CBSEComprehension Passageਅਣਡਿੱਠਾ ਪੈਰਾਅਣਡਿੱਠਾ ਪੈਰਾ (Comprehension Passage)

ਅਣਡਿੱਠਾ ਪੈਰਾ : ਕਸ਼ਮੀਰ


ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਿਹ ਖ਼ਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ।

ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ। ਇਸ ਸਮਝੌਤੇ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ 12,000 ਸੈਨਿਕ ਦੀਵਾਨ ਮੋਹਕਮ ਚੰਦ ਦੇ ਅਧੀਨ ਫ਼ਤਿਹ ਖ਼ਾਂ ਨਾਲ ਭੇਜਣ ਦਾ ਫੈਸਲਾ ਕੀਤਾ। ਫ਼ਤਿਹ ਖ਼ਾਂ ਨੇ ਇਸ ਸਹਾਇਤਾ ਦੇ ਬਦਲੇ ਕਸ਼ਮੀਰ ਦੇ ਇਲਾਕੇ ਅਤੇ ਲੁੱਟ ਦੇ ਮਾਲ ਵਿੱਚੋਂ ਤੀਜਾ ਹਿੱਸਾ ਦੇਣਾ ਮੰਨ ਲਿਆ।

1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ। ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ। ਪਰ ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਖ਼ਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ।

1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੂਸਰੀ ਵਾਰ ਹਮਲਾ ਕੀਤਾ। ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ।

1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ।

5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖ਼ਾਂ ਦੀ ਕਰਾਰੀ ਹਾਰ ਹੋਈ। ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਹੇ।


ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਿਉਂ ਕਰਨਾ ਚਾਹੁੰਦਾ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਦੀ ਸੁੰਦਰਤਾ ਅਤੇ ਇਸ ਦੇ ਵਪਾਰ ਕਾਰਨ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ।

ਪ੍ਰਸ਼ਨ 2. ਰੋਹਤਾਸ ਸਮਝੌਤਾ ਕਦੋਂ ਹੋਇਆ?

ਉੱਤਰ : ਰੋਹਤਾਸ ਸਮਝੌਤਾ 1813 ਈ. ਵਿੱਚ ਹੋਇਆ।

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਕੌਣ ਸੀ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਕਸ਼ਮੀਰ ‘ਤੇ ਪਹਿਲੇ ਹਮਲੇ ਸਮੇਂ ਉੱਥੋਂ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਸੀ।

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ? ਉਸ ਸਮੇਂ ਉੱਥੋਂ ਦਾ ਗਵਰਨ ਕੌਣ ਸੀ?

ਉੱਤਰ : (i) ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ’ਤੇ ਜਿੱਤ ਪ੍ਰਾਪਤ ਕੀਤੀ।

(ii) ਉਸ ਸਮੇਂ ਕਸ਼ਮੀਰ ਦਾ ਗਵਰਨਰ ਜ਼ਬਰ ਖ਼ਾਂ ਸੀ।