ਅਖੌਤਾਂ ਤੇ ਮੁਹਾਵਰੇ (Akhan / Muhavare)



1. ਇਹ (ਆਹ) ਮੂੰਹ ਤੇ ਮਸਰਾਂ ਦੀ ਦਾਲ – ਇਹ ਅਖਾਣ ਇਹ ਦੱਸਣ ਲਈ ਵਰਤਦੇ ਹਨ ਕਿ ਫਲਾਣਾ ਬੰਦਾ ਕਿਸੇ ਖਾਸ ਚੀਜ਼ ਦੇ ਯੋਗ ਨਹੀਂ।

2. ਈਸਬਗੋਲ ਤੇ ਕੁਝ ਨਾ ਫੋਲ – ਜਦ ਇਹ ਦੱਸਣਾ ਹੋਵੇ ਕਿ ਕਿਸੇ ਮਾਮਲੇ ਜਾਂ ਚੀਜ਼ ਦੀ ਫੋਲਾਫਾਲੀ ਕੀਤਿਆਂ ਕਈ ਤਰ੍ਹਾਂ ਦੇ ਨੁਕਸ ਤੇ ਬੁਰਾਈਆਂ ਲਿਕਲਣ ‘ਗੀਆਂ, ਤਾਂ ਇਹ ਅਖਾਣ ਵਰਤਦੇ ਹਨ।

3. ਇੱਕ ਇੱਕ ਦੋ ਗਿਆਰਾਂ – ਏਕੇ ਵਿਚ ਬਰਕਤ ਹੈ।ਇਕੱਲੇ ਨਾਲ ਦੋ ਆਦਮੀ ਮਿਲ ਕੇ ਕੰਮ ਕਰਨ, ਤਾਂ ਛੇਤੀ ਤੇ ਬਹੁਤਾ ਹੁੰਦਾ ਹੈ।

4. ਇਕ ਅਨਾਰ ਤੇ ਸੌ ਬਿਮਾਰ, ਇਕ ਨਿੰਬੂ ਪਿੰਡ ਭੁੱਖਿਆਂ ਦਾ – ਇਹ ਦੋਵੇਂ ਅਖਾਣ ਓਦੋਂ ਵਰਤਦੇ ਹਨ, ਜਦੋਂ ਚੀਜ਼ ਥੋੜ੍ਹੀ ਹੋਵੇ ਤੇ ਉਸ ਦੀ ਲੋੜ ਬਹੁਤਿਆਂ ਨੂੰ ਹੋਵੇ।

5. ਇਕ ਪੰਥ, ਦੋ ਕਾਜ – ਜਦ ਇਹ ਕਹਿਣਾ ਹੋਵੇ ਕਿ ਕੋਈ ਵਿਸ਼ੇਸ਼ ਕੰਮ ਕੀਤਿਆਂ ਇਕ ਹੋਰ ਕੰਮ ਬਿਨਾਂ ਕਿਸੇ ਵਾਧੂ ਖਰਚ ਜਾਂ ਖੇਚਲ ਦੇ ਹੋ ਜਾਏਗਾ, ਤਾਂ ਇਹ ਅਖਾਣ ਵਰਤਦੇ ਹਨ।

6. ਇਕ ਚੁੱਪ ਤੇ ਸੌ ਸੁੱਖ – ਜਿਥੇ ਬੋਲਿਆਂ ਝਗੜਾ ਵਧਦਾ ਤੇ ਸਿਰਦਰਦੀ ਹੁੰਦੀ ਹੋਵੇ, ਉੱਤੇ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ।

7. ਇਕ ਮੱਛੀ ਸਾਰਾ ਜਲ ਗੰਦਾ ਕਰ ਦੇਂਦੀ ਹੈ – ਇਕ ਆਦਮੀ ਦੀ ਭੈੜੀ ਕਰਤੂਤ ਨਾਲ ਸਾਰੀ ਬਰਾਦਰੀ ਜਾਂ ਜਮਾਤ ਬਦਨਾਮ ਹੋ ਜਾਂਦੀ ਹੈ

8. ਇਕਨੂੰ ਕੀ ਰੋਨੀਂ ਏਂ, ਊਤ ਗਿਆ ਈ ਆਵਾ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਇਹ ਪਤਾ ਲੱਗੇ ਕਿ ਇਕ-ਦੋ ਨਹੀਂ, ਸਗੋਂ ਸਾਰੀਆਂ ਹੀ ਚੀਜ਼ਾਂ ਜਾਂ ਬੰਦੇ ਵਿਗੜੇ ਹੋਏ ਹਨ।

9. ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ – ਦੋ ਇੱਕੋ ਜਿਹੇ ਵੱਡਿਆਂ (ਚੌਧਰੀਆਂ, ਆਗੂਆਂ ਆਦਿ) ਦਾ ਇਕ ਥਾਂ ਗੁਜ਼ਾਰਾ ਨਹੀਂ ਹੋ ਸਕਦਾ।

10. ਇਕ ਸੱਪ, ਦੂਜਾ ਉਡਣਾ / ਇਕ ਕਰੇਲਾ, ਦੂਜਾ ਨਿੰਮ ਚੜ੍ਹਿਆ – ਇਹ ਦੋਵੇਂ ਅਖਾਣ ਉਸ ਆਦਮੀ ਲਈ ਵਰਤਦੇ ਹਨ ਜੋ ਪਹਿਲਾਂ ਹੀ ਸੁਭਾ ਦਾ ਬੁਰਾ ਹੋਵੇ, ਪਰ ਕਿਸੇ ਕਾਰਨ ਹੋਰ ਵੀ ਬੁਰਾ ਹੋ ਜਾਏ, ਜਿਵੇਂ ਕਰੇਲਾ ਕੌੜਾ ਤਾਂ ਹੁੰਦਾ ਹੈ ਪਰ ਨਿੰਮ ਵਿਚ ਰਿਨ੍ਹਿਆ ਹੋਇਆ ਵਧੇਰੇ ਕੌੜਾ ਹੋ ਜਾਂਦਾ ਹੈ।

11. ਇੱਟ ਚੁਕਦੇ ਨੂੰ ਪੱਥਰ ਤਿਆਰ – ਜੇ ਕਿਸੇ ਨਾਲ ਬੁਰਾਈ ਕਰੀਏ, ਤਾਂ ਉਹ ਅੱਗੋਂ ਵਧੇਰੇ ਬੁਰਾਈ ਦੀ ਕੋਸ਼ਿਸ਼ ਕਰਦਾ ਹੈ।

12. ਈਦ ਪਿੱਛੋਂ ਤੰਬਾ ਫੂਕਣਾ ਏ? – ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਣ ਬਾਅਦ ਉਸ ਦੇ ਮਿਲਣ ਦਾ ਕੋਈ ਫਾਇਦਾ ਨਹੀਂ ਹੁੰਦਾ।

13. ਇੱਲ ਝੁਰਾਟੀ ਧਾੜੀ, ਜਠੇਰਿਆਂ ਦੇ ਸਿਰ ਚਾੜ੍ਹੀ – ਇਹ ਅਖਾਣ ਉਦੋਂ ਵਰਤਦੇ ਹਨ, ਜਦ ਕੋਈ ਚੀਜ਼ ਹੱਥੋਂ ਜਾਂ ਰਹੀ ਜਾਂ ਖਰਾਬ ਹੋ ਰਹੀ ਹੋਵੇ ਤੇ ਉਹ ਚੀਜ਼ ਕਿਸੇ ਨੂੰ ਦੇਕੇ ਅਹਿਸਾਨ ਜਤਾਣ ਦੀ ਕੋਸ਼ਿਸ਼ ਕੀਤੀ ਜਾਏ।