ਅਖ਼ਬਾਰ ਦੇ ਸੰਪਾਦਕ ਨੂੰ ਟ੍ਰੈਫ਼ਿਕ ਸਮੱਸਿਆ ਸਬੰਧੀ ਪੱਤਰ ਲਿਖੋ।
‘ਟ੍ਰੈਫ਼ਿਕ ਸਮੱਸਿਆ ਇੱਕ ਗੰਭੀਰ ਚੁਣੌਤੀ’ ਵਿਸ਼ੇ ‘ਤੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
……………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਟ੍ਰੈਫ਼ਿਕ ਸਮੱਸਿਆ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਨੂੰ ਦਿਨੋ-ਦਿਨ ਵਧ ਰਹੀ ਟ੍ਰੈਫ਼ਿਕ ਸਮੱਸਿਆ ਨਾਲ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਪੱਤਰ ਲਿਖ ਰਿਹਾ ਹਾਂ। ਆਸ ਕਰਦਾ ਹਾਂ ਕਿ ਆਪ ਇਸ ਪੱਤਰ ਨੂੰ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਨ ਦੀ ਕਿਰਪਾ ਕਰੋਗੇ।
ਵਿਗਿਆਨ ਦੀ ਤਰੱਕੀ ਨੇ ਆਵਾਜਾਈ ਦੇ ਖੇਤਰ ਵਿੱਚ ਬਹੁਤ ਵੱਡਾ ਵਿਕਾਸ ਕੀਤਾ ਹੈ। ਕਈ ਤਰ੍ਹਾਂ ਦੇ ਵਾਹਨਾਂ ਦੀ ਕਾਢ ਨੇ ਮਨੁੱਖ ਦਾ ਜੀਵਨ ਸੁਖਾਲਾ ਬਣਾ ਦਿੱਤਾ ਹੈ। ਅੱਜ ਹਰ ਘਰ ਦੇ ਲਗਪਗ ਹਰ ਮੈਂਬਰ ਕੋਲ ਕੋਈ ਨਾ ਕੋਈ ਵਾਹਨ ਜ਼ਰੂਰ ਹੈ। ਅੱਜ ਫ਼ਾਇਨੈਂਸ ਕੰਪਨੀਆਂ ਦੀ ਸੁਵਿਧਾ ਨਾਲ ਕੁਝ ਘੰਟਿਆਂ ਵਿੱਚ ਹੀ ਕੋਈ ਵੀ ਵਾਹਨ ਜਿਵੇਂ ਮੋਟਰ ਸਾਈਕਲ ਜਾਂ ਕਾਰ ਆਦਿ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ਵਿੱਚ ਕਾਰਾਂ, ਮੋਟਰਾਂ, ਸਕੂਟਰ, ਸਾਈਕਲ, ਮੋਟਰ-ਸਾਈਕਲ, ਬੱਸਾਂ, ਰਿਕਸ਼ੇ, ਆਟੋ-ਰਿਕਸ਼ੇ ਆਦਿ ਵਾਹਨਾਂ ਨਾਲ ਸੜਕਾਂ ‘ਤੇ ਆਵਾਜਾਈ ਭੀੜ-ਭੜੱਕੇ ਵਾਲੀ ਹੋ ਗਈ ਹੈ। ਹਰ ਕੋਈ ਇੱਕ-ਦੂਜੇ ਤੋਂ ਪਹਿਲਾਂ ਅੱਗੇ ਨਿਕਲਣਾ ਚਾਹੁੰਦਾ ਹੈ। ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਚੌਕਾਂ ਵਿੱਚ ਸੰਤਰੀ (ਸਿਪਾਹੀ) ਵੀ ਖੜ੍ਹੇ ਹੁੰਦੇ ਹਨ ਤੇ ਕਈ ਵੱਡੇ ਸ਼ਹਿਰਾਂ ਵਿੱਚ ਬੱਤੀਆਂ ਹੀ ਟ੍ਰੈਫ਼ਿਕ ਨੂੰ ਕੰਟਰੋਲ ਕਰਦੀਆਂ ਹਨ। ਜਿਉਂ ਹੀ ਲਾਲ ਬੱਤੀ ਜਗਦੀ ਹੈ ਚੌਕਾਂ ਵਿੱਚ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਜਿਉਂ ਹੀ ਹਰੀ ਬੱਤੀ ਦਾ ਇਸ਼ਾਰਾ ਮਿਲਦਾ ਹੈ ਲੋਕ ਇਉਂ ਜਾਂਦੇ ਹਨ ਜਿਵੇਂ ਕੈਦੀ ਛੁੱਟੇ ਹੋਏ ਹੋਣ। ਵੱਡੇ-ਵੱਡੇ ਸ਼ਹਿਰਾਂ ਵਿੱਚ ਤਾਂ ਟ੍ਰੈਫ਼ਿਕ ਹੱਦੋਂ ਜ਼ਿਆਦਾ ਵਧ ਗਈ ਹੈ ਤੇ ਥੋੜ੍ਹਾ ਜਿਹਾ ਸਫ਼ਰ ਤੈਅ ਕਰਨ ਲਈ ਮਿੰਟਾਂ ਦੀ ਬਜਾਇ ਘੰਟੇ ਲੱਗ ਜਾਂਦੇ ਹਨ। ਇੰਜ ਟ੍ਰੈਫ਼ਿਕ ਨੇ ਸਫ਼ਰ ਨੂੰ ਔਖਾ ਕਰ ਦਿੱਤਾ ਹੈ।
ਸਭ ਤੋਂ ਵੱਧ ਟ੍ਰੈਫ਼ਿਕ ਸਵੇਰ ਤੇ ਸ਼ਾਮ ਵੇਲੇ ਹੁੰਦੀ ਹੈ ਕਿਉਂਕਿ ਸਵੇਰੇ ਤੇ ਸ਼ਾਮ ਵੇਲੇ ਬਹੁਤੇ ਲੋਕ ਨੌਕਰੀ ਪੇਸ਼ੇ ਵਾਲੇ, ਕਾਰੋਬਾਰੀ, ਵਿਦਿਆਰਥੀ ਵਰਗ ਨਾਲ ਸਬੰਧਤ ਹੁੰਦੇ ਹਨ ਪਰ ਸਵੇਰ ਵੇਲੇ ਤਾਂ ਹਰ ਕਿਸੇ ਨੂੰ ਇੱਕ-ਦੂਜੇ ਨਾਲੋਂ ਪਹਿਲਾਂ ਜਾਣ ਦੀ ਦੌੜ ਲੱਗੀ ਹੁੰਦੀ ਹੈ। ਕਿਉਂਕਿ ਹਰ ਕਿਸੇ ਨੇ ਆਪਣੀ-ਆਪਣੀ ਡਿਊਟੀ ‘ਤੇ ਸਮੇਂ ਸਿਰ ਪੁੱਜਣਾ ਹੁੰਦਾ ਹੈ। ਭਾਰਤੀ ਲੋਕ ਅਨੁਸ਼ਾਸਨਹੀਣ ਤੇ ਨਿਯਮਾਂ ਦੀ ਉਲੰਘਣਾ ਕਰਨ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਭਾਰਤ ਵਿੱਚ ਵਧੇਰੇ ਦੁਰਘਟਨਾਵਾਂ ਦਾ ਕਾਰਨ ਹੀ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਤੇ ਲੋਕਾਂ ਵਿੱਚ ਤੇਜ਼ੀ ਹੋਣਾ ਹੈ। ਦੂਜਾ ਕਾਰਨ ਇੱਥੋਂ ਦੀਆਂ ਸੜਕਾਂ ਦਾ ਤੰਗ ਹੋਣਾ ਹੈ। ਇੱਥੇ ਟ੍ਰੈਫ਼ਿਕ ਨਿਯਮਾਂ ਦੀ ਵੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ।
ਜ਼ਾਹਰ ਹੈ ਕਿ ਜਿੰਨੇ ਵੱਧ ਵਾਹਨ ਬਜ਼ਾਰ ਵਿੱਚ ਆਉਣਗੇ ਓਨਾ ਹੀ ਸੜਕਾਂ ‘ਤੇ ਭੀੜ-ਭੜੱਕਾ ਵਧੇਰੇ ਹੋਵੇਗਾ। ਜਿਹੜੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਿੱਚ ਮੋਹਰੀ ਹਨ ਉਨ੍ਹਾਂ ਦੇ ਮੋਟਰ-ਸਾਈਕਲ ਜਾਂ ਕਾਰਾਂ ਦੀ ਸਪੀਡ ਤੋਂ ਤਾਂ ਸ਼ੈਤਾਨ ਵੀ ਡਰਦੇ ਹਨ। ਇਸ ਲਈ ਹਰ ਅਖ਼ਬਾਰ ਦੇ ਪਹਿਲੇ ਪੰਨੇ ‘ਤੇ ਸੁਰਖ਼ੀਆਂ ਸੜਕ ਹਾਦਸਿਆਂ ਨਾਲ ਹੋਈਆਂ ਮੌਤਾਂ ਬਾਰੇ ਹੁੰਦੀਆਂ ਹਨ, ਜਿਸ ਨੂੰ ਪੜ੍ਹ ਕੇ ਦਿਲ ਕੰਬ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ।
ਸਵਾਲ ਇਹ ਹੈ ਕਿ ਇਸ ਗੰਭੀਰ ਸਮੱਸਿਆ ਦਾ ਹੱਲ ਕੀ ਹੈ? ਟ੍ਰੈਫ਼ਿਕ ਨੂੰ ਕਾਬੂ ਵਿੱਚ ਰੱਖਣ ਲਈ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲੱਗਣੇ ਚਾਹੀਦੇ ਹਨ ਨਾ ਕਿ ਚਲਾਨ ਕੱਟਣੇ ਚਾਹੀਦੇ ਹਨ। ਜੁਰਮਾਨੇ ਦੀ ਰਕਮ ਵੱਡੀ ਹੋਣੀ ਚਾਹੀਦੀ ਹੈ। ਖ਼ਾਸ ਕਰਕੇ ਉਨ੍ਹਾਂ ਲਈ ਜਿਹੜੇ ਆਪਣੀਆਂ ਟਰਾਲੀਆਂ ਨੂੰ, ਰਿਕਸ਼ਿਆਂ ਨੂੰ ਓਵਰਲੋਡ ਕਰ ਲੈਂਦੇ ਹਨ। ਗੰਨੇ ਨਾਲ਼ ਲੱਦੀਆਂ ਟਰਾਲੀਆਂ ਅਕਸਰ ਟ੍ਰੈਫ਼ਿਕ ਵਿੱਚ ਭਾਰੀ ਸਮੱਸਿਆਵਾਂ ਖੜ੍ਹੀਆਂ ਕਰਦੀਆਂ ਹਨ ਤੇ ਜਾਮ ’ਤੇ ਜਾਮ ਲੱਗਾ ਰਹਿੰਦਾ ਹੈ। ਸਕੂਲ ਪੱਧਰ ‘ਤੇ ਟ੍ਰੈਫ਼ਿਕ ਵਿਸ਼ੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਨਬਾਲਗਾਂ ਨੂੰ ਡਰਾਈਵਿੰਗ ਲਾਇਸੈਂਸ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ। ਸਕੂਲੀ ਵਿਦਿਆਰਥੀਆਂ ਨੂੰ ਸਕੂਟਰ ਆਦਿ ਲਿਆਉਣ ਤੋਂ ਮਨ੍ਹਾ ਕੀਤਾ ਜਾਣਾ ਚਾਹੀਦਾ ਹੈ। ਚੌਂਕਾਂ ‘ਤੇ ਟ੍ਰੈਫ਼ਿਕ ਨੂੰ ਠੀਕ ਨਾਲ ਲੰਘਾਉਣ ਲਈ ਜਨਤਾ ਨੂੰ ਹੀ ਸਹਿਯੋਗ ਦੇਣਾ ਚਾਹੀਦਾ ਹੈ। ਕਿਉਂਕਿ ਹਰ ਕਿਸੇ ਦਾ ਜੀਵਨ ਕੀਮਤੀ ਹੈ ਤੇ ਕਾਹਲੀ ਅੱਗੇ ਹਮੇਸ਼ਾ ਟੋਏ ਹੁੰਦੇ ਹਨ। ਮਾਮੂਲੀ ਜਿਹਾ ਸਬਰ-ਸੰਤੋਖ ਤੇ ਸਲੀਕਾ ਟ੍ਰੈਫ਼ਿਕ ਨੂੰ ਅਸਾਨ ਬਣਾ ਦਿੰਦਾ ਹੈ ਤੇ ਦੁਰਘਟਨਾਵਾਂ ਤੋਂ ਵੀ ਬਚਾਉਂਦਾ ਹੈ, ਇਸ ਲਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ‘ਚ ਹੀ ਸਾਡਾ ਸਭ ਦਾ ਭਲਾ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ.ਅ.ੲ।
ਮਿਤੀ : 22 ਜਨਵਰੀ, 20….