ਪੈਰਾ ਰਚਨਾ : ਵਿਹਲਾ ਮਨ ਸ਼ੈਤਾਨ ਦਾ ਘਰ
ਕਹਿੰਦੇ ਹਨ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਵਿਹਲੇ ਮਨ ਤੋਂ ਭਾਵ ਉਸ ਮਨੁੱਖ ਦੀ ਅੰਦਰਲੀ ਦਸ਼ਾ ਤੋਂ ਹੈ, ਜੋ ਦਸਾਂ ਨਹੁੰਆਂ ਦੀ ਕਿਰਤ ਵਿੱਚ ਨਹੀਂ ਰੁੱਝਿਆ, ਬਲਕਿ ਅਜਿਹੀਆਂ ਸੋਚਾਂ ਵਿੱਚ ਘਿਰਿਆ ਰਹਿੰਦਾ ਹੈ, ਜਿਹੜੀਆਂ ਗ਼ਲਤ ਹੋਣ, ਜਿਨ੍ਹਾਂ ਦੇ ਸਿੱਟੇ ਮਾੜੇ ਨਿਕਲਦੇ ਹੋਣ। ਅਜਿਹਾ ਮਨੁੱਖ ਸਮਾਜ, ਪਰਿਵਾਰ, ਸਾਰਿਆਂ ਲਈ ਸਿਰਦਰਦੀ ਦਾ ਕਾਰਨ ਬਣਿਆ ਰਹਿੰਦਾ ਹੈ। ਅਜਿਹੇ ਮਨੁੱਖ ਤੋਂ ਕਦੇ ਚੰਗੇ ਕੰਮ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਉਹ ਬਰਬਾਦੀ ਲਿਆਉਣ ਵਾਲਾ ਸ਼ੈਤਾਨ ਬਣ ਜਾਂਦਾ ਹੈ । ਮਨੁੱਖ ਦੇ ਵਿਹਲਾ ਰਹਿਣ ਦੇ ਕਈ ਕਾਰਨ ਹਨ। ਜਦੋਂ ਮਨੁੱਖ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਉਹ ਮਾਨਸਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ। ਘਰੇਲੂ ਪਰੇਸ਼ਾਨੀਆਂ ਵੀ ਮਨੁੱਖ ਦੇ ਮਨ ਨੂੰ ਬੇਚੈਨ ਕਰ ਦਿੰਦੀਆਂ ਹਨ। ਵਿਹਲਾ ਰਹਿਣਾ ਵੀ ਇੱਕ ਰੋਗ ਹੈ। ਵਿਹਲੜ ਵਿਅਕਤੀ ਆਲਸੀ ਹੋ ਜਾਂਦਾ ਹੈ। ਅਜਿਹੇ ਮਨੁੱਖ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਵਿਹਲੇ ਮਨ ਨੂੰ ਕਿਸੇ ਉਸਾਰੂ ਕੰਮ ‘ਤੇ ਲਾਇਆ ਜਾਣਾ ਚਾਹੀਦਾ ਹੈ। ਕੰਮ ਲੱਗੇ ਮਨੁੱਖ ਦਾ ਆਪਣਾ ਜੀਵਨ ਵੀ ਖ਼ੁਸ਼ੀਆਂ ਭਰਪੂਰ ਹੁੰਦਾ ਹੈ ਤੇ ਉਹ ਸਮਾਜ ਦੀ ਹੁਸੀਨ ਉਸਾਰੀ ‘ਚ ਵੀ ਆਪਣਾ ਯੋਗਦਾਨ ਪਾਉਂਦਾ ਹੈ। ਅਤੇ ਨਾਲ ਹੀ ਮਨੁੱਖ ਨੂੰ ਆਪਣਾ ਮਨ ਪਰਮਾਤਮਾ ਦੇ ਨਾਮ ਨਾਲ ਵੀ ਜੋੜਨਾ ਚਾਹੀਦਾ ਹੈ, ਤਾਂ ਜੁ ਹਰ ਸਮੇਂ ਚੰਗੇ ਖ਼ਿਆਲ ਹੀ ਆਉਂਦੇ ਰਹਿਣ।