ਪੈਰਾ ਰਚਨਾ : ਆਨ-ਲਾਈਨ ਖ਼ਰੀਦਦਾਰੀ
ਆਨ-ਲਾਈਨ ਖ਼ਰੀਦਦਾਰੀ ਤੋਂ ਭਾਵ ਘਰ ਬੈਠੇ-ਬਿਠਾਏ ਕਿਸੇ ਤਰ੍ਹਾਂ ਦੀ ਖ਼ਰੀਦਦਾਰੀ ਕਰਨਾ ਹੈ। ਅਜੋਕਾ ਸਮਾਂ ਸੂਚਨਾ ਤਕਨਾਲੋਜੀ ਦਾ ਯੁੱਗ ਹੈ। ਅੱਜ ਕੱਲ੍ਹ ਸਾਮਾਨ ਵੇਚਣ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਹਨ, ਜੋ ਆਨ-ਲਾਈਨ ਆਰਡਰ ਕਰਨ ‘ਤੇ ਘਰ ਹੀ ਸਾਮਾਨ ਭੇਜ ਦਿੰਦੀਆਂ ਹਨ। ਇਹਨਾਂ ਵਿੱਚ ਐਮਾਜ਼ੋਨ, ਫਲਿਪਕਾਰਡ, ਸਨੈਪਡੀਲ, ਮੀਸ਼ੋ, ਕੂਵਸ, ਮੰਤਰਾ ਆਦਿ ਪ੍ਰਮੁੱਖ ਹਨ। ਘਰ ਬੈਠੇ-ਬਿਠਾਏ ਸਾਮਾਨ ਖ਼ਰੀਦਣ ਵਾਲੇ ਗਾਹਕ ਕਿਸੇ ਵੀ ਕੰਪਨੀ ਦੀ ਸਾਈਟ ‘ਤੇ ਜਾ ਕੇ ਮਨਪਸੰਦ ਵਸਤੂ ਦੀ ਖ਼ਰੀਦਦਾਰੀ ਕਰਨ ਲਈ ਆਰਡਰ ਦਿੰਦੇ ਹਨ। ਸਾਰੀਆਂ ਹੀ ਕੰਪਨੀਆਂ ਨੇ ਆਪੋ-ਆਪਣੀਆਂ ਸਾਈਟਾਂ ‘ਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਤੇ ਉਸ ਉੱਪਰ ਦਿੱਤੀ ਗਈ ਛੋਟ ਬਾਰੇ ਦੱਸਿਆ ਹੁੰਦਾ ਹੈ। ਗਾਹਕ ਲੋੜੀਂਦੀ ਵਸਤੂ ਪਸੰਦ ਕਰ ਕੇ ਉਸੇ ਸਾਈਟ ‘ਤੇ ਹੀ ਆਰਡਰ ਕਰਦਾ ਹੈ। ਇਸ ਲਈ ਗਾਹਕ ਵੱਲੋਂ ਆਪਣਾ ਪੂਰਾ ਪਤਾ ਦਿੱਤਾ ਜਾਂਦਾ ਹੈ ਤੇ ਕੰਪਨੀ ਗਾਹਕ ਨੂੰ ਈ ਮੇਲ ਰਾਹੀਂ ਜਾਂ ਮੋਬਾਈਲ ਰਾਹੀਂ ਓ.ਟੀ.ਪੀ. ਭੇਜ ਕੇ ਆਰਡਰ ਬਾਰੇ ਜਾਣਕਾਰੀ ਲੈ ਲੈਂਦੀ ਹੈ। ਇਸ ਤਰ੍ਹਾਂ ਕੁਝ ਦਿਨਾਂ ‘ਚ ਸਾਮਾਨ ਗਾਹਕ ਦੇ ਘਰ ਪਹੁੰਚਾ ਦਿੱਤਾ ਜਾਂਦਾ ਹੈ ਤੇ ਪੈਸਿਆਂ ਦਾ ਭੁਗਤਾਨ ਨਕਦ ਜਾਂ ਕਰੈਡਿਟ ਕਾਰਡ ਰਾਹੀਂ ਕਰ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਦੀ ਤੇਜ਼-ਤਰਾਰ ਜ਼ਿੰਦਗੀ ‘ਚ ਆਨ-ਲਾਈਨ ਸ਼ਾਪਿੰਗ ਦੇ ਬਹੁਤ ਸਾਰੇ ਲਾਭ ਹਨ। ਇਸ ਨਾਲ ਬਜ਼ਾਰ ਜਾਣ ਵਾਲਾ ਸਮਾਂ ਤੇ ਖੇਚਲ ਬਚਦੀ ਹੈ। ਆਨ-ਲਾਈਨ ਖ਼ਰੀਦਦਾਰੀ ‘ਤੇ ਸਾਮਾਨ ਕੁਝ ਸਸਤਾ ਵੀ ਮਿਲਦਾ ਹੈ, ਕਿਉਂਕਿ ਸਮਾਨ ਕੰਪਨੀ ਤੋਂ ਸਿੱਧਾ ਖ਼ਰੀਦਦਾਰ ਤੱਕ ਪਹੁੰਚਦਾ ਹੈ। ਇਸ ਦੇ ਨਾਲ ਹੀ ਇਸ ਦੇ ਕਈ ਨੁਕਸਾਨ ਵੀ ਹਨ। ਇੰਟਰਨੈੱਟ ਰਾਹੀਂ ਵਿਖਾਈਆਂ ਜਾਣ ਵਾਲੀਆਂ ਵਸਤਾਂ ਜਦੋਂ ਅਸਲੀ ਰੂਪ ਵਿੱਚ ਵੇਖੀਆਂ ਜਾਂਦੀਆਂ ਹਨ ਤਾਂ ਉਹੋ ਜਿਹੀਆਂ ਨਹੀਂ ਜਾਪਦੀਆਂ। ਕਈ ਵਾਰ ਇਹਨਾਂ ਵਿੱਚ ਗੁਣਵੱਤਾ ਦੀ ਘਾਟ ਹੁੰਦੀ ਹੈ। ਭਾਵੇਂ ਕੰਪਨੀਆਂ ਸਾਮਾਨ ਦੀ ਵਾਪਸੀ ਬਾਰੇ ਗੱਲ ਮੰਨਦੀਆਂ ਹਨ ਪਰ ਉਹ ਪੈਸਿਆਂ ਦੇ ਬਦਲੇ ਹੋਰ ਸਮਾਨ ਖ਼ਰੀਦਣ ਲਈ ਆਖਦੀਆਂ ਹਨ। ਇਸ ਲਈ ਆਨ-ਲਾਈਨ ਖ਼ਰੀਦਦਾਰੀ ਕਰਨ ਵੇਲੇ ਸੁਚੇਤ ਹੋਣ ਦੀ ਲੋੜ ਹੈ ਤੇ ਖ਼ਰੀਦਦਾਰੀ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।