ਅਣਡਿੱਠਾ ਪੈਰਾ : ਸ਼ਹੀਦੇ ਆਜ਼ਮ ਭਗਤ ਸਿੰਘ
ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
ਭਗਤ ਸਿੰਘ ਤੇ ਚੰਦਰ ਸ਼ੇਖਰ ਅਜ਼ਾਦ ਪੱਕੇ ਇਨਕਲਾਬੀ ਸਾਥੀ ਸਨ। ਦੋਹਾਂ ਦੀ ਸੋਚ ਰਲਦੀ ਸੀ। ਇੱਕ ਦਿਨ ਭਗਤ ਸਿੰਘ ਨੇ ਚੰਦਰ ਸ਼ੇਖਰ ਨੂੰ ਕਿਹਾ, “ਕਿਉਂ ਨਾ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਕੇ ਗੂੰਗੀ ਤੇ ਬੋਲੀ ਸਰਕਾਰ ਦੇ ਕੰਨ ਖੋਲ੍ਹੇ ਜਾਣ। ਇਹ ਬੰਬ ਧਮਾਕੇਦਾਰ ਸੁੱਟੇ ਜਾਣਗੇ। ਇਹ ਬੰਬ ਕਿਸੇ ਦੀ ਜਾਨ ਲੈਣ ਲਈ ਨਹੀਂ ਸੁੱਟੇ ਜਾਣਗੇ। ਇਸ ਤੋਂ ਬਾਅਦ ਗ੍ਰਿਫ਼ਤਾਰੀ ਦੇ ਦਿੱਤੀ ਜਾਵੇ।” ਅਜ਼ਾਦ ਨੇ ਭਗਤ ਸਿੰਘ ਦੀ ਗੱਲ ਨੂੰ ਕਟਦਿਆਂ ਕਿਹਾ, “ਜਿੱਥੋਂ ਤੱਕ ਅਸੈਂਬਲੀ ਵਿੱਚ ਬੰਬ ਸੁੱਟਣੇ ਹਨ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰੰਤੂ ਬਾਅਦ ਵਿੱਚ ਗ੍ਰਿਫ਼ਤਾਰੀ ਦੇ ਦਿੱਤੀ ਜਾਏ। ਇਸ ਸੋਚ ਨਾਲ ਸਹਿਮਤ ਨਹੀਂ ਹਾਂ। ਭਗਤ ਸਿੰਘ ਤੁਸੀਂ ਪੁਲਿਸ ਦੀ ਕੁੱਟ ਨੂੰ ਨਹੀਂ ਜਾਣਦੇ। ਮੈਂ ਤਾਂ ਜਿਉਂਦੇ ਜੀ ਪੁਲਿਸ ਦੇ ਹੱਥ ਨਾ ਆਉਣ ਦੀ ਕਸਮ ਖਾਧੀ ਹੋਈ ਹੈ।” “ਅਜ਼ਾਦ ਜੀ, ਬਗ਼ੈਰ ਗ੍ਰਿਫ਼ਤਾਰੀ ਦਿੱਤਿਆਂ ਅਸੀਂ ਲੋਕਾਂ ਦੀ ਸੁੱਤੀ ਆਤਮਾ ਨੂੰ ਨਹੀਂ ਜਗਾ ਸਕਦੇ। ਲੋਕਾਂ ਦੀ ਹਮਦਰਦੀ ਨੂੰ ਨਹੀਂ ਜਿੱਤ ਸਕਦੇ। ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਲੋਕ ਸਾਡੀ ਸੋਚ ਨਾਲ ਕਿੱਥੋਂ ਤੱਕ ਸਹਿਮਤ ਹਨ।” ਅਜ਼ਾਦ ਨੇ ਨਾ ਚਾਹੁੰਦੇ ਹੋਏ ਵੀ ਭਗਤ ਸਿੰਘ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।
ਪ੍ਰਸ਼ਨ 1. ਚੰਦਰ ਸ਼ੇਖਰ ਤੇ ਭਗਤ ਸਿੰਘ ਕਿਹੜੇ ਪੱਕੇ ਸਾਥੀ ਸਨ?
ਪ੍ਰਸ਼ਨ 2. ਭਗਤ ਸਿੰਘ ਅਸੈਂਬਲੀ ਵਿੱਚ ਕੀ ਸੁੱਟਣਾ ਚਾਹੁੰਦਾ ਸੀ?
ਪ੍ਰਸ਼ਨ 3. ਅਜ਼ਾਦ ਭਗਤ ਸਿੰਘ ਦੀ ਕਿਹੜੀ ਗੱਲ ਨਾਲ ਸਹਿਮਤ ਨਹੀਂ ਸੀ?
ਪ੍ਰਸ਼ਨ 4. ਅਜ਼ਾਦ ਨੇ ਕੀ ਕਸਮ ਖਾਧੀ ਹੋਈ ਸੀ?