ਕਵਿਤਾ : ਕੁੱਖ ਵਿੱਚੋਂ ਧੀ ਦਾ ਤਰਲਾ
ਕੁੱਖ ਵਿੱਚੋਂ ਧੀ ਦਾ ਧਰਨਾ – ਸੁਜਾਨ ਸਿੰਘ ‘ਸੁਜਾਨ’
ਕਿਸ ਨੂੰ ਦੱਸਾਂ ਦਰਦ ਕਹਾਣੀ, ਮੇਰੇ ਦਿਲ ਦੀ ਜਾਣ ਲੈ ਅੰਮੀਏ।
ਸੁਣ ਲੈ ਮੇਰੀ ਪੁਕਾਰ ਨੀ ਅੰਮੀਏ ਕੁੱਖ ਦੇ ਵਿੱਚ ਨਾ ਮਾਰ ਨੀ ਅੰਮੀਏ।
ਖੌਰੇ ਵੱਡੀ ਹੋ ਕੇ ਮੈਂ ਕੋਈ ਉੱਚਾ ਅਹੁਦਾ ਪਾਵਾਂ,
ਦੁਨੀਆ ਦੀ ਫੁਲਵਾੜੀ ਅੰਦਰ ਤੇਰਾ ਨਾਂ ਚਮਕਾਵਾਂ।
ਲੱਖ ਚੁਰਾਸੀ ਜੂਨਾਂ ਪਿੱਛੋਂ ਵੇਖ ਲਵਾਂ ਸੰਸਾਰ ਨੀ ਅੰਮੀਏ,
ਕਿਸ ਨੂੰ ਦੱਸਾਂ …………………….।
ਮੇਰੇ ਵਾਂਗਰ ਤੂੰ ਵੀ ਆਖਰ ਕਿਸੇ ਦੀ ਹੈਂ ਸੀ ਧੀ ਨੀ ਅੰਮੀਏ,
ਜਨਮ ਤੋਂ ਪਹਿਲਾਂ ਮਾਰਨ ਲੱਗੀ ਦੋਸ਼ ਮੇਰਾ ਦੱਸ ਕੀ ਹੈ ਅੰਮੀਏ।
ਔਰਤ ਨੂੰ ਤਾਂ ਗੁਰੂਆਂ ਦਿੱਤਾ ਬਾਣੀ ਵਿੱਚ ਸਤਿਕਾਰ ਨੀ ਅੰਮੀਏ।
ਕਿਸ ਨੂੰ ਦੱਸਾਂ …………………….।
ਪੁੱਤਾਂ ਤੋਂ ਵੀ ਵੱਧ ਕੇ ਧੀਆਂ ਮਾਪਿਆਂ ਦੀ ਸੁੱਖ ਚਾਹੁਣ, ਮੇਰੇ ਬਾਝੋਂ ਵੀਰੇ ਦੇ ਦੱਸ ਰੱਖੜੀ ਬੰਨੇਗਾ ਕੌਣ।
ਭੈਣ ਨਾਲ ਹੀ ਸੋਹੰਦਾ ਜੱਗ ਤੇ ਵੀਰਾਂ ਦਾ ਪਰਿਵਾਰ ਨੀ ਅੰਮੀਏ,
ਕਿਸ ਨੂੰ ਦੱਸਾਂ …………………….।
ਗਿੱਧਾ-ਕਿੱਕਲੀ ਮੇਰੇ ਬਾਝੋਂ ਕੌਣ ਪਾਊਗਾ ਤੇਰੇ ਵਿਹੜੇ, ਬੋਗਨਾਂ ਦੇ ਗਾਨੇ ਨਾ ਬੁਝਣੇ ਜੰਝ ਨਾ ਢੁੱਕੂ ਤੇਰੇ ਵਿਹੜੇ। ਮੇਰੀ ਹੋਂਦ ਦੇ ਬਾਝੋਂ ਤੇਰੇ, ਰਹਿਣ ਸੁੰਨੇ ਘਰ-ਬਾਰ ਨੀ ਅੰਮੀਏ,
ਕਿਸ ਨੂੰ ਦੱਸਾਂ …………………….।
ਮਾਏਂ ਜੇ ਜੱਗ ’ਤੇ ਲੋਕੀਂ ਸਾਰੇ ਮਾਰਨ ਲੱਗ ਪਏ ਧੀਆਂ,
ਕਿੱਦਾਂ ਫੇਰ ਤ੍ਰਿੰਝਣ ਲੱਗੂ ਕੌਣ ਮਨਾਊ ਤੀਆਂ।
ਤੀਆਂ, ਰੱਖੜੀ ਸਭ ਭੁੱਲ ਜਾਣੇ, ਭੁੱਲ ਜਾਣੇ ਤਿਉਹਾਰ ਨੀ ਅੰਮੀਏ।
ਕਿਸ ਨੂੰ ਦੱਸਾਂ …………………….।
ਮਾਂ ਤੇ ਧੀ ਦੇ ਰਿਸ਼ਤੇ ਵਰਗਾ ਦੱਸੋ ਰਿਸ਼ਤਾ ਕਿਹੜਾ,
ਇੱਕ ਦੂਜੇ ਦੇ ਦੁੱਖੜੇ ਸੁਣ ਕੇ ਦਰਦ ਵੰਡਾਏ ਜਿਹੜਾ | ਮਾਵਾਂ-ਧੀਆਂ ਮਿਲ ਕੇ ਹੌਲਾ ਕਰਨ ਦਿਲਾਂ ਦਾ ਭਾਰ ਨੀ ਅੰਮੀਏ।
ਕਿਸ ਨੂੰ ਦੱਸਾਂ ਦਰਦ ਕਹਾਣੀ ਮੇਰੇ ਦਿਲ ਦੀ ਜਾਣ ਲੈ ਅੰਮੀਏ।
ਸੁਜਾਨ ਸਿੰਘ ‘ਸੁਜਾਨ’