ਇਕਾਂਗੀ

ਇਕਾਂਗੀ ਦੀ ਪਰਿਭਾਸ਼ਾ, ਉਤਪਤੀ, ਤੱਤ ਅਤੇ ਪ੍ਰਮੁੱਖ ਇਕਾਂਗੀਕਾਰ

ਜਾਣ – ਪਛਾਣ : ਇਕਾਂਗੀ ਸਾਹਿਤ ਦਾ ਬਹੁਤ ਹੀ ਮਹੱਤਵਪੂਰਨ ਰੂਪ ਹੈ। ਇਹ ਵੀ ਨਾਟਕ ਦੀ ਹੀ ਇੱਕ ਕਿਸਮ ਹੈ। ਇਸ ਵਿੱਚ ਵੀ ਸੰਪੂਰਨ ਨਾਟਕ ਦੇ ਸਾਰੇ ਬੁਨਿਆਦੀ ਤੱਤ ਮੌਜੂਦ ਹੁੰਦੇ ਹਨ ਪਰ ਇਸ ਸਾਂਝ ਦੇ ਬਾਵਜੂਦ ਇਕਾਂਗੀ ਵਿੱਚ ਬਣਤਰ ਦੇ ਪੱਖੋਂ ਕੁਝ ਅਜਿਹੀਆਂ ਵਿਸ਼ੇਸ਼ਤਾਈਆਂ ਹਨ, ਜਿਹੜੀਆਂ ਇਸ ਨੂੰ ਨਾਟਕ ਨਾਲੋਂ ਇੱਕ ਵੱਖਰਾ ਸਾਹਿਤ ਰੂਪ ਸਿੱਧ ਕਰਦੀਆਂ ਹਨ।

ਅਰਥ : ਇਕਾਂਗੀ ਦੇ ਸ਼ਾਬਦਿਕ ਅਰਥ ਹਨ ਇੱਕੋ ਹੀ ਅੰਗ ਭਾਵ ਇੱਕੋ ਅੰਗ ਵਿੱਚ ਖ਼ਤਮ ਹੋਣ ਵਾਲਾ ਨਾਟਕ। ਅੰਗ ਤੋਂ ਭਾਵ ਅੰਕ ਤੋਂ ਹੈ ਜਿਸ ਨੂੰ ਅੰਗਰੇਜ਼ੀ ਵਿੱਚ ACT ਕਿਹਾ ਜਾਂਦਾ ਹੈ। ਪਰ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਇਕਾਂਗੀ ਨੂੰ ਸੰਪੂਰਨ ਨਾਟਕ ਦਾ ਇੱਕ ਅੰਗ ਜਾਂ ਇੱਕ ਦ੍ਰਿਸ਼ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਇਕਾਂਗੀ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ ਜਿਸ ਦਾ ਸਮੁੱਚਾ ਪ੍ਰਭਾਵ ਸੰਪੂਰਨ ਨਾਟਕ ਨਾਲ਼ੋਂ ਵੀ ਵਧੇਰੇ ਤੀਖਣ ਤੇ ਪ੍ਰਭਾਵਸ਼ਾਲੀ ਹੁੰਦਾ ਹੈ।

ਪਰਿਭਾਸ਼ਾਵਾਂ : ਇਕਾਂਗੀ ਆਪਣੇ – ਆਪ ਵਿੱਚ ਇੱਕ ਵੱਖਰਾ ਸਾਹਿਤ ਰੂਪ ਹੈ। ਇਹ ਇੱਕ ਅੰਕ ਵਿੱਚ ਸੰਪੂਰਨ ਹੋਣ ਵਾਲਾ ਨਾਟਕ ਹੁੰਦਾ ਹੈ। ਇਸ ਵਿੱਚ ਜੀਵਨ ਦੀਆਂ ਬਹੁਤੀਆਂ ਗੁੰਝਲਾਂ ਜਾਂ ਸਮੱਸਿਆਵਾਂ ਪੇਸ਼ ਕਰਨ ਦੀ ਥਾਂ ਇੱਕੋ ਹੀ ਵਿਸ਼ੇਸ਼ ਨਾਟਕੀ ਘਟਨਾ ਜਾਂ ਸਥਿਤੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕਰਨਾ ਹੀ ਇਸ ਦਾ ਮੁੱਖ ਉਦੇਸ਼ ਹੁੰਦਾ ਹੈ।

ਡਾ: ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ “ਇਕਾਂਗੀ ਉਹ ਨਾਟਕੀ ਰੂਪਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ – ਚੁਣੇ ਪਾਤਰਾਂ ਰਾਹੀਂ ਪ੍ਰਭਾਵ ਤੇ ਕਾਰਜ ਦੀ ਏਕਤਾ ਕਾਇਮ ਰੱਖਦੇ ਹੋਏ ਸੀਮਤ ਸਮੇਂ ਵਿੱਚ ਰੰਗ-ਮੰਚ ਉੱਤੇ ਸਾਕਾਰ ਕਰਦਾ ਹੈ।”

ਪੰਜਾਬੀ ਦੇ ਮਹਾਨ ਨਾਟਕਕਾਰ ਬਲਵੰਤ ਗਾਰਗੀ ਅਨੁਸਾਰ :- “ਇਕਾਂਗੀ ਇੱਕੋ ਘਟਨਾ ਨੂੰ ਇੱਕ ਅਜਿਹੇ ਦ੍ਰਿਸ਼ਟੀਕੋਣ ਤੋਂ ਜਾਂਚਦਾ ਹੈ, ਅਜਿਹੇ ਤਰੀਕੇ ਨਾਲ ਪੇਸ਼ ਕਰਦਾ ਹੈ ਕਿ ਉਹ ਇੱਕ ਸਿਖਰ ਉੱਤੇ ਪੁੱਜ ਕੇ ਇੱਕ ਨਾਟਕੀ ਭਰਮ ਨਾਲ ਮੁੱਕ ਜਾਂਦਾ ਹੈ।”

ਇਕਾਂਗੀ ਦੀ ਉਤਪਤੀ : ਇਕਾਂਗੀ ਦੀ ਉਤਪਤੀ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਨਾਟਕੀ ਸਾਹਿਤ ਵਿੱਚੋਂ ਹੀ ਹੋਈ ਹੈ। ਆਧੁਨਿਕ ਯੁੱਗ ਵਿੱਚ ਉਨ੍ਹੀਵੀਂ ਸਦੀ ਦੇ ਅੰਤਿਮ ਦਹਾਕਿਆਂ ਵਿੱਚ ਇਸ ਦਾ ਜਨਮ ਹੋਇਆ ਹੈ। ਪੱਛਮ ਵਿੱਚ ਤਾਂ ਇਸ ਦੀ ਸ਼ੁਰੂਆਤ ‘ਪਰਦਾ – ਉਠਾਊ ਰੂਪ’ ਵਿੱਚ ਹੋਈ ਸੀ। ਭਾਵ ਪੂਰੇ ਨਾਟਕ ਦੀ ਪੇਸ਼ਕਾਰੀ ਕਰਨ ਤੋਂ ਪਹਿਲਾਂ ‘ਪਰਦਾ ਉੱਠਣ ਤੋਂ ਪਹਿਲਾਂ’ ਦਰਸ਼ਕਾਂ ਨੂੰ ਰੁੱਝੇ ਰੱਖਣ ਲਈ ਉਨ੍ਹਾਂ ਦੇ ਮਨੋਰੰਜਨ ਦੀ ਲੋੜ ਜਾਪੀ। ਇਸ ਲਈ ਉਨ੍ਹਾਂ ਦੇ ਮਨੋਰੰਜਨ ਤੇ ਸਮੇਂ ਦਾ ਸਦਉਪਯੋਗ ਕਰਨ ਲਈ ਇਕਾਂਗੀ ਖੇਡਣ ਦਾ ਰਿਵਾਜ਼ ਪੈ ਗਿਆ ਜੋ ਸਮੇਂ ਦੇ ਬਦਲਣ ਨਾਲ ਨਾਟਕ ਤੋਂ ਵੀ ਵਧੇਰੇ ਲੋਕਪ੍ਰਿਯ ਹੋ ਗਿਆ ਤੇ ਥੋੜ੍ਹੇ ਹੀ ਸਮੇਂ ਵਿੱਚ ਹਰਮਨ ਪਿਆਰਾ ਹੋ ਗਿਆ

ਇਕਾਂਗੀ ਦੀ ਹਰਮਨ-ਪਿਆਰਤਾ ਦਾ ਅੰਦਾਜ਼ਾ ਲੰਡਨ ਵਿੱਚ ਵਾਪਰੀ ਇੱਕ ਘਟਨਾ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਲੰਡਨ ਵਿੱਚ ਪਰਦਾ-ਉਠਾਊ ਰੂਪ ਵਿੱਚ ਪੇਸ਼ ਕੀਤੇ ਗਏ ਇੱਕ ਇਕਾਂਗੀ ‘ਬਾਂਦਰ ਦਾ ਪੰਜਾ’ (Monkey’s Paw) ਤੋਂ ਲੋਕ ਏਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਅਸਲੀ ਨਾਟਕ ਨੂੰ ਵੇਖੇ ਬਿਨਾਂ ਹੀ ਵਾਪਸ ਪਰਤ ਗਏ। ਕਿਉਂਕਿ ਘੱਟ ਸਮੇਂ ਵਿੱਚ ਘੱਟ ਖਰਚ ਤੇ ਘੱਟ ਯਤਨਾਂ ਨਾਲ ਪੇਸ਼ ਕੀਤੇ ਗਏ ਇਨ੍ਹਾਂ ਇਕਾਂਗੀਆਂ ਦੀ ਸਾਡੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਆਧੁਨਿਕ ਜੀਵਨ ਦੇ ਮਸ਼ੀਨੀਕਰਨ ਤੇ ਪੂੰਜੀਵਾਦ ਦੇ ਬੋਲਬਾਲੇ ਨਾਲ ਮਨੁੱਖੀ ਜ਼ਿੰਦਗੀ ਵਿੱਚ ਵਿਹਲ ਦੀ ਥਾਂ ਰੁਝੇਵੇਂ ਵਧ ਗਏ ਹਨ। ਮਨੋਰੰਜਨ ਲਈ ਤਾਂ ਮਨ ਦੀ ਤ੍ਰਿਪਤੀ ਲਈ ਘੰਟਿਆਂ-ਬੱਧੀ ਵੱਡੇ-ਵੱਡੇ ਨਾਟਕ ਵੇਖਣੇ ਸੰਭਵ ਨਹੀਂ ਹਨ। ਇਸ ਤੋਂ ਇਲਾਵਾ ਜੀਵਨ ਦੀਆਂ ਸੂਖਮ ਭਾਵਨਾਵਾਂ ਤੇ ਮਾਨਸਿਕ ਸਥਿਤੀਆਂ ਵੀ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਇਕਾਂਗੀ ਵਿੱਚ ਪੇਸ਼ ਕਰਨੀਆਂ ਸੰਭਵ ਸਨ, ਉਹ ਕਿਸੇ ਹੋਰ ਰੂਪ ਵਿੱਚ ਨਹੀਂ ਸਨ। ਇਸ ਤਰ੍ਹਾਂ ਸੰਜਮਤਾ, ਪ੍ਰਭਾਵ ਦੀ ਏਕਤਾ, ਤੀਖਣਤਾ, ਰੌਚਕਤਾ ਵਰਗੇ ਗੁਣਾਂ ਨੇ ਇਸ ਨੂੰ ਲੋਕਪ੍ਰਿਯ ਬਣਾ ਦਿੱਤਾ।

ਇਕਾਂਗੀ ਦੇ ਤੱਤ

ਇਕਾਂਗੀ ਦੇ ਤੱਤ ਇਹ ਹਨ :

ਵਿਸ਼ਾ-ਵਸਤੂ ਵਿਸ਼ਾ ਉਹ ਧੁਰਾ ਹੁੰਦਾ ਹੈ ਜਿਸ ਦੇ ਦੁਆਲੇ ਸਾਰੇ ਤੱਤਾਂ ਦਾ ਤਾਣਾ-ਬਾਣਾ ਉਸਾਰਿਆ ਜਾਂਦਾ ਹੈ | ਜੀਵਨ ਦੇ ਕਿਸੇ ਖ਼ਾਸ ਵਿਚਾਰ ਜਾਂ ਗੁੰਝਲ ਨੂੰ ਆਮ ਤੌਰ ‘ਤੇ ਵਿਸ਼ੇ ਵਜੋਂ ਵਰਤਿਆ ਜਾ ਸਕਦਾ ਹੈ। ਵਿਸ਼ਾ ਸਮਾਜਿਕ, ਧਾਰਮਿਕ, ਸੱਭਿਆਚਾਰਕ, ਇਤਿਹਾਸਕ, ਮਿਥਿਹਾਸਕ, ਰਾਜਨੀਤਕ ਆਦਿ ਜੀਵਨ ਦੇ ਅਸਲ ਨਾਲ ਜੁੜਿਆ ਹੋਣਾ ਚਾਹੀਦਾ ਹੈ। ਪਰ ਇਕਾਂਗੀ ਵਿੱਚ ਜੀਵਨ ਦੀ ਕੇਵਲ ਇੱਕੋ ਹੀ ਮੁੱਖ ਘਟਨਾ ਪੇਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਦਾ ਅਕਾਰ ਬੜਾ ਛੋਟਾ ਤੇ ਸਮਾਂ ਸੀਮਤ ਹੁੰਦਾ ਹੈ। ਇੰਜ ਇਕਾਂਗੀ ਦਾ ਵਿਸ਼ਾ ਰੌਚਕ, ਸੰਜਮ, ਪ੍ਰਭਾਵਸ਼ਾਲੀ, ਸਪਸ਼ਟ ਤੇ ਨਾਟਕੀ ਹੋਣਾ ਚਾਹੀਦਾ ਹੈ।

ਕਥਾਨਕ : ਕਥਾਨਕ ਜਾਂ ਗੋਂਦ (Plot) ਇਕਾਂਗੀ ਦਾ ਉਹ ਢਾਂਚਾ ਹੁੰਦਾ ਹੈ, ਜਿਸ ਵਿੱਚ ਇਕਾਂਗੀ ਦੀਆਂ ਘਟਨਾਵਾਂ ਨੂੰ ਵਿਉਂਤਬੱਧ ਕੀਤਾ ਜਾਂਦਾ ਹੈ। ਇਸ ਦੀ ਜੜਤ ਸਰਲ, ਸਾਦੀ ਤੋਂ ਸਪਸ਼ਟ ਹੁੰਦੀ ਹੈ। ਇਸ ਵਿੱਚ ਗਿਣੀਆਂ-ਚੁਣੀਆਂ ਘਟਨਾਵਾਂ ਨੂੰ ਬੜੀ ਭਾਵਪੂਰਤ ਜੁਗਤ ਤੇ ਸੰਜਮਤਾ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕੇਵਲ ਉਨ੍ਹਾਂ ਹੀ ਮੌਕਿਆਂ ਨੂੰ ਛੂਹਿਆ ਜਾਂਦਾ ਹੈ, ਜਿਨ੍ਹਾਂ ਤੋਂ ਬਿਨਾਂ ਕਹਾਣੀ ਤੋਰਨੀ ਸੰਭਵ ਨਾ ਹੋਵੇ। ਇੰਜ ਇਸ ਦੀ ਗੋਂਦ ਇਕਹਿਰੀ ਹੁੰਦੀ ਹੈ।

ਇਸ ਵਿੱਚ ਇੱਕ ਹੀ ਘਟਨਾ, ਵਿਚਾਰ ਜਾਂ ਭਾਵ ਨੂੰ ਨਾਟਕੀ ਸੰਖੇਪਤਾ ਦੁਆਰਾ ਉਸਾਰ ਕੇ ਰੌਚਿਕਤਾ ਤੇ ਉਤਸੁਕਤਾ ਸਹਿਤ ਸਿਖਰ ‘ਤੇ ਪਹੁੰਚਾਇਆ ਜਾਂਦਾ ਹੈ। ਇਹ ਸਿਖਰ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੀ ਹੈ। ਅਰੰਭ ਤੋਂ ਲੈ ਕੇ ਅੰਤ ਤੱਕ ਕਥਾ ਲੜੀ ਦੀ ਰੌਚਕਤਾ ਨੂੰ ਕਾਇਮ ਰੱਖਿਆ ਜਾਂਦਾ ਹੈ। ਇਕਾਂਗੀ ਦਾ ਅਰੰਭ ਬੜਾ ਝਟਪਟਾ ਤੇ ਉਤੇਜਨਾ ਭਰਪੂਰ ਹੁੰਦਾ ਹੈ। ਘਟਨਾ ਦਾ ਪਿਛੋਕੜ ਨਹੀਂ ਦੱਸਿਆ ਜਾਂਦਾ ਬਲਕਿ ਇੱਕ-ਦੋ ਵਾਕਾਂ ਤੋਂ ਬਾਅਦ ਕੋਈ ਰੌਚਕਤਾ ਭਰਪੂਰ ਗੱਲ ਅਰੰਭ ਕੀਤੀ ਜਾਂਦੀ ਹੈ ਤਾਂ ਜੋ ਦਰਸ਼ਕਾਂ/ਪਾਠਕਾਂ ਵਿਚ ਉਤਸੁਕਤਾ ਬਣੀ ਰਹੇ। ਇਸ ਦਾ ਅੰਤ ਵਿਆਖਿਆਮਈ ਨਾ ਹੋ ਕੇ ਸੁਝਾਊ ਹੁੰਦਾ ਹੈ। ਭਾਵ ਦਰਸ਼ਕ ਆਪਣੀ ਸੂਝ ਅਨੁਸਾਰ ਹੀ ਅੰਦਾਜ਼ਾ ਲਾ ਲੈਂਦੇ ਹਨ।

ਇਸ ਦੀ ਗੋਂਦ ਬੜੀ ਪੀਢੀ ਤੇ ਗੁੰਦਵੀਂ ਹੁੰਦੀ ਹੈ। ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਕਾਇਮ ਰਹਿੰਦੀ ਹੈ। ਚੁਸਤ ਵਾਰਤਾਲਾਪ, ਦੌੜ-ਭੱਜ, ਪਾਤਰਾਂ ਦੀਆਂ ਹਰਕਤਾਂ ਹੀ ਕਾਰਜ ਨੂੰ ਮਘਦਾ ਰੱਖਦੇ ਹਨ।

ਪਾਤਰ ਤੇ ਪਾਤਰ ਚਿਤਰਨ : ਇਕਾਂਗੀ ਵਿੱਚ ਪਾਤਰਾਂ ਦੀ ਗਿਣਤੀ ਸੀਮਤ ਭਾਵ ਘੱਟ ਹੁੰਦੀ ਹੈ। ਇਸ ਵਿੱਚ ਇੱਕ ਹੀ ਮੁੱਖ ਖਾਤਰ ਹੁੰਦਾ ਹੈ ਤੇ ਦੋ-ਤਿੰਨ ਸਹਾਇਕ ਪਾਤਰ। ਪਾਤਰਾਂ ਰਾਹੀਂ ਹੀ ਕਹਾਣੀ ਵਿੱਚ ਜਾਨ ਪੈਂਦੀ ਹੈ। ਇਹ ਪਾਤਰ ਵਾਸਤਵਿਕ ਜਾਂ ਕਲਪਿਤ ਕੋਈ ਵੀ ਹੋ ਸਕਦੇ ਹਨ। ਇਸ ਵਿੱਚ ਇਕਾਂਗੀਕਾਰ ਸੰਕੇਤਾਂ, ਚਿੰਨ੍ਹਾਂ, ਸਰੀਰਕ ਬਣਤਰ, ਸ਼ਕਲ, ਸੂਰਤ ਤੇ ਪਹਿਰਾਵੇ ਤੋਂ ਹੀ ਕਈ ਅਣਕਹੀਆਂ ਗੱਲਾਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਜਾਂਦਾ ਹੈ। ਇਸ ਵਿੱਚ ਵਾਰਤਾਲਾਪ ਰਾਹੀਂ ਵੀ ਪਾਤਰ ਉਸਾਰੀ ਕੀਤੀ ਜਾਂਦੀ ਹੈ। ਕਈ ਪਾਤਰ ਆਪਣੇ ਬਾਰੇ ਘੱਟ ਤੇ ਦੂਸਰੇ ਪਾਤਰ ਬਾਰੇ ਜ਼ਿਆਦਾ ਜਾਣਕਾਰੀ ਦੇ ਜਾਂਦੇ ਹਨ।

ਵਾਰਤਾਲਾਪ : ਇਕਾਂਗੀ ਵਾਰਤਾਲਾਪ ਚੁਸਤ-ਫੁਰਤ ਤੇ ਬੰਦੂਕ ਦੀ ਗੋਲੀ ਵਾਂਗ ਤੇਜ਼ ਹੋਣੀ ਚਾਹੀਦੀ ਹੈ। ਵਾਰਤਾਲਾਪ ਛੋਟੇ, ਨਾਟਕੀ ਸੁਭਾਅ ਵਾਲੇ ਤੇ ਤੀਖਣ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ।

ਉਦੇਸ਼ : ਇਕਾਂਗੀ ਦਾ ਉਦੇਸ਼ ਸੁਹਜ ਤ੍ਰਿਪਤੀ ਦੇ ਨਾਲ-ਨਾਲ ਜੀਵਨ ਲਈ ਉਪਯੋਗੀ ਵੀ ਹੋਣਾ ਚਾਹੀਦਾ ਹੈ। ਸਫ਼ਲ ਇਕਾਂਗੀ ਅਕਾਰ ਦੇ ਪੱਖੋਂ ਭਾਵੇਂ ਛੋਟੀ ਹੁੰਦੀ ਹੈ ਪਰ ਉਦੇਸ਼ ਪੱਖੋਂ ਵੱਡੀ ਹੁੰਦੀ ਹੈ। ਇਕਾਂਗੀਕਾਰ ਆਪਣੇ ਉਦੇਸ਼ ਨੂੰ ਅਜਿਹੇ ਕਲਾਮਈ ਢੰਗ ਨਾਲ ਪੇਸ਼ ਕਰਦਾ ਹੈ ਕਿ ਉਸ ਦਾ ਵੱਧ ਤੋਂ ਵੱਧ ਪ੍ਰਭਾਵ ਦਰਸ਼ਕਾਂ ‘ਤੇ ਪੈ ਸਕੇ। ਇੱਕ ਚੇਤਨ ਇਕਾਂਗੀਕਾਰ ਸਮੇਂ ਦੀ ਮੰਗ ਅਨੁਸਾਰ ਕਿਸੇ ਚੰਗੇ ਮਨੋਰਥ ਦੀ ਪ੍ਰਾਪਤੀ ਲਈ ਇਕਾਂਗੀ ਲਿਖਦਾ ਹੈ। ਇਸ ਲਈ ਲੇਖਕ ਦਾ ਅਨੁਭਵ ਤੇ ਗਿਆਨ ਵਿਸ਼ਾਲ ਹੋਣਾ ਲਾਜ਼ਮੀ ਹੈ।

ਰੰਗ-ਮੰਚ : ਕਿਸੇ ਇਕਾਂਗੀ ਦੀ ਸਫਲਤਾ ਉਸ ਨੂੰ ਰੰਗ-ਮੰਚ ‘ਤੇ ਪੇਸ਼ ਕਰਨ ਤੋਂ ਬਾਅਦ ਹੀ ਪਰਖੀ ਜਾ ਸਕਦੀ ਹੈ। ਇਸ ਵਿੱਚ ਕੇਵਲ ਉਹੋ ਘਟਨਾ ਜਾਂ ਦ੍ਰਿਸ਼ ਹੀ ਸ਼ਾਮਲ ਹੁੰਦੇ ਹਨ ਜੋ ਸਹਿਜੇ ਹੀ ਸਟੇਜ ‘ਤੇ ਪੇਸ਼ ਕੀਤੇ ਜਾ ਸਕਣ। ਅੱਜ ਦੇ ਅਤਿ-ਆਧੁਨਿਕ ਯੁੱਗ ਵਿੱਚ ਰੋਸ਼ਨੀ ਤੇ ਅਵਾਜ਼ਾਂ ਦੀ ਵਿਸ਼ੇਸ਼ ਸਹੂਲਤ ਨਾਲ ਵਿਸ਼ੇ ਨੂੰ ਵਧੇਰੇ ਚੰਗੀ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਕਾਂਗੀ ਦੀ ਸਫਲਤਾ ਨਿਰਦੇਸ਼ਕ, ਪ੍ਰਬੰਧਕ ਅਤੇ ਅਭਿਨੇਤਾ ਉੱਤੇ ਨਿਰਭਰ ਕਰਦੀ ਹੈ।

ਪੰਜਾਬੀ ਦੇ ਪ੍ਰਮੁੱਖ ਇਕਾਂਗੀਕਾਰ : ਪੰਜਾਬੀ ਇਕਾਂਗੀ ਦਾ ਪਿਤਾਮਾ ਪ੍ਰੋ. ਈਸ਼ਵਰ ਚੰਦਰ ਨੰਦਾ ਹੈ ਜਿਸ ਨੇ ਸਭ ਤੋਂ ਪਹਿਲਾਂ ਵਿਧਵਾ ਵਿਆਹ, ਬਾਲ ਵਿਆਹ, ਦਾਜ ਪ੍ਰਥਾ ਵਰਗੀਆਂ ਸਮਾਜਿਕ ਕੁਰੀਤੀਆਂ ਨੂੰ ਬੜੀ ਸਫਲਤਾ ਨਾਲ ਇਕਾਂਗੀ ਦੇ ਮਾਧਿਅਮ ਰਾਹੀਂ ਪ੍ਰਗਟ ਕੀਤਾ ਹੈ। ਪੰਜਾਬੀ ਨਾਟਕਾਂ, ਇਕਾਂਗੀਆਂ ਦੀ ਨੱਕੜਦਾਦੀ ਸ੍ਰੀਮਤੀ ਨੌਰਾ ਰਿਚਰਡ 1911 ਈ: ਵਿਚ ਜਦੋਂ ਲਾਹੌਰ ਆਈ ਤਾਂ ਉਸ ਨੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਇਕੱਠਿਆਂ ਕਰਕੇ ਨਾਟ – ਮੰਡਲੀ ਦਾ ਗਠਨ ਕੀਤਾ। ਉਸ ਨੇ ਹਰ ਸਾਲ ਨਾਟਕ ਮੁਕਾਬਲੇ ਕਰਾਉਣ ਦਾ ਵੀ ਪ੍ਰਬੰਧ ਕੀਤਾ। ਉਨ੍ਹਾਂ ਮੁਕਾਬਲਿਆਂ ਵਿੱਚ ਹੀ ਆਈ.ਸੀ. ਨੰਦਾ ਨੇ ‘ਦੁਲਹਨ’ ਨਾਂ ਦਾ ਇਕਾਂਗੀ ਨਾਟਕ 14 ਅਪ੍ਰੈਲ 1914 ਈ: ਨੂੰ ਸਟੇਜ ‘ਤੇ ਖੇਡਿਆ। ਇਸ ਤਰ੍ਹਾਂ ‘ਦੁਲਹਨ’ ਨੂੰ ਪੰਜਾਬੀ ਦਾ ਪਲੇਠਾ ਇਕਾਂਗੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਪਿੱਛੋਂ ਨੰਦੇ ਨੇ ਮਾਂ ਦਾ ਡਿਪਟੀ, ਚੋਰ ਕੌਣ, ਇਹ ਡੂੰਮਣੇ, ਜਿੰਨ, ਬੇਈਮਾਨ ਆਦਿ ਇਕਾਂਗੀ ਦਿੱਤੇ। ਇਨ੍ਹਾਂ ਦਾ ਵਿਸ਼ਾ ਸਮਾਜ-ਸੁਧਾਰ ਸੀ।

ਆਈ.ਸੀ. ਨੰਦਾ ਤੋਂ ਬਾਅਦ ਡਾ. ਹਰਚਰਨ ਸਿੰਘ ਨੇ ਨਵਾਂ ਚਾਨਣ, ਮਨ ਦੀਆਂ ਮਨ ਵਿੱਚ, ਤੇ ਇਕਾਂਗੀਆਂ ਦਾ ਸੰਗ੍ਰਹਿ ‘ਜੀਵਨ ਲੀਲਾ’ ਛਪਿਆ।

ਸੰਤ ਸਿੰਘ ਸੇਖੋਂ : ਛੇ ਘਰ (ਇਕਾਂਗੀ ਸੰਗ੍ਰਹਿ)

ਕਰਤਾਰ ਸਿੰਘ ਦੁੱਗਲ : ਇੱਕ ਸਿਫ਼ਰ ਸਿਫ਼ਰ, ਤਿੰਨ ਨਾਟਕ, ਸੱਤ ਨਾਟਕ

ਬਲਵੰਤ ਗਾਰਗੀ : ਬੇਬੇ, ਪੱਤਣ ਦੀ ਬੇੜੀ, ਦੁੱਧ ਦੀਆਂ ਧਾਰਾਂ, ਕੁਆਰੀ ਟੀਸੀ।

ਕਪੂਰ ਸਿੰਘ ਘੁੰਮਣ : ਰੱਬ ਦੇ ਰੰਗ, ਕੱਚ ਦੇ ਗਜਰੇ, ਦੋ ਜੋਤ ਦੋ ਮੂਰਤਾਂ

ਇਨ੍ਹਾਂ ਤੋਂ ਇਲਾਵਾ ਹਰਸਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਸ. ਗੁਰਸ਼ਰਨ ਸਿੰਘ, ਆਤਮਜੀਤ, ਅਜਮੇਰ ਔਲਖ ਆਦਿ ਹੋਰਾਂ ਨੇ ਵੀ ਇਕਾਂਗੀ ਲਿਖੇ।