ਅਖਾਣ ਅਤੇ ਮੁਹਾਵਰੇ
ਵ
1. ਵਿਆਹ ਵਿਚ ਬੀ ਦਾ ਲੇਖਾ – ਇਹ ਅਖਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ, ਜੋ ਕਿਸੇ ਜ਼ਰੂਰੀ ਮਾਮਲੇ ਉੱਤੇ ਵਿਚਾਰ ਹੁੰਦਿਆਂ ਕੋਈ ਫਜੂਲ ਤੇ ਬਿਲਕੁਲ ਅਸੰਬੰਧਿਤ ਗੱਲ ਛੇੜ ਕੇ ਬੇਸੁਆਦੀ ਪਾ ਦੇਵੇ।
2. ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ – ਕਿਸੇ ਨਾਲ ਵਰਤੋਂ ਵਿਹਾਰ ਕੀਤਿਆਂ ਜਾਂ ਕੁਝ ਚਿਰ ਨਾਲ ਰਿਹਾਂ ਹੀ ਉਸ ਦੇ ਚੰਗੇ-ਮੰਦੇ ਸੁਭਾਅ ਦਾ ਪਤਾ ਲਗਦਾ ਹੈ।
3. ਵਿਹਲੀ ਜੱਟੀ, ਉੱਨ ਵੇਲੇ – ਇਹ ਅਖਾਣ ਉਹ ਆਦਮੀ ਉੱਤੇ ਘਟਾਉਂਦਾ ਹੈ, ਜੋ ਵਕਤ ਕਟੀ ਲਈ ਕੋਈ ਮਾਮੂਲੀ ਜਾਂ ਫਜ਼ੂਲ ਕੰਮ ਲੈ ਬੈਠਾ ਹੋਵੇ।
4. ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ (ਵਾਰਸ ਸ਼ਾਹ) / ਵਾਦੜੀਆਂ ਸਜ਼ਾਦੜੀਆਂ ਨਿਭਣ ਸਿਰਾਂ ਦੇ ਨਾਲ / ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ – ਮਨੁੱਖ ਦਾ ਪੱਕਿਆ ਹੋਇਆ ਸੁਭਾਅ ਤੇ ਆਦਤਾਂ ਕਦੇ ਨਹੀਂ ਬਦਲਦੀਆਂ।
5. ਵੇਲਾ ਵਖਤ ਵਿਹਾਇਆਂ, ਕੀ ਬਣਦਾ ਪਛਤਾਇਆਂ – ਹੁਣ ਪਛਤਾਏ ਕੀ ਬਣੇ, ਜਦ ਚਿੜੀਆਂ ਚੁਗ ਗਈ ਖੇਤ ਜਦ ਕਿਸੀ ਕੰਮ ਲਈ ਆਪਣੀ ਸੁਸਤੀ ਜਾਂ ਮੂਰਖਤਾ ਕਰਕੇ ਮੌਕਾ ਖੁੰਝਾ ਦੇਈਏ, ਤਾਂ ਪਿੱਛੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ।
6. ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ – ਵੇਲੇ ਸਿਰ ਕੀਤੇ ਹੋਏ ਕੰਮ ਦਾ ਹੀ ਲਾਭ ਹੁੰਦਾ ਹੈ। ਮੌਕਾ ਲੰਘ ਜਾਣ ਪਿਛੋਂ ਉਸ ਦੀ ਕੋਈ ਕਦਰ ਕੀਮਤ ਨਹੀਂ ਪੈਂਦੀ।
ਜਾਂ
ਈਦ ਪਿੱਛੋਂ ਤੰਬਾ ਫੂਕਣਾ ਏ? – ਕਿਸੇ ਚੀਜ਼ ਦੀ ਲੋੜ ਖਤਮ ਹੋ ਜਾਣ ਬਾਅਦ ਉਸ ਦੇ ਮਿਲਣ ਦਾ ਕੋਈ ਫਾਇਦਾ ਨਹੀਂ ਹੁੰਦਾ।