ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਸ਼ਹਿਰ ਦੇ ਫੁੱਟਪਾਥ ਉੱਤੇ ਨਜਾਇਜ਼ ਕਬਜ਼ੇ ਸਬੰਧੀ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਸਾਹਿਬ,

ਰੋਜ਼ਾਨਾ ਅਜੀਤ,

ਨਹਿਰੂ ਗਾਰਡਨ ਰੋਡ,

ਜਲੰਧਰ।

ਵਿਸ਼ਾ : ਫੁੱਟਪਾਥ ਉੱਤੇ ਨਜਾਇਜ਼ ਕਬਜ਼ੇ ਸਬੰਧੀ।

ਸ੍ਰੀਮਾਨ ਜੀ,

ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਆਪਣੇ ਸ਼ਹਿਰ ਦੇ ਫੁੱਟਪਾਥਾਂ ਉੱਤੇ ਹੋ ਰਹੇ ਨਜਾਇਜ਼ ਕਬਜ਼ੇ ਸਬੰਧੀ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਪੱਤਰ ਨੂੰ ਆਪਣੀ ਅਖ਼ਬਾਰ ਦੇ ਕਾਲਮ ਵਿੱਚ ਢੁੱਕਵੀਂ ਜਗ੍ਹਾ ਦਿੱਤੀ ਜਾਵੇ, ਤਾਂ ਜੋ ਇਸ ਸਮੱਸਿਆ ਦੇ ਹੱਲ ਲਈ ਸੰਭਾਵਨਾ ਬਣ ਸਕੇ।

ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹਿਰ ਬਟਾਲਾ ਦੀ ਹਾਲਤ ਦਿਨੋ-ਦਿਨ ਨਿੱਘਰਦੀ ਜਾ ਰਹੀ ਹੈ। ਸੜਕਾਂ ਦੇ ਕਿਨਾਰੇ ਪੈਦਲ ਯਾਤਰੀਆਂ ਲਈ ਫੁੱਟਪਾਥ ਬਣਾਏ ਗਏ ਹਨ ਪਰ ਉਨ੍ਹਾਂ ਉੱਤੇ ਦੁਕਾਨਦਾਰਾਂ ਤੇ ਹੋਰ ਵਪਾਰੀਆਂ ਵੱਲੋਂ ਏਨੇ ਕਬਜ਼ੇ ਕੀਤੇ ਗਏ ਹਨ ਕਿ ਫੁੱਟਪਾਥ ਅਲੋਪ ਹੀ ਹੋ ਗਏ ਜਾਪਦੇ ਹਨ। ਦੁਕਾਨਦਾਰਾਂ ਨੇ ਫੁੱਟਪਾਥਾਂ ਤੋਂ ਵੀ ਅੱਗੇ ਤੱਕ ਜਾ ਕੇ ਆਪਣੇ ਸਮਾਨ ਟਿਕਾਏ ਹੋਏ ਹਨ ਤੇ ਆਪਣੇ ਬੋਰਡ ਵੀ ਲਾ ਰੱਖੇ ਹਨ। ਰੇੜ੍ਹੀ ਵਾਲਿਆਂ ਨੇ ਤਾਂ ਉੱਥੇ ਪੱਕੇ ਤੌਰ ‘ਤੇ ਹੀ ਕਬਜ਼ਾ ਕੀਤਾ ਹੋਇਆ ਹੈ। ਰਹਿੰਦੀ ਕਸਰ ਨੀਮ-ਹਕੀਮ, ਹੱਥ ਵੇਖਣ ਵਾਲੇ ਜੋਤਸ਼ੀ ਤੇ ਵੱਖ-ਵੱਖ ਵਸਤਾਂ ਦੀ ਸੇਲ ਵਾਲਿਆਂ ਨੇ ਪੂਰੀ ਕਰ ਦਿੱਤੀ ਹੈ। ਆਮ ਦੁਕਾਨ ਨਾਲੋਂ ਵੱਧ ਸਮਾਨ ਸੇਲ ਵਾਲਿਆਂ ਨੇ ਛੱਪਰ ਜਿਹਾ ਲਾ ਕੇ ਮੰਜੀਆਂ ਆਦਿ ਤੇ ਹੋਰ ਵੀ ਚਾਰ-ਚੁਫੇਰੇ, ਇੱਕ ਸ਼ੋਅ-ਰੂਮ ਵਾਂਗ ਸਜਾਇਆ ਹੁੰਦਾ ਹੈ। ਅਜਿਹੀਆਂ ਦੁਕਾਨਾਂ ‘ਤੇ ਗਾਹਕਾਂ ਦੀ ਅਕਸਰ ਭੀੜ ਲੱਗੀ ਰਹਿੰਦੀ ਹੈ। ਬੇਤਰਤੀਬੀਆਂ ਦੁਕਾਨਾਂ, ਰੇੜ੍ਹੀਆਂ, ਫੜ੍ਹੀਆਂ ਆਦਿ ਨਾਲ ਗਾਹਕਾਂ ਦੀ ਭੀੜ ਜਾਮ ਲਾਉਣ ਦਾ ਕਾਰਨ ਬਣਦੀ ਹੈ। ਕਈ ਵਾਰ ਅਜਿਹੀਆਂ ਥਾਵਾਂ ‘ਤੇ ਪੈਦਲ ਲੰਘ ਰਹੇ ਰਾਹੀਆਂ ਨੂੰ ਲੁੱਟਾਂ-ਖੋਹਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।

ਪ੍ਰਸ਼ਾਸਨ ਵਲੋਂ ਕਈ ਵਾਰ ਇਨ੍ਹਾਂ ਨੂੰ ਫੁੱਟਪਾਥਾਂ ਤੋਂ ਕਬਜ਼ੇ ਹਟਾਉਣ ਸਬੰਧੀ ਨੋਟਿਸ ਵੀ ਜਾਰੀ ਕੀਤੇ ਗਏ ਹਨ ਤੇ ਕਈ ਵਾਰ ਜਬਰੀ ਮਾਲ ਚੁੱਕਿਆ ਵੀ ਗਿਆ ਹੈ, ਪਰ ਕੁਝ ਦਿਨਾਂ ਬਾਅਦ ਫਿਰ ਉਹੋ ਹਾਲ ਹੋ ਜਾਂਦਾ ਹੈ। ਬੱਸ ਸਟੈਂਡ ਤੇ ਇਸ ਦੇ ਆਸ-ਪਾਸ ਤਾਂ ਉਂਝ ਹੀ ਬਹੁਤ ਭੀੜ-ਭੜੱਕਾ ਰਹਿੰਦਾ ਹੈ। ਇਸ ਲਈ ਆਮ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰ ਤਾਂ ਹੋਰ ਕਾਰ ਬਜ਼ਾਰ ਵਾਲੇ ਵੀ ਕਾਰਾਂ/ਗੱਡੀਆਂ ਨੂੰ ਫੁੱਟਪਾਥਾਂ ‘ਤੇ ਧੋਂਦੇ ਹਨ ਤੇ ਖ਼ਰੀਦਣ ਵੇਚਣ ਲਈ ਵੀ ਕਾਰਾਂ ਉੱਥੇ ਹੀ ਖੜ੍ਹੀਆਂ ਕਰਦੇ ਹਨ। ਕੁਝ ਇੱਕ ਥਾਵਾਂ ‘ਤੇ ਸਰਕਾਰੀ ਜਾਇਦਾਦਾਂ ਉੱਤੇ ਆਪਣਾ ਕਬਜ਼ਾ ਕਰਨ ਹਿੱਤ ਉਥੇ ਧਾਰਮਕ ਦੇਵੀ-ਦੇਵਤਿਆਂ ਜਾਂ ਪੀਰਾਂ ਦੀ ਜਗ੍ਹਾ ਵੀ ਬਣਾ ਦਿੱਤੀ ਜਾਂਦੀ ਹੈ। ਸ਼ਰਧਾਲੂ ਸੜਕਾਂ ‘ਤੇ ਹੀ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋ ਜਾਂਦੇ ਹਨ, ਜਿਸ ਨਾਲ ਮੁਸ਼ਕਲਾਂ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ। ਉਮੀਦ ਹੈ ਕਿ ਸਬੰਧਤ ਵਿਭਾਗ ਵਲੋਂ ਇਸ ਸਮੱਸਿਆ ਨੂੰ ਪੱਕੇ ਤੌਰ ‘ਤੇ ਨਜਿੱਠਣ ਲਈ ਫੌਰੀ ਤੌਰ ‘ਤੇ ਉਪਰਾਲੇ ਕੀਤੇ ਜਾਣਗੇ।

ਮੈਨੂੰ ਆਸ ਹੈ ਕਿ ਤੁਸੀਂ ਮੇਰਾ ਇਹ ਪੱਤਰ ਅਖ਼ਬਾਰ ਵਿੱਚ ਜਰੂਰ ਛਾਪੋਗੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………