ਕਵਿਤਾ – ਅੱਥਰੂ, ਰੋਣ ਤੇ ਹਾਸੇ
ਅੱਥਰੂ, ਰੋਣ ਤੇ ਹਾਸੇ, ਨਕਲੀ ਹੋ ਗਏ ਨੇ
ਖੇਡਾਂ, ਖੇਲ ਤਮਾਸ਼ੇ, ਨਕਲੀ ਹੋ ਗਏ ਨੇ
ਕੌਣ ਚੋਰ ਤੇ, ਕੌਣ ਸਾਧ ਏ, ਪਤਾ ਨਹੀਂ
ਮੂੰਹ ਤੇ, ਵਲੇ ਮੜਾਸੇ, ਨਕਲੀ ਹੋ ਗਏ ਨੇ
ਚਿਹਰੇ ਉਤੇ, ਮੈਕਅੱਪ ਮਲਿਆ ਹੁੰਦਾ ਏ
ਸੁਰਮੇ ਅਤੇ ਦੰਦਾਸੇ ਨਕਲੀ ਹੋ ਗਏ ਨੇ
ਯਾਰੀ ਲਾ ਕੇ ਅਕਸਰ ਲੋਕੀ ਛੱਡ ਦੇਂਦੇ ਨੇ
ਪਿਆਰ ਤੇ ਭਰਵਾਸੇ, ਨਕਲੀ ਹੋ ਗਏ ਨੇ
ਕੋਈ ਦਵਾਈ, ਅਸਰ ਤਾਂ ਅੱਜਕਲ ਕਰਦੀ ਨਹੀਂ,
ਜਾਂ ਫਿਰ ਕਿਲ ਮੁਹਾਸੇ, ਨਕਲੀ ਹੋ ਗਏ ਨੇ
ਅੱਜਕਲ ਹੀਰਾਂ, ਚੂਰੀ ਕੁਟ ਖਵਾਉਂਦੀਆਂ ਨਹੀਂ
ਰਾਂਝਿਆਂ, ਦੇ ਜਾਂ ਕਾਸੇ, ਨਕਲੀ ਹੋ ਗਏ ਨੇ
ਕਦਰ ਘੱਟ ਗਈ ਅੱਜਕਲ੍ਹ ਦੇ ਉਸਤਾਦਾਂ ਦੀ,
ਕਿਉਂਕਿ, ਚੇਲੇ ਦਾਸੇ, ਨਕਲੀ ਹੋ ਗਏ ਨੇ
ਪਤਾ ਲੈਣ ਕੋਈ ਆਵੇ, ਦੁੱਖ ਵੱਧ ਜਾਂਦਾ ਏ
ਮਿਲਦੇ, ਸੱਭ ਦਿਲਾਸੇ, ਨਕਲੀ ਹੋ ਗਏ ਨੇ
ਆਮ ਲੋਕਾਂ ਨੂੰ, ਪਤਾ ਤੋਲ ਦਾ ਲੱਗੇ ਨਾ,
ਕੰਡੇ, ਤੋਲ ਤੇ ਮਾਸੇ, ਨਕਲੀ ਹੋ ਗਏ ਨੇ
ਸਭਨਾਂ ਵਿਚੋਂ, ਅੱਜਕਲ ਮੁਕ ਮਿਠਾਸ ਗਈ
ਗੁੜ,ਖੰਡ,ਪਤਾਸੇ, ਨਕਲੀ ਹੋ ਗਏ ਨੇ
ਗੁਲਾਮੀਵਾਲਿਆ, ਬਾਂਹ ਕੋਈ ਵੀ ਫੜਦਾ ਨਹੀਂ,
ਸਾਰੇ ਰਿਸ਼ਤੇ ਨਾਤੇ, ਨਕਲੀ ਹੋ ਗਏ ਨੇ।