ਅਣਡਿੱਠਾ ਪੈਰਾ : ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਸੰਧੀ


ਸਿੰਧ ਦਾ ਇਲਾਕਾ ਵਪਾਰਿਕ ਅਤੇ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਨੋਂ ਇਸ ਇਲਾਕੇ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ।

1831 ਈ. ਵਿੱਚ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ। ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ ਇਸ ਲਈ ਉਸ ਨੂੰ ਰੋਪੜ ਵਿਖੇ ਗਵਰਨਰ-ਜਨਰਲ ਲਾਰਡ ਵਿਲਿਅਮ ਬੈਂਟਿੰਕ ਨਾਲ ਇੱਕ ਮੁਲਾਕਾਤ ਲਈ ਸੱਦਾ ਭੇਜਿਆ। ਇਹ ਮੁਲਾਕਾਤ 26 ਅਕਤੂਬਰ, 1831 ਈ. ਨੂੰ ਹੋਈ। ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਰਣਜੀਤ ਸਿੰਘ ਨੂੰ ਗੱਲੀਂ ਬਾਤੀਂ ਲਗਾਈ ਰੱਖਿਆ।

ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਨਾਲ ਸੰਧੀ ਕਰਨ ਲਈ ਕਰਨਲ ਪੋਟਿੰਜਰ ਨੂੰ ਭੇਜਿਆ। ਉਹ 1832 ਈ. ਵਿੱਚ ਸਿੰਧ ਨਾਲ ਇੱਕ ਵਪਾਰਿਕ ਸੰਧੀ ਕਰਨ ਵਿੱਚ ਸਫਲ ਹੋਇਆ।


ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੇ ਸਨ?

ਉੱਤਰ : ਮਹਾਰਾਜਾ ਰਣਜੀਤ ਸਿੰਘ ਸਿੰਧ ‘ਤੇ ਕਬਜ਼ਾ ਇਸ ਲਈ ਕਰਨਾ ਚਾਹੁੰਦੇ ਸਨ, ਕਿਉਂਕਿ ਇਸ ਦਾ
ਭੂਗੋਲਿਕ ਅਤੇ ਵਪਾਰਿਕ ਪੱਖ ਤੋਂ ਬਹੁਤ ਮਹੱਤਵ ਸੀ।

ਪ੍ਰਸ਼ਨ 2. ਅਲੈਗਜੈਂਡਰ ਬਰਨਜ਼ ਕੌਣ ਸੀ?

ਉੱਤਰ : ਅਲੈਗਜੈਂਡਰ ਬਰਨਜ਼ ਇੱਕ ਅੰਗਰੇਜ਼ ਅਧਿਕਾਰੀ ਸੀ ਜਿਸ ਨੂੰ ਅੰਗਰੇਜ਼ਾਂ ਨੇ ਸਿੰਧ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਭੇਜਿਆ ਸੀ।

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ ਕਦੋਂ ਅਤੇ ਕਿੱਥੇ ਹੋਈ?

ਉੱਤਰ : ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲਿਅਮ ਬੈਂਟਿੰਕ ਵਿਚਾਲੇ ਇੱਕ ਮੁਲਾਕਾਤ 26 ਅਕਤੂਬਰ, 1831 ਈ. ਨੂੰ ਰੋਪੜ ਵਿਖੇ ਹੋਈ ਸੀ।

ਪ੍ਰਸ਼ਨ 4. ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕੌਣ ਸਫਲ ਹੋਇਆ?

ਉੱਤਰ : ਅੰਗਰੇਜ਼ਾਂ ਅਤੇ ਸਿੰਧ ਵਿਚਾਲੇ ਇੱਕ ਵਪਾਰਿਕ ਸੰਧੀ ਕਰਨ ਵਿੱਚ ਕਰਨਲ ਪੋਟਿੰਜਰ ਸਫਲ ਹੋਇਆ।