Akhaan / Idioms (ਅਖਾਣ)CBSEEducationਮੁਹਾਵਰੇ (Idioms)

ਅਖਾਣ (Proverbs)


ੳ ਨਾਲ ਸ਼ੁਰੂ ਹੋਣ ਵਾਲੇ ਅਖਾਣ


1. ਉਹ ਰਾਣੀ ਜੋ ਖਸਮੇਂ ਮਨ ਭਾਣੀ : (ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਨੌਕਰ ਉਹੀ ਚੰਗਾ ਜੋ ਮਾਲਕ ਨੂੰ ਚੰਗਾ ਲੱਗੇ) ਨੱਥੂ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ ਪਰ ਸੇਠ ਦੀਆਂ ਲੱਤਾਂ ਜ਼ਰੂਰ ਮਲ ਦਿੰਦਾ ਹੈ। ਦੂਜੇ ਨੌਕਰ ਉਸ ਨੂੰ ਵੇਖ-ਵੇਖ ਸੜਦੇ ਹਨ ਤੇ ਸੋਚਦੇ ਹਨ ਕਿ ਸੇਠ ਇਸ ਨਿਕੰਮੇ ਨੂੰ ਨੌਕਰੀਓਂ ਕਿਉਂ ਨਹੀਂ ਕੱਢਦਾ। ਇਸ ਤੇ ਸੇਠ ਦੇ ਮੁੰਡੇ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ “ਭਾਈ, ਉਹ ਰਾਣੀ ਜੋ ਖਸਮੇਂ ਮਨ ਭਾਣੀ।”

2. ਉੱਚੀ ਦੁਕਾਨ, ਫਿੱਕਾ ਪਕਵਾਨ : (ਬਾਹਰੋਂ ਵੇਖਣ ‘ਚ ਤਾਂ ਬੜਾ ਉੱਤਮ ਦੱਸਣਾ ਪਰ ਅੰਦਰੋਂ ਗੁਣਹੀਣ ਹੋਣਾ) ਮੈਂ ਸ਼ਹਿਰ ਦੀ ਸਭ ਤੋਂ ਵੱਡੀ ਦੁਕਾਨ ਤੋਂ ਵਾਹਵਾ ਮਹਿੰਗਾ ਸੂਟ ਲਿਆਂਦਾ ਪਰ ਉਹ ਪਹਿਲੇ ਧੋ ਵਿੱਚ ਹੀ ਖ਼ਰਾਬ ਹੋ ਗਿਆ ਤਾਂ ਮੇਰੀ ਮੰਮੀ ਕਹਿੰਦੇ ਕਿ ਇਹ ਤਾਂ ਉਹੋ ਗੱਲ ਹੋਈ ਕਿ “ਉੱਚੀ ਦੁਕਾਨ, ਫਿੱਕਾ ਪਕਵਾਨ।”

3. ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ : (ਜਦੋਂ ਕੋਈ ਗਲਤੀ ਕਰਕੇ ਪਛਤਾਵਾ ਕਰੇ ਤੇ ਅੱਗੋਂ ਲਈ ਤੋਬਾ ਕਰੇ ਤਾਂ ਇਹ ਅਖਾਣ ਵਰਤਦੇ ਹਨ) ਅਜੀਤ ਨੇ ਰਕੇਸ਼ ਦੀ ਕਾਰ ਦਾ ਸ਼ੀਸ਼ਾ ਕ੍ਰਿਕਟ ਦੀ ਗੇਂਦ ਮਾਰ ਕੇ ਭੰਨ ਦਿੱਤਾ। ਜਿਸ ਤੇ ਉਸ ਨੇ ਨਵਾਂ ਸ਼ੀਸ਼ਾ ਪੁਆਉਣਾ ਮੰਨ ਲਿਆ ਤੇ ਰਕੇਸ਼ ਦੇ ਘਰ ਜਾ ਕੇ ਮੁਆਫ਼ੀ ਵੀ ਮੰਗੀ।
ਰਕੇਸ਼ ਦੇ ਪਿਤਾ ਜੀ ਨੇ ਉਸ ਨੂੰ ਗੱਲ ਲਾ ਲਿਆ ਤੇ ਕਿਹਾ ਕਿ ਭਾਈ ਸਿਆਣੇ ਠੀਕ ਹੀ ਕਹਿੰਦੇ ਹਨ ਕਿ “ਉਹ ਨਾ ਭੁੱਲਾ ਜਾਣੀਏ, ਜੋ ਮੁੜ ਘਰ ਆਵੇ।”

4. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ : (ਇਹ ਅਖਾਣ ਹਰ ਥਾਂ ਮੋਹਰੀ ਬਣਨ ਵਾਲੇ ਵਿਅਕਤੀ ਲਈ ਵਰਤਿਆ ਜਾਂਦਾ ਹੈ) ਪਿੰਡ ਦੇ ਹਰ ਚੰਗੇ-ਮੰਦੇ ਕੰਮ ਵਿੱਚ ਮਦਨ ਸਿੰਘ ਨੂੰ ਅੱਗੇ-ਅੱਗੇ ਵੇਖ ਕੇ ਤਹਿਸੀਲਦਾਰ ਸਾਹਿਬ ਨੇ ਲਾ ਕੇ ਕਿਹਾ—ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ।

5. ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ : (ਇਹ ਅਖਾਣ ਉਸ ਨਿਕੰਮੇ ਲਈ ਵਰਤਿਆ ਜਾਂਦਾ ਹੈ, ਜੋ ਕੋਈ ਕੰਮ ਕਰਨ ਤੋਂ ਅਸਮੱਰਥ ਹੋਵੇ) ਜਦ ਦੀਪਕ ਨੇ ਗੱਪ ਮਾਰੀ ਕਿ ਉਹ ਪਲੱਸ ਟੂ ਦੇ ਇਮਤਿਹਾਨ ਵਿੱਚ ਪਹਿਲੇ ਦਰਜੇ ਵਿਚ ਪਾਸ ਹੋਵੇਗਾ, ਤਾਂ ਉਸ ਦੇ ਮਿੱਤਰ ਨੇ ਕਿਹਾ – ‘ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ; ਤੂੰ ਤਾ ਮਰ ਪਿੱਟ ਕੇ ਮਸਾਂ ਦਸਵੀਂ ਪਾਸ ਕੀਤੀ ਹੈ, ਮੇਰੇ ਕੋਲੋਂ ਕੋਈ ਗੱਲ ਭੁੱਲੀ ਹੋਈ ਹੈ?’

6. ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ

ਜਾਂ

ਉਹ ਨਾਲ ਨਾ ਖੜ੍ਹੇ, ਉਹ ਘੋੜੀ ‘ਤੇ ਚੜ੍ਹੇ : (ਜਦ ਕਿਸੇ ਤੋਂ
ਲਾਭ ਦੀ ਆਸ ਹੋਵੇ, ਪਰ ਉਹ ਨੁਕਸਾਨ ਪੁਚਾਉਣਾ ਚਾਹੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) ਪ੍ਰੋ: ਸੰਧੂ ਇਕ ਸਾਲ ਤੋਂ ਕਾਲਜ ਵਿਚ ਪੜ੍ਹਾ ਰਹੇ ਸਨ। ਆਪਣੀ ਤੀਵੀਂ ਦੇ ਚੁੱਕੇ-ਚੁਕਾਏ ਬੜੇ ਚਾਅ ਤੇ ਮਾਣ ਨਾਲ ਉਨ੍ਹਾਂ ਪ੍ਰਿੰਸੀਪਲ ਸਾਹਿਬ ਨੂੰ ਖਾਸ ਤਰੱਕੀ ਦੇਣ ਲਈ ਆਖਿਆ। ਪ੍ਰਿੰਸੀਪਲ ਸਾਹਿਬ ਨੇ ਜੁਆਬ ਦਿੱਤਾ ਕਿ ਮੈਂ ਤੁਹਾਡੇ ਕੰਮ ਨਾਲ ਸੰਤੁਸ਼ਟ ਨਹੀਂ ਇਸ ਲਈ ਤੁਹਾਨੂੰ ਆਪਣਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਘਰ ਆ ਕੇ ਪਤਨੀ ਨੂੰ ਕਿਹਾ—ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਡਾਉਣ ਨੂੰ, ਤੂੰ ਤਰੱਕੀ ਦੀ ਆਸ ਲਾਈ ਬੈਠੀ ਏਂ, ਅਗਲੇ ਜੁਆਬ ਦੇਣ ਨੂੰ ਫਿਰਦੇ ਹਨ।

7. ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ : (ਇਹ ਅਖਾਣ ਕਠਨ ਕੰਮ ਕਰਨ ਦਾ ਬੀੜਾ ਚੁੱਕ ਕੇ ਰਾਹ ਵਿਚ ਆਈਆਂ ਔਕੜਾਂ ਨੂੰ ਵੇਖ ਕੇ, ਆਪਣੇ-ਆਪ ਨੂੰ ਹੌਸਲਾ ਦੇਣ ਲਈ ਵਰਤਿਆ ਜਾਂਦਾ ਹੈ) ਰਘਬੀਰ ਸਿੰਘ ਨੂੰ ਸਾਰਿਆਂ ਨੇ ਕਿਹਾ ਕਿ ਇਸ ਵਾਰੀ ਚੋਣਾਂ ਨਾ ਲੜ ਕਿਉਂਕਿ ਮੁਕਾਬਲਾ ਬਹੁਤ ਸਖਤ ਹੈ, ਪਰ ਉਹ ਨਾ ਮੰਨਿਆ। ਜਦ ਉਸ ਨੂੰ ਪੈਸੇ ਦੀ ਟੋਟ ਆਈ ਤਾਂ ਉਸ ਜ਼ਮੀਨ ਗਹਿਣੇ ਪਾਂਦਿਆਂ ਹੋਇਆਂ ਕਿਹਾ-ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ; ਹੁਣ ਤਾਂ ਜਾਨ ਵੀ ਚਲੀ ਜਾਏ ਤਾਂ ਵੀ ਕੋਈ ਉਜ਼ਰ ਨਹੀਂ, ਇਹ ਤਾਂ ਜ਼ਮੀਨ ਹੈ।

8. ਉੱਚਾ-ਲੰਮਾ ਗੱਭਰੂ ਤੇ ਪੱਲੇ ਠੀਕਰੀਆਂ

ਜਾਂ

ਉੱਚੀ ਦੁਕਾਨ ਫਿੱਕਾ ਪਕਵਾਨ : (ਇਹ ਅਖਾਣ ਉਸ ਲਈ ਵਰਤਿਆ ਜਾਂਦਾ ਹੈ ਜਿਸ ਦੀ ਬਾਹਰੋਂ ਤਾਂ ਬਹੁਤ ਛੂੰ-ਫਾਂ ਹੋਵੇ, ਪਰ ਵਿਚੋਂ ਉਹ ਪੋਲਾ ਹੋਵੇ) ਰਮਨ ਦੀ ਉੱਪਰਲੀ ਸ਼ੋ-ਸ਼ਾਅ ਵੇਖ ਕੇ ਦੁਕਾਨਦਾਰ ਨੇ ਉਸ ਨੂੰ ਉਧਾਰ ਦੇ ਦਿੱਤਾ, ਪਰ ਜਦ ਉਸ ਕਈ ਫੇਰੇ ਪਾਉਣ ’ਤੇ ਵੀ ਪੈਸੇ ਦੇਣ ਦਾ ਨਾਂ ਨਾ ਲਿਆ ਤਾਂ ਹਾਰ ਕੇ ਨੱਥੂ ਨੇ ਕਿਹਾ ਕਿ ਤੁਹਾਡੀ ਤਾਂ ਉੱਚੀ ਦੁਕਾਨ ਫਿੱਕਾ ਪਕਵਾਨ ਵਾਲੀ ਗੱਲ ਹੋਈ, ਅਸੀਂ ਅੱਗੇ ਤੋਂ ਕੰਨਾਂ ਨੂੰ ਹੱਥ ਲਾਉਂਦੇ ਹਾਂ।

9. ਉੱਠਿਆ ਨਾ ਜਾਏ, ਫਿੱਟੇ ਮੂੰਹ ਗੋਡਿਆਂ ਦਾ

ਜਾਂ

ਆਪ ਕੁਚੱਜੀ, ਵਿਹੜੇ ਨੂੰ ਦੋਸ਼

ਜਾਂ

ਮਨ ਹਰਾਮੀ ਹੁਜਤਾਂ ਦਾ ਢੇਰ: (ਇਹ ਅਖਾਣ ਉਸ ਲਈ ਵਰਤੇ ਜਾਂਦੇ ਹਨ ਜੋ ਕੰਮ ਤਾਂ ਆਪ ਨਾ ਕਰੇ, ਪਰ ਦੋਸ਼ ਕਿਸੇ ਹੋਰ ‘ਤੇ ਮੜ੍ਹੇ)।

10. ਉੱਦਮ ਅੱਗੇ ਲੱਛਮੀ ਪੱਖੇ ਅਗੇ ਪੌਣ : ਉੱਦਮ ਦੀ ਵਡਿਆਈ ਕਰਨ ਵੇਲੇ, ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।


11. ਉਲਟਾ ਚੋਰ ਕੋਤਵਾਲ ਨੂੰ ਡਾਂਟੇ : ਜਦੋਂ ਕੋਈ ਕਸੂਰਵਾਰ ਬੇਕਸੂਰੇ ਨੂੰ ਡਾਂਟੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

12. ਉਲਟੀ ਵਾੜ ਖੇਤ ਨੂੰ ਖਾਵੇ : ਕਿਸੇ ਚੀਜ਼ ਦਾ ਰਾਖੇ ਵਲੋਂ ਨੁਕਸਾਨ ਹੁੰਦਾ ਵੇਖ ਕੇ ਕਿਹਾ ਜਾਂਦਾ ਹੈ।

13. ਊਠ ਦੇ ਗਲ ਟੱਲੀ : ਦੋ ਅਢੁਕਵੀਆਂ–ਇੱਕ ਬਹੁਤ ਵੱਡੀ ਤੇ ਦੂਜੀ ਬਹੁਤ ਨਿੱਕੀ-ਚੀਜ਼ਾਂ ਨੂੰ ਵੇਖ ਕੇ ਇਸ ਅਖਾਣ ਨੂੰ ਵਰਤਿਆ ਜਾਂਦਾ ਹੈ।

14. ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ : ਕਈ ਪਾਪੜ ਵੇਲ ਕੇ ਮੁੜ ਆਪਣੇ ਮਾਪਿਆਂ ਵਾਲਾ ਕੰਮ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ।