ਨਕਲੀ ਦਵਾਈਆਂ ਦੀ ਵਿਕਰੀ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
….………………….. ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਪੰਜਾਬੀ ਜਾਗਰਣ,
ਜਲੰਧਰ।
ਵਿਸ਼ਾ : ਨਕਲੀ ਦਵਾਈਆਂ ਦੀ ਵਿਕਰੀ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਨਕਲੀ ਦਵਾਈਆਂ ਦੇ ਵਧ ਰਹੇ ਕਾਰੋਬਾਰ ਬਾਰੇ ਆਪਣੇ ਵਿਚਾਰ ਲਿਖ ਕੇ ਭੇਜ ਰਿਹਾ ਹਾਂ, ਕਿਰਪਾ ਕਰਕੇ ਇਸ ਨੂੰ ਆਪਣੀ ਅਖਬਾਰ ਵਿੱਚ ਛਾਪ ਕੇ ਧੰਨਵਾਦੀ ਬਣਾਉਣਾ ਜੀ।
ਵਿਗਿਆਨ ਨੇ ਮੈਡੀਕਲ ਸਾਇੰਸ ਵਿੱਚ ਬੇਮਿਸਾਲ ਤਰੱਕੀ ਕਰਕੇ ਮਨੁੱਖ ਨੂੰ ਜੀਵਨ ਪ੍ਰਦਾਨ ਕਰਨ ਦਾ ਕ੍ਰਿਸ਼ਮਾ ਕਰ ਵਿਖਾਇਆ ਹੈ ਪਰ ਨਾਲ ਹੀ ਪੈਸਿਆਂ ਦੇ ਲਾਲਚੀ ਮਨੁੱਖੀ ਜੀਵਨ ਨਾਲ ਕਈ ਪੱਧਰਾਂ ‘ਤੇ ਖਿਲਵਾੜ ਕਰ ਰਹੇ ਹਨ। ਅਜਿਹੇ ਲਾਲਚ ਕਾਰਨ ਹੀ ਸਾਡੇ ਦੇਸ਼ ਅੰਦਰ ਨਕਲੀ ਦਵਾਈਆਂ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਇਨ੍ਹਾਂ ਨਕਲੀ ਦਵਾਈਆਂ ਨਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ। ਇਨ੍ਹਾਂ ਨੂੰ ਬਣਾਉਣ ਤੋਂ ਲੈ ਕੇ ਮਰੀਜ਼ਾਂ ਦੇ ਹੱਥਾਂ ਤੱਕ ਪਹੁੰਚਾਉਣ ਲਈ ਇੱਕ ਪੂਰਾ ਵਿਉਂਤਬੱਧ ਤਾਣਾ-ਬਾਣਾ ਹੈ।
ਇਨ੍ਹਾਂ ਨਕਲੀ ਦਵਾਈਆਂ ਉੱਪਰ ਨਾਂ ਵੱਡੀਆਂ-ਵੱਡੀਆਂ ਪ੍ਰਸਿੱਧ ਸਟੈਂਡਰਡ ਕੰਪਨੀਆਂ ਦੇ ਜਾਂ ਉਨ੍ਹਾਂ ਨਾਲ ਰਲਦੇ- ਮਿਲਦੇ ਹੁੰਦੇ ਹਨ ਪਰ ਇਨ੍ਹਾਂ ਵਿੱਚ ਪਾਇਆ ਗਿਆ ਪਦਾਰਥ ਜਾਂ ਤਾਂ ਬਹੁਤ ਘਟੀਆ ਜਾਂ ਨਕਲੀ ਹੁੰਦਾ ਹੈ ਜੋ ਰੋਗ ਦੂਰ ਕਰਨ ਦੀ ਬਜਾਇ ਹੋਰ ਅਨੇਕਾਂ ਰੋਗਾਂ ਨੂੰ ਸੱਦਾ ਦਿੰਦਾ ਹੈ।
ਇਸ ਤੋਂ ਇਲਾਵਾ ਮਿਆਦ ਖ਼ਤਮ ਹੋ ਚੁੱਕੀਆਂ ਦਵਾਈਆਂ ਵੀ ਵੇਚੀਆਂ ਜਾ ਰਹੀਆਂ ਹਨ। ਨਕਲੀ ਦਵਾਈਆਂ ਨਾਲ ਹੁੰਦੀਆਂ ਮੌਤਾਂ ਬਾਰੇ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਨਾਲ ਮਰੀਜ਼ ਹੋਰ ਬਿਮਾਰੀਆਂ ਦੀ ਗਿਰਫ਼ਤ ਵਿੱਚ ਵੀ ਆਉਂਦਾ ਹੈ। ਸਾਡਾ ਸੁਝਾਅ ਹੈ ਕਿ ਨਕਲੀ ਦਵਾਈਆਂ ਵੇਚਣ ਵਾਲਿਆਂ ਦੇ ਲਾਇਸੈਂਸ ਜ਼ਬਤ ਕਰਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਨਾਲ ਹੀ ਗਾਹਕਾਂ ਨੂੰ ਵੀ ਹਰ ਪੱਖੋਂ ਸੁਚੇਤ ਹੋ ਕੇ ਰਹਿਣਾ ਚਾਹੀਦਾ ਹੈ। ਇਸ ਸਬੰਧ ‘ਚ ਸਰਕਾਰ ਨੂੰ ਸਖ਼ਤ ਕਾਨੂੰਨ ਬਣਾ ਕੇ ਇਸ ਕਾਰੋਬਾਰ ਨਾਲ ਸਬੰਧਿਤ ਲੋਕਾਂ ਨੂੰ ਜੇਲ੍ਹਾਂ ‘ਚ ਭੇਜਣਾ ਚਾਹੀਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ,
ਆਪ ਦਾ ਵਿਸ਼ਵਾਸਪਾਤਰ,
ੳ. ਅ. ੲ।
ਮਿਤੀ : 10 ਜਨਵਰੀ, 20…….