CBSEClass 8 Punjabi (ਪੰਜਾਬੀ)EducationPunjab School Education Board(PSEB)

ਘਮੰਡੀ ਰਾਜਾ : ਦਰਸ਼ਨ ਸਿੰਘ ਆਸ਼ਟ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ-ਪੰਜ ਵਾਕਾਂ ਵਿੱਚ ਲਿਖੋ –


ਪ੍ਰਸ਼ਨ 1. ਰਾਜਾ ਘਮੰਡ ਦਾ ਪੁਤਲਾ ਕਿਵੇਂ ਸੀ? ਉਦਾਹਰਨਾਂ ਦੇ ਕੇ ਸਪੱਸ਼ਟ ਕਰੋ।

ਉੱਤਰ : ਰਾਜਾ ਆਪਣੇ ਆਪ ਨੂੰ ਸਭ ਤੋਂ ਵਧੇਰੇ ਸਮਝਦਾ ਸੀ। ਉਸ ਦੇ ਮੰਤਰੀ ਮੰਡਲ ਵਿਚ ਕਈ ਤਜ਼ਰਬੇਕਾਰ ਤੇ ਸਿਆਣੇ ਵਿਅਕਤੀ ਸਨ। ਉਸ ਨੇ ਆਪਣੇ ਮੰਤਰੀਆਂ ਤੇ ਅਜਿਹਾ ਦਬਦਬਾ ਬਣਾਇਆ ਹੋਇਆ ਸੀ ਕਿ ਕੋਈ ਵੀ ਉਸ ਦੇ ਫ਼ੈਸਲੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ। ਜਦੋਂ ਰਾਜੇ ਨੇ ਚੋਰ ਨੂੰ ਬਰੀ ਕਰ ਦਿੱਤਾ ਤਾਂ ਇੱਕ ਬਿਰਧ ਮੰਤਰੀ ਨੇ ਹੌਂਸਲਾ ਵਿਖਾਉਂਦੇ ਹੋਏ ਉਸ ਨੂੰ ਕਿਹਾ ਕਿ ਉਸ ਦਾ ਫੈਸਲਾ ਗ਼ਲਤ ਹੈ। ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਰਾਜੇ ਨੇ ਮੰਤਰੀ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੁਸੀਂ ਮੇਰੇ ਤੋਂ ਵੱਧ ਸਮਝਦਾਰ ਨਹੀਂ ਹੋ। ਜਦੋਂ ਆਜੜੀ ਨੇ ਰਾਜੇ ਦੇ ਪੁੱਛਣ ਤੇ ਕਿਹਾ ਉਹ ਕੋਈ ਰਾਜਾ ਮਾਲੂਮ ਹੁੰਦਾ ਹੈ ਤਾਂ ਉਸ ਨੇ ਕਿਹਾ,”ਕੱਲਾ ਰਾਜਾ ਹੀ ਨਹੀਂ, ਇਸ ਮੁਲਕ ਦਾ ਸਭ ਤੋਂ ਸਿਆਣਾ ਤੇ ਤਜ਼ਰਬੇਕਾਰ।” ਇਸ ਤਰ੍ਹਾਂ ਰਾਜੇ ਦੇ ਇਹਨਾਂ ਸ਼ਬਦਾਂ ਤੋਂ ਰਾਜੇ ਦਾ ਘਮੰਡ ਝਲਕਦਾ ਸੀ।

ਪ੍ਰਸ਼ਨ 2. ਰਾਜੇ ਨੇ ਕਿਹੜਾ ਅਨੋਖਾ ਫ਼ੈਸਲਾ ਸੁਣਾਇਆ ਸੀ?

ਉੱਤਰ : ਰਾਜਾ ਘਮੰਡ ਦਾ ਪੁਤਲਾ ਸੀ। ਉਹ ਆਪਣੇ ਆਪ ਨੂੰ ਬਹੁਤ ਸਮਝਦਾਰ ਸਮਝਦਾ ਸੀ। ਇੱਕ ਵਾਰੀ ਉਸ ਦੇ ਰਾਜ ਵਿੱਚ ਇੱਕ ਚੋਰ ਨੇ ਦਿਨ – ਦਿਹਾੜੇ ਚੋਰੀ ਕੀਤੀ, ਪਰ ਰਾਜੇ ਨੇ ਗਵਾਹਾਂ ਦੀਆਂ ਗਵਾਹੀਆਂ ਦੇ ਬਾਵਜੂਦ ਵੀ ਚੋਰ ਨੂੰ ਬਰੀ ਕਰ ਦਿੱਤਾ। ਸਾਰੇ ਰਾਜੇ ਦੇ ਅਜਿਹੇ ਫ਼ੈਸਲੇ ਤੋਂ ਬਹੁਤ ਹੈਰਾਨ ਸਨ, ਪਰ ਕੋਈ ਵੀ ਉਸ ਦੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ ਸੀ।

ਪ੍ਰਸ਼ਨ 3. ਰਾਜੇ ਦੇ ਬਿਰਧ-ਮੰਤਰੀ ਦੀ ਬੇਇੱਜ਼ਤੀ ਕਰਨ ਤੇ ਰਾਣੀ ਨੇ ਮੰਤਰੀ ਨੂੰ ਕੀ ਕਿਹਾ?

ਉੱਤਰ : ਇੱਕ ਦਿਨ ਰਾਜੇ ਨੇ ਆਪਣੇ ਸਭ ਤੋਂ ਸਿਆਣੇ ਤੇ ਬਿਰਧ ਮੰਤਰੀ ਨੂੰ ਸਭ ਦੇ ਸਾਹਮਣੇ ਬੁਰਾ ਭਲਾ ਕਹਿ ਦਿੱਤਾ। ਇਹ ਦੇਖ ਕੇ ਰਾਣੀ ਨੂੰ ਬਹੁਤ ਦੁੱਖ ਹੋਇਆ, ਉਸ ਸਮੇਂ ਉਹ ਕੁੱਝ ਨਾ ਬੋਲੀ ਕਿਉਂਕਿ ਉਹ ਜਾਣਦੀ ਸੀ ਕਿ ਰਾਜੇ ਦਾ ਸੁਭਾਅ ਬਹੁਤ ਗੁੱਸੇਖੋਰ ਹੈ, ਪਰ ਉਹ ਮਨ ਹੀ ਮਨ ਬਹੁਤ ਦੁਖੀ ਸੀ। ਦਰਬਾਰ ਬਰਖ਼ਾਸਤ ਹੋਣ ਤੋਂ ਬਾਅਦ ਰਾਣੀ ਨੇ ਉਸ ਮੰਤਰੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਰਾਜੇ ਵੱਲੋਂ ਬੋਲੇ ਗਏ ਅਪਸ਼ਬਦਾਂ ਲਈ ਮੁਆਫ਼ੀ ਮੰਗੀ।

ਪ੍ਰਸ਼ਨ 4. ਬਿਰਧ-ਮੰਤਰੀ ਨੇ ਰਾਣੀ ਨੂੰ ਕੀ ਕਿਹਾ?

ਉੱਤਰ : ਜਦੋਂ ਰਾਜੇ ਨੇ ਭਰੇ ਦਰਬਾਰ ਵਿੱਚ ਸਭ ਦੇ ਸਾਹਮਣੇ ਆਪਣੇ ਸਭ ਤੋਂ ਸਿਆਣੇ ਤੇ ਬਿਰਧ ਮੰਤਰੀ ਦੀ ਬੇਇੱਜਤੀ ਕੀਤੀ ਤਾਂ ਇਹ ਦੇਖ ਕੇ ਰਾਣੀ ਬਹੁਤ ਦੁਖੀ ਹੋਈ। ਉਸ ਨੇ ਮੰਤਰੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਰਾਜੇ ਦੇ ਬੋਲੇ ਗਏ ਅਪਸ਼ਬਦਾਂ ਲਈ ਮੁਆਫ਼ੀ ਮੰਗੀ ਤਾਂ ਬਿਰਧ ਮੰਤਰੀ ਨੇ ਰਾਣੀ ਨੂੰ ਬੜੇ ਧੀਰਜ ਨਾਲ ਕਿਹਾ, “ਰਾਣੀ ਜੀ, ਆਪ ਐਂਵੇ ਪਰੇਸ਼ਾਨ ਨਾ ਹੋਵੋ। ਮੈਂ ਰਾਜੇ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਸ਼ਾਇਦ ਆਪਨੇ ਨਹੀਂ ਸੁਣਿਆ। ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜੋ ਰਾਜਾ ਵਿੱਦਿਆ, ਬੁੱਧੀ, ਧਨ ਤੇ ਕੁਲ ਵਿੱਚ ਆਪਣੇ ਬਜ਼ੁਰਗਾਂ ਤੇ ਸਲਾਹਕਾਰਾਂ ਦਾ ਨਿਰਾਦਰ ਕਰਦਾ ਹੈ, ਉਹ ਮੂਰਖ ਹੁੰਦਾ ਹੈ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਦਾ ਜ਼ਰਾ ਜਿੰਨਾ ਵੀ ਬੁਰਾ ਨਹੀਂ ਮਨਾਉਂਦਾ, ਪਰ ਇੱਕ ਗੱਲ ਜਰੂਰ ਦੱਸਣਾ ਚਾਹਾਂਗਾ ਕਿ ਉਹਨਾਂ ਨੂੰ ਆਪਣੀ ਸਿਆਣਪ ਦਾ ਕੁੱਝ ਜਿਆਦਾ ਹੀ ਘਮੰਡ ਹੋ ਗਿਆ ਹੈ। ਇੱਕ ਦਿਨ ਅਜਿਹਾ ਆਵੇਗਾ ਕਿ ਉਹਨਾਂ ਨੂੰ ਆਪਣੇ ਆਪ ਹੀ ਅਹਿਸਾਸ ਹੋ ਜਾਵੇਗਾ ਕਿ ਕੀ ਸੱਚ ਹੈ ਤੇ ਕੀ ਝੂਠ।”