ਕਵਿਤਾ : ਮਾਂ ਬੋਲੀ ਪੰਜਾਬੀ
ਮਾਂ ਬੋਲੀ ਪੰਜਾਬੀ : ਸੁਰਜੀਤ ਸਿੰਘ ‘ਅਮਰ’
ਮਾਂ ਬੋਲੀ ਪੰਜਾਬੀ ਸਾਡੀ ਸਾਨੂੰ ਲੱਗਦੀ ਏ ਬਹੁਤ ਹੀ ਪਿਆਰੀ।
ਇਹਦੇ ਵਰਗੀ ਹੋਰ ਨਾ ਕੋਈ ਵੇਖੀ ਏ ਮੈਂ ਦੁਨੀਆ ਸਾਰੀ।
ਸਾਡੇ ਦਿਲ ਵਿੱਚ ਕਦਰ ਹੈ ਇਹਦੀ, ਸਾਡੇ ਦਿਲ ਵਿੱਚ ਵਾਸ ਹੈ ਇਹਦਾ।
ਜਿਹੜਾ ਸਾਡਾ ਰਾਹ ਰੁਸ਼ਨਾਵੇ ਐਸਾ ਇੱਕ ਇਤਿਹਾਸ ਹੈ ਇਹਦਾ।
ਇਸ ਦੀ ਖ਼ਾਤਿਰ ਜੀਣਾ ਮਰਨਾ, ਇਹ ਤਾਂ ਹੈ ਜ਼ਿੰਦ ਜਾਨ ਅਸਾਡੀ।
ਸਾਰੀ ਦੁਨੀਆ ਦੇ ਅੰਦਰ ਹੈ, ਏਸ ਵਧਾਈ ਸ਼ਾਨ ਅਸਾਡੀ।
ਗਿੱਧੇ ਵਿੱਚ ਜਦ ‘ਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ ਮੁਟਿਆਰਾਂ।
ਉਦੋਂ ਉਜੜੇ ਹੋਏ ਦਿਲਾਂ ਦੇ, ਬਾਗਾਂ ਵਿੱਚ ਆ ਜਾਣ ਬਹਾਰਾਂ।
ਉਹ ਇਸ ਦਾ ਦੀਵਾਨਾ ਹੋਇਆ ਜਿਸ ਨੇ ਸੁਣ ਲਈ ਏ ਇੱਕ ਵਾਰੀ।
ਵੇਖੋ ! ਸਾਰੇ ਜੱਗ ਦੇ ਅੰਦਰ, ਇਸ ਨੇ ਆਪਣੀ ਮਹਿਕ ਖਿਲਾਰੀ।
ਹੱਦੋਂ ਪਾਰ ਵਸੇਂਦੇ ਜਿਹੜੇ ਵੀਰ ਅਸਾਡੇ ਪਾਕਿਸਤਾਨੀ।
ਉਹਨਾਂ ਨੇ ਵੀ ਇਹਦੀ ਖ਼ਾਤਿਰ ਕੀਤੀ ਏ ਵੱਡੀ ਕੁਰਬਾਨੀ।
ਇਹ ਪੰਜਾਬੀ ਬੋਲੀ ਹੀ ਹੈ ਸਾਨੂੰ ਆਪੋ ਵਿੱਚ ਮਿਲਾਂਦੀ।
ਰਹੇ ਅਸਾਡਾ ਪਿਆਰ ਸਲਾਮਤ, ਟੁੱਟੇ ਕਦੇ ਨਾ ਸਾਂਝ ਦਿਲਾਂ ਦੀ।
ਇਸ ਪੰਜਾਬ ਦੇ ਟੋਟੇ ਹੋਏ, ਪਰ ਨਾ ਟੁੱਟਾ ਪਿਆਰ ਅਸਾਡਾ।
ਸਦੀਆਂ ਤੋਂ ਹੀ ਚੱਲਦਾ ਆਇਆ, ਸਾਂਝਾ ਸੱਭਿਆਚਾਰ ਅਸਾਡਾ।
ਹਿੰਦੂ ਸਿੱਖ ਇਸਾਈ ਭਾਵੇਂ, ਹੋਵਣ ਮੁਸਲਮਾਨ ਪੰਜਾਬੀ।
ਐਪਰ ਸਾਰੇ ਵੀਰਾਂ ਦੀ ਹੈ, ਇੱਕੋ – ਇੱਕ ਜ਼ੁਬਾਨ ਪੰਜਾਬੀ।
ਸ਼ੇਖ ਫ਼ਰੀਦ ਤੇ ਬਾਬੇ ਨਾਨਕ, ਹੋਰਾਂ ਇਸ ਦੀ ਕਦਰ ਪਛਾਣੀ।
ਓਹਨਾਂ ਨੇ ਇਸ ਬੋਲੀ ਦੇ ਵਿੱਚ, ਲਿਖੀ ਹੈ ਉਹ ਰੱਬੀ ਬਾਣੀ।
ਇਸ ਦੇ ਪੁੱਤਰ ‘ਵਾਰਿਸ ਸ਼ਾਹ’ ਨੇ ਲਿਖ ਕੇ ‘ਹੀਰ’ ਦੀ ਪਿਆਰ ਕਹਾਣੀ।
ਤਾਹੀਉਂ ਤੇ ਸਾਰੀ ਦੁਨੀਆ ਨੇ, ਇਸ ਬੋਲੀ ਦੀ ਸਾਰ ਹੈ ਜਾਣੀ।
‘ਬੁੱਲੇ ਸ਼ਾਹ’ ਤੇ ‘ਹਾਸ਼ਮ ਸ਼ਾਹ’ ਨੇ ਬਣ ਕੇ ਇਸ ਦੇ ਬਾਗ਼ ਦੇ ਮਾਲੀ।
ਆਪਣੇ ਜੀਵਨ ਲੇਖੇ ਲਾ ਕੇ ਕੀਤੀ ਹੈ ਇਸਦੀ ਰਖਵਾਲੀ।
ਧਨੀ ਰਾਮ ਚਾਤ੍ਰਿਕ ਅਤੇ ਭਾਈ ਵੀਰ ਸਿੰਘ ਜਿਹੇ ਵੀਰਾਂ,
ਮਿਹਨਤ ਕੋਸ਼ਿਸ਼ ਉੱਦਮ ਕਰਕੇ, ਬਦਲੀਆਂ ਦੇਸ਼ ਦੀਆਂ ਤਕਦੀਰਾਂ।
ਸਾਹਿਤ ਦੇ ਵਿੱਚ ਅੰਮ੍ਰਿਤਾ ਦਾ, ਇੱਕ ਖ਼ਾਸ ਮੁਕਾਮ ਹੈ ਯਾਰੋ,
ਜਿਸਨੂੰ ਸਾਰੀ ਦੁਨੀਆ ਜਾਣੇ ਐਸਾ ਉਸਦਾ ਨਾਮ ਹੈ ਯਾਰੋ।
ਇੱਕ ਇਸਦਾ ਗਾਇਕ ਪੁੱਤ ਆਸਾ ਸਿੰਘ ਮਸਤਾਨਾ ਹੋਇਆ,
ਜਿਸਦੇ ਗੀਤਾਂ ਨੂੰ ਸੁਣ-ਸੁਣ ਕੇ, ਸਾਰਾ ਜੱਗ ਦੀਵਾਨਾ ਹੋਇਆ।
ਨੂਰਪੁਰੀ ਦੇ ਗੀਤ ਪਿਆਰੇ, ਹਰ ਦਿਲ ਨੂਰੋ-ਨੂਰ ਨੇ ਕਰਦੇ।
ਗਿੱਧੇ ਤੇ ਭੰਗੜੇ ਵਿੱਚ ਸਾਨੂੰ ਨੱਚਣ ਲਈ ਮਜ਼ਬੂਰ ਨੇ ਕਰਦੇ।
ਖ਼ੁਸ਼ੀਆਂ ਦੇ ਖੇੜੇ ਲੈ ਆਵਣ, ਦੁੱਖ ਦਿਲਾਂ ਦੇ ਦੂਰ ਨੇ ਕਰਦੇ।
ਨਾਲੇ ਸਾਡੇ ਸੱਭਿਆਚਾਰਕ ਵਿਰਸੇ ਨੂੰ ਭਰਪੂਰ ਨੇ ਕਰਦੇ।
ਗੂੜ੍ਹੀ ਨੀਂਦਰ ਵਿੱਚੋਂ ਜਾਗੋ, ਪੰਜਾਬੀ ਦੇ ਸਾਹਿਤਕਾਰੋ,
ਮਾਂ-ਬੋਲੀ ਦੀ ਉੱਨਤੀ ਦੇ ਲਈ, ਰਲ ਕੇ ਸਾਰੇ ਹੰਭਲਾ ਮਾਰੋ।
ਜਿਹੜੇ ਗੰਦੇ ਗੀਤ ਨੇ ਲਿਖਦੇ, ਉਨ੍ਹਾਂ ਕਵੀਆਂ ਨੂੰ ਫਿਟਕਾਰੋ।
ਹਰ ਹਾਲਤ ਵਿੱਚ ਅੱਗੇ ਵੱਧਣਾ, ਇਹ ਗੱਲ ਆਪਣੇ ਦਿਲ ਵਿੱਚ ਧਾਰੋ।
ਆਉਣ ਵਾਲੀਆਂ ਨਸਲਾਂ ਦੇ ਲਈ, ਆਪਾਂ ਨਵੇਂ ਪੂਰਨੇ ਪਾਈਏ।
ਚੰਗਾ ਵਧੀਆ ਸਾਹਿਤ ਰਚ ਕੇ, ਮਾਂ ਬੋਲੀ ਦੀ ਸ਼ਾਨ ਵਧਾਈਏ।