ਅਣਡਿੱਠਾ ਪੈਰਾ : ਅਹਿਮਦ ਸ਼ਾਹ ਅਬਦਾਲੀ
ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ। ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ। ਉਸ ਨੇ 1752 ਈ. ਵਿੱਚ ਮੁਗ਼ਲ ਸੂਬੇਦਾਰ ਮੀਰ ਮੰਨੂੰ ਨੂੰ ਹਰਾ ਕੇ ਪੰਜਾਬ ਨੂੰ ਅਫ਼ਗਾਨਿਸਤਾਨ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ।
ਅਹਿਮਦ ਸ਼ਾਹ ਅਬਦਾਲੀ ਅਤੇ ਉਸ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਸੂਬੇਦਾਰਾਂ ਨੇ ਸਿੱਖਾਂ ਉੱਤੇ ਅਣਗਿਣਤ ਜ਼ੁਲਮ ਢਾਹੇ। 1762 ਈ. ਵਿੱਚ ਵੱਡੇ ਘੱਲੂਘਾਰੇ ਵਿੱਚ ਅਬਦਾਲੀ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਨ੍ਹਾਂ ਸਭ ਦੇ ਬਾਵਜੂਦ ਸਿੱਖ ਚੱਟਾਨ ਵਾਂਗ ਅਡੋਲ ਰਹੇ। ਉਨ੍ਹਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀ ਨੀਂਦ ਹਰਾਮ ਕਰ ਰੱਖੀ ਸੀ। ਸਿੱਖਾਂ ਨੇ 1765 ਈ. ਵਿੱਚ ਲਾਹੌਰ ਉੱਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ।
ਅਬਦਾਲੀ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਨਾ ਕੁਚਲ ਸਕਿਆ। ਦਰਅਸਲ ਉਸ ਦੀ ਅਸਫਲਤਾ ਲਈ ਕਈ ਕਾਰਨ ਜ਼ਿੰਮੇਵਾਰ ਸਨ। ਅਹਿਮਦ ਸ਼ਾਹ ਅਬਦਾਲੀ ਦੇ ਇਨ੍ਹਾਂ ਹਮਲਿਆਂ ਦੇ ਪੰਜਾਬ ਦੇ ਇਤਿਹਾਸ ਉੱਤੇ ਬੜੇ ਡੂੰਘੇ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵ ਪਏ।
ਪ੍ਰਸ਼ਨ 1. ਅਹਿਮਦ ਸ਼ਾਹ ਅਬਦਾਲੀ ਕੌਣ ਸੀ?
ਉੱਤਰ : ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ।
ਪ੍ਰਸ਼ਨ 2. ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੀ ਵਾਰ ਹਮਲੇ ਕੀਤੇ?
ਉੱਤਰ : ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਅੱਠ ਵਾਰ ਹਮਲੇ ਕੀਤੇ।
ਪ੍ਰਸ਼ਨ 3. ਵੱਡਾ ਘੱਲੂਘਾਰਾ ਕਦੋਂ ਹੋਇਆ?
ਉੱਤਰ : ਵੱਡਾ ਘੱਲੂਘਾਰਾ 1762 ਈ. ਵਿੱਚ ਹੋਇਆ।
ਪ੍ਰਸ਼ਨ 4. ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਕਿਉਂ ਅਸਫ਼ਲ ਰਿਹਾ? ਕੋਈ ਦੋ ਕਾਰਨ ਲਿਖੋ।
ਉੱਤਰ : (i) ਸਿੱਖਾਂ ਦਾ ਇਰਾਦਾ ਬਹੁਤ ਮਜ਼ਬੂਤ ਸੀ।
(ii) ਅਬਦਾਲੀ ਦੇ ਪ੍ਰਤੀਨਿਧੀ ਬਹੁਤ ਅਯੋਗ ਸਨ।