ਅਣਡਿੱਠਾ ਪੈਰਾ : ਕਰਨੀ ਦਾ ਫ਼ਲ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਆਦਮੀ ਆਪਣਾ ਕੀਤਾ ਹੀ ਪਾਉਂਦਾ ਹੈ, ਆਪਣਾ ਬੀਜਿਆ ਹੀ ਕੱਟਦਾ ਹੈ। ਜਦ ਵੀ ਦੁਖੀ ਹੋਵੇ ਤਾਂ ਸਮਝ ਲਵੇ ਕਿ ਉਹ ਪ੍ਰਕਿਰਤੀ ਤੋਂ ਹਟ ਕੇ ਹੈ, ਨੇਮ ਤੋਂ ਪਰੇ ਹੋ ਗਿਆ ਹੈ, ਜੀਵਨ ਦੀ ਨਿਰੰਤਰ ਸਥਿਤੀ ਤੋਂ ਉਲਟ ਜਾ ਰਿਹਾ ਹੈ, ਇਸ ਲਈ ਭਟਕ ਰਿਹਾ ਹੈ। ਦੁੱਖ ਵਿੱਚ ਹੀ ਪਰਮਾਤਮਾ ਦੀ ਯਾਦ ਆਉਂਦੀ ਹੈ, ਸੁੱਖ ਵਿਚ ਤਾਂ ‘ਉਹ ਭੁੱਲ ਜਾਂਦਾ ਹੈ। ਸੰਤ-ਮਹਾਂਪੁਰਸ਼ ਸਦਾ ਹੀ ਪਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਦੇ ਹਨ ਕਿ ਹੇ ਪ੍ਰਭੂ, ਥੋੜ੍ਹਾ ਦੁੱਖ ਤਾਂ ਸਦਾ ਹੀ ਦੇਂਦੇ ਰਹੋ ਤਾਂ ਜੋ ਤੇਰੀ ਯਾਦ ਬਣੀ ਰਹੇ, ਅਸੀ ਤੈਨੂੰ ਪੁਕਾਰਦੇ ਰਹੀਏ। ਜੇ ਦੁੱਖ ਨਹੀਂ ਹੋਵੇਗਾ ਤਾਂ ਅਸੀ ਤੈਨੂੰ ਕਿਵੇਂ ਪੁਕਾਰਾਂਗੇ? ਸੁੱਖ ਵਿੱਚ ਅਸੀਂ ਤੈਨੂੰ ਭੁੱਲ ਜਾਵਾਂਗੇ, ਗੁਆਚ ਜਾਵਾਂਗੇ। ਦੁੱਖ ਦਾ ਇੱਕ ਹੀ ਅਰਥ ਹੈ ਕਿ ਆਦਮੀ ਧਰਮ ਤੋਂ ਡੋਲ ਗਿਆ ਹੈ। ਉਸ ਵੇਲੇ ਕਿਸੇ ਨੂੰ ਦੋਸ਼ ਨਾ ਦੇਣਾ, ਦੁੱਖ ਨੂੰ ਸੂਚਕ ਸਮਝਣਾ, ਖੋਜਣਾ ਕਿ ਆਦਮੀ ਪ੍ਰਕਿਰਤੀ ਤੋਂ ਉਲਟ ਹੋ ਗਿਆ ਹੈ, ਅਨੁਕੂਲ ਹੋਣ ਦੀ ਕੋਸ਼ਿਸ਼ ਕਰਨਾ; ਪ੍ਰਕਿਰਤੀ ਦੇ ਅਨੁਕੂਲ ਹੋਣਾ ਧਰਮ ਹੈ। ਧਰਮ ਤਾਂ ਮੌਜੂਦ ਹੈ, ਪਰ ਉਹ ਅੱਖੀਆਂ ਬੰਦ ਕਰਕੇ ਬੈਠ ਗਿਆ ਹੈ; ਸੂਰਜ ਤਾਂ ਨਿਕਲਿਆ ਹੋਇਆ ਹੈ, ਪਰ ਆਦਮੀ ਨੇ ਦਰਵਾਜ਼ਾ ਬੰਦ ਕਰ ਲਿਆ ਹੈ; ਦੀਵਾਂ ਤਾਂ ਜਗ ਰਿਹਾ ਹੈ, ਪਰ ਉਸ ਨੇ ਦੀਵੇ ਵੱਲ ਪਿੱਠ ਕਰ ਲਈ ਹੈ; ਵਰਖਾ ਤਾਂ ਹੋ ਰਹੀ ਹੈ, ਪਰ ਉਹ ਭਿੱਜਣ ਤੋਂ ਬਚਦਾ ਹੈ, ਅਮਾਵਸ ਦੀ ਹਨੇਰੀ ਰਾਤ ਵਿਚ ਆਦਮੀ ਛੁਪਿਆ ਹੋਇਆ ਹੈ।


ਪ੍ਰਸ਼ਨ 1. ਮਨੁੱਖ ਕਿਸ ਦੀ ਕਰਨੀ ਦਾ ਫਲ ਪਾਉਂਦਾ ਹੈ?

ਪ੍ਰਸ਼ਨ 2. ਜਦੋਂ ਮਨੁੱਖ ਪ੍ਰਕਿਰਤੀ ਦੇ ਨੇਮਾਂ ਤੋ ਉਲਟ ਜਾਂਦਾ ਹੈ, ਤਾਂ ਉਸ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ?

ਪ੍ਰਸ਼ਨ 3. ਪਰਮਾਤਮਾ ਕਦੋਂ ਯਾਦ ਆਉਂਦਾ ਹੈ?

ਪ੍ਰਸ਼ਨ 4. ਸੰਤ-ਮਹਾਂਪੁਰਖ ਅਰਦਾਸ ਵਿੱਚ ਕੀ ਮੰਗਦੇ ਹਨ?

ਪ੍ਰਸ਼ਨ 5. ਪੈਰ੍ਹੇ ਦਾ ਢੁੱਕਵਾਂ ਸਿਰਲੇਖ ਲਿਖੋ।