CBSEClass 8 Punjabi (ਪੰਜਾਬੀ)EducationPunjab School Education Board(PSEB)

ਇਕਾਂਗੀ : ਪਰਉਪਕਾਰ


ਜਮਾਤ : ਅੱਠਵੀਂ


ਪਾਤਰ ਉਸਾਰੀ : ਰੁਲਦਾ


‘ਪਰਉਪਕਾਰ’ ਇਕਾਂਗੀ ਗੁਰਦਿਆਲ ਸਿੰਘ ਦੀ ਲਿਖੀ ਹੋਈ ਹੈ। ਰੁਲਦਾ ਇਸ ਦਾ ਮੁੱਖ ਪਾਤਰ h6। ਉਸ ਦੀ ਪਤਨੀ ਹਰ ਕੌਰ ਹੈ। ਉਹ ਸੱਪ ਦਾ ਜ਼ਹਿਰ ਕੱਢਣ ਦਾ ਕੰਮ ਕਰਦਾ ਹੈ ਉਸ ਦੇ ਸੁਭਾਅ ਵਿਚ ਹੇਠ ਲਿਖੇ ਗੁਣ ਹਨ :-

1. ਮਜਬੂਰ : ਰੁਲਦਾ ਮਜਬੂਰ ਹੈ। ਉਸ ਦਾ ਇਕਲੌਤਾ ਪੁੱਤਰ ਬਿਮਾਰ ਹੈ। ਪਰ ਉਸ ਕੋਲ ਦਵਾਈ ਲਿਆਉਣ ਲਈ ਪੈਸੇ ਨਹੀਂ ਹਨ। ਉਹ ਆਪਣੇ ਦੋਸਤਾਂ – ਮਿੱਤਰਾਂ ਤੋਂ ਪੈਸੇ ਮੰਗਣ ਲਈ ਜਾਂਦਾ ਹੈ। ਪਰ ਕਿਤੋਂ ਵੀ ਪੈਸੇ ਦਾ ਇੰਤਜ਼ਾਮ ਨਹੀਂ ਹੁੰਦਾ। ਬਿਮਾਰੀ ਕਰਕੇ ਉਸ ਦੇ ਪੁੱਤਰ ਦੀ ਮੌਤ ਹੋ ਜਾਂਦੀ ਹੈ।

2. ਦੂਜਿਆਂ ਨੂੰ ਪਰੇਸ਼ਾਨੀ ਨਾ ਦੇਣ ਵਾਲਾ :- ਰੁਲਦਾ ਆਪਣੇ ਦੁੱਖ ਕਰਕੇ ਕਿਸੇ ਦੂਜੇ ਨੂੰ ਪਰੇਸ਼ਾਨ ਨਹੀਂ ਹੋਣ ਦੇਣ ਚਾਹੁੰਦਾ। ਇਸ ਲਈ ਉਹ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਰਾਤ ਨੂੰ ਹੀ ਦਫਨਾਉਣਾ ਚਾਹੁੰਦਾ ਹੈ ਤਾਂ ਕਿ ਉਸ ਦੀ ਪਤਨੀ ਹਰ ਕੌਰ ਦੇ ਰੋਣ ਕਰਕੇ ਗੁਆਂਢੀ ਪਰੇਸ਼ਾਨ ਨਾ ਹੋਣ।

3. ਪਰਉਪਕਾਰੀ :- ਰੁਲਦਾ ਬੜਾ ਹੀ ਪਰਉਪਕਾਰੀ ਹੈ। ਉਸ ਦੇ ਘਰ ਉਸ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਰ ਫ਼ਿਰ ਵੀ ਡਾਕਟਰਨੀ ਦੇ ਪੁੱਤਰ ਨੂੰ ਬਚਾਉਣ ਲਈ ਜਾਂਦਾ ਹੈ ਤੇ ਇਹ ਵੀ ਨਹੀਂ ਸੋਚਦਾ ਕਿ ਡਾਕਟਰਨੀ ਦੀ ਵਜ੍ਹਾ ਤੋਂ ਹੀ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ।

4. ਨਿਸ਼ਕਾਮ ਸੇਵਕ :- ਰੁਲਦਾ ਨਿਸ਼ਕਾਮ ਸੇਵਕ ਹੈ। ਉਹ ਸੱਪ ਦੇ ਕੱਟੇ ਦਾ ਫਰੀ ਇਲਾਜ ਕਰਦਾ ਹੈ। ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਲੈਂਦਾ। ਡਾਕਟਰਨੀ ਦਵਾਰਾ ਦਿੱਤੀ ਫ਼ੀਸ ਵੀ ਉਹ ਬੱਚੇ ਦੇ ਸਿਰਹਾਣੇ ਥੱਲੇ ਰੱਖ ਦਿੰਦਾ ਹੈ।

5. ਦੂਜਿਆਂ ਦਾ ਤੋਹਫ਼ਾ ਸਵੀਕਾਰ ਨਾ ਕਰਨ ਵਾਲਾ :- ਜਦੋਂ ਡਾਕਟਰਨੀ ਉਸ ਨੂੰ ਕੰਬਲ ਦਿੰਦੀ ਹੈ ਤਾਂ ਉਹ ਵਾਪਿਸ ਕਰ ਦਿੰਦਾ ਹੈ। ਇਹ ਕਹਿ ਕੇ ਕਿ ਉਸ ਨੂੰ ਕੰਬਲ ਵਾਪਸ ਕਰਨ ਲਈ ਫਿਰ ਆਉਣਾ ਪਵੇਗਾ।

6. ਭੋਲਾ – ਭਾਲਾ :- ਰੁਲਦਾ ਬਹੁਤ ਭੋਲਾ – ਭਾਲਾ ਹੈ। ਜਦੋਂ ਨਿੱਕੂ ਉਸ ਨੂੰ ਡਾਕਟਰਨੀ ਦੇ ਬੱਚੇ ਨੂੰ ਬਚਾਉਣ ਬਦਲੇ 5000 ਰੁਪਏ ਦੇਣ ਦੀ ਗੱਲ ਕਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਨੇ ਤਾਂ ਕਦੇ ਕਿਸੇ ਕੋਲੋਂ ਦਵਾਈ ਦੇ ਪੈਸੇ ਨਹੀਂ ਲਏ।

7. ਦੁੱਖ ਭੁਲਾ ਕੇ ਫਰਜ਼ ਪੂਰਾ ਕਰਨ ਵਾਲਾ :- ਰੁਲਦਾ ਅਪਣੇ ਪੁੱਤਰ ਦੀ ਮੌਤ ਦਾ ਦੁੱਖ ਭੁਲਾ ਕੇ ਫਰਜ਼ ਪੂਰਾ ਕਰਨ ਲਈ ਡਾਕਟਰਨੀ ਦੇ ਘਰ ਉਸ ਦੇ ਬੱਚੇ ਦੀ ਜਾਨ ਬਚਾਉਣ ਲਈ ਜਾਂਦਾ ਹੈ।

8. ਆਪਣੇ ਪੇਸ਼ੇ ਵਿਚ ਮਾਹਰ :- ਉਹ ਆਪਣੇ ਪੇਸ਼ੇ ਵਿਚ ਬਹੁਤ ਮਾਹਰ ਹੈ। ਉਹ ਬੱਚੇ ਦੀ ਨਬਜ਼ ਵੇਖ ਕੇ ਦੱਸ ਦਿੰਦਾ ਹੈ ਕਿ ਉਹ ਬਚੇਗਾ ਜਾਂ ਨਹੀਂ।

9. ਬੇਔਲਾਦ :- ਰੁਲਦੇ ਦੇ ਘਰ ਪਹਿਲਾਂ ਪੰਜ ਬੱਚੇ ਹੋਏ ਪਰ ਉਹ ਸਾਰੇ ਰੱਬ ਨੂੰ ਪਿਆਰੇ ਹੋ ਗਏ। ਉਸਦਾ ਛੇਵਾਂ ਪੁੱਤਰ ਵੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇਸ ਤਰ੍ਹਾਂ ਰੁਲਦਾ ਬੇਔਲਾਦ ਹੋ ਗਿਆ ਸੀ।

10. ਪਤਨੀ ਦੀ ਗੱਲ ਨਾ ਮੰਨਣ ਵਾਲਾ :- ਜਦੋਂ ਉਸ ਦੀ ਪਤਨੀ ਹਰ ਕੌਰ ਉਸ ਨੂੰ ਡਾਕਟਰਨੀ ਦੇ ਬੱਚੇ ਦਾ ਇਲਾਜ ਕਰਨ ਜਾਣ ਤੋਂ ਰੋਕਦੀ ਹੈ ਤਾਂ ਉਹ ਉਸਦੀ ਗੱਲ ਨਹੀਂ ਮੰਨਦਾ। ਕਹੀ ਲਿਆਉਣ ਦੇ ਬਹਾਨੇ ਡਾਕਟਰਨੀ ਦੇ ਬੱਚੇ ਦੀ ਜਾਨ ਬਚਾਉਣ ਲਈ ਤੁਰ ਜਾਂਦਾ ਹੈ।