ਪੈਰਾ ਰਚਨਾ : ਘਰ ਤੇ ਰੁੱਖ ਦੀ ਸਮਾਨਤਾ


ਘਰ ਇੱਕ ਰੁੱਖ ਵਾਂਗ ਹੁੰਦਾ ਹੈ। ਰੁੱਖ ਵਾਂਗ ਘਰ ਮਨੁੱਖ ਨੂੰ ਠਾਹਰ ਦਿੰਦਾ ਹੈ ਅਤੇ ਰੁੱਖ ਵਾਂਗ ਹੀ ਧੁੱਪ ਸਮੇਂ ਛਾਂ ਦਿੰਦਾ ਹੈ। ਘਰ ਰੁੱਖ ਵਾਂਗ ਹੀ ਵਧਦਾ-ਫੈਲਦਾ ਅਤੇ ਅਕਾਰ ਬਣਾਉਂਦਾ ਹੈ। ਘਰ ਵਿੱਚ ਰੁੱਖ ਵਾਂਗ ਹੀ ਮਨੁੱਖ ਦੀਆਂ ਆਸਾਂ ਅਤੇ ਉਮੀਦਾਂ ਦੇ ਫਲ-ਫੁੱਲ ਲੱਗਦੇ ਹਨ। ਰੁੱਖ ਵਾਂਗ ਹੀ ਘਰ ਦੀਆਂ ਟਹਿਣੀਆਂ ਬਣਦੀਆਂ ਅਤੇ ਵਧਦੀਆਂ ਹਨ। ਭਾਵ ਘਰ ਦੇ ਵੱਖ-ਵੱਖ ਜੀਆਂ ਦੀਆਂ ਸ਼ਖ਼ਸੀਅਤਾਂ ਰੁੱਖ ਦੀਆਂ ਟਹਿਣੀਆਂ ਵਾਂਗ ਹੀ ਉੱਸਰਦੀਆਂ ਅਤੇ ਵਧਦੀਆਂ-ਫੁੱਲਦੀਆਂ ਹਨ। ਜਿਵੇਂ ਪੰਛੀ ਰੁੱਖ ਉੱਤੇ ਚਹਿਚਹਾਉਂਦੇ ਹਨ, ਉਸੇ ਤਰ੍ਹਾਂ ਘਰ ਦੇ ਜੀਅ ਇੱਥੋਂ ਦੀ ਰੌਣਕ ਬਣਦੇ ਹਨ। ਰੁੱਖ ਦੀ ਟਹਿਣੀ ‘ਤੇ ਨਵਾਂ ਜੀਅ ਸਾਰਿਆਂ ਦੀ ਖਿੱਚ ਦਾ ਕੇਂਦਰ ਬਣ ਜਾਂਦਾ ਹੈ। ਇਸੇ ਤਰ੍ਹਾਂ ਘਰ ਵਿੱਚ ਆਇਆ ਜੀਅ ਸਾਰਿਆਂ ਨੂੰ ਆਪਣੇ ਵੱਲ ਖਿੱਚਦਾ ਹੈ। ਜਿਵੇਂ ਰੁੱਖ ਆਪਣੀਆਂ ਟਹਿਣੀਆਂ ਨੂੰ ਹਿੱਲਣ ਤੇ ਲਿਫਣ ਦੀ ਖੁੱਲ੍ਹ ਵੀ ਦਿੰਦਾ ਹੈ ਅਤੇ ਆਪਣੇ ਨਾਲ ਜੋੜੀ ਵੀ ਰੱਖਦਾ ਹੈ, ਇਵੇਂ ਹੀ ਘਰ ਦਾ ਹਰ ਮੈਂਬਰ ਕਿਸੇ ਸੀਮਾ ਤੱਕ ਅਜ਼ਾਦੀ ਵੀ ਦਿੰਦਾ ਹੈ ਅਤੇ ਆਪਣੇ ਨਾਲ ਸਬੰਧਤ ਵੀ ਰੱਖਦਾ ਹੈ। ਪੰਛੀ ਭਾਵੇਂ ਸਾਰਾ ਦਿਨ ਜਿੱਧਰ ਮਰਜ਼ੀ ਘੁੰਮ ਆਵੇ, ਅੰਤ ਆਪਣੇ ਰੁੱਖ ‘ਤੇ ਆ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਭਾਵੇਂ ਦਿੱਲੀ ਦੱਖਣ ਫਿਰ ਆਵੇ, ਅੰਤ ਆਪਣੇ ਘਰ ਵਿੱਚ ਆਸਰਾ ਭਾਲਦਾ ਹੈ। ਰੁੱਖ ਵਾਂਗ ਹੀ ਘਰ ਸਜੀਵ ਅਤੇ ਪਰਿਵਰਤਨਸ਼ੀਲ ਹੁੰਦਾ ਹੈ। ਪੰਜਾਹ ਸਾਲ ਪਹਿਲਾਂ ਬਣਾਏ ਘਰ ਵਿੱਚ ਵੀ ਮਨੁੱਖ ਕੋਈ ਨਾ ਕੋਈ ਪਰਿਵਰਤਨ ਕਰਦਾ ਰਹਿੰਦਾ ਹੈ। ਜਿਵੇਂ ਸੋਹਣੇ ਪ੍ਰੱਫੁਲਤ ਰੁੱਖ ਵੇਖ ਕੇ ਮਨ ਖੇੜੇ ਵਿੱਚ ਆ ਜਾਂਦਾ ਹੈ, ਉਸੇ ਤਰ੍ਹਾਂ ਵਸਦੇ-ਹੱਸਦੇ ਘਰਾਂ ਨੂੰ ਵੇਖ ਕੇ ਰੂਹ ਨਸ਼ਿਆ ਜਾਂਦੀ ਹੈ।