ਅਣਡਿੱਠਾ ਪੈਰਾ – ਆਚਰਨ
ਆਚਰਨ
ਕਈ ਸੱਜਣ ਆਪਣੇ ਖਿਆਲਾਂ ਨੂੰ ਲੈਕਚਰ ਦੀ ਸ਼ਕਲ ਵਿਚ ਜ਼ਾਹਰ ਕਰਨੋਂ ਝਕਦੇ ਹਨ। ਜੇ ਔਖੇ-ਸੌਖੇ ਹੋ ਕੇ ਖੜ੍ਹੇ ਹੋ ਵੀ ਜਾਣ ਤਾਂ ਉਨ੍ਹਾਂ ਦੇ ਖ਼ਿਆਲਾਂ ਦੀ ਸੰਗਲੀ ਟੁੱਟ-ਟੁੱਟ ਪੈਂਦੀ ਹੈ ਅਤੇ ਬੋਲੀ ਵੀ ਰਸਮੀ ਵਾਹਾਂ ਵਿਚ ਵਹਿਣ ਤੋਂ ਸੰਗਦੀ ਹੈ। ਪਰ, ਜਦ ਉਹ ਵਿਹਲੇ ਬਹਿ ਕੇ ਗੱਲਾਂ ਕਰਨ ਤਾਂ ਬਹੁਤ ਸੁਹਣਾ ਅਸਰ ਪਾਂਦੇ ਹਨ। ਕਈ ਵਾਰੀ ਡੂੰਘੇ ਖਿਆਲਾਂ ਵਾਲੇ ਜਾਂ ਬਹੁਤ ਪਿਘਲਦੇ ਜਜ਼ਬੇ ਵਾਲੇ ਲੋਕ ਆਪਣੇ ਆਪ ਨੂੰ ਬੱਝਵੇਂ ਵਖਿਆਨਾਂ ਰਾਹੀਂ ‘ਨਹੀਂ’ ਜ਼ਾਹਰ ਕਰ ਸਕਦੇ। ਪਰ ਨਿਜੀ ਤੌਰ ਤੇ ਆਪਣੇ ਸੰਗੀਆਂ ਸਾਥੀਆਂ ਵਿਚ ਉਹ ਗੱਲਾਂ ਕਰ ਸਕਦੇ ਹਨ ਜਿਨ੍ਹਾਂ ਦਾ ਅਸਰ ਸਦੀਵੀ ਤੇ ਜੀਵਨ-ਪਲਟਾਊ ਹੁੰਦਾ ਹੈ। ਜਿਸ ਕਿਸੇ ਨੂੰ ਭਗਤ ਲਛਮਣ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਨਾਲ ਬਹਿ ਕੇ ਗੱਲਾਂ ਕਰਨ ਦਾ ਅਵਸਰ ਮਿਲਿਆ ਹੈ, ਉਹ ਦੱਸ ਸਕਦਾ ਹੈ ਕਿ ਪ੍ਰਾਈਵੇਟ ਗੱਲ-ਬਾਤ ਕਰਨ ਵਿਚ ਕਿੰਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ। ਇਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਜੋ ਅਸਰ ਲੋਕਾਂ ਦੇ ਆਚਰਨ ਬਣਾਉਣ ਵਿਚ ਕੀਤਾ ਹੈ, ਉਸ ਵਿਚ ਬਹੁਤ ਜ਼ਿਆਦਾ ਅਸਰ ਇਨ੍ਹਾਂ ਦੀਆਂ ਗੱਲਾਂ ਦਾ ਹੋਇਆ ਹੈ। ਭਗਤ ਜੀ ਨੇ ਪਿੰਡੀ ਤੋਂ ਸੈਦ-ਪੁਰ ਨੂੰ ਜਾਂਦੀ ਸੜਕ ਉੱਤੇ ਸੈਰ ਕਰਦਿਆਂ ਆਪਣੀਆਂ ਅਮੁੱਕ ਗੱਲਾਂ ਨਾਲ ਕਿਤਨੇ ਨੌਜਵਾਨਾਂ ਦੇ ਦਿਲ ਵਿਚ ਦਸ਼ਮੇਸ਼ ਜੀ ਲਈ ਸ਼ਰਧਾ ਭਰੀ, ਪੰਥਕ ਸੇਵਾ ਲਈ ਉਤਸ਼ਾਹ ਦਿੱਤਾ ਤੇ ਕੋਸ ਕੇ, ਪੁਚਕਾਰ ਕੇ, ਕੁਰਾਹੋਂ ਰਾਹੇ ਪਾਇਆ। ਭਾਈ ਵੀਰ ਸਿੰਘ ਜੀ ਨੇ ਆਪਣੇ ਸੁਹਣੇ ਬਾਗ਼ ਦੇ ਕੋਮਲ ਦੁਆਲੇ ਵਿਚ ਬਹਿ ਕੇ, ਆਪਣੀਆਂ ਗੱਲਾਂ ਦੀ ਮੀਂਹ ਵਾਂਗੂ ਕਿਣ-ਮਿਣ ਲਾ ਕੇ ਕਿਤਨਿਆਂ ਦੇ ਜੀਵਨ ਵਿਚ ਰਸ ਭਰਿਆ, ਸੁਗੰਧਤ ਕੀਤਾ ਤੇ ਕੋਮਲ ਬਣਾਇਆ।(ਪ੍ਰਿੰ. ਤੇਜਾ ਸਿੰਘ)
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਪ੍ਰਸ਼ਨ 2. ਪੈਰ੍ਹੇ ਨੂੰ ਸੰਖੇਪ ਕਰਕੇ ਲਿਖੋ।
ਪ੍ਰਸ਼ਨ 3. ਕਈ ਵਾਰੀ ਲੈਕਚਰ ਨਾ ਦੇ ਸਕਣ ਵਾਲੇ ਲੋਕ ਨਿਜੀਤੌਰ ਤੇ ਗੱਲਾਂ ਕਰਨ ਲੱਗਿਆਂ ਕਿਹੋ ਜਿਹਾ ਪ੍ਰਭਾਵ ਛੱਡਦੇ ਹਨ?
ਪ੍ਰਸ਼ਨ 4. ਪ੍ਰਾਈਵੇਟ ਗੱਲ-ਬਾਤ ਕਰਨ ਵਿਚ ਕਿਤਨੀ ਕਰਾਮਾਤੀ ਸ਼ਕਤੀ ਹੋ ਸਕਦੀ ਹੈ? ਉਦਾਹਰਨ ਸਹਿਤ ਦੱਸੋ।