PAU ਨੂੰ ਪੱਤਰ
ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ-ਪ੍ਰੋਗਰਾਮਾਂ, ਖੇਤੀ-ਬਾੜੀ-ਸਾਹਿਤ, ਸਾਉਣੀ ਦੀਆਂ ਫ਼ਸਲਾਂ ਦੇ ਸੰਭਾਵਿਤ ਰੋਗਾਂ ਤੇ ਰੋਕਥਾਮ ਆਦਿ ਬਾਰੇ ਜਾਣਕਾਰੀ ਦੀ ਮੰਗ ਕਰੋ।
ਪਿੰਡ ਤੇ ਡਾਕਘਰ ………,
ਤਹਿਸੀਲ ………………,
ਜਿਲ੍ਹਾ ………………….।
ਮਿਤੀ : 7 ਅਪਰੈਲ, 20……
ਸੇਵਾ ਵਿਖੇ
ਸੂਚਨਾ-ਅਧਿਕਾਰੀ,
ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ,
ਲੁਧਿਆਣਾ।
ਵਿਸ਼ਾ : ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ-ਪ੍ਰੋਗਰਾਮਾਂ, ਖੇਤੀ-ਬਾੜੀ-ਸਾਹਿਤ ਅਤੇ ਸਾਉਣੀ ਦੀਆਂ ਫ਼ਸਲਾਂ ਦੇ ਸੰਭਾਵਿਤ ਰੋਗਾਂ ਅਤੇ ਇਹਨਾਂ ਦੀ ਰੋਕਥਾਮ ਬਾਰੇ।
ਸ੍ਰੀਮਾਨ ਜੀ,
ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਦਸ ਕਿੱਲੇ ਖੇਤੀ-ਯੋਗ ਜ਼ਮੀਨ ਹੈ ਅਤੇ ਸਿੰਚਾਈ ਲਈ ਟਿਊਬਵੈੱਲ ਦੀ ਵਿਵਸਥਾ ਹੈ। ਮੇਰੀ ਇੱਛਾ ਹੈ ਕਿ ਮੈਂ ਸਾਉਣੀ ਦੀਆਂ ਫ਼ਸਲਾਂ ਲਈ ਅਜਿਹੀਆਂ ਕਿਸਮਾਂ ਦੇ ਬੀਜ ਬੀਜਾਂ ਜਿਸ ਨਾਲ ਮੈਨੂੰ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ। ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਮੈਂ ਹੇਠ ਦਿੱਤੀ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਆਸ ਹੈ ਇਹ ਜਾਣਕਾਰੀ ਦੇ ਕੇ ਧੰਨਵਾਦੀ ਬਣਾਓਗੇ :
(ੳ) ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ, ਬਾਸਮਤੀ ਅਤੇ ਮੱਕੀ ਦੀ ਅਗੇਤੀ ਅਤੇ ਪਿਛੇਤੀ ਬਿਜਾਈ ਲਈ ਢੁਕਵੇਂ ਅਥਵਾ ਉੱਤਮ ਬੀਜ ਕਿਹੜੀ-ਕਿਹੜੀ ਕਿਸਮ ਦੇ ਹਨ ਅਤੇ ਇਹ ਬੀਜ ਕਿੱਥੋਂ ਉਪਲਬਧ ਹੋਣਗੇ?
(ਅ) ਸਾਉਣੀ ਦੀਆਂ ਵਿਭਿੰਨ ਫ਼ਸਲਾਂ ਦੀ ਅਗੇਤੀ ਅਤੇ ਪਿਛੇਤੀ ਬਿਜਾਈ ਲਈ ਢੁਕਵਾਂ ਸਮਾਂ ਕਿਹੜਾ ਹੈ?
(ੲ) ਮੱਕੀ ਦੀ ਫ਼ਸਲ ਦੀ ਅਗੇਤੀ ਅਤੇ ਪਿਛੇਤੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਸੰਬੰਧੀ ਤੁਹਾਡੀਆਂ ਕੀ ਵਿਸ਼ੇਸ਼ ਹਦਾਇਤਾਂ ਹਨ?
(ਸ) ਬਾਸਮਤੀ, ਝੋਨੇ ਅਤੇ ਮੱਕੀ ਦੀ ਫ਼ਸਲ ਨੂੰ ਲੱਗਣ ਵਾਲ਼ੇ ਸੰਭਾਵਿਤ ਰੋਗ ਕਿਹੜੇ ਹਨ ਅਤੇ ਇਹਨਾਂ ਦੀ ਰੋਕਥਾਮ ਲਈ ਕਿਹੜੇ ਉਪਾਅ ਹਨ?
(ਹ) ਜੇਕਰ ਅਸੀਂ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਤੁਹਾਡੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਸਾਹਿਤ ਪ੍ਰਾਪਤ ਕਰਨਾ ਹੋਵੇ ਤਾਂ ਇਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ?
(ਕ) ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ, ਦੇਖਭਾਲ, ਇਹਨਾਂ ਫ਼ਸਲਾਂ ਨੂੰ ਲੱਗਣ ਵਾਲੇ ਰੋਗਾਂ ਅਤੇ ਇਹਨਾਂ ਦੀ ਰੋਕਥਾਮ ਸੰਬੰਧੀ ਤੁਹਾਡੀ ਯੂਨੀਵਰਸਿਟੀ ਵੱਲੋਂ ਕਦੋਂ ਅਤੇ ਕਿਹੜੇ ਸਿਖਲਾਈ-ਪ੍ਰੋਗਰਾਮ ਬਣਾਏ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਕੀ ਸ਼ਰਤਾਂ ਹਨ?
ਆਸ ਹੈ ਤੁਸੀਂ ਵੇਰਵੇ ਸਹਿਤ ਜਾਣਕਾਰੀ ਦਿਓਗੇ।
ਤੁਹਾਡਾ ਵਿਸ਼ਵਾਸਪਾਤਰ,
ਜਨਕ ਸਿੰਘ
ਸਪੁੱਤਰ ਸ. ਪ੍ਰੀਤਮ ਸਿੰਘ