ਪੈਰਾ ਰਚਨਾ : ਕੰਪਿਊਟਰ
ਕੰਪਿਊਟਰ ਆਧੁਨਿਕ ਯੁੱਗ ਦੀ ਦੇਣ ਹੈ। ਇਹ ਇੱਕ ਅਜਿਹੀ ਇਲੈਕਟ੍ਰਾਨਿਕ ਮਸ਼ੀਨ ਹੈ, ਜਿਸ ਦੀ ਲਗਪਗ ਹੁਣ ਬਹੁਤਿਆਂ ਨੂੰ ਲੋੜ ਮਹਿਸੂਸ ਹੁੰਦੀ ਹੈ। ਭਵਿੱਖ ਵਿੱਚ ਇਸ ਦੀ ਲੋੜ ਹਰ ਕੋਈ ਮਹਿਸੂਸ ਕਰੇਗਾ। ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿੱਚ ਵੱਖ-ਵੱਖ ਅੰਕਾਂ ਦੇ ਗੁਣਨ-ਫਲ ਲਈ ਜਾਨ ਨੇਪੀਅਰ ਨੇ ਇੱਕ ਯੰਤਰ ਦੀ ਕਾਢ ਕੱਢੀ, ਜੋ ਕੰਪਿਊਟਰ ਦੀ ਖੋਜ ਵੱਲ ਮੁੱਢਲਾ ਕਦਮ ਆਖਿਆ ਜਾ ਸਕਦਾ ਹੈ। ਅਜੋਕਾ ਕੰਪਿਊਟਰ ਚਾਰਲਸ ਬਾਬੇਜ ਦੀ ਕਾਢ ਦਾ ਨਤੀਜਾ ਹੈ। 1975 ਦੇ ਨੇੜੇ ਚੌਥੀ ਪੀੜ੍ਹੀ ਦੇ ਕੰਪਿਊਟਰ ਬਣੇ। ਹੁਣ ਜਾਪਾਨ ਵਿੱਚ ਅਜਿਹੇ ਕੰਪਿਊਟਰ ਦੀ ਖੋਜ ਹੋ ਰਹੀ ਹੈ, ਜੋ ਸੋਚਣ-ਬੋਲਣ ਅਤੇ ਫ਼ੈਸਲਾ ਕਰਨ ਦੀ ਸਮਰੱਥਾ ਰੱਖ ਸਕਣਗੇ। ਕੰਪਿਊਟਰ ਦੇ ਤਿੰਨ ਭਾਗ ਹੁੰਦੇ ਹਨ : ਆਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ। ਆਦਾਨ ਭਾਗ (Input) ਦੁਆਰਾ ਸੂਚਨਾ ਕੇਂਦਰੀ ਭਾਗ (CPU) ਨੂੰ ਭੇਜੀ ਜਾਂਦੀ ਹੈ। ਇਸ ਭਾਗ ਦੀ ਭੇਜੀ ਗਈ ਸੂਚਨਾ ਜਾਂਚ-ਪੜਤਾਲ ਤੋਂ ਪਿੱਛੋਂ ਸਿੱਟਾ ਕੱਢ ਕੇ ਪ੍ਰਦਾਨ ਭਾਗ (Output Unit) ਵਿੱਚ ਪਹੁੰਚ ਜਾਂਦੀ ਹੈ। ਇਹ ਭਾਗ ਸਾਨੂੰ ਸਿੱਟੇ ਦਿੰਦਾ ਹੈ। ਕੰਪਿਊਟਰ ਦੇ ਤਿੰਨ ਅੰਗ ਮੰਨੇ ਗਏ ਹਨ : ਹਾਰਡਵੇਅਰ, ਸਾਫਟਵੇਅਰ ਅਤੇ ਪੀਪਲ ਵੇਅਰ| ਹੁਣ ਕੰਪਿਊਟਰ ਮਨੁੱਖੀ ਸਮਾਜ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਚੁੱਕਾ ਹੈ। ਅੱਜ ਹਰ ਵੱਡੇ ਕੰਮ-ਧੰਦੇ, ਉਦਯੋਗਾਂ, ਉਤਪਾਦਨ ਖੇਤਰਾਂ ਦਾ ਲੇਖਾ-ਜੋਖਾ, ਅਨੁਮਾਨ, ਅਗਲੇ ਉਤਪਾਦਨਾਂ, ਮੌਸਮਾਂ ਸਬੰਧੀ ਜਾਣਕਾਰੀ, ਸਿੱਖਿਆ, ਡਾਕਟਰੀ, ਅਖ਼ਬਾਰੀ ਦੁਨੀਆ ਵਿੱਚ ਕੰਪਿਊਟਰ ਪ੍ਰਣਾਲੀ ਆਪਣੀ ਭੂਮਿਕਾ ਨਿਭਾ ਰਹੀ ਹੈ। ਕੰਪਿਊਟਰ ਨੈੱਟਵਰਕ ਨੇ ਦੁਨੀਆ ਭਰ ਦੇ ਸੰਚਾਰ ਖੇਤਰਾਂ ਵਿੱਚ ਕ੍ਰਾਂਤੀ ਲੈ ਆਂਦੀ ਹੈ। ਇਸ ਦੀ ਸਹਾਇਤਾ ਨਾਲ ਦੂਰ-ਦੁਰਾਡੇ ਦੇ ਲੋਕ ਵੀ ਇੱਕ-ਦੂਜੇ ਨਾਲ ਜੁੜ ਗਏ ਹਨ। ਸਾਰਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ। ਇੰਟਰਨੈੱਟ ਤੋਂ ਨਾ ਕੇਵਲ ਸਾਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਸਗੋਂ ਇੰਟਰਨੈੱਟ ਰਾਹੀਂ ਦੂਰ-ਦੁਰਾਡੇ ਦੇ ਲੋਕਾਂ ਨਾਲ ਟੈਲੀਫੋਨ ਵਾਂਗ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਰਾਹੀਂ ਵਪਾਰਕ ਅਦਾਰਿਆਂ ਦਾ ਹਿਸਾਬ-ਕਿਤਾਬ ਦਾ ਕੰਮ ਕੀਤਾ ਜਾਂਦਾ ਹੈ। ਅਨੇਕ ਪ੍ਰਕਾਰ ਦੀ ਵਿੱਦਿਅਕ ਅਤੇ ਵਿੱਦਿਅਕ ਖੇਤਰ ਨਾਲ ਸਬੰਧਤ ਸਿਹਤ ਸਬੰਧੀ ਤੇ ਹੋਰ ਕਈ ਖੇਤਰਾਂ ਸਬੰਧੀ ਜਾਣਕਾਰੀ ਮਿਲਦੀ ਹੈ। ਕੰਪਿਊਟਰ ਹਾਲੇ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਅਜੇ ਇਸ ਤੋਂ ਅੰਕੜਿਆਂ ਤੇ ਗੁਪਤ ਸੂਚਨਾ ਦੀ ਚੋਰੀ ਦਾ ਡਰ ਬਣਿਆ ਰਹਿੰਦਾ ਹੈ। ਆਸ ਹੈ ਕਿ ਭਵਿੱਖ ਵਿੱਚ ਇਹ ਵੀ ਠੀਕ ਹੋ ਜਾਵੇਗਾ।