ ਦਿੰਦੇ, ਸਗੋਂ ਉਨ੍ਹਾਂ ਲੋਕਾਂ ‘ਤੇ ਹੋਰ ਟੈਕਸਾਂ ਦਾ ਭਾਰ ਪਾ ਦਿੰਦੇ ਹਨ ਜੋ ਪਹਿਲਾਂ ਹੀ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ।
ਪ੍ਰਸ਼ਨ 1 . ਕਾਲੇ ਧਨ ਤੋਂ ਕੀ ਭਾਵ ਹੈ?
ਪ੍ਰਸ਼ਨ 2 . ਕਾਲੇ ਧਨ ਦੇ ਮੁਢਲੇ ਸਰੋਤ ਕਿਹੜੇ – ਕਿਹੜੇ ਹਨ?
ਪ੍ਰਸ਼ਨ 3 . ਸਭ ਤੋਂ ਵੱਡੇ ਦੁਸ਼ਮਣ ਕੌਣ ਹੁੰਦੇ ਹਨ?
ਪ੍ਰਸ਼ਨ 4 . ‘ਏਕਾਧਿਕਾਰੀ’ ਸ਼ਬਦ ਦਾ ਅਰਥ ਦੱਸੋ।
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।