ਅਣਡਿੱਠਾ ਪੈਰਾ : ਕਸ਼ਮੀਰ ਵਾਦੀ
ਜੰਗਲ ਹੌਲੀ-ਹੌਲੀ ਵਿਰਲਾ ਹੋਣਾ ਸ਼ੁਰੂ ਹੋ ਗਿਆ। ਪਹਾੜੀ ਦੇ ਇਕ ਮੋੜ ਤੇ ਖਲੋ ਕੇ ਮੈਂ ਸਾਹਮਣੇ ਫੈਲਿਆ ਦ੍ਰਿਸ਼ ਵੇਖਿਆ। ਮਟਨ-ਪਹਿਲਗਾਮ ਰੋਡ ਤੇ ਆਲੇ-ਦੁਆਲੇ ਦੇ ਖੇਤ, ਪਿੰਡ, ਜੰਗਲ, ਦਰਿਆ ਮੀਲਾਂ ਤਕ ਦਿਖਾਈ ਦਿੰਦੇ ਹਨ। ਫ਼ੋਟੋਗ੍ਰਾਫ਼ਰਾਂ ਲਈ ਇਨਾਮੀ ਮੌਕਾ ਬਣਿਆ ਹੋਇਆ ਸੀ। ਕਾਹਲੀ ਨੇ ਮੇਰੇ ਪੈਰਾਂ ਨੂੰ ਉੱਥੇ ਅਟਕਣ ਨਾ ਦਿੱਤਾ। ਮੇਰੇ ਅੰਦਾਜ਼ੇ ਮੁਤਾਬਿਕ ਮੈਂ ਦੋ ਮੀਲ ਵੀ ਘੰਟੇ ਦੀ ਔਸਤ ਪੂਰੀ ਨਹੀਂ ਰੱਖ ਰਿਹਾ ਸੀ। ਜੰਗਲ ਵਿਚ ਸੈਲਾਨੀਆਂ ਨੂੰ ਰਾਹ ਭੁੱਲਣ ਤੋਂ ਬਚਾਉਣ ਵਾਸਤੇ ਮਹਿਕਮਾ ਜੰਗਲਾਤ ਵਾਲਿਆਂ ਨੇ ਪਗਡੰਡੀ ਦੇ ਕੰਢੇ ਤੇ ਥੋੜ੍ਹੇ-ਥੋੜ੍ਹੇ ਫ਼ਾਸਲੇ ਤੇ ਦਰੱਖ਼ਤਾਂ ਦੇ ਮੁੱਢਾਂ ਉੱਤੇ ਲਾਲ ਤੇ ਨੀਲੇ ਨਿਸ਼ਾਨ ਲਾਏ ਹੋਏ ਸਨ। ਜਦ ਮੈਂ ਮੋੜ ਤੋਂ ਲਿੱਦੜ ਵਾਦੀ ਦਾ ਨਜ਼ਾਰਾਂ ਵੇਖ ਕੇ ਅੱਗੇ ਗਿਆ, ਤਾਂ ਥੋੜ੍ਹੀ ਦੂਰ ਬਾਅਦ ਮੈਨੂੰ ਨਿਸ਼ਾਨ ਵੇਖਣ ਦਾ ਖ਼ਿਆਲ ਆਇਆ। ਨਿਸ਼ਾਨ ਗੁੰਮ ਸਨ। ਇਸ ਆਸ ਵਿਚ ਕਿ ਸ਼ਾਇਦ ਅੱਗੇ ਜਾ ਕੇ ਦੁਬਾਰਾ ਸ਼ੁਰੂ ਹੋ ਜਾਣਗੇ, ਸੋ ਇਕ-ਦੋ ਫ਼ਰਲਾਂਗ ਹੋਰ ਤੁਰੀ ਗਿਆ ਪਰ ਨਿਸ਼ਾਨ ਨਾ ਆਏ। ਵਾਪਸ ਹੋਇਆ ਅੱਧੇ ਪੌਣੇ ਮੀਲ ਦਾ ਚੱਕਰ ਪੈਂਦਾ ਸੀ ਤੇ ਅੱਗੇ ਗਿਆ ਪਤਾ ਨਹੀਂ ਸੀ ਰਸਤਾ ਕਿੱਥੇ ਜਾ ਨਿਕਲੇ। ਇਸ ਪਰੇਸ਼ਾਨੀ ਵਿਚ ਇਕ ਪਹਾੜੀਆ ਸਾਹਮਣਿਉਂ ਆਉਂਦਾ ਦਿਸਿਆ। ਉਸ ਨੇ ਦੱਸਿਆ ਕਿ ਮੈਂ ਆਪਣੇ ਰਸਤੇ ਤੋਂ ਖੁੰਝ ਗਿਆ ਸਾਂ ਪਰ ਨਵਾਂ ਰਸਤਾ ਵੀ ਇਕ ਟਿੱਬੇ ਦੇ ਉੱਤੇ ਦੀ ਹੋ ਕੇ ਮੁੜ ਉਸ ਵਿਚ ਜਾ ਰਲਦਾ ਸੀ। ਪਹਾੜੀ ਦੇ ਮੋੜ ਤੋਂ ਵਾਦੀ ਦੀ ਝਾਕੀ-ਮਾਨਣ ਵਾਲਿਆਂ ਨੇ ਇਹ ਨਵਾਂ ਰਸਤਾ ਬਣਾ ਲਿਆ ਹੋਇਆ ਸੀ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ. ਪਹਾੜੀ ਦੇ ਇਕ ਮੋੜ ਤੇ ਖਲੋ ਕੇ ਲੇਖਕ ਨੇ ਕੀ ਵੇਖਿਆ?
ਉੱਤਰ : ਪਹਾੜੀ ਦੇ ਇਕ ਮੋੜ ਤੇ ਖਲੋ ਕੇ ਲੇਖਕ ਨੇ ਮੀਲਾਂ ਤਕ ਖੇਤ, ਪਿੰਡ, ਦਰਿਆ ਤੇ ਜੰਗਲ ਫੈਲੇ ਹੋਏ ਵੇਖੇ।
ਪ੍ਰਸ਼ਨ. ਕਿਨ੍ਹਾਂ ਲਈ ਇਨਾਮੀ ਮੌਕਾ ਬਣਿਆ ਹੋਇਆ ਸੀ?
ਉੱਤਰ : ਫੋਟੋਗ੍ਰਾਫਰਾਂ ਲਈ ਇਨਾਮੀ ਮੌਕਾ ਬਣਿਆ ਹੋਇਆ ਸੀ।
ਪ੍ਰਸ਼ਨ. ਲੇਖਕ ਕਿੰਨੀ ਕੁ ਗਤੀ ਨਾਲ ਪਹਾੜੀ ਉੱਤੇ ਚੜ੍ਹ ਰਿਹਾ ਸੀ?
ਉੱਤਰ : ਲੇਖਕ ਦੇ ਆਪਣੇ ਅੰਦਾਜ਼ੇ ਮੁਤਾਬਿਕ ਉਹ ਦੋ ਕੁ ਮੀਲ ਪ੍ਰਤੀ ਘੰਟਾ ਔਸਤ ਦੀ ਰਫ਼ਤਾਰ ‘ਤੇ ਵੀ ਨਹੀਂ ਸੀ ਚਲ ਰਿਹਾ।
ਪ੍ਰਸ਼ਨ. ਸੈਲਾਨੀਆਂ ਨੂੰ ਭੁੱਲਣ ਤੋਂ ਬਚਾਉਣ ਲਈ ਜੰਗਲਾਤ ਦੇ ਮਹਿਕਮੇ ਵਲੋਂ ਕੀ ਪ੍ਰਬੰਧ ਕੀਤਾ ਹੋਇਆ ਸੀ?
ਉੱਤਰ : ਸੈਲਾਨੀਆ ਨੂੰ ਰਾਹ ਭੁੱਲਣ ਤੋਂ ਬਚਾਉਣ ਲਈ ਜੰਗਲਾਤ ਵਾਲਿਆਂ ਨੇ ਜੰਗਲ ਵਿਚੋਂ ਲੰਘਦੀ ਪਗਡੰਡੀ ਦੇ ਕੰਢੇ ਖੜ੍ਹੇ ਦਰੱਖ਼ਤਾਂ ਉੱਤੇ ਥੋੜ੍ਹੇ-ਥੋੜ੍ਹੇ ਫ਼ਾਸਲੇ ਪਿੱਛੋਂ ਉਨ੍ਹਾਂ ਦੇ ਮੁੱਢਾਂ ਉੱਤੇ ਲਾਲ ਤੇ ਨੀਲੇ ਨਿਸ਼ਾਨ ਲਾਏ ਹੋਏ ਸਨ।
ਪ੍ਰਸ਼ਨ. ਲੇਖਕ ਨੂੰ ਰਸਤੇ ਵਿਚ ਕੀ ਪਰੇਸ਼ਾਨੀ ਹੋਈ?
ਉੱਤਰ : ਲੇਖਕ ਨੂੰ ਜੰਗਲ ਵਿਚ ਰਾਹ ਭੁੱਲ ਜਾਣ ਕਰ ਕੇ ਪਰੇਸ਼ਾਨੀ ਹੋਈ।
ਪ੍ਰਸ਼ਨ. ਰਾਹ ਵਿਚ ਮਿਲੇ ਪਹਾੜੀਏ ਨੇ ਲੇਖਕ ਨੂੰ ਕੀ ਦੱਸਿਆ?
ਉੱਤਰ : ਰਾਹ ਵਿਚ ਮਿਲੇ ਪਹਾੜੀਏ ਨੇ ਲੇਖਕ ਨੂੰ ਦੱਸਿਆ ਕਿ ਉਹ ਰਾਹ ਭੁੱਲ ਗਿਆ ਹੈ, ਪਰ ਨਾਲ ਹੀ ਉਸ ਨੇ ਦੱਸਿਆ ਕਿ ਨਵਾਂ ਰਸਤਾ ਵੀ ਇਕ ਟਿੱਬੇ ਉੱਤੋਂ ਦੀ ਹੋ ਕੇ ਅਸਲ ਰਸਤੇ ਨਾਲ ਜਾ ਰਲਦਾ ਹੈ।